Saturday, September 20, 2014

ਸ੍ਰੀ ਹਰਮੰਦਿਰ ਸਾਹਿਬ ਨੂੰ ਨੁਕਸਾਨ ਪਹੁੰਚਾਉਣ ਦੀਆਂ ਧਮਕੀਆਂ ਦੇਣ ਵਾਲਾ ਕਾਬੂ

ਸੁਰੱਖਿਆ ਵਿਚਲੀਆਂ "ਕਮੀਆਂ ਦੂਰ ਕਰਨ ਲਈ" ਕੀਤੀ ਇਹ ਹਰਕਤ 
ਅੰਮ੍ਰਿਤਸਰ: 19 ਸਤੰਬਰ 2014: (ਪੰਜਾਬ ਸਕਰੀਨ ਬਿਊਰੋ): 
ਕਈ ਵਾਰ ਲੋਕ ਅਜੀਬ ਹਰਕਤਾਂ ਕਰਦੇ ਹਨ ਅਤੇ ਇਸਦੇ ਨਾਲ ਹੀ ਆਪਣੇ ਦਿਲ ਦਿਮਾਗ ਵਿੱਚ ਇਹ ਖੁਸ਼ਫਹਿਮੀ ਵੀ ਪਾਲਦੇ ਹਨ ਕਿ ਅਸੀਂ ਇਹ ਸਭ ਲੋਕਾਂ ਦੇ ਭਲੇ ਲਈ ਕਰ ਰਹੇ ਹਾਂ। ਇਸ ਕਿਸਮ ਦਾ ਨਵਾਂ ਨਮੂਨਾ ਮਿਲਿਆ ਹੈ ਅੰਮ੍ਰਿਤਸਰ ਵਿੱਚ ਜਿਸਨੇ ਸ੍ਰੀ ਹਰਮੰਦਿਰ ਸਾਹਿਬ ਨੂੰ ਨੁਕਸਾਨ ਪਹੁੰਚਾਉਣ ਦੀਆਂ ਧਮਕੀਆਂ ਦਿੱਤੀਆਂ।  
ਸ੍ਰੀ ਹਰਿਮੰਦਰ ਸਾਹਿਬ ਨੂੰ ਮੋਬਾਇਲ ਫੋਨ ਰਾਹੀਂ ਨੁਕਸਾਨ ਪਹੁੰਚਾਉਣ ਦੀਆਂ ਧਮਕੀਆਂ ਦੇਣ ਵਾਲੇ ਇਕ ਵਿਅਕਤੀ ਨੂੰ ਪੁਲੀਸ ਨੇ ਕਾਬੂ ਕਰ ਲਿਆ ਹੈ। ਇਸ ਵਿਅਕਤੀ ਵੱਲੋਂ ਦਿੱਤੀ ਗਈ ਧਮਕੀ ਤੋਂ ਬਾਅਦ ਸ੍ਰੀ ਹਰਿਮੰਦਰ ਸਾਹਿਬ ਦੇ ਆਲੇ-ਦੁਆਲੇ ਸੁਰੱਖਿਆ ਘੇਰਾ ਮਜ਼ਬੂਤ ਕਰ ਦਿੱਤਾ ਗਿਆ ਸੀ।
ਕਾਬੂ ਕੀਤੇ ਗਏ ਇਸ ਵਿਅਕਤੀ ਦੀ ਸ਼ਨਾਖਤ ਕਮਲ ਵਰਮਾ ਵਾਸੀ ਮੁਜ਼ੱਫਰਨਗਰ (ਉੱਤਰ ਪ੍ਰਦੇਸ਼) ਵਜੋਂ ਹੋਈ ਹੈ। ਉਹ ਪਿਛਲੇ 15 ਦਿਨਾਂ ਤੋਂ ਇਥੇ ਸ੍ਰੀ ਹਰਿਮੰਦਰ ਸਾਹਿਬ ਸਮੂਹ ਸਥਿਤ ਸ੍ਰੀ ਗੁਰੂ ਰਾਮਦਾਸ ਸਰਾਂ ਵਿਚ ਠਹਿਰਿਆ ਹੋਇਆ ਸੀ। ਇਸੇ ਦੌਰਾਨ ਹੀ ਉਸ ਨੇ ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਪ੍ਰਤਾਪ ਸਿੰਘ ਨੂੰ ਮੋਬਾਇਲ ਫੋਨ ‘ਤੇ ਧਮਕੀ ਦਿੱਤੀ ਸੀ। ਧਮਕੀਆਂ ਦੇਣ ਤੋਂ ਬਾਅਦ ਉਹ ਇਥੇ ਹਰਿਮੰਦਿਰ ਸਾਹਿਬ ਕੰਪਲੈਕਸ ਵਿੱਚ ਹੀ ਰਿਹਾ ਅਤੇ ਸੁਰੱਖਿਆ 'ਚ ਆ ਰਹੀਆਂ ਤਬਦੀਲੀਆਂ ਨੂੰ ਬੜੇ ਗਹੁ ਨਾਲ ਦੇਖਦਾ ਰਿਹਾ। 
ਪੁਲੀਸ ਕਮਿਸ਼ਨਰ ਜਤਿੰਦਰ ਸਿੰਘ ਔਲਖ ਨੇ ਦੱਸਿਆ ਕਿ ਮੁੱਢਲੀ ਪੁੱਛਗਿੱਛ ਦੌਰਾਨ ਇਸ ਵਿਅਕਤੀ ਨੇ ਦੱਸਿਆ ਕਿ ਉਹ ਇਥੇ ਸਰਾਂ ਵਿਚ ਰਹਿ ਰਿਹਾ ਸੀ ਉਸ ਨੇ ਸ਼੍ਰੋਮਣੀ ਕਮੇਟੀ ਦੇ ਟੈਲੀਫੋਨ ਨੰਬਰਾਂ ਵਾਲੀ ਡਾਇਰੈਕਟਰੀ ਵਿਚੋਂ ਮੈਨੇਜਰ ਪ੍ਰਤਾਪ ਸਿੰਘ ਦਾ ਨੰਬਰ ਪ੍ਰਾਪਤ ਕੀਤਾ ਸੀ। ਵਧੀਕ ਡਿਪਟੀ ਕਮਿਸ਼ਨਰ ਹਰਜੀਤ ਸਿੰਘ ਬਰਾੜ ਨੇ ਦੱਸਿਆ ਕਿ ਇਸ ਵਿਅਕਤੀ ਦਾ ਬੈਗ ਸਰਾਂ ਵਿਚੋਂ ਗੁੰਮ ਹੋ ਗਿਆ ਸੀ। ਇਸ ਚੋਰੀ ਨਾਲ ਉਸਨੂੰ ਸਦਮਾ ਪਹੁੰਚਿਆ।ਉਸ ਲਈ ਇਹ ਇੱਕ ਅਣਹੋਣੀ ਸੀ।  ਉਹ ਸੋਚਦਾ ਸੀ ਭਲਾ ਰੱਬ ਦੇ ਘਰੋਂ ਕਿਸੇ ਦਾ ਬੈਗ ਚੋਰੀ ਕਿਵੇਂ ਹੋ ਸਕਦਾ ਹੈ? ਇਹ ਵਿਅਕਤੀ ਦੱਸਦਾ ਹੈ ਕਿ ਉਸ ਨੇ ਇਹ ਧਮਕੀ ਭਰਿਆ ਫੋਨ ਇਸ ਲਈ ਕੀਤਾ ਤਾਂ ਜੋ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਅਤੇ ਬਾਹਰ ਸੁਰੱਖਿਆ ਪ੍ਰਬੰਧ ਮਜ਼ਬੂਤ ਹੋ ਜਾਣ ਅਤੇ ਕਿਸੇ ਹੋਰ ਦਾ ਬੈਗ ਚੋਰੀ ਨਾ ਹੋਵੇ। ਮੁੱਢਲੀ ਪੁੱਛਗਿੱਛ ਦੌਰਾਨ ਇਹ ਸਾਹਮਣੇ ਆਇਆ ਹੈ ਕਿ ਇਹ ਵਿਅਕਤੀ ਬੇਰੁਜ਼ਗਾਰ ਅਤੇ ਦਿਮਾਗੀ ਪੱਖੋਂ ਕਮਜ਼ੋਰ ਹੈ। ਫਿਲਹਾਲ ਪੁਲੀਸ ਵੱਲੋਂ ਅਗਲੀ ਜਾਂਚ ਕੀਤੀ ਜਾ ਰਹੀ ਹੈ।
ਉਸ ਵੱਲੋਂ ਵਰਤਿਆ ਜਾ ਰਿਹਾ ਸਿਮ ਕਾਰਡ, ਉਸ ਦਾ ਆਪਣਾ ਨਹੀਂ ਸੀ ਅਤੇ ਇਹ ਰੁੜਕੀ ਤੋਂ ਕਿਸੇ ਔਰਤ ਦਾ ਸੀ। ਪੁਲੀਸ ਵੱਲੋਂ ਕੀਤੀ ਜਾਂਚ ਅਨੁਸਾਰ ਉਸ ਔਰਤ ਨੇ ਆਪਣਾ ਮੋਬਾਇਲ ਫੋਨ ਕਿਸੇ ਮਕੈਨਿਕ ਨੂੰ ਠੀਕ ਕਰਨ ਲਈ ਦਿੱਤਾ ਸੀ ਪਰ ਜਦੋਂ ਵਾਪਸ ਲਿਆ ਤਾਂ ਉਸ ਵਿੱਚ ਸਿਮ ਨਹੀਂ ਸੀ। ਇਸ ਦੀਆਂ ਕੜੀਆਂ ਨੂੰ ਜੋੜਦੀ ਹੋਈ ਪੁਲੀਸ ਇਸ ਮੁਲਜ਼ਮ ਤੱਕ ਪਹੁੰਚ ਗਈ। ਉਮੀਦ ਹੈ ਧਮਕੀਆਂ ਦੇਣ ਵਾਲੇ ਦੀਆਂ ਆਸਾਂ-ਉਮੀਦਾਂ ਅਤੇ ਕੋਸ਼ਿਸ਼ਾਂ ਨੂੰ ਫਲ ਲੱਗੇਗਾ ਅਤੇ ਇਸ ਪਾਵਨ ਪਵਿੱਤਰ ਅਸਥਾਨ ਤੋਂ ਚੋਰੀ ਦੀਆਂ ਵਾਰਦਾਤਾਂ ਬਿਲਕੁਲ ਬੰਦ ਹੋ ਜਾਣਗੀਆਂ। 

No comments: