Wednesday, August 27, 2014

Breaking News: ਏਕਤਾ ਧੜੇ ਦੇ ਨਾਮਧਾਰੀਆਂ ਉਪਰ ਫਿਰ ਹਿੰਸਕ ਹਮਲਾ

 Wed, Aug 27, 2014 at 1:36 AM
ਭੁੱਖ ਹੜਤਾਲ ਛਡਣ ਤੋਂ ਬਾਅਦ ਟਕਰਾਓ ਦੇ ਆਸਾਰ ਹੋਏ ਹੋਰ ਤਿੱਖੇ 
ਲੁਧਿਆਣਾ: 27 ਅਗਸਤ 2014: (ਪੰਜਾਬ ਸਕਰੀਨ ਬਿਊਰੋ):
ਫਾਈਲ ਫੋਟੋ 
ਹੁਣੇ ਕੁਝ ਦੇਰ ਪਹਿਲਾਂ ਅਧੀ ਰਾਤ ਨੂੰ ਅਚਾਨਕ ਆਏ ਫੋਨ ਵਿੱਚ ਦੱਸਿਆ ਗਿਆ ਹੈ ਕਿ ਹਾਲ ਹੀ ਵਿੱਚ ਲੁਧਿਆਣਾ ਵਿਖੇ 22 ਦਿਨ ਲੰਮੀ ਭੁੱਖ ਹੜਤਾਲ ਤੋਂ ਉਠ ਕੇ ਗਏ ਏਕਤਾ ਹਾਮੀ ਨਾਮਧਾਰੀਆਂ ਉੱਤੇ ਇੱਕ ਵਾਰ ਫੇਰ ਹਿੰਸਕ ਹਮਲਾ ਕੀਤਾ ਗਿਆ ਹੈ। ਇੱਕ ਲੰਮੀ ਫੋਨ ਵਾਰਤਾ ਵਿੱਚ ਨਾਮਧਾਰੀ ਪਰਵਿੰਦਰ ਸਿੰਘ ਨੇ ਦੱਸਿਆ ਕਿ  ਉਹਨਾਂ ਸਮੇਤ ਉਹਨਾਂ ਦੇ ਕਈ ਸਾਥੀਆਂ ਉੱਪਰ ਇਹ ਹਿੰਸਕ ਹਮਲਾ ਦੇਰ ਸ਼ਾਮ ਸਾਢੇ ਕੁ ਸੱਤ ਵਜੇ ਉਸ ਵੇਲੇ ਸ਼ੁਰੂ ਹੋਇਆ ਜਦੋਂ ਉਹ ਪਿਛਲੇ ਹਮਲੇ ਵਿੱਚ ਜਖਮੀ ਹੋਏ ਨਾਮਧਾਰੀ ਸੰਤ ਦੀਦਾਰ ਸਿੰਘ ਅਤੇ ਉਹਨਾਂ ਦੀ ਧਰਮਪਤਨੀ ਨਿਹਾਲ ਕੌਰ ਨੂੰ ਲੁਧਿਆਣਾ ਦੇ ਹਸਪਤਾਲ ਤੋਂ ਵਾਪਿਸ ਉਹਨਾਂ ਦੇ ਨਿਵਾਸ ਸ੍ਰੀ ਭੈਣੀ ਸਾਹਿਬ ਵਿਖੇ ਛੱਡ ਕੇ ਪਰਤ ਰਹੇ ਸਨ। ਭੈਣੀ ਸਾਹਿਬ ਵਾਲੀ ਸੜਕ ਉੱਤੇ ਹੀ ਉਹਨਾਂ ਦਾ ਰਾਹ ਘੇਰੀ ਖੜੇ ਹਥਿਆਰਬੰਦ ਨੌਜਵਾਨਾਂ ਨੇ ਉਹਨਾਂ ਉੱਪਰ ਹਮਲਾ ਉਦੋਂ ਸ਼ੁਰੂ ਕੀਤਾ ਜਦੋਂ ਕਿਸੇ ਜਾਨੀ ਨੁਕਸਾਨ ਤੋਂ ਬਚਣ ਅਤੇ ਟਕਰਾਓ ਟਾਲਣ ਲਈ ਉਹਨਾਂ ਆਪਣੀ ਗੱਡੀ ਕਿਸੇ ਬੈਲਗੱਡੀ ਵਾਂਗ ਹੋਲੀ ਕਰ ਲਈ। ਉਹਨਾਂ ਸਪਸ਼ਟ ਕੀਤਾ ਕਿ ਜੇ ਉਹ ਆਪਣੀ ਜਾਨ ਬਚਾਉਣ ਲੈ ਗੱਡੀ ਦੀ ਰਫਤਾਰ ਤੇਜ਼ ਕਰਦੇ ਤਾਂ ਰਸਤਾ ਰੋਕ ਕੇ ਖੜੇ ਬਹੁਤ ਸਾਰੇ ਹਮਲਾਵਰਾਂ ਨੇ ਮਾਰੇ ਜਾਣਾ ਸੀ ਜਾਂ ਜਖਮੀ ਹੋ ਜਾਣਾ ਸੀ। ਅਸੀਂ ਸ੍ਰੀ ਗੁਰੂ ਠਾਕੁਰ ਦਲੀਪ ਸਿੰਘ ਜੀ ਦੇ ਹੁਕਮਾਂ ਅਨੁਸਾਰ ਸ਼ਾਂਤਮਈ ਰਹਿਣ ਦਾ ਸੰਕਲਪ ਕੀਤਾ ਹੋਇਆ ਹੈ ਇਸ ਲਈ ਆਪਣੇ ਆਪ ਨੂੰ ਖਤਰੇ ਵਿੱਚ ਪਾ ਕੇ ਆਪਣੀ ਗੱਡੀ ਦੀ ਰਫਤਾਰ ਹੋ.ਲੀ ਕੀਤੀ। ਰਫਤਾਰ ਹੋਲੀ ਕਰਦਿਆਂ ਹੀ ਡਾਂਗਾਂ ਅਤੇ ਕਿਰਪਾਨਾਂ ਨਾਲ ਲੈਸ ਇਹਨਾਂ ਨੌਜਵਾਨਾਂ ਨੇ ਸਾਡੇ ਹੋਰ ਨੇੜੇ ਆ ਕੇ ਹਮਲਾ ਕਰ ਦਿੱਤਾ। ਗੱਡੀ ਦੇ ਸ਼ੀਸ਼ੇ ਭੰਨ ਦਿੱਤੇ ਅਤੇ ਗੱਡੀ ਦੀ ਬੁਰੀ ਤਰਾਂ ਭੰਨਤੋੜ ਕੀਤੀ। ਉੱਥੇ ਤਾਇਨਾਤ ਪੁਲਿਸ ਸਾਰਾ ਤਮਾਸ਼ਾ ਮੂਕ ਦਰਸ਼ਕ ਬਣਕੇ ਦੇਖਦੀ ਰਹੀ। ਸਾਡੇ ਬਾਰ ਬਾਰ ਕਹਿਣ ਤੇ ਵੀ ਪੁਲਿਸ ਨੇ ਕੋਈ ਦਖਲ ਨਹੀਂ ਦਿੱਤਾ।
ਇਹ ਦੇਖ ਕੇ ਅਸੀਂ ਬਹੁਤ ਨਿਰਾਸ਼ ਹੋਏ।  ਸਾਫ਼ ਜ਼ਾਹਿਰ ਸੀ ਕਿ ਪੁਲਿਸ ਅਤੇ ਹਮਲਾਵਰ ਆਪਸ ਵਿੱਚ ਮਿਲੇ ਹੋਏ ਹਨ। ਅਸੀਂ ਮੌਕਾ ਬਚਾ ਕੇ ਥੋਹੜੀ ਜਿਹੀ ਵੇਹਲ ਮਿਲਦਿਆਂ ਹੀ ਆਪਣੀ ਗੱਡੀ ਭਜਾ ਲਈ। ਘਬਰਾਹਟ ਵਿੱਚ ਅਸੀਂ ਲੁਧਿਆਣਾ ਵੱਲ ਮੁੜਨ ਦੀ ਬਜਾਏ ਚੰਡੀਗੜ੍ਹ ਵਾਲੇ ਪਾਸੇ ਮੁੜ ਪਏ।  ਕਦੋਂ ਸਮਰਾਲਾ ਲੰਘਿਆ ਅਤੇ ਕਦੋਂ ਖਮਾਣੋ ਆਇਆ ਸਾਨੂੰ ਕੁਝ ਪਤਾ ਨਹੀਂ।  ਅਸੀਂ ਖਮਾਣੋ ਥਾਣੇ ਦੇ ਅੰਦਰ ਗੱਡੀ ਦਾਖਿਲ ਕੀਤੀ ਤਾਂ ਸਾਡੇ ਮਗਰੇ ਮਗਰ ਆ ਰਹੇ ਹਮਲਾਵਰ ਪਤਾ ਨਹੀਂ ਕਿੱਥੇ ਗਿਬ ਹੋ ਗਏ।  ਨਾਮਧਾਰੀ ਆਗੂ ਨੇ ਦੱਸਿਆ ਕੀ ਖਮਾਣੋ ਥਾਣੇ ਦੀ ਪੁਲਿਸ ਨੇ ਸਾਡੇ ਨਾਲ ਬਹੁਤ ਚੰਗਾ ਵਤੀਰਾ ਕੀਤਾ ਅਤੇ ਸਾਨੂੰ ਪੁਲਿਸ ਪ੍ਰੋਟੈਕਸ਼ਨ ਦੇ ਕੇ ਵਾਪਿਸ ਭੇਜਣ ਦਾ ਭਰੋਸਾ ਦਿੱਤਾ। ਉਹਨਾਂ ਦੱਸਿਆ ਕਿ ਹਮਲੇ ਸਮੇਂ ਹਮਲਾਵਰਾਂ ਨੇ ਇੱਕ ਮਕਾਨ ਦੀ ਵੀ ਭੰਨਤੋੜ ਕਰ ਦਿੱਤੀ। ਹਮਲੇ ਦੌਰਾਨ ਸੰਤ ਬੇਅੰਤ ਸਿੰਘ ਦੀਆਂ ਬਾਹਵਾਂ ਤੋੜ ਦਿੱਤੀਆਂ ਗਈਆਂ। ਹਮਲੇ ਸਮੇਂ ਪਰਵਿੰਦਰ ਸਿੰਘ,  ਬਸੰਤ ਸਿੰਘ ਅਤੇ ਕਈ ਹੋਰ ਨਾਮਧਾਰੀਆਂ ਨੂੰ ਵੀ ਸੱਟਾਂ ਲੱਗੀਆਂ। ਉਹਨਾਂ ਦੱਸਿਆ ਕਿ ਇਹ ਫੋਨ ਉਹ ਖਮਾਣੋ ਥਾਣੇ ਦੀ ਪੁਲਿਸ ਸੁਰੱਖਿਆ ਵਿੱਚ ਪਹੁੰਚਣ ਮਗਰੋਂ ਹੀ ਕਰ ਸਕੇ ਹਨ। ਕਈ ਘੰਟੇ  ਲਗਾਤਾਰ  ਬਚਾਉਣ  ਪਿਆ। ਹੁਣ ਅਗਲੀ ਰਣਨੀਤੀ ਬਾਰੇ ਜਲਦੀ ਹੀ ਵਿਸ਼ੇਸ਼ ਮੀਟਿੰਗ ਕਰ ਕੇ ਫੈਸਲਾ ਸੰਗਤਾਂ ਤੱਕ ਪਹੁੰਚਾਇਆ ਜਾਏਗਾ।
ਕਾਬਿਲੇ ਜ਼ਿਕਰ ਹੈ ਕਿ ਠਾਕੁਰ ਦਲੀਪ ਸਿੰਘ ਹੁਰਾਂ ਨੂੰ ਗੁਰੂ ਮੰਨਣ ਵਾਲੇ ਧੜੇ ਦੇ ਮੈਬਰਾਂ ਨੇ ਲੁਧਿਆਣਾ ਵਿੱਚ ਮਿੰਨੀ ਸਕੱਤਰੇਤ ਦੇ ਬਾਹਰ ਪਹਿਲੀ ਅਗਸਤ ਤੋਂ ਲੈ ਕੇ 22 ਅਗਸਤ ਤੱਕ ਲਗਾਤਾਰ ਭੁੱਖ ਹੜਤਾਲ ਕੀਤੀ ਸੀ। ਇਸ ਭੁੱਖ ਹੜਤਾਲ ਨੂੰ ਹੁੰਗਾਰਾ ਵੀ ਭਰਵਾਂ ਮਿਲਿਆ। ਆਖਿਰੀ ਦਿਨ ਵੀ ਭੁੱਖ ਹੜਤਾਲੀ ਬਹੁਤ ਵੱਡੀ ਗਿਣਤੀ ਵਿੱਚ ਸਨ। ਭੁੱਖ ਹੜਤਾਲ ਨੂੰ ਅਚਾਨਕ ਖਤਮ ਕੀਤੇ ਜਾਨ ਬਾਰੇ ਇਸ ਧੜੇ ਦੇ ਆਗੂਆਂ ਨੇ ਦੱਸਿਆ ਸੀ ਕਿ ਅਜਿਹਾ ਸਾਡੇ ਗੁਰੂ ਦਾ ਹੁਕਮ ਸੀ। ਉਹਨਾਂ ਇਹ ਵੀ ਕਿਹਾ ਕਿ ਅਸੀਂ ਪ੍ਰਸ਼ਾਸਨ ਨੂੰ ਦੱਸ ਦਿੱਤਾ ਹੈ ਕਿ ਹੁਣ ਅਸੀਂ ਅੱਸੀ ਦੇ ਮਹੀਨੇ ਲੱਗਣ ਵਾਲੇ ਪ੍ਰਸਿਧ ਨਾਮਧਾਰੀ ਮੇਲੇ ਵਿੱਚ ਸ੍ਰੀ ਭੈਣੀ ਸਾਹਿਬ ਵਿਖੇ ਧਰਨਾ ਦੇਣਾ ਹੈ ਤਾਂਕਿ ਭੈਣੀ ਸਾਹਿਬ 'ਤੇ ਕਾਬਿਜ਼ ਧੜੇ ਦੇ ਕੰਨਾਂ ਤੱਕ ਆਪਣੀ ਆਵਾਜ਼ ਪਹੁੰਚਾਈ ਜਾ ਸਕੇ।
ਇਸਦੇ ਨਾਲ ਹੀ ਇਸ ਧੜੇ ਨੇ ਇਹ ਵੀ ਸਪਸ਼ਟ ਕੀਤਾ ਸੀ ਕਿ ਅਸੀਂ ਕਬਜਾ ਨਹੀਂ ਕਰਨਾ, ਕੋਈ ਜਾਇਦਾਦ ਨਹੀਂ ਲੈਣੀ ਸਿਰਫ ਭੈਣੀ ਸਾਹਿਬ ਦੇ ਖੁੱਲੇ ਦਰਸ਼ ਦੀਦਾਰਿਆਂ ਦਾ ਹੱਕ ਜਰੁਰ ਲੈਣਾ ਹੈ ਅਤੇ ਉਹ ਅਸੀਂ ਲੈ ਕੇ ਰਹਾਂਗੇ।
ਭੁੱਖ ਹੜਤਾਲ ਦੇ ਆਖਿਰੀ ਦਿਨ ਲੁਧਿਆਣਾ ਵਾਲੀ ਇਕੱਤਰਤਾ ਵਿੱਚ ਭੈਣੀ ਸਾਹਿਬ ਵਾਲੇ ਧੜੇ ਦੀ ਤੁਲਣਾ ਮੱਸਾ ਰੰਘੜ ਨਾਲ ਕਰਦਿਆਂ ਏਥੋਂ ਤੱਕ ਕਿਹਾ ਸੀ ਕਿ ਹੁਣ ਸੁੱਖਾ ਸਿੰਘ ਅਤੇ ਮਹਿਤਾਬ ਸਿੰਘ ਵਾਂਗ ਐਕਸ਼ਨ ਦਾ ਸਮਾਂ ਆ ਗਿਆ ਹੈ। ਇਸ ਮੌਕੇ ਤੇ ਹੀ ਖੁਦ ਠਾਕੁਰ ਦਲੀਪ ਸਿੰਘ ਨੇ ਵੀ ਸੰਗਤਾਂ ਨੂੰ ਦਰਸ਼ਨ ਦੀਦਾਰੇ ਦਿੱਤੇ ਅਤੇ ਸਾਫ਼ ਸਾਫ਼ ਕਿ ਭਰਾ ਚਲੋ ਸ਼ਰੀਕ ਹੁੰਦੇ ਹਨ ਪਰ ਕੀ ਮਾਤਾ ਚੰਦ ਕੌਰ ਦੇ ਹਿਰਦੇ ਨੂੰ ਵੀ ਏਨੀ ਸੰਗਤ ਦੀ ਭੁੱਖ ਹੜਤਾਲ ਵੇਖ ਕੇ ਕੁਝ ਨਹੀਂ ਹੋਇਆ? ਉਹਨਾਂ  ਕਰਦਿਆਂ "ਸਤਿਗੁਰੁ ਪ੍ਰਤਾਪ ਸਿੰਘ" ਹੁਰਾਂ ਦੇ ਮਹਿਲ  ਮਾਤਾ ਭੁਪਿੰਦਰ ਕੌਰ ਦੇ ਜੀਵਨ ਕਾਲ ਦੀ ਗਾਥਾ ਵੀ ਸੁਨਾਈ ਕਿ ਕਿਵੇਂ ਉਹ ਸੰਗਤ ਦੀ ਭੁੱਖ ਇੱਕ ਡੰਗ ਲਈ ਵੀ ਬਰਦਾਸ਼ਤ ਨਹੀਂ ਸਨ ਕਰ ਸਕੇ ਅਤੇ ਆਪਣੀ ਖਾਸ ਨਿਸ਼ਾਨੀ ਵਾਲੀ ਮੁੰਦਰੀ ਵੇਚ ਕੇ ਸੰਗਤ ਨੂੰ ਭੋਜਨ ਕਰਵਾਇਆ ਸੀ?
ਇਸੇ ਦੌਰਾਨ ਮਿਲੇ ਕੁਝ ਹੋਰ ਵੇਰਵੇ ਮੁਤਾਬਿਕ ਨਾਮਧਾਰੀ ਸੰਪ੍ਰਦਾ ਦੇ ਮੁੱਖ ਕੇਂਦਰ ਸ੍ਰੀ ਭੈਣੀ ਸਾਹਿਬ ਵਿਖੇ ਵੀ ਇਸ ਸਾਰੇ ਘਟਨਾਕ੍ਰਮ ਕਾਰਣ ਅੱਜ ਸ਼ਾਮ ਉਸ ਸਮੇਂ ਤਣਾਅ ਵਾਲਾ ਮਾਹੌਲ ਪੈਦਾ ਹੋ ਗਿਆ ਜਦੋਂ ਗੱਦੀਨਸ਼ੀਨ ਠਾਕੁਰ ਉਦੈ ਸਿੰਘ ਅਤੇ ਵਿਰੋਧੀ ਧਿਰ ਠਾਕੁਰ ਦਲੀਪ ਸਿੰਘ ਦੇ ਪੈਰੋਕਾਰ ਆਪਸ ਵਿਚ ਬੁਰੀ ਤਰਾਂ ਭਿੜ ਪਏ ਅਤੇ ਦੋਵਾਂ ਹੀ ਧਿਰਾਂ ਨੇ ਇਕ-ਦੂਜੇ 'ਤੇ ਪਥਰਾਬਾਜ਼ੀ ਤੇ ਹੋਰਨਾਂ ਢੰਗ ਤਰੀਕਿਆਂ ਨਾਲ ਹਮਲਾ ਕਰਨ ਦਾ ਦੋਸ਼ ਵੀ ਲਗਾਇਆ।
ਜਿਕਰਯੋਗ ਹੈ ਕਿ ਠਾਕੁਰ ਉਦੈ ਸਿੰਘ ਅਤੇ ਠਾਕੁਰ ਦਲੀਪ ਸਿੰਘ ਦੇ ਪੈਰੋਕਾਰਾਂ ਵਿਚਕਾਰ ਗੱਦੀ ਨੂੰ ਲੈ ਕੇ ਪਿਛਲੇ ਕੁਝ ਮਹੀਨਿਆਂ ਤੋਂ ਟਕਰਾਅ ਵਾਲਾ ਜੋ ਮਾਹੌਲ ਬਣਿਆ ਹੋਇਆ ਹੈ ਉਹ ਭੁੱਖ ਹੜਤਾਲ ਨਾਲ ਹੋਰ ਤਿੱਖਾ ਹੋ ਗਿਆ ਹੈ। ਚੇਤੇ ਰਹੇ ਕਿ ਕੁਝ ਦਿਨ ਪਹਿਲਾਂ ਹੀ ਠਾਕੁਰ ਦਲੀਪ ਸਿੰਘ ਦੇ ਪੈਰੋਕਾਰਾਂ ਵਲੋਂ ਲੁਧਿਆਣਾ ਵਿਖੇ ਨਾਮਧਾਰੀ ਏਕਤਾ ਦੇ "ਮਿਸ਼ਨ" ਨੂੰ ਲੈ ਕੇ  ਭੁੱਖ ਹੜਤਾਲ  ਵੀ ਕੀਤੀ ਗਈ ਪਰ ਮਾਮਲਾ ਏਨਾ ਗੰਭੀਰ ਹੋਇਆ ਕਿ ਸ੍ਰੀ ਭੈਣੀ ਸਾਹਿਬ ਵਿਖੇ ਦੋਵਾਂ ਦੇ ਪੈਰੋਕਾਰ ਆਪਸ ਵਿਚ ਆਹਮੋ-ਸਾਹਮਣੇ ਹੋ ਗਏ।  ਮੌਕੇ ਤੋਂ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਭੈਣੀ ਸਾਹਿਬ ਪੁਲਸ ਛਾਉਣੀ ਵਿਚ ਤਬਦੀਲ ਹੋ ਗਿਆ ਹੈ ਤੇ ਸ੍ਰੀ ਭੈਣੀ ਸਾਹਿਬ ਦੇ ਮੁੱਖ ਕੇਂਦਰ ਵਿਚ ਮੌਜੂਦ ਸੂਬਾ ਬਲਵਿੰਦਰ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਸਵੇਰ ਤੋਂ ਹੀ ਭੈਣੀ ਸਾਹਿਬ ਦੇ ਇਕ ਘਰ ਵਿਚ ਠਾਕੁਰ ਦਲੀਪ ਸਿੰਘ ਧੜੇ ਦੇ ਕੁਝ ਲੋਕ ਇਕੱਤਰ ਹੋਣੇ ਸ਼ੁਰੂ ਹੋ ਗਏ ਸਨ, ਜਿਸ ਦੀ ਸੂਚਨਾ ਉਨ੍ਹਾਂ ਤੁਰੰਤ ਥਾਣਾ ਕੂੰਮਕਲਾਂ ਪੁਲਸ ਨੂੰ ਦਿੱਤੀ ਤਾਂ ਜੋ ਮਾਹੌਲ ਖਰਾਬ ਨਾ ਹੋਵੇ ਪਰ ਸ਼ਾਮ 6 ਵਜੇ ਤੋਂ ਬਾਅਦ ਠਾਕੁਰ ਦਲੀਪ ਸਿੰਘ ਧੜੇ ਦੇ ਕੁਝ ਲੋਕ ਇਕ ਗੱਡੀ 'ਚ ਸਵਾਰ ਹੋ ਕੇ ਆਏ ਤੇ ਉਨ੍ਹਾਂ ਸ੍ਰੀ ਭੈਣੀ ਸਾਹਿਬ ਦਰਬਾਰ ਦੇ ਮੁੱਖ ਗੇਟ ਅੱਗੇ ਖੜੇ ਪੈਰੋਕਾਰਾਂ 'ਤੇ ਗੱਡੀ ਚੜ੍ਹਾ ਦਿੱਤੀ ਤੇ ਮੌਕੇ 'ਤੇ ਥਾਣਾ ਕੂੰਮਕਲਾਂ ਦੇ ਮੁਖੀ ਵੀ ਮੌਜੂਦ ਸਨ। ਸੂਬਾ ਬਲਵਿੰਦਰ ਸਿੰਘ ਨੇ ਦੱਸਿਆ ਕਿ ਗੱਡੀ ਚੜ੍ਹਾਉਣ ਕਾਰਨ ਉਨ੍ਹਾਂ ਦੇ ਧੜੇ ਦੇ 4 ਵਿਅਕਤੀ ਜ਼ਖਮੀ ਹੋ ਗਏ, ਜਿਸ ਵਿਚ ਮਹਾ ਸਿੰਘ, ਗੁਰਪ੍ਰੀਤ ਸਿੰਘ ਤੇ 2 ਹੋਰ ਵਿਅਕਤੀ ਸਨ। ਸੂਬਾ ਬਲਵਿੰਦਰ ਸਿੰਘ ਨੇ ਦੋਸ਼ ਲਗਾਇਆ ਕਿ ਜਦੋਂ ਦਲੀਪ ਸਿੰਘ ਧੜੇ ਨੇ ਭੁੱਖ ਹੜਤਾਲ ਕੀਤੀ ਸੀ ਤਾਂ ਉਨ੍ਹਾਂ ਵਲੋਂ ਸਤਿਗੁਰ ਠਾਕੁਰ ਉਦੈ ਸਿੰਘ ਦੇ ਨਿਰਦੇਸ਼ਾਂ ਨੂੰ ਮੰਨਦੇ ਹੋਏ ਇਸ ਵਿਚ ਕੋਈ ਵਿਘਨ ਨਹੀਂ ਪਾਇਆ ਦੇ ਭੁੱਖ ਹੜਤਾਲ ਦੇ ਅੰਤਿਮ ਦਿਨ ਠਾਕੁਰ ਦਲੀਪ ਸਿੰਘ ਨੇ ਲੁਧਿਆਣਾ ਵਿਖੇ ਬਹੁਤ ਹੀ ਭੜਕਾਊ ਭਾਸ਼ਣ ਦਿੱਤਾ ਤੇ ਭੈਣੀ ਸਾਹਿਬ ਦਾ ਮਾਹੌਲ ਖਰਾਬ ਕਰਨ ਦੇ ਵੀ ਆਪਣੇ ਪੈਰੋਕਾਰਾਂ ਨੂੰ ਨਿਰਦੇਸ਼ ਦਿੱਤੇ ਸਨ। ਉਨ੍ਹਾਂ ਕਿਹਾ ਕਿ ਇਸ ਸਾਰੀ ਘਟਨਾ ਦੀ ਸੂਚਨਾ ਪੁਲਸ ਨੂੰ ਦੇ ਦਿੱਤੀ ਗਈ ਹੈ ਤੇ ਭੈਣੀ ਸਾਹਿਬ ਡੇਰੇ ਅੰਦਰ ਮਾਹੌਲ ਬਿਲਕੁਲ ਸ਼ਾਂਤੀਪੂਰਵਕ ਹੈ। 
ਦੂਸਰੇ ਪਾਸੇ ਠਾਕੁਰ ਦਲੀਪ ਸਿੰਘ ਧੜੇ ਨਾਲ ਸੰਬੰਧਿਤ ਪਰਵਿੰਦਰ ਸਿੰਘ ਨਾਮਧਾਰੀ ਨੇ ਇਹਨਾਂ ਸਾਰੇ ਦੋਸ਼ਾਂ ਦਾ ਖੰਡਣ ਕੀਤਾ ਹੈ। ਇਸਦੇ ਨਾਲ ਹੀ ਨਵਤੇਜ ਸਿੰਘ ਨਾਮਧਾਰੀ, ਜਸਵਿੰਦਰ ਸਿੰਘ, ਦਯਾ ਸਿੰਘ, ਹਰਵਿੰਦਰ ਸਿੰਘ, ਬੇਅੰਤ ਸਿੰਘ ਤੇ ਨਿਸ਼ਾਨ ਸਿੰਘ ਨੇ ਦੋਸ਼ ਲਗਾਇਆ ਕਿ ਅਸਲ ਵਿੱਚ ਅੱਜ ਭੈਣੀ ਸਾਹਿਬ ਵਿਖੇ ਹੀ ਨਿਰੰਜਣ ਸਿੰਘ ਦੇ ਘਰ ਵਿਚ ਆ ਕੇ ਠਾਕੁਰ ਉਦੈ ਸਿੰਘ ਦੇ ਧੜੇ ਨਾਲ ਸੰਬੰਧਿਤ ਕੁਝ ਵਿਅਕਤੀਆਂ ਨੇ ਭੰਨਤੋੜ ਕੀਤੀ ਅਤੇ ਕੰਪਿਊਟਰ ਵੀ ਚੁੱਕ ਕੇ ਲੈ ਗਏ। ਹੋਰ ਤਾਂ ਹੋਰ ਘਰ ਵਾਲਿਆਂ ਦੇ ਦਰਵਾਜ਼ੇ ਵੀ ਭੰਨ ਦਿੱਤੇ ਤੇ ਪਥਰਾਬਾਜ਼ੀ ਵੀ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਦੇ ਧੜੇ ਨਾਲ ਸੰਬੰਧਿਤ ਕੁਝ ਲੋਕ ਡੇਰੇ ਦੇ ਮੁੱਖ ਗੇਟ ਅੱਗੇ ਗੱਡੀ 'ਤੇ ਜਾ ਰਹੇ ਸਨ, ਉਨ੍ਹਾਂ ਉਪਰ ਵੀ ਹਮਲਾ ਕੀਤੀ ਜਿਸ 'ਤੇ ਉਨ੍ਹਾਂ ਭੱਜ ਕੇ ਜਾਨ ਬਚਾਈ। ਉਨ੍ਹਾਂ ਦੋਸ਼ ਲਗਾਇਆ ਕਿ ਇਹ ਸਭ ਕੁਝ ਠਾਕੁਰ ਉਦੈ ਸਿੰਘ ਤੇ ਸੰਤ ਜਗਤਾਰ ਸਿੰਘ ਦੇ ਨਿਰਦੇਸ਼ਾਂ 'ਤੇ ਹੋ ਰਿਹਾ ਹੈ ਕਿਉਂਕਿ ਨਾਮਧਾਰੀ ਸੰਗਤ ਅਤੇ ਭੈਣੀ ਸਾਹਿਬ ਦੇ 80 ਫੀਸਦੀ ਲੋਕ ਠਾਕੁਰ ਉਦੈ ਸਿੰਘ ਨੂੰ ਆਪਣਾ ਗੁਰੂ ਨਹੀਂ ਮੰਨਦੇ ਤੇ ਉਨ੍ਹਾਂ ਦੇ ਕੁਝ ਵਿਅਕਤੀਆਂ ਨੇ ਧੱਕੇ ਨਾਲ ਡੇਰੇ 'ਤੇ ਕਬਜ਼ਾ ਕੀਤਾ ਹੋਇਆ ਹੈ। ਉਨ੍ਹਾਂ ਦੱਸਿਆ ਕਿ ਇਸ ਝਗਡ਼ੇ ਵਿਚ ਉਨ੍ਹਾਂ ਦਾ ਇਕ ਵਿਅਕਤੀ ਜ਼ਖਮੀ ਹੋਇਆ, ਜਿਸ ਨੂੰ ਹਸਪਤਾਲ ਭੇਜਿਆ ਗਿਆ ਹੈ। ਮੌਕੇ ਦੀ ਸਥਿਤੀ ਨੂੰ ਨਜਿੱਠਣ ਲਈ ਲੁਧਿਆਣਾ ਤੋਂ ਏ. ਸੀ. ਪੀ. ਸਤਵੀਰ ਸਿੰਘ ਅਟਵਾਲ, ਡੀ. ਐੱਸ. ਪੀ. ਸਾਹਨੇਵਾਲ ਤੇ ਥਾਣਾ ਕੂੰਮਕਲਾਂ ਦੀ ਭਾਰੀ ਪੁਲਸ ਫੋਰਸ ਪੁੱਜੀ ਹੋਈ ਸੀ ਤੇ ਉਨ੍ਹਾਂ ਦੋਵਾਂ ਧੜਿਆਂ ਨੂੰ ਸ਼ਾਂਤ ਰਹਿਣ ਦੀ ਅਪੀਲ ਕੀਤੀ। ਹੁਣ ਦੇਖਣਾ ਹੈ ਕਿ ਇਹਨਾਂ ਧਾਰਮਿਕ ਗੁੱਟਾਂ ਵਿਚਾਲੇ ਪੈਦਾ ਹੋਇਆ ਖਿਚਾਅ ਕੀ ਰੁੱਖ ਅਖਤਿਆਰ ਕਰਦਾ ਹੈ। 

No comments: