Monday, September 22, 2014

ਲੁਧਿਆਣਾ ਡਾਇਰੀ: ਖਬਰਾਂ 'ਤੇ ਇੱਕ ਪੰਛੀ ਝਾਤ

Mon, Sep 22, 2014 at 5:37 PM
ਪੁਲਿਸ ਕਮਿਸ਼ਨਰ ਵੱਲੋਂ ਕਮਰਸ਼ੀਅਲ ਵਹੀਕਲਜ਼ 'ਤੇ ਸ਼ਹਿਰ ਦੇ ਅੰਦਰਲੇ ਇਲਾਕੇ 'ਚ ਦਾਖਲੇ 'ਤੇ ਪਾਬੰਦੀ ਦੇ ਹੁਕਮ
ਲੁਧਿਆਣਾ: 22 ਸਤੰਬਰ  2014: (ਪੰਜਾਬ ਸਕਰੀਨ ਬਿਊਰੋ):
ਸ਼੍ਰੀ ਪ੍ਰਮੋਦ ਬਾਨ ਪੁਲਿਸ ਕਮਿਸ਼ਨਰ ਲੁਧਿਆਣਾ ਵੱਲੋ ਜਾਬਤਾ ਫੌਜਦਾਰੀ ਸੰਘਤਾ 1973 (1974 ਦਾ ਐਕਟ ਨੰਬਰ-2) ਦੀ ਧਾਰਾ 144 ਅਧੀਨ ਲੁਧਿਆਣਾ ਸ਼ਹਿਰ ਦੇ ਅੰਦਰਲੇ ਇਲਾਕੇ ਵਿੱਚ (ਨਗਰ ਨਿਗਮ ਦਾ ਏਰੀਆ) ਸਵੇਰੇ 8-00 ਵਜੇ ਤੋਂ ਦੁਪਹਿਰ 12-00 ਤੱਕ ਅਤੇ ਸ਼ਾਮ 5-00 ਤੋਂ ਰਾਤ 9-00 ਵਜੇ ਤੱਕ ਹੈਵੀ ਮੋਟਰ ਵਹੀਕਲਜ਼ (ਕਮਰਸ਼ੀਅਲ), ਮੀਡੀਅਮ ਮੋਟਰ ਵਹੀਕਲਜ਼ (ਕਮਰਸ਼ੀਅਲ) ਅਤੇ ਲਾਈਟ ਮੋਟਰ ਵਹੀਕਲਜ਼ (ਕਮਰਸ਼ੀਅਲ) ਦੇ ਦਾਖਲੇ ਤੇ ਤੁਰੰਤ ਪਾਬੰਦੀ ਲਗਾਈ ਗਈ ਹੈ। ਇਹ ਪਾਬੰਦੀ ਨੈਸ਼ਨਲ ਹਾਈਵੇ (ਜਲੰਧਰ ਬਾਈ ਪਾਸ, ਸਮਰਾਲਾ ਚੌਕ ਅਤੇ ਸ਼ੇਰਪੁਰ ਬਾਈਪਾਸ ਦੇ ਇਲਾਕੇ ਅਤੇ ਸਟੇਟ ਹਾਈਵੇ ਚੰਡੀਗਡ਼• ਰੋਡ ਸਮਰਾਲਾ ਚੌਕ ਤੱਕ) ਉਪਰ ਲਾਗੂ ਨਹੀਂ ਹੋਵੇਗੀ। ਇਹ ਹੁਕਮ ਜਾਰੀ ਹੋਣ ਦੀ ਮਿਤੀ 22-09-2014 ਤੋਂ ਦੋ ਮਹੀਨੇ ਤੱਕ ਲਾਗੂ ਰਹਿਣਗੇ। 
ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਲੁਧਿਆਣਾ ਪੰਜਾਬ ਦਾ ਇੱਕ ਪ੍ਰਮੁੱਖ ਸਨਅਤੀ ਸ਼ਹਿਰ ਹੈ ਅਤੇ ਸਨਅਤੀ ਸ਼ਹਿਰ ਹੋਣ ਕਾਰਨ ਕੱਚੇ ਅਤੇ ਪੱਕੇ ਮਾਲ ਦੀ ਵੱਡੀ ਪੱਧਰ ਤੇ ਸਡ਼ਕੀ ਢੋਆ ਢੁਆਈ ਹੁੰਦੀ ਹੈ ਜਿਸ ਕਾਰਨ ਹੈਵੀ ਮੋਟਰ ਵਹੀਕਲਜ਼ (ਕਮਰਸ਼ੀਅਲ), ਮੀਡੀਅਮ ਮੋਟਰ ਵਹੀਕਲਜ਼ (ਕਮਰਸ਼ੀਅਲ) ਅਤੇ ਲਾਈਟ ਮੋਟਰ ਵਹੀਕਲਜ਼ (ਕਮਰਸ਼ੀਅਲ) ਦਾ ਸ਼ਹਿਰ ਦੇ ਇਲਾਕੇ ਵਿੱਚ ਆਉਣਾ ਜਾਣਾ ਬਣਿਆ ਰਹਿੰਦਾ ਹੈ ਅਤੇ ਮਾਲ ਦੀ ਜਿਆਦਾ ਢੋਆ ਢੁਆਈ ਹੋਣ ਕਾਰਨ ਹਾਦਸੇ ਵਾਪਰਨ ਦੀ ਸੰਭਾਵਨਾ ਬਣੀ ਰਹਿੰਦੀ ਹੈ ਜਿਸ ਨਾਲ ਆਮ ਜਨਤਾ ਦਾ ਜਾਨੀ ਅਤੇ ਮਾਲੀ ਨੁਕਸਾਨ ਹੋਣ ਦਾ ਖਦਸਾ ਬਣਿਆ ਰਹਿੰਦਾ ਹੈ। ਇਸ ਲਈ ਲੋਕਾਂ ਦੇ ਹਿੱਤ ਵਿੱਚ ਆਮ ਜਨਤਾ ਦੀ ਜਾਨ ਅਤੇ ਮਾਲ ਦੀ ਰਾਖੀ, ਸਿਹਤ, ਖਜਲ ਖੁਆਰੀ ਅਤੇ ਵਿਘਨ ਨੂੰ ਬਚਾਉਣ ਹਿੱਤ ਵਿਸ਼ੇਸ਼ ਅਤੇ ਠੋਸ ਕਦਮ ਚੁੱਕਣ ਦੀ ਜਰੂਰਤ ਸੀ। 
ਵਰਕਰਾਂ ਤੇ ਕਿਰਾਏਦਾਰਾਂ ਸਬੰਧੀ ਵੇਰਵਾ ਸਮੇਤ ਫੋਟੋ ਪੁਲਿਸ ਨੂੰ ਦੇਣਾ ਜਰੂਰੀ 
ਲੁਧਿਆਣਾ: 22 ਸਤੰਬਰ  2014: (ਪੰਜਾਬ ਸਕਰੀਨ ਬਿਊਰੋ): 
ਪੁਲਿਸ ਕਮਿਸ਼ਨਰ ਲੁਧਿਆਣਾ ਸ੍ਰੀ ਪ੍ਰਮੋਦ ਬਾਨ ਵੱਲੋਂ ਧਾਰਾ 144 ਅਧੀਨ ਪੁਲਿਸ ਕਮਿਸ਼ਨਰੇਟ ਲੁਧਿਆਣਾ ਦੇ ਏਰੀਏ ਵਿੱਚ ਰਹਿੰਦੇ ਆਮ ਲੋਕਾਂ, ਮਕਾਨ ਮਾਲਕਾਂ, ਮਕਾਨਾਂ ਉਪਰ ਕਾਬਜ਼ ਵਿਅਕਤੀਆਂ, ਫੈਕਟਰੀਆਂ ਦੇ ਮਾਲਕਾਂ ਦੇ ਨਾਲ-ਨਾਲ ਫੈਕਟਰੀ ਜਾਂ ਮਕਾਨਾਂ ਦੇ ਉਪਰ ਕਾਬਜ਼ ਵਿਅਕਤੀਆਂ ਨੂੰ ਆਦੇਸ਼ ਜਾਰੀ ਕੀਤੇ ਹਨ ਕਿ ਉਹਨਾਂ ਦੇ ਮਕਾਨਾਂ ਵਿੱਚ ਜੋ ਵੀ ਪਰਿਵਾਰ, ਨੌਕਰ, ਮਜਦੂਰ, ਮਾਲੀ, ਡਰਾਈਵਰ, ਚੌਕੀਦਾਰ ਜਾਂ ਹੋਰ ਕੋਈ ਵਿਅਕਤੀ ਜੋ ਉਹਨਾਂ ਪਾਸ ਨੌਕਰੀ ਕਰਦੇ ਹਨ, ਸਬੰਧੀ ਪੂਰਾ ਵੇਰਵਾ ਸਮੇਤ ਫੋਟੋ ਆਪਣੇ ਨਾਲ ਸਬੰਧਤ ਪੁਲਿਸ ਥਾਣੇ/ ਚੌਕੀ 'ਚ ਦਰਜ਼ ਕਰਵਾਉਣ ਦੇ ਹੁਕਮ ਜਾਰੀ ਕੀਤੇ ਹਨ। ਇਹ ਹੁਕਮ ਜ਼ਾਰੀ ਹੋਣ ਦੀ ਮਿਤੀ 22-09-2014 ਤੋਂ ਦੋ ਮਹੀਨੇ ਤੱਕ ਲਾਗੂ ਰਹਿਣਗੇ। 
ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਉਹਨਾਂ ਦੇ ਧਿਆਨ ਵਿੱਚ ਆਇਆ ਹੈ ਕਿ ਲੁਧਿਆਣਾ ਸ਼ਹਿਰ 'ਚ ਵੱਡੀ ਗਿਣਤੀ ਵਿੱਚ ਲੋਕ ਬਾਹਰਲੇ ਸੂਬਿਆਂ ਤੋਂ ਆ ਕੇ ਵੱਸੇ ਹੋਏ ਹਨ ਅਤੇ ਇਹ ਵੱਖ-ਵੱਖ ਉਦਯੋਗਿਕ ਇਕਾਈਆਂ/ਵਿੱਤੀ ਅਦਾਰਿਆਂ ਵਿੱਚ ਕੰਮ ਕਰਦੇ ਹਨ, ਜਿਨਾਂ ਵਿੱਚੋਂ ਕੁੱਝ ਘਰੇਲੂ ਕੰਮ-ਕਾਜ਼ 'ਚ ਵੀ ਹੱਥ ਵਟਾਉਂਦੇ ਹਨ। ਉਹਨਾਂ ਦੱਸਿਆ ਕਿ ਅਜਿਹੇ ਲੋਕਾਂ 'ਚੋ ਕੁੱਝ ਲੋਕ ਜਾਣਕਾਰੀ ਹਾਸਲ ਕਰਕੇ ਅਤੇ ਮੌਕੇ ਦਾ ਫਾਇਦੇ ਉਠਾ ਕੇ ਲੁੱਟ-ਮਾਰ ਕਰਦੇ ਹਨ। ਕਈ ਵਾਰ ਅਜਿਹੀਆਂ ਘਟਨਾਵਾਂ ਕਾਰਨ ਮਾਲਕਾਂ ਨੂੰ ਆਪਣੀ ਜਾਨ ਤੋਂ ਹੱਥ ਵੀ ਧੋਣੇ ਪੈਂਦੇ ਹਨ ਜਾਂ ਉਹ ਗੰਭੀਰ ਰੂਪ ਵਿੱਚ ਜਖ਼ਮੀ ਹੋ ਜਾਂਦੇ ਹਨ, ਜਿਸ ਨਾਲ ਦਹਿਸ਼ਤ ਅਤੇ ਡਰ ਦਾ ਮਾਹੌਲ ਪੈਂਦਾ ਹੁੰਦਾ ਹੈ। ਉਹਨਾਂ ਦੱਸਿਆ ਕਿ ਆਮ ਲੋਕਾਂ ਦੀ ਸੁਰੱਖਿਆ ਲਈ ਘਰ ਵਿੱਚ ਰੱਖੇ ਨੌਕਰਾਂ, ਡਰਾਈਵਰ, ਚੌਕੀਦਾਰ, ਮਾਲੀ ਆਦਿ ਅਤੇ ਮਕਾਨ ਕਿਰਾਏ ਤੇ ਲੈ ਕੇ ਰਹਿਣ ਵਾਲੇ ਲੋਕਾਂ ਬਾਰੇ ਜਾਣਕਾਰੀ ਪੁਲਿਸ ਨੂੰ ਦੇਣ ਦੇ ਆਦੇਸ਼ ਜਾਰੀ ਕੀਤੇ ਹਨ, ਤਾਂ ਜੋ ਉਹਨਾਂ ਦਾ ਪਿਛੋਕੜ ਬਾਰੇ ਜਾਣਿਆ ਜਾ ਸਕੇ। 
ਸੈਨਿਕ ਵੋਕੇਸ਼ਨਲ ਟਰੇਨਿੰਗ ਸੈਂਟਰ ਲੁਧਿਆਣਾ ਵਿਖੇ ਦਾਖਲੇ ਸ਼ੁਰੂ
ਲੁਧਿਆਣਾ: 22 ਸਤੰਬਰ  2014: (ਪੰਜਾਬ ਸਕਰੀਨ ਬਿਊਰੋ):
ਕਰਨਲ ਕੰਵਰਪ੍ਰੀਤ ਸਿੰਘ ਅਟਵਾਲ, ਜ਼ਿਲਾ ਰੱਖਿਆ ਸੇਵਾਵਾਂ ਭਲਾਈ ਅਫਸਰ ਨੇ ਦੱਸਿਆ ਕਿ ਜ਼ਿਲਾ ਲੁਧਿਆਣਾ ਅਤੇ ਨੇੜੇ ਦੇ ਜ਼ਿਲਿਆਂ ਦੇ ਸਾਬਕਾ ਸੈਨਿਕਾਂ ਦੇ ਆਸ਼ਰਿਤਾਂ ਅਤੇ ਹੋਰ ਗਰੀਬੀ ਰੇਖਾ ਤੋਂ ਹੇਠਾਂ ਜੀਵਨ ਬਸਰ ਕਰ ਰਹੇ ਸਿਖਿਆਰਥੀਆਂ ਨੂੰ ਕੰਪਿਊਟਰ ਸਬੰਧੀ ਉਚੇਰੀ ਸਿੱਖਿਆ ਦੇਣ ਲਈ ਪੰਜਾਬ ਸਰਕਾਰ ਵੱਲੋਂ ਵੱਡਾ ਉਪਰਾਲਾ ਕਰਦੇ ਹੋਏ ਜ਼ਿਲਾ ਰੱਖਿਆ ਸੇਵਾਵਾਂ ਲਈ ਦਫ਼ਤਰ ਲੁਧਿਆਣਾ ਵਿਖੇ ਸੈਨਿਕ ਵੋਕੇਸ਼ਨਲ ਸੈਂਟਰ ਵਿੱਚ ਕੰਪਿਊਟਰ ਕੋਰਸ ਲਈ ਦਾਖਲੇ ਸ਼ੁਰੂ ਹੋ ਗਏ ਹਨ। 
ਸਾਬਕਾ ਸੈਨਿਕਾਂ ਦੇ ਬੱਚਿਆਂ ਤੋਂ ਪ੍ਰਬੰਧਕੀ ਖਰਚਿਆਂ ਤੋਂ ਇਲਾਵਾ ਨਾ-ਮਾਤਰ ਫੀਸ ਲਈ ਜਾਵੇਗੀ ਅਤੇ ਸਾਬਕਾ ਸੈਨਿਕਾਂ ਦੇ ਬੱਚਿਆਂ ਤੋਂ ਇਲਾਵਾ ਸਿਵਲ ਬੱਚਿਆਂ ਤੋਂ ਵੀ ਦੂਸਰੀਆਂ ਸੰਸਥਾਵਾਂ ਦੇ ਮੁਕਾਬਲੇ ਨਾ-ਮਾਤਰ ਫੀਸਾਂ ਲਈਆਂ ਜਾਣਗੀਆਂ। ਕੋਰਸਾਂ ਲਈ ਰਜਿਸਟਰੇਸ਼ਨ ਸ਼ੁਰੂ ਹੋ ਚੁੱਕੀ ਹੈ। ਇਲਾਕੇ ਦੇ ਚਾਹਵਾਨ ਵਿਦਿਆਰਥੀ ਜਲਦੀ ਤੋਂ ਜਲਦੀ ਜ਼ਿਲਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ, ਨੇਡ਼ੇ ਘੰਟਾ ਘਰ, ਪੁਰਾਣੀ ਕਚਿਹਰੀ ਰੋਡ, ਲੁਧਿਆਣਾ ਵਿਖੇ ਰਜਿਸਟਰੇਸ਼ਨ ਕਰਵਾ ਸਕਦੇ ਹਨ। ਰਜਿਸਟਰੇਸ਼ਨ ਵਾਸਤੇ ਵਧੇਰੇ ਜਾਣਕਾਰੀ ਲਈ ਫੋਨ ਨੰਬਰ 0161-2741066 ਤੇ ਸੰਪਰਕ ਕੀਤਾ ਜਾ ਸਕਦਾ ਹੈ।

No comments: