Tuesday, September 02, 2014

ਲੁਧਿਆਣਾ ਵਿਖੇ ਵਿਸ਼ਵ ਕਬੱਡੀ ਲੀਗ ਮੁਕਾਬਲੇ 6 ਅਤੇ 7 ਨੂੰ

Tue, Sep 2, 2014 at 7:12 PM
ਅੱਠ ਟੀਮਾਂ ਦਰਮਿਆਨ ਹੋਣਗੇ ਚਾਰ ਮੁਕਾਬਲੇ 
ਲੀਗ ਕਮਿਸ਼ਨਰ ਤੇ ਵਿਧਾਇਕ ਪ੍ਰਗਟ ਸਿੰਘ ਵੱਲੋਂ ਪ੍ਰਬੰਧਾਂ ਦਾ ਜਾਇਜ਼ਾ
ਲੁਧਿਆਣਾ: 2 ਸਤੰਬਰ 2014: (ਸਤਪਾਲ ਸੋਨੀ//ਪੰਜਾਬ ਸਕਰੀਨ):
ਪੰਜਾਬੀਆਂ ਦੀ ਮਾਂ ਖੇਡ ਕਬੱਡੀ ਨੂੰ ਵਿਸ਼ਵ ਦੇ ਕੋਨੇ-ਕੋਨੇ ਵਿੱਚ ਪਹੁੰਚਾਉਣ ਲਈ ਪੰਜਾਬ ਸਰਕਾਰ ਦੇ ਉੱਪ ਮੁੱਖ ਮੰਤਰੀ ਸ੍ਰ. ਸੁਖਬੀਰ ਸਿੰਘ ਬਾਦਲ ਦੀ ਸਰਪ੍ਰਸਤੀ ਹੇਠ ਸ਼ੁਰੂ ਕੀਤੀ ਗਈ ਵਿਸ਼ਵ ਕਬੱਡੀ ਲੀਗ ਦੇ ਚਾਰ ਅਹਿਮ ਮੁਕਾਬਲੇ ਲੁਧਿਆਣਾ ਵਿਖੇ ਕਰਵਾਏ ਜਾ ਰਹੇ ਹਨ। ਇਹ ਮੁਕਾਬਲੇ ਮਿਤੀ 6 ਅਤੇ 7 ਸਤੰਬਰ ਨੂੰ ਸਥਾਨਕ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਐਸਟਰੋਟਰਫ਼ ਹਾਕੀ ਸਟੇਡੀਅਮ ਵਿਖੇ ਕਰਵਾਏ ਜਾ ਰਹੇ ਹਨ। ਇਨ੍ਹਾਂ ਮੁਕਾਬਲਿਆਂ ਨੂੰ ਬਾਖ਼ੂਬੀ ਤਰੀਕੇ ਨਾਲ ਕਰਾਉਣ ਲਈ ਜ਼ਿਲਾ ਪ੍ਰਸਾਸ਼ਨ ਵੱਲੋਂ ਪੁਰਜ਼ੋਰ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। 

ਇਨ੍ਹਾਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਲੀਗ ਦੇ ਕਮਿਸ਼ਨਰ ਅਤੇ ਵਿਧਾਇਕ ਸ੍ਰ. ਪ੍ਰਗਟ ਸਿੰਘ ਨੇ ਸਥਾਨਕ ਹਾਕੀ ਸਟੇਡੀਅਮ ਦਾ ਦੌਰਾ ਕੀਤਾ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰ. ਪ੍ਰਗਟ ਸਿੰਘ ਨੇ ਦੱਸਿਆ ਕਿ ਮਿਤੀ 6 ਅਤੇ 7 ਸਤੰਬਰ ਨੂੰ ਲੁਧਿਆਣਾ ਵਿਖੇ ਇਸ ਲੀਗ ਦੇ 4 ਮੁਕਾਬਲੇ ਕਰਵਾਏ ਜਾ ਰਹੇ ਹਨ। ਇਸ ਤੋਂ ਇਲਾਵਾ ਪੰਜਾਬ ਦੇ ਹੋਰ ਸ਼ਹਿਰਾਂ ਵਿੱਚ ਵੀ ਇਹ ਮੁਕਾਬਲੇ ਕਰਵਾਏ ਜਾਣਗੇ। ਇਸ ਤੋਂ ਪਹਿਲਾਂ ਇਸ ਲੀਗ ਦੇ ਮੁਕਾਬਲੇ ਇੰਗਲੈਂਡ, ਅਮਰੀਕਾ ਅਤੇ ਨਵੀਂ ਦਿੱਲੀ ਵਿਖੇ ਕਰਵਾਏ ਜਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਇਸ ਲੀਗ ਨੂੰ ਵਿਸ਼ਵ ਦੇ ਕੋਨੇ-ਕੋਨੇ ਵਿੱਚ ਬੈਠੇ ਭਾਰਤੀਆਂ ਖਾਸ ਕਰਕੇ ਪੰਜਾਬੀਆਂ ਵੱਲੋਂ ਬਹੁਤ ਸਰਾਹਿਆ ਜਾ ਰਿਹਾ ਹੈ। ਅੱਜ ਹਰੇਕ ਦੇਸ਼ ਵਿੱਚ ਕਬੱਡੀ ਦੀਆਂ ਗੱਲਾਂ ਹੋਣ ਲੱਗ ਪਈਆਂ ਹਨ। ਜਿਸ ਦਾ ਨਤੀਜਾ ਇਹ ਨਿਕਲੇਗਾ ਹੈ ਕਿ ਪੰਜਾਬੀਆਂ ਦੀ ਮਾਂ ਖੇਡ ਕਬੱਡੀ ਇੱਕ ਦਿਨ ਪੂਰੇ ਵਿਸ਼ਵ ਦੀ ਖੇਡ ਬਣ ਜਾਵੇਗੀ। 
ਉਨ੍ਹਾਂ ਦੱਸਿਆ ਕਿ ਲੁਧਿਆਣਾ ਵਿਖੇ ਹੋਣ ਵਾਲੇ ਮੁਕਾਬਲਿਆਂ ਨੂੰ ਦੇਖਣ ਲਈ ਹਜ਼ਾਰਾਂ ਲੋਕਾਂ ਦੇ ਪਹੁੰਚਣ ਦੀ ਸੰਭਾਵਨਾ ਹੈ, ਇਸ ਲਈ ਖੇਤਰਫਲ ਪੱਖੋਂ ਖੁੱਲੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੂੰ ਇਸ ਮੁਕਾਬਲੇ ਦੀ ਮੇਜ਼ਬਾਨੀ ਲਈ ਚੁਣਿਆ ਗਿਆ। ਦੋਵੇਂ ਦਿਨ ਖੇਡਾਂ ਦੇ ਰੋਮਾਂਚ ਦੇ ਨਾਲ-ਨਾਲ ਦਰਸ਼ਕਾਂ ਦੇ ਮਨੋਰੰਜਨ ਲਈ ਗਾਇਕੀ ਦਾ ਖੁਲ੍ਹਾ ਅਖਾੜਾ ਵੀ ਲਗਾਇਆ ਜਾਵੇਗਾ। ਵੱਡੀ ਗਿਣਤੀ ਵਿੱਚ ਪਹੁੰਚਣ ਵਾਲੇ ਦਰਸ਼ਕਾਂ ਦੇ ਸਹੂਲਤ ਲਈ ਜ਼ਿਲਾ ਪ੍ਰਸਾਸ਼ਨ ਤੇ ਪੁਲਿਸ ਪ੍ਰਸਾਸ਼ਨ ਵੱਲੋਂ ਉਚਿਤ ਪ੍ਰਬੰਧ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਨੂੰ ਦੇਖਣ ਲਈ ਪੰਜਾਬ ਦੀਆਂ ਪ੍ਰਮੁੱਖ ਖੇਡ ਅਤੇ ਰਾਜਸੀ ਹਸਤੀਆਂ ਵੀ ਪਹੁੰਚ ਰਹੀਆਂ ਹਨ। ਇਸ ਮੌਕੇ ਉਨ੍ਹਾਂ ਨਾਲ ਐੱਸ. ਡੀ. ਐੱਮ. ਸ੍ਰ. ਕੁਲਜੀਤਪਾਲ ਸਿੰਘ ਮਾਹੀ, ਵਧੀਕ ਡਿਪਟੀ ਕਮਿਸ਼ਨਰ ਪੁਲਿਸ ਸ੍ਰ. ਸੁਖਪਾਲ ਸਿੰਘ ਬਰਾੜ, ਜ਼ਿਲਾ ਖੇਡ ਅਫ਼ਸਰ ਸ੍ਰ. ਕਰਤਾਰ ਸਿੰਘ, ਐਕਸੀਅਨ ਸ੍ਰ. ਜਸਵਿੰਦਰ ਸਿੰਘ ਚਾਹਲ, ਸ੍ਰ. ਗੁਰਦੀਪ ਸਿੰਘ, ਡਾ. ਮਨਜੀਤ ਸਿੰਘ ਅਤੇ ਹੋਰ ਪ੍ਰਮੁੱਖ ਸਖ਼ਸ਼ੀਅਤਾਂ ਹਾਜ਼ਰ ਸਨ।

ਹੋਣ ਵਾਲੇ ਮੁਕਾਬਲਿਆਂ ਦੀ ਸਮਾਂ ਸਾਰਨੀ
ਲੜੀ ਨੰ. 
ਮਿਤੀ
ਸਮਾਂ
 ਮੁਕਾਬਲੇ
6 ਸਤੰਬਰ
ਸ਼ਾਮ 6:00 ਵਜੇ
 
 ਖਾਲਸਾ ਵਾਰੀਅਰਜ਼ ਬਨਾਮ ਪੰਜਾਬ ਥੰਡਰਜ਼
6 ਸਤੰਬਰ
ਸ਼ਾਮ 7:30 ਵਜੇ
 
ਵੈਨਕੁਵਰ ਲਾਈਨਜ਼ ਬਨਾਮ ਕੈਲੇਫੋਰਨੀਆ ਈਗਲਜ਼
7 ਸਤੰਬਰ
ਸ਼ਾਮ 6:00 ਵਜੇ
 
ਯੂਨਾਈਟਿਡ ਸਿੰਘਜ਼ ਬਨਾਮ ਰਾਇਲ ਕਿੰਗਜ਼ ਯੂ. ਐੱਸ. ਏ.
7 ਸਤੰਬਰ
ਸ਼ਾਮ 7:30 ਵਜੇ
 
ਯੋ ਯੋ ਟਾਈਗਰਜ਼ ਬਨਾਮ ਲਾਹੌਰ ਲਾਇਨਜ਼

No comments: