Sunday, August 24, 2014

ਕੀ ਸੱਕੀ ਬਿਰਧ ਮਾਤਾ ਬੇਬੇ ਦਲੀਪ ਕੌਰ ਜੀ ਵੀ ਸ਼ਰਾਰਤੀ ਅਨਸਰ ਹਨ?

 Sun, Aug 24, 2014 at 3:22 PM
ਭੁੱਖ ਹੜਤਾਲੀ ਧੜ੍ਹੇ ਨੇ ਕੀਤਾ ਭੈਣੀ ਸਾਹਿਬ ਵਾਲਿਆਂ ਨੂੰ ਸੁਆਲ
ਲੁਧਿਆਣਾ:24 ਅਗਸਤ 2014: (*ਸੂਬਾ ਦਰਸ਼ਨ ਸਿੰਘ//*ਹਰਵਿੰਦਰ ਸਿੰਘ ਨਾਮਧਾਰੀ): 
ਅੱਜ ਨਾਮਧਾਰੀ ਪੰਥਕ ਏਕਤਾ ਐਕਸ਼ਨ ਕਮੇਟੀ ਦੀ ਇਕ ਵਿਸ਼ੇਸ਼ ਇਕੱਤਰਤਾ ਵਿਸ਼ਵਕਰਮਾ ਚੌਂਕ, ਲੁਧਿਆਣਾ ਵਿਖੇ ਹੋਈ ਜਿਸ ਵਿੱਚ ਪਿਛਲੇ ਦਿਨੀਂ ਅਖਬਾਰਾਂ ਵਿੱਚ ਭੈਣੀ ਸਾਹਿਬ ਵਾਲਿਆਂ ਨੇ ਜੋ ਬਿਆਨ ਦਿੱਤਾ ਸੀ ਕਿ ਪੰਥਕ ਏਕਤਾ ਵਾਲੇ ਗੈਰ ਸਮਾਜਕ ਅਨਸਰ ਹਨ, ਸੰਗਤ ਨੂੰ ਗੁਮਰਾਹ ਕਰ ਰਹੇ ਹਨ ਅਤੇ ਸ਼ਰਾਰਤੀ ਅਨਸਰਾਂ ਨੂੰ ਭੈਣੀ ਸਾਹਿਬ ਵਿੱਚ ਵੜਨ ਦੀ ਮਨਾਹੀ ਹੈ ; ਉਸ ਬਾਰੇ ਵਿਚਾਰ ਵਿਟਾਂਦਰਾ ਕੀਤਾ ਗਿਆ।  
ਇਸ ਮੌਕੇ ਸੂਬਾ ਦਰਸ਼ਨ ਸਿੰਘ ਪ੍ਰਧਾਨ ਐਕਸ਼ਨ ਕਮੇਟੀ ਨੇ ਕਿਹਾ ਕਿ ਅਸੀਂ ਭੈਣੀ ਸਾਹਿਬ ਵਾਲਿਆਂ ਨੂੰ ਇਹ ਪੁੱਛਦੇ ਹਾਂ ਕਿ ਪੰਥਕ ਏਕਤਾ ਦੀ ਗੱਲ ਕਰਨੀ ਗੁਮਰਾਹ ਕਰਨਾ ਹੈ ਜਾਂ ਪੰਥ ਪਾੜਨਾ ਗੁਮਰਾਹ ਕਰਨਾ ਹੈ।ਉਹ ਇਹ ਗੱਲ ਸਾਨੂੰ ਬੈਠਕੇ ਸਮਝਾ ਦੇਣ, ਅਸੀਂ ਭੁਖ ਹੜਤਾਲ ਪੰਥ ਪਾੜਨ ਵਾਸਤੇ ਸ਼ੁਰੂ ਕਰ ਦਿਆਂਗੇ।
ਕੀ ਪੰਥ ਦੀ ਏਕਤਾ ਵਾਸਤੇ ਗੱਲ ਕਰਨੀ ਗੈਰ ਸਮਾਜਕ ਹੈ ਜਾਂ ਪੰਥ ਪਾੜਨਾ ਗੈਰ ਸਮਾਜਕ ਹੈ? ਕੀ ਪੰਥ ਦੀ ਏਕਤਾ ਵਾਸਤੇ ਪੂਰਨ ਸ਼ਾਂਤਮਈ ਰਹਿਕੇ ਗੱਲ ਕਰਨੀ ਗੈਰ ਸਮਾਜਕ ਹੈ ਜਾਂ ਗੁਰਦੁਆਰਿਆਂ ਵਿੱਚ ਬੈਠੀ ਨਾਮ ਸਿਮਰਨ ਕਰਦੀ ਨਿਹੱਥੀ ਸੰਗਤ ਨੂੰ ਕੁੱਟਨਾ ਗੈਰ ਸਮਾਜਕ ਹੈ? ਕੀ ਭੁਖੇ-ਪਿਆਸੇ ਨੂੰ ਲੰਗਰ ਅਤੇ ਪਾਣੀ ਪਿਲਾਉਣਾ ਗੈਰ ਸਮਾਜਕ ਹੈ ਜਾਂ ਗੁਰਦੁਆਰੇ ਵਿਚੋਂ ਪੀਣ ਵਾਲਾ ਪਾਣੀ ਨਾ ਲੈਣ ਦੇਣਾ ਗੈਰ ਸਮਾਜਕ ਹੈ? ਕੀ ਏਕਤਾ ਦੀ ਗੱਲ ਕਰਨੀ ਸੰਗਤ ਨੂੰ ਗੁਮਰਾਹ ਕਰਨਾ ਹੈ ਜਾਂ ਸੰਗਤ ਨੂੰ ਪੰਥਕ ਏਕਤਾ ਚਾਹੁਣ ਵਾਲੀ ਸੰਗਤ ਨਾਲ ਮਿਲਣ ਤੋਂ ਰੋਕਣਾ ਗੁਮਰਾਹ ਕਰਨਾ ਹੈ?  ਨਿਰਣਾ ਪਾਠਕਾਂ ਦੇ ਹੱਥ ਹੈ।
ਅਸੀਂ ਭੈਣੀ ਸਾਹਿਬ ਵਾਲਿਆਂ ਨੂੰ ਪੁਛਦੇ ਹਾਂ ਕਿ ਠਾਕੁਰ ਉਦੈ ਸਿੰਘ ਜੀ ਆਪਣੀ ਸੱਕੀ ਮਾਤਾ ਬੇਬੇ ਦਲੀਪ ਕੌਰ ਜੀ ( ਉਮਰ 80 ਸਾਲ) ਨੂੰ ਭੈਣੀ ਸਾਹਿਬ ਜਾਂ ਕਿਤੇ ਵੀ ਸੰਗਤ ਵਿੱਚ ਨਹੀਂ ਵੜਨ ਦਿੰਦੇ, ਕੀ ਉਹ ਵੀ ਸ਼ਰਾਰਤੀ ਅਨਸਰ ਹਨ? ਜਿਹੜੀ ਸੰਗਤ ਇਹ ਕਹਿੰਦੀ ਹੈ ਕਿ ਪੰਥਕ ਏਕਤਾ ਵਾਸਤੇ ਭੁਖ ਹੜਤਾਲ ਕਰਨੀ ਠੀਕ ਨਹੀਂ, ਉਹਨਾਂ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਜੇਕਰ ਕੋਈ ਹੋਰ ਸ਼ਾਂਤੀਪੂਰਨ ਤਰੀਕਾ ਪੰਥ ਨੂੰ ਇਕੱਠਾ ਕਰਨ ਵਾਸਤੇ ਉਹਨਾਂ ਦੀ ਸਮਝ ਵਿੱਚ ਆਉਂਦਾ ਹੈ, ਤਾਂ ਉਹ ਸਾਨੂੰ ਸਮਝਾ ਦੇਣ ਅਸੀਂ ਉਸੇ ਤਰ੍ਹਾਂ ਕਰਾਂਗੇ।
ਇਸ ਮੌਕੇ ਇਕੱਤਰਤਾ ਵਿੱਚ ਹਰਵਿੰਦਰ ਸਿੰਘ ਨਾਮਧਾਰੀ, ਜਸਵਿੰਦਰ ਸਿੰਘ ਲੁਧਿਆਣਾ, ਨਵਤੇਜ ਸਿੰਘ ਲੁਧਿਆਣਾ, ਹਰਭਜਨ ਸਿੰਘ ਫੋਰਮੈਨ, ਬਸੰਤ ਸਿੰਘ ,ਗੁਰਦੀਪ ਸਿੰਘ, ਰਜਵੰਤ ਸਿੰਘ, ਜਸਪਾਲ ਸਿੰਘ, ਗੰਗਾ ਸਿੰਘ ਅਤੇ ਕਈ ਹੋਰ ਮੈਂਬਰ ਵੀ ਸ਼ਾਮਲ ਸਨ।
 *ਸੂਬਾ ਦਰਸ਼ਨ ਸਿੰਘ ਨਾਮਧਾਰੀ ਪੰਥਕ ਏਕਤਾ ਐਕਸ਼ਨ ਕਮੇਟੀ ਦੇ ਪ੍ਰਧਾਨ ਹਨ ਜਦਕਿ ਹਰਵਿੰਦਰ ਸਿੰਘ ਇਸ ਕਮੇਟੀ ਦੇ ਜਨਰਲ ਸਕੱਤਰ ਹਨ। 

No comments: