Friday, September 19, 2014

ਨਹੀਂ ਰਹੇ ਲੋਹ ਪੁਰਸ਼ ਜੱਥੇਦਾਰ ਜਗਦੇਵ ਸਿੰਘ ਤਲਵੰਡੀ

Updated: 19 September 2014 at 11:45 PM 
ਸਿੱਖ ਸਿਆਸਤ 'ਚ ਸੋਗ ਦੀ ਲਹਿਰ--ਸ਼ਨੀਵਾਰ ਨੂੰ ਹੋਵੇਗਾ ਅੰਤਿਮ ਸੰਸਕਾਰ 
ਜੱਥੇਦਾਰ ਜਗਦੇਵ ਸਿੰਘ ਤਲਵੰਡੀ ਅਤੇ  ਮੰਤਰੀ ਸੁਖਦੇਵ ਸਿੰਘ ਢੀਂਡਸਾ ਦੀ ਇੱਕ ਪੁਰਾਨੀ ਤਸਵੀਰ ਜਦੋਂ ਉਹਨਾਂ ਉਸ ਵੇਲੇ ਦੇ ਪ੍ਰਧਾਨਮੰਤਰੀ ਅਟੱਲ ਬਿਹਾਰੀ ਵਾਜਪੇਈ ਨਾਲ ਮੁਲਾਕਾਤ ਕੀਤੀ। ਉਸ ਵੇਲੇ ਜੱਥੇਦਾਰ ਤਲਵੰਡੀ SGPC ਦੇ ਪ੍ਰਧਾਨ ਸਨ। (Photo PIB )
The Prime Minister Shri Atal Bihari Vajpayee with the Union Minister for Chemicals and Fertilisers Shri Sukhdev Singh Dhindsa and the Chief of Shiromani Gurudwara Prabhandak Committe (SGPC) Jathedar Jagdev Singh Talwandi who called on him in New Delhi on February 6, 2001. 
ਲੁਧਿਆਣਾ: 19 ਸਤੰਬਰ 2014: (ਰੈਕਟਰ ਕਥੂਰੀਆ//ਪੰਜਾਬ ਸਕਰੀਨ):
9 ਜੁਲਾਈ 1975 ਜਦੋਂ ਜੱਥੇਦਾਰ ਤਲਵੰਡੀ ਹੰਗਾਮੀ ਹਾਲਤ 
ਦੇ ਖਿਲਾਫ਼ ਮੋਰਚੇ ਵਿੱਚ ਸ਼ਾਮਿਲ ਹੋਏ। ਉਹਨਾਂ ਦੇ ਨਾਲ 
ਸ੍ਰ. ਪ੍ਰ੍ਲਾਸ਼ ਸਿੰਘ ਬਾਦਲ ਅਤੇ ਸ੍ਰ. ਆਤਮਾ ਸਿੰਘ ਵੀ 
ਨਜਰ ਆ ਰਹੇ ਹਨ।(Photo Courtesy: SAD)
ਅੰਗ-ਸੰਗ ਰਹਿੰਦੀ ਸੀ ਸ੍ਰੀ ਸਾਹਿਬ 
ਅੱਜ ਦਿਲ ਫਿਰ ਉਦਾਸ ਹੈ। ਸਿੱਖ ਸਿਆਸਤ ਦਾ ਇੱਕ ਹੋਰ ਮਹਾਰਥੀ ਵਿਦਾ ਹੋ ਗਿਆ ਹੈ। ਸਿੱਖ ਸਿਆਸਤ ਵਿਚਲਾ ਖਲਾਅ ਹੋਰ ਵਧ ਗਿਆ ਹੈ। ਉਹਨਾਂ ਨਾਲ ਸਮੇਂ ਸਮੇਂ ਹੋਈਆਂ ਮੁਲਾਕਾਤਾਂ ਯਾਦ ਆ ਰਹੀਆਂ ਹਨ। ਨਹਿਲੇ ਤੇ ਦਹਿਲਾ। ਹਾਜਰ ਜੁਆਬੀ ਅਤੇ ਸਿਧਾਂਤ ਉੱਤੇ ਪਹਿਰਾ ਦੇਣ ਵਾਲੀ ਸ਼ਖਸੀਅਤ ਹੁਣ ਸਾਡੇ ਦਰਮਿਆਨ ਨਹੀਂ ਰਹੀ।ਕਿਸੇ ਵੇਲੇ ਲੋਹ ਪੁਰਸ਼ ਵੱਜੋਂ ਜਾਣੇ ਜਾਂਦੇ ਜੱਥੇਦਾਰ ਜਗਦੇਵ ਸਿੰਘ ਤਲਵੰਡੀ ਅੱਜ ਸ਼ੁੱਕਰਵਾਰ ਤੜਕੇ ਡੀ ਐਮ ਸੀ ਹਸਪਤਾਲ ਵਿੱਚ ਅਕਾਲ ਚਲਾਣਾ ਕਰ ਗਏ ਹਨ। ਉਹ ਤਕਰੀਬਨ ਇੱਕ ਮਹੀਨੇ ਤੋਂ ਬੀਮਾਰ ਚਲੇ ਆ ਰਹੇ ਸਨ। ਉਹਨਾਂ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਦੇ ਆਈ ਸੀ ਯੂ ਵਿੱਚ ਲਿਆਂਦਾ ਗਿਆ ਸੀ ਪਰ ਕੁਝ ਦਿਨਾਂ ਮਗਰੋਂ ਉਹਨਾਂ ਨੂੰ ਵਾਰਡ ਵਿੱਚ ਸ਼ਿਫਟ ਕਰ ਦਿੱਤਾ ਗਿਆ। ਵੱਖ ਸੂਤਰਾਂ ਮੁਤਾਬਿਕ ਜਥੇਦਾਰ ਤਲਵੰਡੀ ਨੂੰ 21 ਅਗਸਤ ਵਾਲੇ ਦਿਨ ਸ਼ੂਗਰ ਅਤੇ ਖੂਨ ਦਾ ਦਬਾਅ ਅਚਾਨਕ ਵਧ ਜਾਣ ਕਾਰਨ ਦਿਆਨੰਦ ਹਸਪਤਾਲ ਸਥਿਤ ਹੀਰੋ ਹਾਰਟ ਸੈਂਟਰ ਵਿਖੇ ਦਾਖ਼ਲ ਕਰਵਾਇਆ ਗਿਆ ਸੀ ਅਤੇ 27 ਅਗਸਤ ਵਾਲੇ ਦਿਨ ਉਨ੍ਹਾਂ ਦੀ ਹਾਲਤ ਅਚਨਚੇਤੀ ਵਿਗੜ ਜਾਣ ਤੇ ਉਹਨਾਂ ਨੂੰ ਵੈਂਟੀਲੇਟਰ 'ਤੇ ਲਗਾ ਦਿੱਤਾ ਗਿਆ ਸੀ। ਇਸ ਦੌਰਾਨ ਕਈ ਵਾਰੀ ਉਨ੍ਹਾਂ ਦੀ ਹਾਲਤ ਵਿਗੜਦੀ ਅਤੇ ਸੁਧਰਦੀ ਰਹੀ ਪਰ ਉਨਾਂ ਨੂੰ ਬਚਾਇਆ ਨਾ ਜਾ ਸਕਿਆ। ਸਵੇਰੇ ਜਿਸ ਵਕਤ ਉਨ੍ਹਾਂ ਅੰਤਿਮ ਸਾਹ ਲਿਆ ਉਸ ਵਕਤ ਉਨ੍ਹਾਂ ਕੋਲ ਉਨ੍ਹਾਂ ਦੇ ਪੁੱਤਰ ਸਾਬਕਾ ਵਿਧਾਇਕ ਰਣਜੀਤ ਸਿੰਘ ਤਲਵੰਡੀ, ਜਗਜੀਤ ਸਿੰਘ ਤਲਵੰਡੀ ਅਤੇ ਦੋ ਸਪੁੱਤਰੀਆਂ ਵੀ ਹਾਜ਼ਰ ਸਨ। ਆਪਣੇ ਪਰਿਵਾਰਿਕ ਮੈਂਬਰਾਂ ਦੀ ਮੌਜੂਦਗੀ ਵਿੱਚ ਅੰਤਿਮ ਸਾਹ ਲੈਣਾ ਸ਼ਾਇਦ ਉਹਨਾਂ ਦੇ ਚੰਗੇ ਕਰਮਾਂ ਦਾ ਹੀ ਫਲ ਸੀ। ਹਾਲਾਂਕਿ ਉਹਨਾਂ ਦੇ ਚੱਲ ਵੱਸਣ ਦੀ ਖਬਰ ਪਹਿਲਾਂ ਹੀ ਆ ਗਈ ਸੀ ਪਰ ਇਸਦੀ ਅਧਿਕਾਰਤ ਪੁਸ਼ਟੀ ਬਾਅਦ ਵਿੱਚ ਹੋਈ। ਸਵੇਰੇ 11 ਵਜੇ ਦੇ ਕਰੀਬ ਹੀਰੋ ਹਾਰਟ ਸੈਂਟਰ ਦੇ ਦਿਲ ਰੋਗ ਮਾਹਿਰ ਡਾ: ਗੁਰਪ੍ਰੀਤ ਸਿੰਘ ਵਾਂਡਰ, ਸਿਵਲ ਸਰਜਨ ਡਾ: ਸੁਭਾਸ਼ ਬੱਤਾ ਅਤੇ ਦਿਆਨੰਦ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ: ਰਾਜੂ ਸਿੰਘ ਛੀਨਾ ਨੇ ਵੀ ਉਨ੍ਹਾਂ ਦੇ ਸਰੀਰ ਦਾ ਨਿਰੀਖਣ ਕਰਨ ਉਪਰੰਤ 11 ਵੱਜ ਕੇ 10 ਮਿੰਟ ਤੇ ਉਨ੍ਹਾਂ ਦੀ ਮੌਤ ਦੀ ਪੁਸ਼ਟੀ ਕਰ ਦਿੱਤੀ। ਇਸ ਸਮੇਂ ਡਾ: ਗੁਰਪ੍ਰੀਤ ਸਿੰਘ ਵਾਂਡਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਜਥੇਦਾਰ ਜਗਦੇਵ ਸਿੰਘ ਤਲਵੰਡੀ 29 ਦਿਨ ਹਸਪਤਾਲ ਦਾਖ਼ਲ ਰਹੇ ਹਨ। ਇਸ ਦੌਰਾਨ ਸ਼ੂਗਰ, ਬਲੱਡ ਪ੍ਰੈਸ਼ਰ, ਦਿਲ ਦੀ ਧੜਕਨ ਘਟਣ-ਵਧਣ ਅਤੇ ਕਮਜ਼ੋਰ ਦਿਲ ਕਾਰਨ ਬੁਢਾਪੇ ਦੀਆਂ ਕਈ ਬਿਮਾਰੀਆਂ ਦਾ ਇਲਾਜ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਜਥੇਦਾਰ ਤਲਵੰਡੀ ਦੀ ਹਾਲਤ ਪਿਛਲੇ ਹਫਤੇ ਸਥਿਰ ਹੋ ਗਈ ਸੀ ਪਰ ਇਕ ਦੋ ਦਿਨ ਤੋਂ ਉਹ ਬੇਚੈਨੀ ਮਹਿਸੂਸ ਕਰ ਰਹੇ ਸਨ। ਇਸ ਬੇਚੈਨੀ ਕਾਰਣ ਡਾਕਟਰ ਵੀ ਚਿੰਤਿਤ ਹੋ ਗਏ  ਸਨ। 
ਜੱਥੇਦਾਰ ਤਲਵੰਡੀ  ਦੀ ਮ੍ਰਿਤਕ ਦੇਹ ਨੂੰ ਲਿਜਾਂਦਿਆਂ ਉਹਨਾਂ ਦੇ ਪਾਰਿਵਾਰਿਕ ਮੈਂਬਰ  
ਲੋਹ ਪੁਰਸ਼ ਜਥੇਦਾਰ ਜਗਦੇਵ ਸਿੰਘ ਦੀ ਹਾਲਤ ਵਿੱਚ ਸੁਧਾਰ ਦੀ ਖਬਰ ਆਉਂਦਿਆਂ ਹੀ ਲੱਗਦਾ ਸੀ ਕਿ ਉਹ ਇਹ ਜੰਗ ਵੀ ਜਿੱਤ ਜਾਣਗੇ ਪਰ ਉਮਰ ਅਤੇ ਬਿਮਾਰੀ ਨੇ ਉਹਨਾਂ ਨੂੰ ਬੇਬਸ ਕਰ ਦਿੱਤਾ ਸੀ। ਕਈ ਬਿਮਾਰੀਆਂ ਅਤੇ ਇਹਨਾਂ ਬਿਮਾਰੀਆਂ ਦੇ ਕਈ ਉਲਝੇਵੇਂ ਆਖਿਰਕਾਰ ਜਾਨਲੇਵਾ ਸਾਬਿਤ ਹੋਏ। ਉਮੀਦ ਨਿਰਾਸਾ ਵਿੱਚ ਬਦਲ ਗਈ। ਕਾਬਿਲੇ ਜ਼ਿਕਰ ਹੈ ਕਿ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਦੋਹਾਂ ਦੀ ਪ੍ਰਧਾਨਗੀ ਦੇ ਸਮੇਂ ਉਹਨਾਂ ਪੂਰੇ ਦਬਦਬੇ ਨਾਲ ਕੰਮ ਕੀਤਾ। ਉਹਨਾਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਚੜ੍ਹਤ, ਬਲਿਊ ਸਟਾਰ ਆਪ੍ਰੇਸ਼ਨ, ਬਲੈਕ ਥੰਡਰ ਆਪ੍ਰੇਸ਼ਨ, ਇੰਦਰਾ ਗਾਂਧੀ ਦੀ ਹੱਤਿਆ, ਨਵੰਬਰ-84 ਦੀ ਕਤਲਾਮ, ਸੰਤ ਹਰਚੰਦ ਸਿੰਘ ਲੋਂਗੋਵਾਲ ਦੀ ਹੱਤਿਆ ਅਤੇ ਅਕਾਲੀ ਦਲ ਦੀ ਅਖਬਾਰ ਰੋਜ਼ਾਨਾ ਅਕਾਲੀ ਟਾਈਮਜ਼ ਦੀ ਤਾਲਾਬੰਦੀ ਅਤੇ ਸ੍ਰੀ ਅਨੰਦਪੁਰ ਸਾਹਿਬ ਦਾ ਮਤਾ ਪਾਸ ਹੋਣ ਵਰਗੇ ਅਹਿਮ ਅਤੇ ਨਾਜ਼ੁਕ ਦੌਰ ਵਾਲੇ ਬਹੁਤ ਸਾਰੇ ਉਤਰਾਅ-ਚੜਾਅ ਅੱਖੀਂ ਦੇਖੇ। ਸਿਰਫ ਅੱਖੀਂ ਹੀ ਨਹੀਂ ਦੇਖੇ ਬਲਕਿ ਉਹਨਾਂ ਸਿੱਖ ਇਤਿਹਾਸ ਦੀ ਰਚਨਾ ਵਿੱਚ ਆਪਣਾ ਸਰਗਰਮ ਯੋਗਦਾਨ ਵੀ ਪਾਇਆ। ਉਹ ਵਿਅਕਤੀਵਾਦੀ ਹੰਕਾਰ ਅਤੇ ਇਛਾਵਾਂ ਤੋਂ ਕਿਤੇ ਉੱਪਰ ਸਨ।  ਕਈ ਦਹਾਕੇ ਪਹਿਲਾਂ ਲੁਧਿਆਣਾ ਦੇ  ਗੁਰਦੁਆਰਾ ਸ੍ਰੀ ਅਕਾਲਗੜ੍ਹ ਸਾਹਿਬ ਦੇ ਖੁੱਲੇ ਮੈਦਾਨ ਵਿੱਚ ਜਿੱਥੇ ਅੱਜਕਲ੍ਹ ਪੂਰੀ ਮਾਰਕੀਟ ਬਣੀ ਹੋਈ ਹੈ--ਵਿਖੇ ਇੱਕ ਵਾਰ ਪ੍ਰੈਸ ਕਾਨਫਰੰਸ ਵਿੱਚ ਬੈਠੇ ਇੱਕ ਪ੍ਰਸਿਧ ਅਖਬਾਰ ਦੇ ਬਜੁਰਗ ਪੱਤਰਕਾਰ ਨੇ ਆਪਣੀ ਨੋਟ ਬੁਕ ਵਿੱਚ ਲਿਖਿਆ --ਅਕਾਲੀ ਦਲ (ਤਲਵੰਡੀ) ਦੀ ਮੀਟਿੰਗ----ਪੱਤਰਕਾਰ ਦੀ ਨੋਟ ਬੁਕ ਉੱਪਰ ਘੋਖਵੀਂ ਅਤੇ ਤ੍ਰਿਛੀ ਨਜਰ ਰੱਖ ਰਹੇ ਜੱਥੇਦਾਰ ਤਲਵੰਡੀ ਨੇ ਉਸ ਅਖਬਾਰ ਨਵੀਸ ਦੇ ਕੰਨ ਵਿੱਚ ਝੱਟ ਟੋਕ ਦਿੱਤਾ ਕਿ ਅਕਾਲੀ ਦਲ ਮੇਰੀ ਜਾਗੀਰ ਨਹੀਂ--ਇਹ ਸ਼ਹੀਦਾਂ ਦੀ ਜੱਥੇਬੰਦੀ ਹੈ-ਇਸ ਲਈ ਅਕਾਲੀ ਦਲ ਤਲਵੰਡੀ ਨਹੀਂ ਸ਼੍ਰੋਮਣੀ ਅਕਾਲੀ ਦਲ ਲਿਖਿਆ ਕਰੋ। ਦਰੀਆਂ ਉੱਪਰ ਚੱਲ ਰਹੀ ਪ੍ਰੈਸ ਕਾਨਫਰੰਸ ਵਿਛ੍ਕ ਅਚਾਨਕ ਇੱਕ ਪੱਤਰਕਾਰ ਬੂਟਾਂ ਸਮੇਤ ਸਿਧਾ ਜੱਥੇਦਾਰ ਹੁਰਾਂ ਕੋਲ ਆ ਬੈਠਿਆ---ਜੱਥੇਦਾਰ ਤਲਵੰਡੀ ਨੇ ਝੱਟ ਟੋਕ ਦਿੱਤਾ--ਪਹਿਲਾਂ ਜੁੱਤੀਆਂ ਉਤਾਰ ਕੇ ਆਓ--ਇਹ ਗੁਰੂ ਦੀ ਹਜੂਰੀ ਹੈ। ਗੁਰੂ ਘਰ ਵਿੱਚ ਆਉਣ ਦਾ ਅਦਬ ਤਾਂ ਸਿੱਖੋ---ਹੁਣ ਸ਼ਾਇਦ ਅਜਿਹਾ ਦਲੇਰ ਆਗੂ ਹੋਰ ਕੋਈ ਨਹੀਂ ਬਚਿਆ। ਕੁਝ ਅਰਸੇ ਮਗਰੋਂ ਉਹਨਾਂ ਛਪਾਰ ਦੇ ਮੇਲੇ ਵਿੱਚ ਵੀ ਇਹੀ ਗੱਲ ਦੁਹਰਾਈ ਕਿ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਆਪੋ ਆਪਣੇ ਨਾਵਾਂ ਦੀ ਪੂੰਛ ਲਾਉਣ ਦਾ ਸ਼ਰਮਨਾਕ ਰੁਝਾਨ ਬੰਦ ਹੋਣਾ ਚਾਹੀਦਾ ਹੈ ਅਤੇ ਸਾਰੇ ਗੁੱਟ ਇੱਕੋ ਇੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਹੇਠ ਇਕੱਤਰ ਹੋਣ। ਜੱਥੇਦਾਰ ਤਲਵੰਡੀ ਜ਼ਮੀਨ ਤੋਂ ਆਏ ਸਨ ਉੱਪਰੋਂ ਥੋਪੇ ਹੋਏ ਲੀਡਰ ਨਹੀਂ ਸਨ। ਉਹ ਜੜਾਂ ਤੋਂ ਵਾਕਿਫ਼ ਸਨ। ਉਹਨਾਂ ਸਰਪੰਚੀ ਤੋਂ ਸੰਸਦ ਮੈਂਬਰੀ ਤੱਕ ਦਾ ਸਫਰ ਆਮ ਲੋਕਾਂ ਦਰਮਿਆਨ ਰਹਿ ਕੇ ਕੀਤਾ ਸੀ। ਏਅਰ ਕੰਡੀਸ਼ੰਡ ਗੱਡੀਆਂ ਅਤੇ ਸੁਰੱਖਿਆ ਦਸਤਿਆਂ ਦੀ ਭੀੜ ਨੂੰ ਉਹਨਾਂ ਆਪਣੇ ਆਏ ਲੋਕਾਂ ਦਰਮਿਆਨ ਕਦੇ ਵੀ ਦੀਵਾਰ ਨਹੀਂ ਸੀ ਬਣਨ ਦਿੱਤਾ।  ਜਥੇਦਾਰ ਤਲਵੰਡੀ ਦਾ ਜਨਮ 1929 ਨੂੰ ਚੱਕ ਨੰਬਰ 52, ਲਾਇਲਪੁਰ (ਪਾਕਿਸਤਾਨ)’ਚ ਪਿਤਾ ਜਥੇਦਾਰ ਛਾਂਗਾ ਸਿੰਘ ਦੇ ਘਰ ਹੋਇਆ ਸੀ। ਰਾਏਕੋਟ ਵਿੱਚ ਜਥੇਦਾਰ ਤਲਵੰਡੀ ਦੇ ਦੇਹਾਂਤ ਦੀ ਖ਼ਬਰ ਪੁੱਜਦਿਆਂ ਹੀ ਪਿੰਡ ਤਲਵੰਡੀ ਰਾਏ ਵਿੱਚ ਸਾਰੇ ਪਾਸੇ ਸੋਗ ਦੀ ਲਹਿਰ ਫੈਲ ਗਈ। ਜਥੇਦਾਰ ਤਲਵੰਡੀ ਦਾ ਸਿਆਸੀ ਸਫ਼ਰ ਪਿੰਡ ਦੀ ਸਰਪੰਚੀ ਤੋਂ ਸ਼ੁਰੂ ਹੋਇਆ ਸੀ। ਉਹਨਾਂ ਪਿੰਡ ਪਧਰ 'ਤੇ ਲੋਕਾਂ ਦੇ ਮਸਲਿਆਂ ਨੂੰ ਮੁਢ ਵਿੱਚ ਹੀ ਸਮਝ ਲਿਆ ਸੀ। ਉਹ 1955 ਤੋਂ 1965 ਤੱਕ ਲਗਾਤਾਰ 10 ਸਾਲ ਪਿੰਡ ਦੇ ਸਰਪੰਚ ਰਹੇ। ਇਸ ਅਰਸੇ ਦੌਰਾਨ ਉਹਨਾਂ ਲੋਕਾਂ ਦੀਆਂ ਸਮਸਿਆਵਾਂ ਨੂੰ ਸਮਝਿਆ--ਉਹਨਾਂ ਨੂੰ ਹੱਲ ਕੀਤਾ ਅਤੇ ਲੋਕਾਂ ਦੇ ਦਿਲਾਂ ਵਿੱਚ ਆਪਣੀ ਥਾਂ ਬਣਾਈ। ਲੋਕਾਂ ਵੱਲੋਂ ਮਿਲੇ ਇਸ ਪਿਆਰ ਕਾਰਣ ਹੀ ਉਹ ਸੰਨ 1960 ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਚੁਣੇ ਗਏ। SGPC ਵਿੱਚ  ਪੁੱਜ ਕੇ ਉਹਨਾਂ ਧਾਰਮਿਕ ਖੇਤਰ ਦੇ ਪ੍ਰਬੰਧਾਂ ਅਤੇ ਮਸਲਿਆਂ ਨੂੰ ਨੇੜਿਓਂ ਹੋ ਕੇ ਸਮਝਿਆ। ਇਹ ਵੀ ਇੱਕ ਰਿਕਾਰਡ ਹੈ ਕਿ ਇਸ ਮਗਰੋਂ ਲਗਾਤਾਰ 50 ਸਾਲ (2011 ਤੱਕ) ਉਹ SGPC ਦੇ ਮੈਂਬਰ ਬਣਦੇ ਰਹੇ। ਇਸ ਤੋਂ ਬਾਅਦ ਉਹਨਾਂ ਸਿਆਸਤ ਵੱਲ ਵੀ ਮੋੜਾ ਕੱਟਿਆ। ਉਹ 1967 ਵਿੱਚ ਪਹਿਲੀ ਵਾਰ ਹਲਕਾ ਰਾਏਕੋਟ ਤੋਂ ਵਿਧਾਇਕ ਬਣ ਕੇ ਪੰਜਾਬ ਵਿਧਾਨ ਸਭਾ ਵਿੱਚ ਪੁੱਜੇ। ਮੁੱਖ ਮੰਤਰੀ ਜਸਟਿਸ ਗੁਰਨਾਮ ਸਿੰਘ ਦੀ ਸਰਕਾਰ ਵਿੱਚ 1969 ਵਿੱਚ ਅਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ 1970 ਦੀ ਸਰਕਾਰ ਵਿੱਚ ਕੈਬਨਿਟ ਮੰਤਰੀ ਰਹੇ। ਸਾਲ 1978 ਵਿੱਚ ਉਹ ਲੋਕ ਸਭਾ ਹਲਕਾ ਲੁਧਿਆਣਾ ਤੋਂ ਮੈਂਬਰ ਬਣੇ। ਸਾਲ 1978 ਅਤੇ 1988 ਵਿੱਚ ਦੋ ਵਾਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੇ ਅਹੁਦੇ ‘ਤੇ ਰਹੇ। ਜਥੇਦਾਰ ਤਲਵੰਡੀ ਨੇ 1981 ਵਿੱਚ ਕੇਂਦਰ ਸਰਕਾਰ ਵਿਰੁੱਧ ਆਨੰਦਪੁਰ ਦੇ ਮਤੇ ਲਈ ਮੋਰਚੇ ਦੀ ਅਗਵਾਈ ਕੀਤੀ ਤੇ ਇਸ ਸਬੰਧੀ ਮਤਾ ਵੀ ਪੇਸ਼ ਕੀਤਾ।  ਉਨ੍ਹਾਂ ਨੇ ਸਾਲ 1980 ਤੋਂ 1986 ਤੱਕ ਰਾਜ ਸਭਾ ਵਿੱਚ ਪੰਜਾਬ ਦੀ ਨੁਮਾਇੰਦਗੀ ਕੀਤੀ ਤੇ 2000 ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਚੁਣੇ ਗਏ। ਹਲਕਾ ਰਾਏਕੋਟ ਤੋਂ ਉਨ੍ਹਾਂ ਦੇ ਵੱਡੇ ਪੁੱਤਰ ਰਣਜੀਤ ਸਿੰਘ ਤਲਵੰਡੀ 2002 ਵਿੱਚ ਵਿਧਾਇਕ ਚੁਣੇ ਗਏ ਤੇ ਹੁਣ ਉਨ੍ਹਾਂ ਦੇ ਛੋਟੇ ਪੁੱਤਰ ਜਥੇਦਾਰ ਜਗਜੀਤ ਸਿੰਘ ਤਲਵੰਡੀ ਆਪਣੇ ਪਿਤਾ ਦੇ ਪੂਰਨਿਆਂ 'ਤੇ ਚੱਲਦਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਵਜੋਂ ਸੇਵਾ ਨਿਭਾ ਰਹੇ ਹਨ। ਇਹ ਸਭ ਤਾਂ ਚਲਦਾ ਹੀ ਰਹੇਗਾ ਪਰ ਜੱਥੇਦਾਰ ਸਾਹਿਬ ਦੀ ਘਾਟ ਹਮੇਸ਼ਾਂ ਬਣੀ ਰਹੇਗੀ। ਉਹ ਗੜ੍ਹਕ ਹੁਣ ਕਿੱਥੇ? 
ਜਵੱਦੀ ਟਕਸਾਲ ਲੁਧਿਆਣਾ ਵਿਖੇ ਸੰਤ ਸੁੱਚਾ ਸਿੰਘ ਹੁਰਾਂ ਕੋਲੋਂ ਸਨਮਾਣ ਨਿਸ਼ਾਨੀ ਵੱਜੋਂ ਸਿਮ੍ਰਤੀ ਗ੍ਰੰਥ ਲੈਂਦਿਆਂ ਜੱਥੇਦਾਰ ਤਲਵੰਡੀ 
ਜਗਦੇਵ ਸਿੰਘ ਤਲਵੰਡੀ ਐੱਸ. ਜੀ. ਪੀ. ਸੀ. ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵੀ ਰਹੇ ਅਤੇ ਪੂਰੇ ਰੋਅਬ ਨਾਲ ਰਹੇ ਕਿਸੇ ਕੋਲੋਂ ਦਬ ਕੇ ਨਹੀਂ। ਕਿਸੇ ਵੀ ਜਾਣੂੰ ਦਾ ਦੇਹਾਂਤ ਹੋਣਾ ਤਾਂ ਉਹ ਬਿਰਧ ਅਵਸਥਾ ਦੇ ਬਾਵਜੂਦ ਵੀ ਅਫਸੋਸ ਕਰਨ ਲਈ ਜਾਣਾ ਨਾ ਭੁੱਲਦੇ।  ਕਈ ਵਾਰ ਉਹਨਾਂ ਨੂੰ ਉਠਣ ਲੱਗਿਆਂ ਗੋਡਿਆਂ ਦੀ ਤਕਲੀਫ਼ ਵੀ ਤੰਗ ਕਰਦੀ ਪਰ ਫਿਰ ਵੀ ਉਹ ਆਪਣੇ ਸਾਥੀਆਂ ਦੇ ਦੁੱਖ ਵਿੱਚ ਸ਼ਿਰਕਤ ਕਰਨ ਲਈ ਜਰੁਰ ਪਹੁੰਚਦੇ। ਇਸ ਵੇਲੇ ਉਨ੍ਹਾਂ ਦੀ ਉਮਰ ਕਰੀਬ 85 ਸਾਲਾਂ ਦੀ ਸੀ। ਮਾੜੇ ਤੋਂ ਮਾੜੇ ਹਾਲਾਤ ਵਿੱਚ ਵੀ ਹਮੇਸ਼ਾਂ ਚੜ੍ਹਦੀਕਲਾ ਵਿੱਚ ਰਹਿਣ ਵਾਲੇ ਜੱਥੇਦਾਰ ਤਲਵੰਡੀ ਹੁਣ ਅਤੀਤ ਦਾ ਹਿੱਸਾ ਬਣ ਗਏ ਹਨ। ਜੱਥੇਦਾਰ ਜਗਦੇਵ ਸਿੰਘ ਤਲਵੰਡੀ ਦਾ ਅੰਤਿਮ ਸੰਸਕਾਰ ਸ਼ਨੀਵਾਰ ਨੂੰ ਤਲਵੰਡੀ ਵਿਖੇ ਕੀਤਾ ਜਾਵੇਗਾ। ਇਸ ਮੌਕੇ ਮੁੱਖ ਮੰਤਰੀ ਵੀ ਮੌਜੂਦ ਰਹਿਣਗੇ।ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਜਗਦੇਵ ਸਿੰਘ ਤਲਵੰਡੀ ਦੀ ਮੌਤ 'ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ। ਜਗਦੇਵ ਸਿੰਘ ਤਲਵੰਡੀ ਦੀ ਮੌਤ ਕਾਰਨ ਜਿੱਥੇ ਉਨ੍ਹਾਂ ਦਾ ਪਰਿਵਾਰ ਸਦਮੇ 'ਚ ਹੈ, ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਡੂੰਘਾ ਧੱਕਾ ਲੱਗਾ ਹੈ। ਉਹਨਾਂ ਤੋਂ ਬਾਅਦ ਕੋਈ ਹੋਰ ਲੋਹ ਪੁਰਸ਼ ਫਿਲਹਾਲ ਨਜਰ ਨਹੀਂ ਆ ਰਿਹਾ ਜਿਹੜਾ ਅਕਾਲੀ ਦਲ ਦੇ ਰਾਜਸੀ ਵਿਰੋਧੀਆਂ ਅਤੇ ਸਿੱਖ ਧਰਮ ਦੇ ਧਾਰਮਿਕ ਦੋਖੀਆਂ ਨੂੰ ਅੱਖਾਂ ਦਿਖਾ ਸਕਦਾ ਹੋਵੇ। ਜਿਵੇਂ ਸੰਤ ਭਿੰਡਰਾਂਵਾਲੇ ਆਪਣੇ ਨਾਲ ਤੀਰ ਰੱਖਿਆ ਕਰਦੇ ਸਨ ਓਸੇ ਤਰਾਂ ਜੱਥੇਦਾਰ ਤਲਵੰਡੀ ਆਪਣੇ ਨਾਲ ਸਾਢ਼ੇ ਤਿੰਨ ਫੁੱਟੀ ਸ੍ਰੀ ਸਾਹਿਬ ਰੱਖਿਆ ਕਰਦੇ ਸਨ ਇਹ ਗੱਲ ਵੱਖਰੀ ਹੈ ਕਿ ਮੀਡੀਆ ਵਿੱਚ  ਚਰਚਾ ਸਿਮਰਨਜੀਤ ਮਾਨ ਵਾਲੀ ਸ੍ਰੀ ਸਾਹਿਬ ਦੀ ਜ਼ਿਆਦਾ ਹੋ ਗਈ। 

No comments: