Tuesday, September 16, 2014

ਲੁਧਿਆਣਾ ਪੁਲਿਸ ਦੀ ਇੱਕ ਹੋਰ ਪ੍ਰਾਪਤੀ

ਪੰਜ ਸ਼ਾਤਿਰ ਮੁਜਰਿਮਾਂ ਦਾ ਖਤਰਨਾਕ ਗਿਰੋਹ ਕਾਬੂ  
ਲੁਧਿਆਣਾ:15 ਸਤੰਬਰ 2014: (ਰੈਕਟਰ ਕਥੂਰੀਆ//ਪੰਜਾਬ ਸਕਰੀਨ):
ਆਏ ਦਿਨ ਅਮਨ ਕਾਨੂੰਨ ਦੇ ਸਿਸਟਮ ਦੀਆਂ ਧੱਜੀਆਂ ਉਡਣ ਕਰਨ ਆਲੋਚਨਾ ਦਾ ਸ਼ਿਕਾਰ  ਬਣ ਰਹੀ ਲੁਧਿਆਣਾ ਪੁਲਿਸ ਲਈ ਅੱਜ ਦਾ ਦਿਨ ਇੱਕ ਵੱਡੀ ਪ੍ਰਾਪਤੀ ਵਾਲਾ ਦਿਨ ਸੀ। ਦੋ ਥਾਣਿਆਂ ਵੱਲੋਂ ਸਾਂਝੀ ਪ੍ਰੈਸ ਕਾਨਫਰੰਸ ਵਿੱਚ ਪੁਲਿਸ ਦੀ ਇਸ ਵੱਡੀ ਪ੍ਰਾਪਤੀ ਬਾਰੇ ਵਿਸਥਾਰ ਨਾਲ ਦੱਸਿਆ ਗਿਆ।  ਥਾਣਾ ਮਾਡਲ ਟਾਊਨ ਅਤੇ ਥਾਣਾ ਡਾਬਾ ਦੀ ਪੁਲਿਸ ਦੇ ਅਧਿਕਾਰੀ ਉਤਸ਼ਾਹ ਵਿੱਚ ਸਨ। ਖਬਰ ਸਚਮੁਚ ਵੱਡੀ ਸੀ। ਪੁਲਿਸ ਨੇ  ਵੱਡੀ ਵਾਰਦਾਤ ਦੀ ਯੋਜਨਾ ਬਣਾ ਰਹੇ ਸ਼ਾਤਿਰ ਮੁਜਰਿਮਾਂ ਦੇ ਗਿਰੋਹ ਨੂੰ ਕਾਬੂ ਕਰ ਲਿਆ ਸੀ। ਅਸਲ ਵਿੱਚ ਪੁਲਿਸ ਨੇ ਸ਼ਹਿਰ ਵਾਸੀਆਂ ਨੂੰ ਕਈ ਵੱਡੀਆਂ ਵਾਰਦਾਤਾਂ ਹੋਣ ਤੋਂ ਪਹਿਲਾਂ ਹੀ ਬਚਾ ਲਿਆ।ਪੈਟਰੋਲ ਪੰਪ ਲੁੱਟਣ ਦੀ ਯੋਜਨਾ ਬਣਾ ਰਹੇ ਜਿਹਨਾਂ 5 ਗੈਂਗਸਟਰਾਂ ਨੂੰ ਥਾਣਾ ਮਾਡਲ ਟਾਊਨ ਤੇ ਸੀ. ਆਈ. ਏ. ਦੀ ਪੁਲਸ ਨੇ ਕਾਬੂ ਕੀਤਾ ਹੈ ਇਹ ਸਾਰੇ ਹੀ ਬਹੁਤ ਖਤਰਨਾਕ ਸਨ। ਦੋਸ਼ੀਆਂ ਤੋਂ ਭਾਰੀ ਮਾਤਰਾ 'ਚ ਨਸ਼ੀਲਾ ਪਾਊਡਰ, ਨਕਦੀ ਤੇ ਤੇਜ਼ਧਾਰ ਹਥਿਆਰ ਬਰਾਮਦ ਹੋਏ ਹਨ ਜਿਸ ਨਾਲ ਪਤਾ ਲੱਗਦਾ ਗਈ ਕਿ ਇਹ ਅਨਸਰ ਜੁਰਮ ਦੇ ਨਾਲ ਸਮਾਜ ਨੂੰ ਨਸ਼ੀਲੇ ਪਦਾਰਥਾਂ ਦਾ ਬਣਾਉਣ ਦੀ ਸਾਜਿਸ਼ 'ਤੇ ਵੀ ਅਮਲ ਕਰ ਰਹੇ ਸਨ। ਇਹਨਾਂ ਦੋਸ਼ੀਆਂ ਦੀ ਪਹਿਚਾਣ ਗਿਰੋਹ ਦੇ ਸਰਗਨਾ ਲਖਵਿੰਦਰ ਸਿੰਘ ਉਰਫ ਲੱਕੀ ਉਰਫ ਮੇਸੀ ਨਿਵਾਸੀ ਸਤਗੁਰ ਨਗਰ ਸ਼ਿਮਲਾਪੁਰੀ, ਰਵੀ ਕੁਮਾਰ ਨਿਵਾਸੀ ਮਾਡਲ ਕਾਲੋਨੀ ਜਗੀਰਪੁਰ, ਬਲਬੀਰ ਸਿੰਘ ਰਾਹੋਂ ਰੋਡ, ਧਰਮਿੰਦਰ ਸਿੰਘ ਉਰਫ ਵਿੱਕੀ, ਡੇਹਲੋਂ ਤੇ ਸੁਨੀਲ ਕੁਮਾਰ ਨਿਵਾਸੀ ਅਨੰਦ ਨਗਰ ਹੈਬੋਵਾਲ ਦੇ ਰੂਪ 'ਚ ਹੋਈ ਹੈ। ਏ. ਸੀ. ਪੀ. ਆਤਮ ਪਾਰਕ ਰਮਨਦੀਪ ਸਿੰਘ ਨੇ ਦੱਸਿਆ ਕਿ ਥਾਣਾ ਮਾਡਲ ਟਾਊਨ ਮੁਖੀ ਇੰਦਰਜੀਤ ਸਿੰਘ ਤੇ ਸੀ. ਆਈ. ਏ. ਦੀ ਪੁਲਸ ਨੂੰ ਸੂਚਨਾ ਮਿਲੀ ਕਿ ਕੁਝ ਗੈਂਗਸਟਰ ਕਾਰਪੋਰੇਸ਼ਨ ਪਾਰਕ ਦੇ ਨੇੜੇ ਵਾਰਦਾਤ ਨੂੰ ਅੰਜਾਮ ਦੇਣ ਦੀ ਯੋਜਨਾ ਬਣਾ ਰਹੇ ਹਨ ਜਿਸਦੇ ਬਾਅਦ ਪੁਲਸ ਨੇ ਘੇਰਾਬੰਦੀ ਕਰਕੇ ਸਭ ਦੋਸ਼ੀਆਂ ਨੂੰ ਕਾਬੂ ਕੀਤਾ ਹੈ। ਦੋਸ਼ੀਆਂ ਤੋਂ 250 ਗ੍ਰਾਮ ਨਸ਼ੀਲਾ ਪਾਊਡਰ, 
18 ਹਜ਼ਾਰ ਨਕਦੀ, 3 ਏ. ਸੀ. ਤੇ ਤੇਜ਼ਧਾਰ ਹਥਿਆਰ ਬਰਾਮਦ ਹੋਏ ਹਨ। ਸਖਤੀ ਕਰਨ 'ਤੇ ਗਿਰੋਹ ਦੇ ਸਰਗਨਾ ਲਖਵਿੰਦਰ ਸਿੰਘ ਨੇ ਪੁਲਸ ਨੂੰ ਦੱਸਿਆ ਕਿ ਉਹ ਪੈਟਰੋਲ ਪੰਪ ਨੂੰ ਲੁੱਟਣ ਦੀ ਯੋਜਨਾ ਤਿਆਰ ਕਰ ਰਹੇ ਸਨ ਤਦ ਪੁਲਸ ਦੀ ਰੇਡ ਪਈ ਤੇ ਜਿਸ 'ਚ 5 ਗੈਂਗਸਟਰ ਪੁਲਸ ਦੇ ਹੱਥੇ ਚਡ਼੍ਹ ਗਏ। ਪੁਲਸ ਨੇ ਫੜੇ ਗਏ ਸਭ ਗੈਂਗਸਟਰਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਤੇ ਸਭ ਦੋਸ਼ੀਆਂ ਨੂੰ ਅਦਾਲਤ ਸਾਹਮਣੇ ਪੇਸ਼ ਕਰਕੇ ਇਕ ਦਿਨ ਦੇ ਰਿਮਾਂਡ 'ਤੇ ਲੈ ਲਿਆ ਹੈ।ਅਸਲ ਵਿੱਚ ਪੁਲਿਸ ਨੂੰ ਆਪਣੇ ਕਿਸੇ ਖਾਸ ਮੁਖਬਰ ਕੋਲੋਂ ਇਸ ਬਾਰੇ ਇੱਕ ਖਾਸ ਇਤਲਾਹ ਮਿਲੀ ਸੀ। ਇਸ ਮਾਮਲੇ ਵਿੱਚ ਮੁੱਢਲੀ ਪੁੱਛ ਪੜਤਾਲ ਦੌਰਾਨ ਇਨ੍ਹਾਂ ਮੁਲਜ਼ਮਾਂ ਨੇ ਕਬੂਲ ਕੀਤਾ ਹੈ ਕਿ ਇਨ੍ਹਾਂ ਵਿਰੁਧ ਪਹਿਲਾਂ ਵੀ ਲੁੱਟਾਂ ਖੋਹਾਂ, ਨਸ਼ਾ ਤਸਕਰੀ ਅਤੇ ਹੋਰ ਦੋਸ਼ਾਂ ਦੇ ਡੇਢ ਦਰਜ਼ਨ ਦੇ ਕਰੀਬ ਮਾਮਲੇ ਦਰਜ ਹਨ ਜਿਨ੍ਹਾਂ ਵਿਚੋਂ ਲਖਵਿੰਦਰ ਸਿੰਘ ਵਿਰੁਧ 15, ਰਵੀ ਕੁਮਾਰ ਵਿਰੁਧ ਤਿੰਨ, ਬਲਵੀਰ ਵਿਰੁਧ ਦੋ ਅਤੇ ਧਰਮਿੰਦਰ ਵਿਰੁਧ ਇਕ ਕੇਸ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਹ ਸਾਰੇ ਨਸ਼ਿਆਂ ਦੇ ਆਦੀ ਹਨ ਅਤੇ ਨਸ਼ੇ ਖਰੀਦਣ ਖਾਤਰ ਹੀ ਲੁੱਟਾਂਖੋਹਾਂ ਕਰਦੇ ਸਨ ਅਤੇ ਹੋਰ ਨਸ਼ਈਆਂ ਨੂੰ ਨਸ਼ੀਲਾ ਪਾਊਡਰ ਵੀ ਵੇਚਦੇ ਸਨ। ਲਖਵਿੰਦਰ ਸਿੰਘ ਵਿਰੁਧ ਪਹਿਲਾਂ ਥਾਣਾ ਡਵੀਜ਼ਨ ਨੰਬਰ 7 ਵਿਖੇ ਇਕ ਨਾਬਾਲਗ ਲੜਕੀ ਨਾਲ ਜ਼ਬਰ ਜਨਾਹ ਦਾ ਪਰਚਾ ਵੀ ਦਰਜ ਹੋਇਆ ਸੀ ਪਰ ਇਹ ਸਬੂਤਾਂ ਦੀ ਘਾਟ ਕਾਰਨ ਬਰੀ ਹੋਣ ਵਿਚ ਸਫ਼ਲ ਰਿਹਾ। ਪੁਲਿਸ ਨੇ ਇਨ੍ਹਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਹੈ ਅਤੇ ਰਿਮਾਂਡ ਦੌਰਾਨ ਇਨ੍ਹਾਂ ਪਾਸੋਂ ਹੋਰ ਪੁੱਛ ਪੜਤਾਲ ਕਰਕੇ ਕਈ ਹੋਰ ਮਾਮਲੇ ਹੱਲ ਹੋਣ ਦੀ ਵੀ ਉਮੀਦ ਹੈ। 
ਬਹੁਤ ਸਾਰੇ ਹੋਰਾਂ ਮੁਜਰਿਮਾਂ ਵਾਂਗ ਇਹ ਮੁਜਰਿਮ ਵੀ ਨਸ਼ਿਆਂ ਦੇ ਪੱਟੇ ਹੋਏ ਨਿਕਲੇ। ਨਸ਼ੇ ਦੀ ਤਲਬ ਵਿੱਚ ਇਹ ਦੀਨ-ਦੁਨੀਆ ਵੀ ਭੁਲ ਗਏ ਅਤੇ ਪੁਲਿਸ ਦਾ ਡਰ ਵੀ। ਹੁਣ ਦੇਖਣਾ ਹੈ ਕਿ ਸਾਡਾ ਸਮਾਜ ਅਤੇ ਸਰਕਾਰ ਰਲ-ਮਿਲ ਕੇ ਨਸ਼ਿਆਂ ਦੀ ਜਕੜ ਨੂੰ ਖਤਮ ਕਰਨ ਲਈ ਕੀ ਕਰਦੇ ਹਨ?

No comments: