Sunday, September 14, 2014

ਚੇਨੀਆਂ ਖਿਚਣ-ਖੋਹਣ ਵਾਲੇ ਗਿਰੋਹ ਦਾ ਪਰਦਾਫਾਸ਼

ਇੱਕ ਦਰਜਨ ਵਾਰਦਾਤਾਂ ਕੀਤੀਆਂ ਕਬੂਲ--ਪੁਛ-ਗਿਛ ਜਾਰੀ 
ਲੁਧਿਆਣਾ: 13 ਸਤੰਬਰ 2014: (ਰੈਕਟਰ ਕਥੂਰੀਆ//ਪੰਜਾਬ ਸਕਰੀਨ):

ਕਿਸੇ ਨ ਕਿਸੇ ਮਹਤਵਪੂਰਣ ਚੋਂਕ ਜਾਂ ਸੜਕ ਤੋਂ ਚੇਨੀਆਂ ਲਾਹੁਣਾ ਇੱਕ ਆਮ ਜਿਹੀ ਗੱਲ ਹੋ ਗਈ ਸੀ। ਲੋਕਾਂ ਵਿੱਚ ਹਾਹਾਕਾਰ ਮੱਛੀ ਹੋਈ ਸੀ। ਹੁਣ ਲੁਧਿਆਣਾ ਪੁਲਿਸ ਨੇ ਝਪਟਮਾਰੀ ਕਰਕੇ ਚੇਨੀਆਂ ਲਾਹੁਣ ਵਾਲੇ ਇੱਕ ਖਤਰਨਾਕ ਗਿਰੋਹ ਦੇ ਖਤਰਨਾਕ ਮੈਂਬਰ ਨੂੰ ਕਾਬੂ ਕੀਤਾ ਹੈ। ਇਸ ਸਬੰਧੀ ਬੁਲਾਈ ਗਈ ਇੱਕ ਪ੍ਰੈਸ ਕਾਨਫਰੰਸ ਵਿੱਚ ਪੁਲਿਸ ਨੇ ਦੱਸਿਆ ਕਿ ਇਸ ਗਿਰੋਹ ਦੇ ਦੂਜੇ ਸਰਗਰਮ ਮੈਂਬਰ ਦੀ ਬਹਾਲ ਅਜੇ ਜਾਰੀ ਹੈ। ਪੁਲਿਸ ਦੇ ਦਾਅਵੇ ਮੁਤਾਬਿਕ ਤੇਜ਼ਧਾਰ ਹਥਿਆਰਾਂ ਦੀ ਨੋਕ ‘ਤੇ ਝਪਟਾਮਾਰੀ ਕਰਨ ਵਾਲੇ ਇੱਕ ਮੁਲਜ਼ਮ ਨੂੰ ਸੀ.ਆਈ.ਏ.-2 ਦੀ ਪੁਲੀਸ ਨੇ ਗ੍ਰਿਫ਼ਤਾਰ ਕੀਤਾ ਹੈ, ਜਦੋਂ ਕਿ ਉਸਦਾ ਸਾਥੀ ਫ਼ਰਾਰ ਹੋਣ ਵਿੱਚ ਸਫਲ ਹੋ ਗਿਆ। ਪੁਲੀਸ ਨੇ ਗ੍ਰਿਫ਼ਤਾਰ ਕੀਤੇ ਮੁਲਜ਼ਮ ਧਰਮਿੰਦਰ ਉਰਫ ਧਰਮਵੀਰ ਦੇ ਕਬਜ਼ੇ ‘ਚੋਂ 9 ਤੋਲੇ ਸੋਨੇ ਦੇ ਗਹਿਣੇ ਅਤੇ ਇੱਕ ਚਾਕੂ ਬਰਾਮਦ ਕੀਤਾ ਹੈ। ਪੁਲੀਸ ਨੇ ਪੁਨੀਤ ਨਗਰ ਦੇ ਰਹਿਣ ਵਾਲੇ ਧਰਮਿੰਦਰ ਅਤੇ ਉਸਦੇ ਫਰਾਰ ਹੋਏ ਸਾਥੀ ਮੇਜਰ ਸਿੰਘ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਧਰਮਿੰਦਰ ਅਤੇ ਮੇਜਰ ਸਿੰਘ ਯੂਪੀ ਦੇ ਮੁਜ਼ਫਰਨਗਰ ਦੇ ਰਹਿਣ ਵਾਲੇ ਹਨ ਅਤੇ ਇਹਨਾਂ ਨੇ ਟਿੱਬਾ ਰੋਡ 'ਤੇ ਇੱਕ ਕਮਰਾ ਕਿਰਾਏ 'ਤੇ ਲਿਆ ਹੋਇਆ ਹੈ। ਧਰਮਿੰਦਰ ਨੇ ਇੱਕ ਦਰਜਨ ਤੋਂ ਵਧ ਵਾਰਦਾਤਾਂ ਮੰਨ ਲਾਈਆਂ ਹਨ ਅਤੇ ਪੁਛ੍ਗੀਚ੍ਹ ਦੌਰਾਨ ਹੋਰ ਕਾਫੀ ਕੁਝ ਸਾਹਮਣੇ ਆਉਣ ਦੀ ਸੰਭਾਵਨਾ ਹੈ। ਪੁਲੀਸ ਨੇ ਮੁਲਜ਼ਮ ਨੂੰ ਸ਼ਨਿਚਰਵਾਰ ਨੂੰ ਅਦਾਲਤ ‘ਚ ਪੇਸ਼ ਕੀਤਾ, ਜਿੱਥੋਂ ਉਸ ਨੂੰ ਪੁਲੀਸ ਰਿਮਾਂਡ ‘ਤੇ ਭੇਜ ਦਿੱਤਾ ਗਿਆ। ਮੁਲਜ਼ਮ ਤੋਂ ਪੁੱਛਗਿਛ ਕਰ ਕੇ ਪੁਲੀਸ ਫ਼ਰਾਰ ਹੋਏ ਮੁਲਜ਼ਮ ਮੇਜਰ ਸਿੰਘ ਦੀ ਭਾਲ ਕਰ ਰਹੀ ਹੈ। ਉਮੀਦ ਹੈ ਕੀ ਉਸ ਨੂੰ ਵੀ ਛੇਤੀ ਹੀ ਕਾਬੂ ਕਰ ਲਿਆ ਜਾਏਗਾ। 

ਏ.ਸੀ.ਪੀ. ਕ੍ਰਾਈਮ ਜਸਵਿੰਦਰ ਸਿੰਘ ਨੇ ਕਿਹਾ ਕਿ ਪੁਲੀਸ ਨੇ ਪੁਨੀਤ ਨਗਰ ਇਲਾਕੇ ‘ਚ ਨਾਕਾ ਲਾਇਆ ਹੋਇਆ ਸੀ। ਇਸੇ ਦੌਰਾਨ ਪੁਲੀਸ ਨੂੰ ਸੂਚਨਾ ਮਿਲੀ ਕਿ ਮੁਲਜ਼ਮ ਝਪਟਾਮਾਰੀ ਦੀ ਵਾਰਦਾਤਾਂ ਨੂੰ ਅੰਜਾਮ ਦੇ ਸਕਦੇ ਹਨ ਤੇ ਉਨ੍ਹਾਂ ਕੋਲ ਕੁਝ ਗਹਿਣੇ ਵੀ ਹਨ, ਜੋ ਉਨ੍ਹਾਂ ਨੇ ਵੇਚਣੇ ਹਨ। ਪੁਲੀਸ ਨੇ ਨਾਕੇ ‘ਤੇ ਮੁਲਜ਼ਮਾਂ ਨੂੰ ਰੋਕ ਲਿਆ। ਤਲਾਸ਼ੀ ਦੌਰਾਨ ਉਨ੍ਹਾਂ ਦੇ ਕਬਜ਼ੇ ‘ਚੋਂ ਇੱਕ ਚਾਕੂ ਤੇ ਕੁਝ ਗਹਿਣੇ ਬਰਾਮਦ ਹੋਏ। ਇਸੇ ਦੌਰਾਨ ਮੁਲਜ਼ਮ ਮੇਜਰ ਸਿੰਘ ਫ਼ਰਾਰ ਹੋ ਗਿਆ। ਏ.ਸੀ.ਪੀ. ਅਨੁਸਾਰ ਦੋਵੇਂ ਮੁਲਜ਼ਮ ਮੂਲ ਰੂਪ ‘ਚ ਉਤਰ ਪ੍ਰਦੇਸ਼ ਦੇ ਜ਼ਿਲ੍ਹਾ ਮੁਜ਼ਫ਼ਰਨਗਰ ਦੇ ਰਹਿਣ ਵਾਲੇ ਹਨ।
ਮੁਲਜ਼ਮ ਧਰਮਿੰਦਰ  ਖ਼ਿਲਾਫ਼ ਪਹਿਲਾਂ ਵੀ ਕਈ ਥਾਣਿਆਂ ‘ਚ ਝਪਟਾਮਾਰੀ ਦੇ ਕੇਸ ਦਰਜ ਹਨ। ਉਹ ਪਹਿਲਾਂ ਵੀ ਜੇਲ੍ਹ ਜਾ ਚੁੱਕਿਆ ਹੈ ਅਤੇ ਕੁਝ ਸਮਾਂ ਪਹਿਲਾਂ ਹੀ ਜ਼ਮਾਨਤ ‘ਤੇ  ਬਾਹਰ ਆਇਆ ਹੈ। ਜੇਲ੍ਹ ਤੋਂ ਬਾਹਰ ਆਉਂਦਿਆਂ ਹੀ ਇਹਨਾਂ ਦੋਹਾਂ ਨੇ ਉਨ੍ਹਾਂ ਨੇ ਫਿਰ ਲੁੱਟਾਂ ਖੋਹਾਂ ਸ਼ੁਰੂ ਕਰ ਦਿੱਤੀਆਂ। ਪੁਛਗਿੱਛ ਦੌਰਾਨ ਮੁਲਜ਼ਮ ਨੇ ਦੱਸਿਆ ਕਿ ਉਨ੍ਹਾਂ ਨੇ ਦੁੱਗਰੀ, ਪੀ.ਏ.ਯੂ. ਡਿਵੀਜ਼ਨ ਨੰ: 3 ਅਤੇ ਡਿਵੀਜ਼ਨ ਨੰ: 6 ਦੇ ਇਲਾਕਿਆਂ ‘ਚ ਵਾਰਦਾਤਾਂ ਨੂੰ ਅੰਜਾਮ ਦਿੱਤਾ। ਕਾਬਿਲੇ ਜ਼ਿਕਰ ਹੈ ਕਿ ਏਹ ਪੋਸ਼ ਇਲਾਕੇ ਗਿਨੇ ਜਾਂਦੇ ਹਨ ਜਿਹਨਾਂ ਦੀ ਸੁਰੱਖਿਆ ਇਹੋਜਿਹੇ ਮੁਜਰਿਮਾਂ ਨੇ ਸ਼ੱਕੀ ਬਣਾ ਦਿੱਤੀ ਹੈ। ਲੋਕ ਅਜਿਹੇ ਝਪਟਮਾਰਾਂ ਕਾਰਣ ਵੇਲੇ ਕੁਵੇਲੇ ਬਾਹਰ ਨਿਕਲਣ ਤੋਂ ਡਰਦੇ ਹਨ। ਇਹ ਚੇਨ ਸਨੈਚਰ ਏਨਾ ਬੇਖੌਫ ਸੀ ਕਿ ਚੇਨੀ ਖਿਚਣ-ਖੋਹਣ ਵੇਲੇ ਆਪਣਾ ਮੂੰਹ ਲੁਕਾਉਣ ਦੀ ਵੀ ਲੋੜ ਨਹੀਂ ਸੀ ਸਮਝਦਾ। ਉਸਦੀ ਇਹੀ ਨਿਰਲੱਜ ਦਲੇਰੀ ਉਸ ਨੂੰ ਲੈ ਬੈਠੀ। ਉਹ ਸੀਸੀਟੀਵੀ ਕੈਮਰੇ ਵਿੱਚ ਆ ਗਿਆ ਅਤੇ ਪਛਾਣਿਆ ਗਿਆ। ਲੁੱਟਣ ਖੋਹਣ ਦੀਆਂ ਇਹਨਾਂ ਵਾਰਦਾਤਾਂ ਲਈ ਉਹ ਬੜੀ ਸਜਾਵਟ ਵਾਲੀ ਛੁਰੀ ਵਰਤਦਾ ਸੀ। ਸ਼ਾਇਦ ਉਹ ਆਪਣੇ ਆਪ ਨੂੰ ਇਸ ਜੁਰਮ ਦੀ ਦੁਨੀਆ ਦਾ ਕਿੰਗ ਸਮਝਦਾ ਹੋਵੇ। ਉਸਦੀ ਇਸ ਸਜਾਵਟੀ ਛੁਰੀ ਨੂੰ ਮੀਡੀਆ ਵਾਲਿਆਂ ਨੇ ਵੀ ਬੜੇ ਧਿਆਨ ਨਾਲ ਦੇਖਿਆ। 

No comments: