Tuesday, September 30, 2014

ਅੱਜ ਪੰਜਾਬੀ ਹੀਰੋ ਸਤੀਸ਼ ਕੌਲ ਬੇਬਸ ਹੈ-ਆਓ ਸਾਰੇ ਰਲ ਮਿਲ ਕੇ ਮਦਦ ਕਰੀਏ

ਕਿੱਥੇ ਗਈ ਪੰਜਾਬੀਆਂ ਦੀ ਦਾਨਵੀਰਤਾ
ਲੁਧਿਆਣਾ:ਇਹ ਉਹੀ ਪੰਜਾਬੀ ਨੇ ਜਿਹੜੇ ਪ੍ਰਸਿਧ ਹੀਰੋ ਸਤੀਸ਼ ਕੌਲ ਦੀਆਂ ਫਿਲਮਾਂ ਭੱਜ ਭੱਜ ਕੇ ਦੇਖਿਆ ਕਰਦੇ ਸਨ।  ਉਸਦਾ ਆਟੋਗ੍ਰਾਫ ਲੈਣ ਲਈ ਧੱਕੋਮੁੱਕੀ ਹੋਇਆ ਕਰਦੇ ਸਨ ਅਤੇ ਉਸ ਨਾਲ ਇੱਕ ਫੋਟੋ ਖਿਚਵਾਉਣ ਲਈ  ਸਿਫ਼ਾਰਿਸ਼ਾਂ ਪਵਾਇਆ ਕਰਦੇ ਸਨ। ਮੀਡੀਆ ਵਾਲੇ ਇੱਕ ਦੂਜੇ ਤੋਂ ਅੱਗੇ ਹੋ ਕੇ ਉਸਦੇ ਫੋਟੋ ਸੈਸ਼ਨ ਕਰਦੇ ਸਨ। ਅਖਬਾਰਾਂ ਅਤੇ ਰਸਾਲੇ ਉਸਦੀ ਫੋਟੋ ਆਪਣੇ ਪਹਿਲੇ ਸਫਿਆਂ 'ਤੇ ਛਾਪ ਕੇ ਪੈਸੇ ਕਮਾਇਆ ਕਰਦੇ ਸਨ। ਹੁਣ ਉਹ ਬੀਮਾਰ ਹੈ। ਖਾਲੀ ਜੇਬ ਨੇ ਉਸਨੂੰ ਬੇਬਸ ਕਰ ਦਿੱਤਾ ਹੈ। ਲਾਚਾਰੀ ਦੀ ਏਸ ਤਰਸਯੋਗ ਹਾਲਤ ਵਿੱਚ ਹੁਣ ਉਸਦੇ ਓਹ ਫੈਨ ਪਤਾ ਨਹੀਂ ਕਿੱਥੇ ਗਾਇਬ ਹੋ ਗਏ ਹਨ? ਅਖਬਾਰਾਂ ਵਿੱਚ ਆਪਣੀਆਂ ਫੋਟੋ ਛਪਵਾਉਣ ਲਈ ਵੱਡੀਆਂ ਵੱਡੀਆਂ ਡੋਨੇਸ਼ਨਾਂ ਦੇਣ ਵਾਲੇ ਪੰਜਾਬੀ ਹੁਣ ਉਸ ਦੀ ਹਾਲਤ ਵੱਲ ਦੇਖਦੇ ਤੱਕ ਨਹੀਂ।  
ਕੁਝ ਅਰਸਾ ਪਹਿਲਾਂ ਲੁਧਿਆਣਾ ਦੇ ਆਕੂਪੰਕਚਰ ਹਸਪਤਾਲ ਵਾਲੇ ਡਾਕਟਰ ਇੰਦਰਜੀਤ ਢੀੰਗਰਾ ਅਤੇ ਕੁਝ ਹੋਰਾਂ ਨੇ ਉਸ ਦੀ ਉਹ ਪੁਰਾਣੀ ਸ਼ਾਨ ਬਹਾਲ ਕਰਨ ਲਈ ਕੁਝ ਗੰਭੀਰ ਉੱਦਮ ਉਪਰਾਲੇ ਕੀਤੇ ਪਰ ਸੀਮਤ ਵਸੀਲਿਆਂ ਕਾਰਣ ਗੱਲ ਪੂਰੀ ਨਾ ਕੀਤੀ ਜਾ ਸਕੀ। ਪੰਜਾਬੀ ਬੋਲੀ ਨੂੰ ਲੋਕਾਂ ਤਕ ਪਹੁੰਚਾਉਣ ਵਾਲੇ ਉਨ੍ਹਾਂ ਕਲਾਕਾਰਾਂ ਦੀ ਸਰਕਾਰ ਨੇ ਵੀ ਕਦੇ ਉਸਦੀ ਸਾਰ ਤਕ ਨਹੀਂ ਲਈ। ਵਾਅਦੇ ਕੀਤੇ ਗਏ ਪਰ ਵਫ਼ਾ ਨ ਹੋਏ। ਜਿਨ੍ਹਾਂ ਕਲਾਕਾਰਾਂ ਨੇ ਆਪਣੀ ਕਲਾਕਾਰੀ ਰਾਹੀਂ ਲੋਕਾਂ ਦੇ ਦਿਲਾਂ 'ਤੇ ਰਾਜ ਕੀਤਾ ਅਤੇ ਪੰਜਾਬੀ ਨੂੰ ਦੁਨੀਆ ਦੇ ਕੋਨੇ-ਕੋਨੇ ਤਕ ਪਹੁੰਚਾਇਆ ਉਹ ਅੱਜ ਗੁਮਨਾਮੀ ਦੇ ਹਨੇਰੇ ਵਿੱਚ ਹਨ। ਜਿੰਨਾ ਚਿਰ ਉਹ ਕਲਾਕਾਰ ਆਪਣੇ ਦਮ 'ਤੇ ਆਪਣੀ ਕਲਾਕਾਰੀ ਦਾ ਲੋਹਾ ਮਨਵਾਉਂਦੇ ਰਹੇ, ਉਦੋਂ ਤਕ ਸਮਾਜ ਦੇ ਠੇਕੇਦਾਰ ਅਤੇ ਸਰਕਾਰ ਦੇ ਅਹਿਲਕਾਰ ਵੀ ਉਨ੍ਹਾਂ ਦੇ ਅੱਗੇ-ਪਿੱਛੇ ਘੁੰਮਦੇ ਰਹੇ ਪਰ ਜਦੋਂ ਉਨ੍ਹਾਂ 'ਤੇ ਮਾੜਾ ਵਕਤ ਆਇਆ ਤਾਂ ਉਹਨਾਂ ਸਾਰਿਆਂ ਨੇ ਹੀ ਪਰਛਾਵੇਂ ਵਾਂਗ ਉਸਦਾ ਸਾਥ ਛੱਡ ਦਿੱਤਾ। ਤਕਰੀਬਨ 150 ਪੰਜਾਬੀ ਅਤੇ ਹਿੰਦੀ ਫ਼ਿਲਮਾਂ ਵਿਚ ਬਤੌਰ ਹੀਰੋ ਦੇ ਤੌਰ 'ਤੇ ਆਪਣੀ ਭੂਮਿਕਾ ਨਿਭਾ ਕੇ ਇਕ ਦਹਾਕਾ ਪੰਜਾਬੀਆਂ ਦੇ ਦਿਲਾਂ 'ਤੇ ਰਾਜ ਕਰਨ ਵਾਲੇ ਪੰਜਾਬੀ ਹੀਰੋ ਸਤੀਸ਼ ਕੌਲ ਕੋਲ ਅੱਜ ਆਪਣੇ ਇਲਾਜ ਲਈ ਵੀ ਕੋਈ ਪੈਸਾ ਨਹੀਂ। ਆਪਣਾ ਇਲਾਜ ਨਾ ਹੋਣ ਕਾਰਨ ਉਹ ਹਸਪਤਾਲ ਵਿਚ ਬੇਬਸ ਹੈ ਤੇ ਜ਼ਿੰਦਗੀ-ਮੌਤ ਦੀ ਲੜਾਈ ਲੜ ਰਿਹਾ ਹੈ। ਪੂਜਾਪਾਠ ਅਤੇ ਦਾਨ ਪੁੰਨ ਵਿੱਚ ਮਿਸਾਲਾਂ ਕਾਇਮ ਕਰਨ ਵਾਲੇ ਪੰਜਾਬੀ ਕੀ ਉਸ ਦੀ ਮੌਤ ਦਾ ਤਮਾਸ਼ਾ ਦੇਖ ਰਹੇ ਹਨ? ਕੁਝ ਮਹੀਨੇ ਪਹਿਲਾਂ ਉਹ ਕੰਮ ਦੀ ਤਲਾਸ਼ 'ਚ ਸ਼ਾਹੀ ਸ਼ਹਿਰ ਪਟਿਆਲਾ ਦੀਆਂ ਸੜਕਾਂ 'ਤੇ ਰਿਕਸ਼ੇ 'ਤੇ ਬੈਠ ਕੇ ਇਧਰ-ਉਧਰ ਘੁੰਮਦਾ ਦੇਖਿਆ ਜਾਂਦਾ ਸੀ, ਅੱਜ ਉਹ ਹਸਪਤਾਲ ਵਿਚ ਭਰਤੀ ਹੈ, ਜਿਸਨੂੰ ਆਪਣੇ ਇਲਾਜ ਦਾ ਬਿੱਲ ਦੇਣਾ ਵੀ ਔਖਾ ਹੋਇਆ ਪਿਆ ਹੈ।  ਜ਼ਿਕਰਯੋਗ ਹੈ ਕਿ ਮਹੀਨਾ ਕੁ ਪਹਿਲਾਂ ਸਤੀਸ਼ ਕੌਲ ਦਾ ਬਾਥਰੂਮ ਵਿਚ ਪੈਰ ਫਿਸਲਣ ਕਾਰਨ ਚੂਲ੍ਹਾ ਉਤਰ ਗਿਆ ਸੀ, ਜਿਸ ਕਾਰਨ ਉਸਨੂੰ ਪਟਿਆਲਾ ਦੇ ਨਰਾਇਣ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ, ਜਿਸਦੇ ਇਲਾਜ 'ਤੇ ਹੁਣ ਤਕ ਕਾਫੀ ਖਰਚਾ ਹੋ ਚੁੱਕਾ ਹੈ। 
ਇਹ ਫੋਟੋ ਜਗ ਬਾਣੀ ਚੋਂ ਧੰਨਵਾਦ ਸਹਿਤ 
ਹੁਣ ਸਤੀਸ਼ ਕੌਲ ਵਲੋਂ ਆਪਣੀ ਬੀਮਾਰੀ 'ਤੇ ਖਰਚ ਹੋਏ ਪੈਸੇ ਦੇਣੇ ਵੀ ਔਖੇ ਹੋ ਗਏ ਹਨ। ਉਨ੍ਹਾਂ ਦੇ ਇਲਾਜ ਲਈ ਨਾ ਕੋਈ ਪ੍ਰਸ਼ੰਸਕ, ਨਾ ਹੀ ਕੋਈ ਸਮਾਜ ਸੇਵੀ ਸੰਸਥਾ ਤੇ ਨਾ ਹੀ ਸੂਬਾ ਸਰਕਾਰ ਅੱਗੇ ਆ ਰਹੀ ਹੈ। ਇਸੇ ਦੌਰਾਨ ਸਮਾਜ ਸੇਵਿਕਾ ਸ਼੍ਰੀਮਤੀ ਸਤਿੰਦਰਪਾਲ ਕੌਰ ਵਾਲੀਆ ਨੇ ਕਿਹਾ ਕਿ ਸ਼ਾਹੀ ਸ਼ਹਿਰ ਦੀਆਂ ਸਮਾਜ ਸੇਵੀ ਸੰਸਥਾਵਾਂ ਅਤੇ ਸਮਾਜ ਸੇਵੀਆਂ ਨੇ ਸਮੇਂ-ਸਮੇਂ 'ਤੇ ਲੋਕਾਂ ਦੀ ਮਦਦ ਲਈ ਆਪਣਾ ਅਹਿਮ ਯੋਗਦਾਨ ਪਾਇਆ ਹੈ, ਹੁਣ ਉਨ੍ਹਾਂ ਨੂੰ ਪੰਜਾਬੀ ਹੀਰੋ ਸਤੀਸ਼ ਕੌਲ ਦੀ ਮਦਦ ਲਈ ਵੀ ਵਧ-ਚੜ੍ਹ ਕੇ ਸਹਿਯੋਗ ਦੇਣਾ ਚਾਹੀਦਾ ਹੈ, ਤਾਂ ਜੋ ਉਨ੍ਹਾਂ ਦਾ ਇਲਾਜ ਸਹੀ ਤਰੀਕੇ ਨਾਲ ਹੋ ਸਕੇ। ਉਨ੍ਹਾਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਸਤੀਸ਼ ਕੌਲ ਦੇ ਰਹਿਣ ਅਤੇ ਇਲਾਜ ਲਈ ਲੋੜੀਂਦਾ ਪ੍ਰਬੰਧ ਕਰੇ। ਮੈਡਮ ਵਾਲੀਆ ਨੇ ਕਿਹਾ ਕਿ ਜੇਕਰ ਕੋਈ ਸਮਾਜ ਸੇਵੀ ਸਤੀਸ਼ ਕੌਲ ਦੀ ਮਦਦ ਲਈ ਆਪਣਾ ਯੋਗਦਾਨ ਪਾਉਣਾ ਚਾਹੁੰਦਾ ਹੈ ਤਾਂ ਉਹ 98784-47565 'ਤੇ ਸੰਪਰਕ ਕਰ ਸਕਦਾ ਹੈ।

No comments: