Friday, September 26, 2014

ਸਕੂਲੀ ਬੱਚਿਆਂ ਦੇ ਗੁਰ-ਇਤਿਹਾਸ ਸਬੰਧੀ ਲਿਖਤੀ ਮੁਕਾਬਲੇ ਕਰਵਾਏ

Fri, Sep 26, 2014 at 2:05 PM
ਮੁਕਾਬਲੇ ਰਹੇ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ
ਅੰਮ੍ਰਿਤਸਰ 26 ਸਤੰਬਰ 2014:  (ਅਰਵਿੰਦਰ ਸਿੰਘ 'ਸਾਸਨ'): 
ਚੌਥੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੇ 9 ਅਕਤੂਬਰ ਨੂੰ ਮਨਾਏ ਜਾਣ ਵਾਲੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵੱਲੋਂ ਬੱਚਿਆਂ ਦੀ ਕਾਰਜ-ਕੁਸ਼ਲਤਾ ਨੂੰ ਨਿਖਾਰਨ ਲਈ ਗੁਰ-ਇਤਿਹਾਸ ਸਬੰਧੀ ਸਥਾਨਕ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਸਿੱਖ ਰਹਿਤ ਮਰਿਆਦਾ ਤੇ ਸਿੱਖ ਇਤਿਹਾਸ ਵਿਸ਼ਿਆਂ 'ਤੇ ਲਿਖਤੀ ਮੁਕਾਬਲੇ ਕਰਵਾਏ ਗਏ।ਇਨ੍ਹਾਂ ਮੁਕਾਬਲਿਆਂ 'ਚ ਪੰਜਾਬ ਭਰ ਤੋਂ 38 ਸਕੂਲਾਂ ਦੇ 190 ਬੱਚਿਆਂ ਨੇ ਹਿੱਸਾ ਲਿਆ।
ਦਫਤਰ ਸ਼੍ਰੋਮਣੀ ਕਮੇਟੀ ਤੋਂ ਜਾਰੀ ਪ੍ਰੈੱਸ ਰਿਲੀਜ਼ 'ਚ ਸ. ਬਲਵਿੰਦਰ ਸਿੰਘ ਜੋੜਾ ਵਧੀਕ ਸਕੱਤਰ ਨੇ ਦੱਸਿਆ ਕਿ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਕਰਵਾਏ ਜਾ ਰਹੇ ਇਨ੍ਹਾਂ ਮੁਕਾਬਲਿਆਂ 'ਚ ਪਹਿਲਾ, ਦੂਜਾ ਤੇ ਤੀਜਾ ਦਰਜਾ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਗੁਰਪੁਰਬ ਵਾਲੇ ਦਿਨ 9 ਅਕਤੂਬਰ ਨੂੰ ਸਵੇਰੇ 10 ਵਜੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸਨਮਾਨ ਚਿਨ੍ਹ ਤੇ ਸਿਰੋਪਾਓ ਨਾਲ ਸਨਮਾਨਿਤ ਕੀਤਾ ਜਾਵੇਗਾ ਤੇ ਸਰਟੀਫਿਕੇਟ ਵੀ ਦਿੱਤੇ ਜਾਣਗੇ।ਅੱਜ ਲਿਖਤੀ ਮੁਕਾਬਲੇ ਵਿੱਚ ਭਾਗ ਲੈਣ ਵਾਲੇ ਹਰੇਕ ਲੋਕਲ ਤੇ ਅੰਮ੍ਰਿਤਸਰ ਤੋਂ ਬਾਹਰੋਂ ਆਏ ਬੱਚਿਆਂ ਨੂੰ ਹੌਂਸਲਾ ਅਫਜਾਈ ਲਈ ਆਉਣ-ਜਾਣ ਦੇ ਕਿਰਾਏ ਵਜੋਂ ਸੇਵਾ ਫਲ ਸ੍ਰੀ ਦਰਬਾਰ ਸਾਹਿਬ ਵੱਲੋਂ ਦਿੱਤੇ ਗਏ। ਉਨ੍ਹਾਂ ਕਿਹਾ ਕਿ ਮਿਤੀ 27 ਸਤੰਬਰ ਦਿਨ ਸ਼ਨੀਵਾਰ ਨੂੰ ਸਵੇਰੇ 10 ਵਜੇ ਭਾਈ ਗੁਰਦਾਸ ਹਾਲ (ਟਾਊਨ ਹਾਲ) ਨੇੜੇ ਕੋਤਵਾਲੀ ਸ੍ਰੀ ਅੰਮ੍ਰਿਤਸਰ ਵਿਖੇ ਪੇਂਟਿੰਗ ਮੁਕਾਬਲੇ ਕਰਵਾਏ ਜਾਣਗੇ।
ਇਸ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਐਡੀਸ਼ਨਲ ਮੈਨੇਜਰ ਸ. ਜਤਿੰਦਰ ਸਿੰਘ,  ਸ. ਸੁਖਵਿੰਦਰ ਸਿੰਘ ਸਾਬਕਾ ਐਕਸੀਅਨ, ਸ. ਕਾਬਲ ਸਿੰਘ ਸੁਪਰਵਾਈਜ਼ਰ, ਸ. ਰਣਜੀਤ ਸਿੰਘ ਰਾਣਾ, ਸ. ਸਤਵਿੰਦਰ ਸਿੰਘ, ਸ. ਪ੍ਰਗਨ ਸਿੰਘ, ਬੀਬੀ ਅਮਰਜੀਤ ਕੌਰ, ਬੀਬੀ ਰਣਜੀਤ ਕੌਰ, ਬੀਬੀ ਪਰਮੀਤ ਕੌਰ, ਬੀਬੀ ਕੰਵਲਜੀਤ ਕੌਰ, ਬੀਬੀ ਗੁਰਮੇਲ ਕੌਰ ਅਤੇ ਬੀਬੀ ਰਜਵੰਤ ਕੌਰ ਨੇ ਨਿਗਰਾਨੀ ਦੀ ਸੇਵਾ ਨਿਭਾਈ।

No comments: