Friday, August 29, 2014

ਨਾਮਧਾਰੀ ਪੰਥਕ ਏਕਤਾ ਐਕਸ਼ਨ ਕਮੇਟੀ ਵੱਲੋਂ ਖਰੀਆਂ ਖਰੀਆਂ

Fri, Aug 29, 2014 at 4:12 PM
ਹਿੰਸਾ ਰੋਕਣ ਲਈ ਕੀਤੀ ਇੱਕ ਹੋਰ ਪਹਿਲਕਦਮੀ 
ਭੈਣੀ ਸਾਹਿਬ ਵਿਖੇ ਰੱਖੀ ਜਾਣ ਵਾਲੀ ਭੁੱਖ ਹੜਤਾਲ ਦਾ ਸਮਾਂ ਤੇ ਸਥਾਨ ਬਦਲਿਆ 
ਲੁਧਿਆਣਾ: 29 ਅਗਸਤ 2014: (ਰੈਕਟਰ ਕਥੂਰੀਆ//ਪੰਜਾਬ ਸਕਰੀਨ):
ਪੰਜਾਬ ਸਰਕਾਰ ਅਤੇ ਭੈਣੀ ਸਾਹਿਬ ਦੇ ਮੌਜੂਦਾ ਪ੍ਰਬੰਧਕਾਂ ਨੂੰ ਲੰਮੇ ਹਥੀਂ ਲੈਂਦਿਆਂ ਅੱਜ ਨਾਮਧਾਰੀ ਪੰਥਕ ਏਕਤਾ ਐਕਸ਼ਨ ਕਮੇਟੀ ਨੇ ਮੀਡੀਆ ਸਾਹਮਣੇ ਕਈ ਅਹਿਮ ਐਲਾਨ ਕੀਤੇ ਅਤੇ ਵਿਰੋਧੀ ਧਿਰ ਨੂੰ ਖੁੱਲ੍ਹੀ ਬਹਿਸ ਦਾ ਚੈਲੰਜ ਵੀ ਦਿੱਤਾ। ਇਸਦੇ ਨਾਲ ਹੀ ਇਸ ਕਮੇਟੀ ਨੇ ਏਕਤਾ ਖਿਲਾਫ਼ ਰਚੀਆਂ ਜਾ ਰਹੀਆਂ ਸਾਜਿਸ਼ਾਂ ਨੂੰ ਨਾਕਾਮ ਕਰਦਿਆਂ ਇੱਕ ਵਾਰ ਫੇਰ ਪਹਿਲਕਦਮੀ ਦਿਖਾਈ ਅਤੇ ਅਤੇ ਭੈਣੀ ਸਾਹਿਬ ਜਾ ਕੇ ਕੀਤੀ ਜਾਣ ਵਾਲੀ ਆਪਣੀ ਐਲਾਨੀ ਹੋਈ ਭੁੱਖ ਹੜਤਾਲ ਨੂੰ ਵਾਪਿਸ ਲੈ ਲਿਆ। ਇਸ ਐਲਾਨ ਤੋਂ ਪਹਿਲਾਂ ਇਸ ਏਕਤਾ ਕਮੇਟੀ ਦੀ ਮੀਟਿੰਗ ਲੁਧਿਆਣਾ ਵਿਖੇ ਹੋਈ ਸੀ ਜਿਸ ਵਿੱਚ ਪਿਛਲੇ ਕੁਛ ਦਿਨਾਂ ਤੋਂ ਡੇਰਾ ਭੈਣੀ ਸਾਹਿਬ ਵਾਲਿਆਂ ਵੱਲੋਂ ਭੈਣੀ ਸਾਹਿਬ ਪਿੰਡ ਵਿੱਚ ਰਹਿ ਰਹੇ ਪਿੰਡ ਵਾਸੀਆਂ (ਜਿਹਨਾਂ ਦਾ ਡੇਰੇ ਨਾਲ ਕੋਈ ਸੰਬੰਧ ਨਹੀਂ) ਉਪਰ ਕੀਤੇ ਜਾ ਰਹੇ ਅਤਿਆਚਾਰ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ।
ਕਮੇਟੀ ਦੇ ਆਗੂਆਂ ਨੇ ਦੱਸਿਆ ਕਿ ਨਾਮਧਾਰੀ ਪੰਥ ਦੀ ਏਕਤਾ ਰੋਕਣ ਲਈ ਡੇਰਾ ਭੈਣੀ ਸਾਹਿਬ ਵਾਲਿਆਂ ਨੇ ਡੇਰੇ ਤੋਂ ਬਾਹਰ ਭੈਣੀ ਸਾਹਿਬ ਵਿੱਚ ਰਹਿਣ ਵਾਲੇ ਏਕਤਾ ਚਾਹੁਣ ਵਾਲੇ ਸ਼ਰਧਾਲੂ ਸਿੱਖਾਂ ਨੂੰ ਮਾਰਨਾ ਕੁੱਟਣਾ ਸ਼ੁਰੂ ਕਰ ਦਿੱਤਾ ਹੈ। ਉਹਨਾਂ ਦਾ ਕਸੂਰ ਇੰਨਾ ਹੀ ਹੈ ਕਿ ਉਹ ਏਕਤਾ ਚਾਹੁੰਦੇ ਹਨ। ਉਹ ਡੇਰੇ ਵਾਲਿਆਂ ਨਾਲ ਵੀ ਕਦੇ ਕੋਈ ਲੜਾਈ ਝਗੜਾ ਨਹੀਂ ਕਰਦੇ। ਇਸ ਮੌਕੇ ਤੇ ਜਸਵਿੰਦਰ ਸਿੰਘ ਨੇ ਦੱਸਿਆ ਕਿ ਜਿਸ ਵੈਦ ਗੁਰਦੇਵ ਸਿੰਘ ਦੀ ਬੁਰੀ ਤਰਾਂ ਮਾਰਕੁੱਟ ਕੀਤੀ ਗਈ ਉਸਨੇ ਕਾਫੀ ਸਮਾਂ ਪਹਿਲਾਂ ਹੀ ਆਪਣੀ ਸਾਰੀ ਜਾਇਦਾਦ ਭੈਣੀ ਸਾਹਿਬ ਨੂੰ ਦਾਨ ਦਿੱਤੀ ਹੋਈ ਹੈ।
ਕਮੇਟੀ ਨੇ ਮੀਡੀਆ ਸਾਹਮਣੇ ਸਪਸ਼ਟ ਕੀਤਾ ਕਿ ਡੇਰੇ ਵਾਲੇ ਏਕਤਾ ਰੋਕਣ ਲਈ ਲੜਾਈ ਵਧਾਉਣਾ ਚਾਹੁੰਦੇ ਹਨ ਜਿਸ ਕਰਕੇ ਉਹ ਪੰਥ ਹਿਤੈਸ਼ੀਆਂ ਨੂੰ ਲੜਾਈ ਦੇ ਰਸਤੇ ਵੱਲ ਤੋਰਨਾ ਚਾਹੁੰਦੇ ਹਨ। ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਡੇਰਾ ਭੈਣੀ ਸਾਹਿਬ ਵਾਲਿਆਂ ਦਾ ਅਤਿਆਚਾਰ ਕਰਨ ਵਿੱਚ ਪੂਰਾ ਸਾਥ ਦੇ ਰਿਹਾ ਹੈ। ਇਸ ਮੌਕੇ ਤੇ ਮੌਜੂਦ ਕਮੇਟੀ ਦੇ ਜਨਰਲ ਸਕੱਤਰ ਹਰਵਿੰਦਰ ਸਿੰਘ ਅਤੇ ਪ੍ਰਧਾਨ ਨਵਤੇਜ ਸਿੰਘ ਨੇ ਦੱਸਿਆ ਇਸ ਮਕਸਦ ਲਈ ਹੀ ਕਈ ਡੂੰਘੀਆਂ ਸਾਜਿਸ਼ਾਂ ਰਚੀਆਂ ਗਈਆਂ ਹਨ ਜਿਹਨਾਂ ਵਿੱਚ ਸੋਸ਼ਲ ਮੀਡੀਆ ਦੀ ਦੁਰਵਰਤੋਂ ਵੀ ਸ਼ਾਮਿਲ ਹੈ। ਇਸ ਨਾਪਾਕ ਇਰਾਦੇ ਨਾਲ ਹੀ ਨਾਮਧਾਰੀ ਰੈਜੀਮੈਂਟ ਅਤੇ ਕਈ ਹੋਰ ਨਾਵਾਂ ਵਾਲੀਆਂ ਜਾਅਲੀ ਆਈ ਡੀਆਂ ਬਣਾ ਕੇ ਸਾਡੇ ਸੰਘਰਸ਼ ਅਤੇ ਏਕਤਾ ਦੀਆਂ ਕੋਸ਼ਿਸ਼ਾਂ ਨੂੰ ਤਾਰਪੀਡੋ ਕਰਨ ਦੀਆਂ ਘਟੀਆਂ ਹਰਕਤਾਂ ਵੀ ਕੀਤੀਆਂ ਜਾ ਰਹੀਆਂ ਹਨ। ਕਦੇ ਕਿਹਾ ਜਾਂਦਾ ਹੈ ਅਸੀਂ ਭੈਣੀ ਸਾਹਿਬ 'ਤੇ ਹਮਲਾ ਕਰਨਾ ਹੈ, ਕਦੇ ਕਿਹਾ ਜਾਂਦਾ ਹੈ ਅਸੀਂ ਉੱਥੇ ਜਾ ਕੇ ਮੌਤ ਵੰਡਣੀ ਹੈ ਅਤੇ ਕਦੇ ਕਿਹਾ ਜਾਂਦਾ ਹੈ ਅਸੀਂ ਫਤਹਿ ਨਿਸ਼ਾਨ ਝੁਲਾਉਣੇ ਹਨ। 
ਦੂਸਰੇ ਪਾਸੇ, ਜਿਹਨਾਂ ਨੂੰ ਕੁੱਟਿਆ ਜਾ ਰਿਹਾ ਹੈ ਉਹਨਾਂ ਨੂੰ ਬਚਾਉਣ ਦਾ ਸਰਕਾਰ ਨਾਟਕ ਕਰ ਰਹੀ ਹੈ। ਜਿਸ ਕਰਕੇ ਸੌ ਤੋਂ ਵੱਧ ਪੁਲਿਸ ਵਾਲੇ ਭੈਣੀ ਸਾਹਿਬ ਵਿੱਚ ਅਮਨ ਸ਼ਾਂਤੀ ਬਹਾਲ ਕਰਨ ਦੇ ਨਾਂ ਤੇ ਲਗਾਏ ਗਏ ਹਨ। ਜੇਕਰ ਪੰਜਾਬ ਸਰਕਾਰ ਦੀ ਸ਼ਹਿ ਨਾ ਹੋਵੇ ਤਾਂ ਡੇਰਾ ਭੈਣੀ ਸਾਹਿਬ ਵਾਲੇ ਕਿਸੇ ਨੂੰ ਕੁੱਟਣਾ ਤਾਂ ਕੀ, ਉਏ ਵੀ ਨਹੀਂ ਕਹਿ ਸਕਦੇ।ਹੁਣ ਵੀ ਜੇ ਦੋ ਬੰਦਿਆਂ , ਸਰਬਜੀਤ ਸਿੰਘ ਸਰਪੰਚ ਅਤੇ ਕੇਸਰ ਸਿੰਘ ਲਾਡੀ, ਨੂੰ ਫੜਕੇ ਅੰਦਰ ਕਰ ਦਿੱਤਾ ਜਾਵੇ, ਤਾਂ ਹੁਣੇ ਹੀ ਭੈਣੀ ਸਾਹਿਬ ਵਿੱਚ ਸ਼ਾਂਤੀ ਹੋ ਜਾਵੇਗੀ।ਫੇਰ ਉਥੇ ਇਕ ਵੀ ਪੁਲਿਸ ਵਾਲੇ ਦੀ ਲੋੜ ਨਹੀਂ ਪਵੇਗੀ। ਉਹਨਾਂ ਫਿਰ ਕਿਹਾ ਕਿ ਅਸੀਂ ਤਾਂ ਪ੍ਰਸ਼ਾਸਨ ਤੋਂ ਆਗਿਆ ਲੈਕੇ ਜਾਣਾ ਸੀ, ਭੁਖ ਹੜਤਾਲ ਕਰਨੀ ਸੀ।
ਪਰ ਪੰਜਾਬ ਸਰਕਾਰ ਅਮਨ ਸ਼ਾਂਤੀ ਨਹੀਂ ਚਾਹੁੰਦੀ ਅਤੇ ਸ਼ਾਂਤੀ ਬਹਾਲ ਕਰਨ ਦਾ ਨਾਟਕ ਕਰ ਰਹੀ ਹੈ।ਪ੍ਰਸ਼ਾਸਨ ਨੂੰ ਇਸ ਨਾਟਕਬਾਜ਼ੀ / ਲੜਾਈ ਨਾਲ ਕਾਫੀ ਆਮਦਨ ਵੀ ਹੈ, ਇਸ ਕਰਕੇ ਡੇਰਾ ਭੈਣੀ ਸਾਹਿਬ ਵਾਲੇ ਦੋਸ਼ੀਆਂ ਨੂੰ ਫੜਦੇ ਨਹੀਂ ਪਰ ਪੁਲਿਸ ਵਾਲਿਆਂ ਨੂੰ ਵਖਤ ਜ਼ਰੂਰ ਪਾਇਆ ਹੋਇਆ।ਇਸ ਦਾ ਪ੍ਰਤੱਖ ਪ੍ਰਮਾਣ ਹੈ: ਪ੍ਰਸ਼ਾਸਨ ਵੱਲੋਂ ਲੁਧਿਆਣੇ ਵਿੱਚ ਨਾਮਧਾਰੀਆਂ ਨੂੰ ਹੀ ਨਾਮਧਾਰੀਆਂ ਦੇ ਖੂਹ ਤੋਂ ਪਾਣੀ ਨਾ ਲੈਣ ਦੇਣਾ ਅਤੇ ਭੈਣੀ ਸਾਹਿਬ ਵਿੱਚ 26 ਅਗਸਤ 2014 ਨੂੰ ਆਪ ਕੋਲ ਖਲੋ ਕੇ ਸ਼ਾਂਤੀ ਪਸੰਦ ਸਿੱਖਾਂ ਉਤੇ ਹਜ਼ੂਮ ਤੋਂ ਹਮਲਾ ਕਰਵਾਉਣਾ, ਜਿਵੇਂ ਦਿੱਲੀ ਵਿੱਚ 1984 ਵਿੱਚ ਕਾਂਗਰਸ ਸਰਕਾਰ ਨੇ ਕਰਵਾਇਆ ਸੀ।
ਇਸਦਾ ਪ੍ਰਤੱਖ ਸਬੂਤ ਹੈ ਕਿ ਦਸ ਦਿਨ ਹੋ ਗਏ ਹਨ, 19 ਅਗਸਤ ਨੂੰ ਡੇਰਾ ਭੈਣੀ ਸਾਹਿਬ ਵਾਲਿਆਂ ਨੇ ਇਕ ਸਾਧਾਰਨ ਸਿੱਖ ਨੂੰ ਬਿਨਾਂ ਕਾਰਨ ਕੁੱਟਿਆ ਸੀ ਪਰ ਪਰਚਾ ਦਰਜ ਹੋਣ ਦੇ ਬਾਵਜੂਦ ਪੁਲਿਸ ਨੇ ਅੱਜ ਤੱਕ ਕਿਸੇ ਨੂੰ ਨਹੀਂ ਫੜਿਆ।ਉਸ ਤੋਂ ਬਾਅਦ ਵੀ ਕਈਆਂ ਨੂੰ ਕੁੱਟ ਚੁੱਕੇ ਹਨ ਪਰ ਪੁਲਿਸ ਮੂਕ ਦਰਸ਼ਕ ਬਣੀ ਹੋਈ ਹੈ। ਦੂਸਰਾ ਪ੍ਰਤੱਖ ਸਬੂਤ ਇਹ ਹੈ ਕਿ ਸੰਗਤ ਨੇ ਬੜੀ ਵਾਰੀ ਬਾਦਲ ਸਾਹਿਬ ਨੂੰ ਪੰਥ ਵਿੱਚ ਏਕਤਾ ਕਰਾਉਣ ਲਈ ਬੇਨਤੀ ਕੀਤੀ ਹੈ ਪਰ ਉਹਨਾਂ ਨੇ ਹਰ ਵਾਰੀ ਇਹ ਕਹਿਕੇ ਟਾਲ ਦਿੱਤਾ ਕਿ ਅਸੀਂ ਧਾਰਮਿਕ ਮਾਮਲੇ ਵਿੱਚ ਦਖਲ ਕਿਵੇਂ ਦੇ ਸਕਦੇ ਹਾਂ।
ਬਾਦਲ ਸਾਹਿਬ ਪੰਥ ਵਿੱਚ ਲੜਾਈਆਂ ਕਰਵਾਉਣ ਲਈ ਤਾਂ ਦਖਲ ਦੇ ਸਕਦੇ ਹਨ ਪਰ ਏਕਤਾ ਕਰਾਉਣ ਲਈ ਦਖਲ ਨਹੀਂ ਦੇ ਸਕਦੇ। ਉਹ ਪੰਥ ਪਾੜਨ ਵਾਲਿਆਂ ਦੀ ਹਰ ਤਰਾਂ ਨਾਲ ਮਦਦ ਕਰਦੇ ਹਨ ਅਤੇ ਉਹਨਾਂ ਦੀ ਸੁਰੱਖਿਆ ਵਾਸਤੇ ਪੁਲਿਸ ਵੀ ਲਗਾਉਂਦੇ ਹਨ ਜਿਸ ਨਾਲ ਡੇਰੇ ਵਾਲਿਆਂ ਨੂੰ ਏਕਤਾ ਰੋਕਣ ਲਈ ਤੇ ਸਿੱਖਾਂ ਤੇ ਅਤਿਆਚਾਰ ਕਰਨ ਲਈ ਸ਼ਹਿ ਮਿਲਦੀ ਹੈ।
ਅਸੀਂ ਸਪਸ਼ਟ ਕਰਦੇ ਹਾਂ : ਗੁਰਦਵਾਰਾ ਭੈਣੀ ਸਾਹਿਬ ਜਾਂ ਕਿਸੇ ਵੀ ਗੁਰਦਆਰੇ ਤੇ ਕਬਜ਼ਾ ਕਰਨ ਦਾ ਅਸਾਡਾ ਕੋਈ ਵਿਚਾਰ ਨਹੀਂ।
ਅਸੀਂ ਭੈਣੀ ਸਾਹਿਬ ਵਿਖੇ ਏਕਤਾ ਕਰਾਉਣ ਲਈ ਭੁੱਖ ਹੜਤਾਲ ਕਰਨੀ ਸੀ ਨਾ ਕਿ ਲੜਾਈ ਵਧਾਉਣ ਲਈ, ਜੋ ਡੇਰਾ ਭੈਣੀ ਸਾਹਿਬ ਵਾਲੇ ਕਰਨਾ ਚਾਹੁੰਦੇ ਹਨ। ਡੇਰੇ ਉਤੇ ਕਾਬਜ਼ ਧੜਾ ਅਸਾਨੂੰ ਏਕਤਾ, ਸ਼ਾਂਤੀ ਦੇ ਮਾਰਗ ਤੋਂ ਭਟਕਾ ਕੇ ਲੜਾਈ ਦੇ ਰਾਹ ਤੋਰਨਾ ਚਾਹੁੰਦਾ ਹੈ। ਜੋ ਅਸੀਂ ਨਹੀਂ ਤੁਰਨਾ। 
ਪ੍ਰਸ਼ਾਸਨ ਤੋਂ ਤਨਾਅ ਘਟਾਉਣ ਲਈ ਅਤੇ ਜਿਹੜੇ ਪੁਲਿਸ ਵਾਲੇ ਬਿਨਾਂ ਕਾਰਨ ਤੋਂ ਡੇਰਾ ਭੈਣੀ ਸਾਹਿਬ ਵਿੱਚ ਤਾਇਨਾਤ ਹਨ, ਉਹਨਾਂ ਨੂੰ ਸੌਖਿਆਂ ਕਰਨ ਵਾਸਤੇ ਅਸੀਂ ਅਗਲੇ ਮਹੀਨੇ ਭੈਣੀ ਸਾਹਿਬ ਵਿਖੇ ਐਲਾਨ ਕੀਤੀ ਭੁਖ ਹੜਤਾਲ ਦਾ ਸਥਾਨ ਬਦਲ ਰਹੇ ਹਾਂ। ਭੁਖ ਹੜਤਾਲ ਦੇ ਨਵੇਂ ਸਥਾਨ ਅਤੇ ਤਾਰੀਖ ਬਾਰੇ ਸੰਗਤਾਂ ਨੂੰ ਜਲਦ ਹੀ ਸੂਚਿਤ ਕਰ ਦਿੱਤਾ ਜਾਵੇਗਾ।
ਇਸ ਮੌਕੇ ਸੂਬਾ ਦਰਸ਼ਨ ਸਿੰਘ ਰਾਏਸਰ, ਸੂਬਾ ਅਮਰੀਕ ਸਿੰਘ, ਜਸਵਿੰਦਰ ਸਿੰਘ ਲੁਧਿਆਣਾ, ਨਵਤੇਜ ਸਿੰਘ ਲੁਧਿਆਣਾ, ਹਰਵਿੰਦਰ ਸਿੰਘ ਲੁਧਿਆਣਾ, ਬਸੰਤ ਸਿੰਘ, ਰਜਵੰਤ ਸਿੰਘ, ਗੁਰਦੀਪ ਸਿੰਘ ਆਦਿ ਹਾਜ਼ਰ ਸਨ।

No comments: