Tuesday, September 23, 2014

ਵਿਦਿਅਕ ਸੰਸਥਾਵਾਂ ਲਈ ਵੀ ਦਸਵੰਧ ਕੱਢਿਆ ਜਾਵੇ-ਮਲੂਕਾ

Tue, Sep 23, 2014 at 6:10 PM
ਅਧਿਆਪਕਾਂ ਤੇ ਮਾਪਿਆਂ ਦੀ ਇੱਜ਼ਤ ਕਰਨੀ ਮਿਆਰੀ ਸਿੱਖਿਆ ਦਾ ਜ਼ਰੂਰੀ ਹਿੱਸਾ-ਗਰੇਵਾਲ
GCW 'ਚ ਜ਼ੋਨਲ ਯੁਵਕ ਤੇ ਵਿਰਾਸਤੀ ਮੇਲੇ ਦੀ ਸ਼ੁਰੂਆਤ
ਲੁਧਿਆਣਾ: 23 ਸਤੰਬਰ 2014:(ਰੈਕਟਰ ਕਥੂਰੀਆ//ਪੰਜਾਬ ਸਕਰੀਨ):
''ਵਿੱਦਿਅਕ ਸੰਸਥਾਵਾਂ ਵਿਦਿਆ ਦਾ ਪ੍ਰਵਾਹ/ਪ੍ਰਸਾਰ/ਦਾਨ ਕਰਨ ਵਿੱਚ ਮੁੱਖ ਸੂਤਰਧਾਰ ਹੁੰਦੀਆਂ ਹਨ, ਇਸੇ ਲਈ ਅੱਜ ਲੋੜ ਹੈ ਕਿ ਇਨ੍ਹਾਂ ਵਿਦਿਅਕ ਸੰਸਥਾਵਾਂ ਦੀ ਮਜਬੂਤੀ ਲਈ ਸਰਕਾਰ ਦੇ ਨਾਲ-ਨਾਲ ਲੋਕ ਵੀ ਬਣਦਾ ਯੋਗਦਾਨ ਪਾਉਣ। ਅੱਜ ਲੋੜ ਹੈ ਕਿ ਧਾਰਮਿਕ ਸੰਸਥਾਵਾਂ ਦੇ ਨਾਲ-ਨਾਲ ਵਿਦਿਅਕ ਸੰਸਥਾਵਾਂ ਨੂੰ ਵੀ ਦਾਨ ਦਿੱਤਾ ਜਾਵੇ ਤਾਂ ਜੋ ਸੰਸਥਾਵਾਂ ਦੇ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤ ਕੀਤਾ ਜਾਵੇ।'' ਇਹ ਵਿਚਾਰ ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤਾਂ ਬਾਰੇ ਵਿਭਾਗਾਂ ਦੇ ਕੈਬਨਿਟ ਮੰਤਰੀ ਸ੍ਰ. ਸਿਕੰਦਰ ਸਿੰਘ ਮਲੂਕਾ ਨੇ ਲੜਕੀਆਂ ਦੇ ਸਥਾਨਕ ਸਰਕਾਰੀ ਕਾਲਜ (GCW) ਵਿੱਚ ਅੱਜ ਸ਼ੁਰੂ ਹੋਏ ਪੰਜਾਬ ਯੂਨੀਵਰਸਿਟੀ ਦੇ ਲੁਧਿਆਣਾ ਬੀ ਜ਼ੋਨ ਦੇ ਯੁਵਕ ਅਤੇ ਵਿਰਾਸਤੀ ਮੇਲੇ ਵਿੱਚ ਸ਼ਾਮ ਦੇ ਸੈਸ਼ਨ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ।  

ਸ੍ਰ. ਮਲੂਕਾ ਨੇ ਕਿਹਾ ਕਿ ਸਿੱਖਿਆ ਇੱਕ ਮਨੁੱਖ ਦਾ ਵਿਅਕਤੀਤਵ ਨਿਖ਼ਾਰਨ, ਸੱਭਿਅਕ ਸਮਾਜ ਦੀ ਸਿਰਜਣਾ ਕਰਨ ਅਤੇ ਸੱਭਿਆਚਾਰਕ ਕਦਰਾਂ ਕੀਮਤਾਂ ਨੂੰ ਜਿਉਂਦਾ ਰੱਖਣ ਵਿੱਚ ਬਹੁਤ ਅਹਿਮ ਯੋਗਦਾਨ ਪਾਉਂਦੀ ਹੈ। ਸਿੱਖਿਆ ਦਾ ਚੰਗੇਰਾ ਪੱਖ ਤਾਂ ਹੀ ਹੋ ਸਕਦਾ ਹੈ ਜੇਕਰ ਸਾਡੀਆਂ ਵਿਦਿਅਕ ਸੰਸਥਾਵਾਂ ਬੁਨਿਆਦੀ ਪੱਖ ਤੋਂ ਮਜਬੂਤ ਹੋਣਗੀਆਂ। ਉਨ੍ਹਾਂ ਕਿਹਾ ਕਿ ਪੰਜਾਬੀ ਲੋਕ ਆਪਣੇ ਅਮੀਰ ਸੱਭਿਆਚਾਰ ਅਤੇ ਦਾਨੀ ਸੁਭਾਅ ਕਰਕੇ ਜਾਣੇ ਜਾਂਦੇ ਹਨ। ਕੁਦਰਤੀ ਕਰੋਪੀ ਦਾ ਸਾਹਮਣਾ ਹੋਵੇ ਜਾਂ ਕਿਸੇ ਧਾਰਮਿਕ ਸਥਾਨ ਨੂੰ ਦਾਨ ਦੇਣ ਦੀ ਗੱਲ ਹੋਵੇ। ਪੰਜਾਬੀ ਕਦੇ ਵੀ ਸੇਵਾ ਭਾਵਨਾ ਤੋਂ ਪਿੱਛੇ ਨਹੀਂ ਹਟੇ। ਇਸੇ ਭਾਵਨਾ ਦੀ ਲੋੜ ਵਿਦਿਅਕ ਸੰਸਥਾਵਾਂ ਨੂੰ ਬੁਨਿਆਦੀ ਪੱਖੋਂ ਮਜ਼ਬੂਤ ਕਰਨ ਲਈ ਵੀ ਹੈ। ਉਨ੍ਹਾਂ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਕਿਰਤ ਕਮਾਈ ਵਿੱਚੋਂ ਇਨ੍ਹਾਂ ਵਿਦਿਅਕ ਸੰਸਥਾਵਾਂ ਲਈ ਦਸਵੰਧ ਕੱਢਿਆ ਕਰਨ। 
ਉਨ੍ਹਾਂ ਕਿਹਾ ਕਿ ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਵੱਲੋਂ ਹਰ ਵਰਗ ਦੇ ਲੋਕਾਂ ਨੂੰ ਸਸਤੀ ਅਤੇ ਸੌਖੀ ਸਿੱਖਿਆ ਮੁਹੱਈਆ ਕਰਾਉਣ ਲਈ ਸੂਬੇ ਵਿੱਚ ਯੂਨੀਵਰਸਿਟੀਆਂ ਦੀ ਗਿਣਤੀ ਵਧਾ ਕੇ 21 ਕਰ ਦਿੱਤੀ ਗਈ ਹੈ। ਸਿੱਖਿਆ ਦੇ ਪੱਖ ਤੋਂ ਇਹ ਸ਼ਾਹਕਾਰ ਕਦਮ ਹੈ, ਜਿਸਦਾ ਭਵਿੱਖ ਵਿੱਚ ਪੰਜਾਬ ਅਤੇ ਪੰਜਾਬੀਆਂ ਲਈ ਬਹੁਤ ਫਾਇਦਾ ਹੋਵੇਗਾ। ਪਹਿਲਾਂ ਪੰਜਾਬੀ ਸਿੱਖਿਆ ਲੈਣ ਲਈ ਵਿਦੇਸ਼ ਜਾਂ ਦੱਖਣ ਭਾਰਤੀ ਸੂਬਿਆਂ ਨੂੰ ਜਾਂਦੇ ਹੁੰਦੇ ਸਨ ਪਰ ਹੁਣ ਹਰ ਤਰਾਂ ਦੀ ਮਿਆਰੀ ਸਿੱਖਿਆ ਪੰਜਾਬ ਵਿੱਚ ਗ੍ਰਹਿਣ ਕੀਤੀ ਜਾ ਸਕਦੀ ਹੈ। ਉਹਨਾਂ ਕਿਹਾ ਕਿ ਜਦੋਂ ਉਹ ਸਿੱਖਿਆ ਮੰਤਰੀ ਸਨ, ਤਾਂ ਉਨ੍ਹਾਂ ਨੇ ਆਪ ਅੱਗੇ ਹੋ ਕੇ ਕਾਲਜਾਂ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਲਈ 50 ਕਰੋੜ ਰੁਪਏ ਦੀ ਰਾਸ਼ੀ ਜਾਰੀ ਕਰਵਾਈ ਸੀ। ਭਵਿੱਖ ਵਿੱਚ ਵੀ ਅਜਿਹੀ ਹੋਰ ਰਾਸ਼ੀ ਜਾਰੀ ਕਰਾਉਣ ਲਈ ਉਹ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਨਾਲ ਗੱਲ ਕਰਨਗੇ। ਯੁਵਕ ਮੇਲਿਆਂ ਨੂੰ ਨੌਜਵਾਨੀ ਨੂੰ ਸਾਂਭਣ ਦਾ ਵਧੀਆ ਤਰੀਕਾ ਕਰਾਰ ਦਿੰਦਿਆਂ ਉਨ੍ਹਾਂ ਯੂਨੀਵਰਸਿਟੀ ਅਤੇ ਕਾਲਜ ਪ੍ਰਬੰੰਧਕਾਂ ਨੂੰ ਵਧਾਈ ਦਿੱੱਤੀ ਕਿ ਉਹ ਇਸ ਕਾਰਜ ਨਾਲ ਜਿੱਥੇ ਨੌਜਵਾਨਾਂ ਨੂੰ ਸਹੀ ਦਿਸ਼ਾ ਦਿਖਾ ਰਹੇ ਹਨ, ਉਥੇ ਪੰਜਾਬੀ ਸੱਭਿਆਚਾਰ ਨੂੰ ਸਾਂਭਣ ਲਈ ਵੀ ਇਹ ਸ਼ਾਹਕਾਰ ਕਦਮ ਹੈ। 
ਇਸ ਤੋਂ ਪਹਿਲਾਂ ਸਵੇਰ ਦੇ ਸ਼ੁਰੂਆਤੀ ਸੈਸ਼ਨ ਵਿੱਚ ਮੁੱਖ ਮੰਤਰੀ ਦੇ ਸਲਾਹਕਾਰ ਸ੍ਰ. ਮਹੇਸ਼ਇੰਦਰ ਸਿੰਘ ਗਰੇਵਾਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਸ਼ਮ੍ਹਾ ਰੋਸ਼ਨ ਕਰਕੇ ਮੇਲੇ ਦਾ ਆਗਾਜ਼ ਕੀਤਾ। ਆਪਣੇ ਸੰਬੋਧਨ ਵਿੱਚ ਉਹਨਾਂ ਬੱਚਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਅਧਿਆਪਕਾਂ ਅਤੇ ਮਾਪਿਆਂ ਦੀ ਪੂਰੀ ਇੱਜ਼ਤ ਕਰਨ। ਕਿਉਂਕਿ ਇਹ ਦੋਵੇਂ ਮਿਆਰੀ ਸਿੱਖਿਆ ਦਾ ਅਹਿਮ ਅਤੇ ਜ਼ਰੂਰੀ ਅੰਗ ਹਨ। ਉਹਨਾਂ ਬੱਚੀਆਂ ਨੂੰ ਵੱਧ ਤੋਂ ਵੱਧ ਸਿੱਖਿਆ ਮੁਹੱਈਆ ਕਰਾਉਣ ਦੀ ਲੋੜ 'ਤੇ ਜ਼ੋਰ ਦਿੰਦਿਆਂ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਯਤਨਾਂ ਦਾ ਵਰਨਣ ਕੀਤਾ ਅਤੇ ਬੱਚੀਆਂ ਨੂੰ ਸੱਦਾ ਦਿੱਤਾ ਕਿ ਉਹ ਪੜਾਈ ਦੇ ਸਿਰ 'ਤੇ ਅੱਗੇ ਆਉਣ ਅਤੇ ਇਸ ਦੇਸ਼ ਨੂੰ ਤਰੱਕੀ ਦੀਆਂ ਨਵੀਂਆਂ ਮੰਜਿਲਾਂ 'ਤੇ ਪਹੁੰਚਾਉਣ ਦਾ ਸਿਹਰਾ ਆਪਣੇ ਸਿਰ ਬੰਨਣ। ਉਨ੍ਹਾਂ ਵਿਦਿਆਰਥਣਾਂ ਨੂੰ ਹੀਣ ਭਾਵਨਾ ਛੱਡ ਕੇ ਸਰਬ ਹਿੱਤ ਵਿੱਚ ਕੰਮ ਕਰਨ ਦੀ ਪ੍ਰੇਰਨਾ ਦਿੱਤੀ। ਸਮਾਗਮ ਨੂੰ ਪੰਜਾਬ ਯੂਨੀਵਰਸਿਟੀ ਦੇ ਯੁਵਕ ਭਲਾਈ ਵਿਭਾਗ ਦੇ ਡਾਇਰੈਕਟਰ ਸ੍ਰ. ਨਿਰਮਲ ਸਿੰਘ ਜੌੜਾ ਅਤੇ ਕਾਲਜ ਪ੍ਰਿੰਸੀਪਲ ਸ਼੍ਰੀਮਤੀ ਗੁਰਮਿੰਦਰ ਕੌਰ ਨੇ ਵੀ ਸੰਬੋਧਨ ਕੀਤਾ। ਅੱਜੇ ਪਹਿਲੇ ਦਿਨ ਭਜਨ ਸ਼ਬਦ ਗਾਇਨ, ਕਲਾਸੀਕਲ ਵੋਕਲ ਸੰਗੀਤ, ਲੇਖ ਲਿਖਣ, ਕਵਿਤਾ ਲਿਖਣ, ਕਹਾਣੀ ਲਿਖਣ, ਫੁਲਕਾਰੀ ਅਤੇ ਹੋਰ ਵੰਨਗੀਆਂ ਦੇ ਮੁਕਾਬਲੇ ਕਰਵਾਏ ਗਏ, ਜਿਨ੍ਹਾਂ ਦੇ ਜੇਤੂਆਂ ਨੂੰ ਸ੍ਰ. ਮਲੂਕਾ ਨੇ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ। 26 ਸਤੰਬਰ ਤੱਕ ਚੱਲਣ ਵਾਲੇ ਇਸ ਮੇਲੇ ਵਿੱਚ 11 ਕਾਲਜਾਂ ਦੀਆਂ ਕਰੀਬ 1000 ਵਿਦਿਆਰਥਣਾਂ ਵੱਖ-ਵੱਖ ਵੰਨਗੀਆਂ ਵਿੱਚ ਭਾਗ ਲੈ ਰਹੀਆਂ ਹਨ। ਸਮਾਗਮ ਵਿੱਚ ਵੱਖ-ਵੱਖ ਕਾਲਜਾਂ ਦੇ ਪ੍ਰਿੰਸੀਪਲ ਸਾਹਿਬਾਨ, ਅਧਿਆਪਕ ਅਤੇ ਹਜ਼ਾਰਾਂ ਦੀ ਗਿਣਤੀ ਵਿੱਚ ਵਿਦਿਆਰਥਣਾਂ ਹਾਜ਼ਰ ਸਨ।  

No comments: