Saturday, September 13, 2014

ਨਾਮਧਾਰੀ ਵਿਵਾਦ: ਠਾਕੁਰ ਦਲੀਪ ਸਿੰਘ ਵੱਲੋਂ 14 ਨੂੰ ਅਹਿਮ ਐਲਾਨ

ਅੱਸੂ ਦਾ ਮੇਲਾ ਹੋਵੇਗਾ ਅੰਮ੍ਰਿਤਸਰ ਵਿੱਚ ਸ਼ਹੀਦਾਂ ਦਾ ਮੇਲਾ 
ਭੁੱਖ ਹੜਤਾਲ ਤੋਂ ਬਾਅਦ ਹਿੰਸਾ ਦਾ ਸ਼ਿਕਾਰ ਹੋਇਆ ਇੱਕ ਨਾਮਧਾਰੀ ਵੈਦ ਜਿਹੜਾ ਆਪਣੀ ਸਾਰੀ ਸੰਪਤੀ ਭੈਣੀ ਸਾਹਿਬ ਨੂੰ ਦਾਨ ਕਰ ਚੁੱਕਿਆ ਹੈ 
ਲੁਧਿਆਣਾ: 13 ਸਤੰਬਰ 2014: (ਰੈਕਟਰ ਕਥੂਰੀਆ//ਪੰਜਾਬ ਸਕਰੀਨ):
ਬਹੁਤ ਹੀ ਨਾਜ਼ੁਕ ਦੌਰ ਅਤੇ ਗੰਭੀਰ ਸੰਘਰਸ਼ਾਂ ਵਾਲੇ ਸਮੇਂ ਚੋਂ ਗੁਜ਼ਰ ਰਹੇ ਨਾਮਧਾਰੀ ਪੰਥ  ਲਈ ਕੁਝ ਅਹਿਮ ਐਲਾਨ ਨਾਮਧਾਰੀ ਸ਼ਹੀਦਾਂ ਦੇ ਮੇਲੇ ਮੌਕੇ ਹੋ ਸਕਦੇ ਹਨ। ਅੰਮ੍ਰਿਤਸਰ ਵਿੱਚ ਕਲ ਮਿਤੀ 14 ਸਤੰਬਰ ਦਿਨ ਐਤਵਾਰ ਨੂੰ ਬਾਬਾ ਦਰਸ਼ਨ ਸਿੰਘ ਕੁਲੀ ਵਾਲਿਆਂ ਦੇ ਡੇਰੇ ਵਿਖੇ ਦੁਪਿਹਰ 2 ਵਜੇ ਨਾਮਧਾਰੀ ਸਮਾਜ ਦੇ ਪਮੁਖ ਠਾਕੁਰ ਦਲੀਪ ਸਿੰਘ ਜੀ ਪੱਤਰਕਾਰਾਂ ਦੇ ਰੂਬਰੂ ਵੀ ਹੋਣਗੇ। ਠਾਕੁਰ ਦਲੀਪ ਸਿੰਘ ਪਿਛਲੇ ਕਾਫੀ ਸਮੇਂ ਤੋਂ ਪੰਥਕ ਏਕਤਾ ਦੇ ਮਿਸ਼ਨ ਨੂੰ ਲੈ ਕੇ ਸਰਗਰਮ ਹਨ।  ਉਹਨਾਂ ਦੇ ਸ਼ਰਧਾਲੂਆਂ ਨੇ ਲੁਧਿਆਣਾ ਵਿੱਚ 22 ਦਿਨਾਂ ਤੱਕ ਲੜੀਵਾਰ ਭੁੱਖ ਹੜਤਾਲ ਕਰਕੇ ਆਪਣੇ ਸਬਰ-ਸੰਤੋਖ, ਸ਼ਾਤੀ ਦੂਰਦਰਸ਼ਿਤਾ ਨੂੰ ਵੀ ਸਾਬਿਤ ਕੀਤਾ। ਉਸ ਸਮੇਂ ਵੀ ਉਹਨਾਂ 'ਤੇ ਅਤੇ ਉਹਨਾਂ ਦੀ ਸੰਗਤ 'ਤੇ ਤਰਾਂ ਤਰਾਂ ਦੇ ਦੋਸ਼ ਲੱਗੇ ਪਰ ਠਾਕੁਰ ਦਲੀਪ ਸਿੰਘ ਨੇ ਇੱਕ ਦਿਨ ਅਚਾਨਕ ਉੱਥੇ ਪਹੁੰਚ ਕੇ ਸਭ ਨੂੰ ਹੈਰਾਨ ਕਰ ਦਿੱਤਾ। ਜਦੋਂ ਸਾਰਾ ਮੀਡੀਆ ਅਤੇ ਸਬੰਧਿਤ ਧਿਰਾਂ ਕਿਸੇ ਗੰਭੀਰ ਟਕਰਾਓ ਦੇ ਖਦਸ਼ੇ ਕਰਨ ਇੱਕ ਅਜੀਬ ਜਹੇ ਸਹਿਮ ਵਿੱਚ ਸਨ ਉਦੋਂ ਠਾਕੁਰ ਦਲੀਪ ਸਿੰਘ ਨੇ ਅਚਾਨਕ ਆਪਣੀ ਸੰਗਤ ਨੂੰ ਇਹ ਭੁੱਖ ਹੜਤਾਲ ਸਮਾਪਤ ਕਰਨ ਦੇ ਹੁਕਮ ਦਿੱਤੇ। ਸੰਗਤ ਚੋਂ ਕਿਸੇ ਨੇ ਜਜ਼ਬਾਤੀ ਹੋ ਕੇ ਕਿਸੇ ਵਿਰੁਧ ਕੁਝ ਆਖਣ ਦੀ ਕੋਸ਼ਿਸ਼ ਕੀਤੀ ਤਾਂ ਠਾਕੁਰ ਦਲੀਪ ਸਿੰਘ ਨੇ ਤੁਰੰਤ ਟੋਕ ਕੇ ਇਸ ਗੱਲ ਦੀ ਖੁਦ ਮੁਆਫੀ ਮੰਗੀ। ਇਸਦੇ ਨਾਲ ਹੀ ਹੁਕਮ ਕੀਤਾ ਕਿਸੇ ਦੇ ਦਿਲ ਦੁਖਾਂ ਵਾਲੀ ਕੋਈ ਗੱਲ ਨ ਕੀਤੀ ਜਾਵੇ।  ਕਿਸੇ ਬਾਰੇ ਕੋਈ ਮੰਦਾ ਸ਼ਬਦ ਨਾ ਬੋਲਿਆ ਜਾਵੇ। ਭੁੱਖ ਹੜਤਾਲ ਸਮਾਪਤ ਕਰਨ ਤੋਂ ਬਾਅਦ ਜਦੋਂ ਸੰਗਤ ਘਰੋਂ ਘਰੀਂ ਤੁਰ ਗਈ ਤਾਂ ਭੈਣੀ ਸਾਹਿਬ ਵਿਖੇ ਦੂਜੀ ਧੀਰ ਵਾਲੀਆਂ ਵੱਲੋਂ ਹਮਲੇ ਦੀਆਂ ਖਬਰਾਂ ਆਈਆਂ। ਉਦੋਂ ਵੀ ਠਾਕੁਰ ਦਲੀਪ ਸਿੰਘ ਨੇ ਜੁਆਬੀ ਹਮਲੇ ਦੀ ਆਗਿਆ ਨਹੀਂ ਦਿੱਤੀ। 
ਜਦੋਂ ਕਿਸੇ ਨੇ ਸੋਸ਼ਲ ਮੀਡੀਆ ਉੱਪਰ ਠਾਕੁਰ ਦਲੀਪ ਸਿੰਘ ਹੁਰਾਂ ਦਾ ਨਾਮ ਵਰਤ ਕੇ ਧਮਕੀਆਂ ਵਾਲੀ ਭਾਸ਼ਾ ਬੋਲੀ ਤਾਂ ਠਾਕੁਰ ਦਲੀਪ ਸਿੰਘ ਹੁਰਾਂ ਨੇ ਅਸੂ ਦੇ ਮੇਲੇ ਭੈਣੀ ਸਾਹਿਬ ਵਿਖੇ ਦਿੱਤੇ ਜਾਣ ਵਾਲੇ ਧਰਨੇ ਨੂੰ ਵੀ ਤੁਰੰਤ ਵਾਪਿਸ ਲੈ ਲਿਆ। ਹੁਣ ਜਦੋਂ ਕਿ ਅੱਸੂ ਦਾ ਮੇਲਾ 16 ਸਤੰਬਰ ਤੋਂ ਸ਼ੁਰੂ ਹੋਣ ਵਾਲਾ ਹੈ ਇਸ ਲਈ 14 ਸਤੰਬਰ ਦੀ ਇਹ ਪ੍ਰੈਸ ਕਾਨਫਰੰਸ ਬਹੁਤ ਹੀ ਅਹਿਮ ਲੱਗਦੀ ਹੈ। ਲੱਗਦਾ ਹੈ ਇਸ ਵਿੱਚ ਨਵੀਂ ਰਣਨੀਤੀ ਦਾ ਐਲਾਨ ਹੋਵੇਗਾ। 
File Photo: ਲੁਧਿਆਣਾ ਵਿੱਚ 22 ਦਿਨਾਂ ਤੱਕ ਚੱਲੀ ਭੁੱਖ ਹੜਤਾਲ ਦੇ ਅਖੀਰਲੇ ਦਿਨ ਖਿੱਚੀ ਗਈ ਤਸਵੀਰ 
ਅੰਮ੍ਰਿਤਸਰ ਵਿੱਚ ਇਸ ਸ਼ਹੀਦੀ ਮੇਲੇ ਅਤੇ ਪ੍ਰੈਸ ਕਾਨਫਰੰਸ ਦਾ ਆਯੋਜਨ ਇਸ ਲਈ ਵੀ ਅਹਿਮ ਲੱਗਦਾ ਹੈ ਕਿ ਪਿਛਲੀ ਵਾਰ ਇਸ ਧੜੇ ਉੱਪਰ ਚਲਾਈ ਗਈ ਗੋਲੀ ਦੀ ਵਾਰਦਾਤ ਅਜੇ ਪੁਰਾਣੀ ਨਹੀਂ ਹੋਈ। ਇਸ ਹਿੰਸਕ ਰਿਕਾਰਡ ਦੇ ਬਾਵਜੂਦ ਅੰਮ੍ਰਿਤਸਰ ਵਿੱਚ ਜਾ ਕੇ ਅਜਿਹਾ ਆਯੋਜਨ ਕਿਸੇ ਹਿੰਮਤ ਨਾਲੋਂ ਘੱਟ ਨਹੀਂ।  
ਹੁਣ ਦੇਖਣਾ ਹੈ ਕਿ ਉੱਥੇ ਕੀ ਐਲਾਨ ਹੁੰਦੇ ਹਨ ਅਤੇ ਪੰਥਕ ਏਕਤਾ ਦੇ ਮਿਸ਼ਨ ਨੂੰ ਕਿੰਨੀ ਕੁ ਸਫਲਤਾ ਮਿਲਦੀ ਹੈ। 

No comments: