Friday, August 15, 2014

ਨਾਮਧਾਰੀ ਸੰਘਰਸ਼ ਹੋਰ ਤਿੱਖਾ ਹੋਣ ਦੇ ਆਸਾਰ

ਕਾਲੀਆਂ ਪੱਟੀਆਂ ਬੰਨ ਕੇ ਮਨਾਇਆ ਸੁਤੰਤਰਤਾ ਦਿਵਸ 
ਲੁਧਿਆਣਾ: 16 ਅਗਸਤ 2014: (ਰੈਕਟਰ ਕਥੂਰੀਆ//ਪੰਜਾਬ ਸਕਰੀਨ):  
ਨਾਮਧਾਰੀ ਸੰਘਰਸ਼ ਹੋਰ ਤਿੱਖਾ ਹੀਂ ਦੇ ਆਸਾਰ ਨਾਮਧਾਰੀ ਪੰਥਕ ਏਕਤਾ ਐਕਸ਼ਨ ਕਮੇਟੀ ਦਾ ਸੰਘਰਸ਼ 15 ਅਗਸਤ ਨੂੰ ਆਜ਼ਾਦੀ ਵਾਲੇ ਦਿਨ ਵੀ ਜਾਰੀ ਰਿਹਾ। ਇਸ ਯਾਦਗਾਰੀ ਇਤਿਹਾਸਿਕ ਦਿਨ ਦੇ ਮੌਕੇ ਤੇ ਜਦੋਂ ਲੋਕ ਰੰਗਾਰੰਗ ਪ੍ਰੋਗ੍ਰਾਮ ਮਨਾ ਕੇ ਇੱਕ ਦੂਜੇ ਨੂੰ  ਵਧਾਈਆਂ ਦੇ ਰਹੇ ਸਨ ਉਦੋਂ ਨਾਮਧਾਰੀਆਂ ਨੇ ਕਾਲੀਆਂ ਪੱਟੀਆਂ  ਬੰਨ ਕੇ ਰੋਸ ਦਾ ਵਖਾਵਾ  ਕੀਤਾ। ਇਹਨਾਂ ਪੱਟੀਆਂ 'ਤੇ ਲਿਖਿਆ ਸੀ--"ਆਜ਼ਾਦ ਦੇਸ਼ ਦੇ ਗੁਲਾਮ।" ਕੀਆਂ ਨੇ ਇਹ ਪੱਟੀਆਂ ਸਿਰਾਂ ਤੇ ਬੰਨਿਆਂ ਸਨ ਅਤੇ ਕੀਆਂ ਨੇ ਇਹਨਾਂ ਨੂੰ ਗਲ ਵਿੱਚ ਪਾਇਆ ਹੋਇਆ ਸੀ। ਇਸੇ ਦੌਰਾਨ ਪ੍ਰਬੰਧਕਾਂ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਹਰਵਿੰਦਰ ਸਿੰਘ ਫੂਲਕਾ ਵੀ ਉਹਨਾਂ ਦਾ ਦੁੱਖ ਵੰਡਾ ਕੇ ਗਏ ਹਨ ਅਤੇ ਉਹਨਾਂ ਨੇ ਸਾਡੀਆਂ ਮੰਗਾਂ ਦਾ ਸਮਰਥਨ ਕਰਦਿਆਂ ਸਾਡੇ ਸੰਘਰਸ਼ ਨਾਲ ਇੱਕਜੁੱਟਤਾ ਵੀ ਪ੍ਰਗਟ ਕੀਤੀ ਹੈ। ਕਾਬਿਲੇ ਜ਼ਿਕਰ ਹੈ ਕਿ ਇਸ ਤੋਂ ਪਹਿਲਾਂ ਭਾਜਪਾ ਦੇ ਸੀਨੀਅਰ ਆਗੂ ਪ੍ਰਵੀਨ ਬਾਂਸਲ ਅਤੇ ਦਲਿਤ ਵਿਕਾਸ ਬੋਰਡ ਪੰਜਾਬ ਦੇ ਚੇਅਰਮੈਨ ਵਿਜੇ ਦਾਨਵ ਵੀ ਇਸ ਭੁੱਖ ਹੜਤਾਲ ਦਾ ਸਮਰਥਨ ਕਰਨ ਲਈ ਦੀਵਾਨ ਵਿੱਚ ਆ ਚੁੱਕੇ ਹਨ। ਐਕਸ਼ਨ ਕਮੇਟੀ ਦੇ ਸੂਤਰਾਂ ਨੇ ਇਹ ਵੀ ਦੱਸਿਆ ਕਿ ਭੁੱਖ ਹੜਤਾਲ ਵਰਗੇ ਇਸ ਨਾਜ਼ੁਕ ਅਤੇ ਲੰਮੇ ਸੰਘਰਸ਼ ਦੇ ਬਾਵਜੂਦ ਨਾ ਤਾਂ ਅਜੇ ਪ੍ਰਸ਼ਾਸਨ ਦੇ ਕੰਨਾਂ ਤੇ ਜੂੰ ਸਰਕੀ ਹੈ ਅਤੇ ਨਾ ਹੀ ਭੈਣੀ ਸਾਹਿਬ ਵਾਲੇ ਪੁਜਾਰੀ ਧੜੇ 'ਤੇ ਕੋਈ ਅਸਰ ਹੋਇਆ ਹੈ। ਇਸ ਲਈ 16 ਅਗਸਤ ਨੂੰ ਹੋਣ ਵਾਲੇ ਕਿਸੇ ਸਮਝੌਤੇ ਦੀਆਂ ਜਿਹੜੀਆਂ ਕਨਸੋਆਂ ਆਈਆਂ ਸਨ ਓਹ ਸਚ ਹੁੰਦੀਆਂ ਨਜ਼ਰ ਨਹੀਂ ਆਉਂਦੀਆਂ। ਕਮੇਟੀ ਦੇ ਆਗੂਆਂ ਨੇ ਕਿਹਾ ਕਿ ਹੁਣ ਸਾਨੂੰ ਛੇਤੀ ਹੀ ਆਪਣਾ ਐਕਸ਼ਨ ਪ੍ਰੋਗਰਾਮ ਹੋਰ ਤਿੱਖਾ ਕਰਨਾ ਪਵੇਗਾ ਜਿਸਦੇ ਸਿੱਟਿਆਂ ਦੀ ਜਿੰਮੇਵਾਰੀ ਪ੍ਰਸ਼ਾਸਨ ਅਤੇ ਪੁਜਾਰੀ ਧੜੇ ਦੀ ਹੋਵੇਗੀ।
ਇਸੇ ਦੌਰਾਨ ਉਹਨਾਂ ਇਹ ਦਾਅਵਾ ਵੀ ਕੀਤਾ ਕੀ ਸੰਗਤਾਂ ਵਿੱਚ ਜੋਸ਼ ਅਤੇ ਉਤਸ਼ਾਹ ਵਧ ਰਿਹਾ ਹੈ। ਭੁੱਖ ਹੜਤਾਲ 'ਤੇ ਬੈਠਣ ਲਈ ਲੋਕ ਵਧ ਚੜ੍ਹ ਕੇ ਆਪਣੇ ਨਾਮ ਲਿਖਵਾ ਰਹੇ ਹਨ। ਜਿਹਨਾਂ ਨੂੰ ਸਿਰਫ ਐਲਾਨੇ ਪ੍ਰੋਗਰਾਮ ਮੁਤਾਬਿਕ ਸਿਰਫ ਪੰਜਾਂ ਦਿਨਾਂ ਲਈ ਬਿਠਾਇਆ ਜਾਂਦਾ ਹੈ ਓਹ ਵੀ ਮਰਨ ਵਰਤ ਤੱਕ ਬੈਠਣ ਦੀ ਜ਼ਿੱਦ  ਕਰਦੇ ਹਨ। 
       ਕਾਲੀਆਂ ਪੱਟੀਆਂ 'ਤੇ ਲਿਖੇ ਨਾਅਰੇ ਬਾਰੇ ਪੁਛੇ ਜਾਣ ਤੇ ਸੂਬਾ ਦਰਸ਼ਨ ਸਿੰਘ ਰਾਏਸਰ ਨੇ ਕਿਹਾ ਕਿ ਜਿਸ ਸਿਸਟਮ ਵਿੱਚ ਅਸੀਂ ਆਪਣੇ ਜਾਨ ਤੋਂ ਵਧ ਪਿਆਰੇ ਕੇਂਦਰ ਸ੍ਰੀ ਭੈਣੀ ਸਾਹਿਬ ਨਹੀਂ ਜਾ ਸਕਦੇ, ਆਪਣੇ ਸਤਿਗੁਰੂ ਜਗਜੀਤ ਸਿੰਘ ਦੇ ਅੰਤਿਮ ਦਰਸ਼ਨ ਤੱਕ ਨਹੀਂ ਕਰ ਸਕੇ, ਆਪਣੇ ਗੁਰੂ ਦੇ ਹੁਕਮ ਅਨੁਸਾਰ ਆਪਣੇ ਗੁਰਧਾਮਾਂ ਅਤੇ ਅਤੇ ਧਰਮਸ਼ਾਲਾਵਾਂ ਤੋਂ ਨਿੱਤ ਵਰਤੋਂ ਲਈ ਪਾਣੀ ਤੱਕ ਨਹੀਂ ਲੈ ਸਕਦੇ ਉੱਥੇ ਅਸੀਂ ਆਪਣੇ ਆਪ ਨੂੰ ਗੁਲਾਮ ਤੋਂ ਇਲਾਵਾ ਕੀ ਸਮਝ ਸਕਦੇ ਹਾਂ। ਇਥੇ ਵਰਨਣਯੋਗ ਹੈ ਕਿ ਦੇਸ਼ ਦੀ ਆਜ਼ਾਦੀ ਲਈ ਨਾਮਧਾਰੀ ਸੰਪਰਦਾ ਨੇ ਬਹੁਤ ਹੀ ਕਾਬਿਲੇ-ਤਾਰੀਫ਼ ਯੋਗਦਾਨ ਦਿੱਤਾ ਹੈ। ਫਾਂਸੀਆਂ ਦੇ ਰੱਸੇ ਚੁਮੇ ਅਤੇ ਤੋਪਾਂ ਅੱਗੇ ਖੜੋ ਕੇ ਜਾਨਾਂ ਕੁਰਬਾਨ ਕੀਤੀਆਂ। ਗਊ ਹੱਤਿਆ ਕਰਨ ਵਾਲੇ ਬੁੱਚੜਾਂ ਨੂੰ ਸਜ਼ਾਵਾਂ ਦਿੱਤੀਆਂ ਅਤੇ ਫਿਰ ਖੁਦ ਪੁਲਿਸ ਅੱਗੇ ਪੇਸ਼ ਹੋ ਕੇ ਬਹਾਦਰੀ ਦੀਆਂ ਨਵੀਆਂ ਪਿਰਤਾਂ ਪਾਈਆਂ। ਕੂਕੇ ਦੀ ਗਵਾਹੀ ਅਤੇ ਉੱਚੇ ਸੁੱਚੇ ਜੀਵਨ ਢੰਗ ਨੂੰ ਸਰਕਾਰ ਵਿਰੋਧੀ ਹੋਣ ਦੇ ਬਾਵਜੂਦ ਵੀ ਸਨਮਾਨ ਦੇਂਦੀ ਸੀ।  ਕੂਕੇ ਬਾਰੇ ਪ੍ਰਚੱਲਤ ਸੀ ਕੀ ਓਹ ਕਦੇ ਝੂਠ ਨਹੀਂ ਬੋਲਦਾ। 
         ਇਹ ਸਮੇਂ ਦਾ ਫੇਰ ਹੈ ਕਿ ਆਜ਼ਾਦੀ ਲਈ ਲੜਣ ਵਾਲੇ ਕੂਕੇ ਹੁਣ 15 ਦਿਨਾਂ ਤੋਂ ਡੀਸੀ ਦਫਤਰ ਦੇ ਬਾਹਰ ਲਗਾਤਾਰ ਆਪਣੀਆਂ ਮੰਗਾਂ ਅਤੇ ਬੇੰਸਾਫੀਆਂ ਦੀ ਆਵਾਜ਼ ਨੂੰ ਸਪੀਕਰ ਰਾਹੀਂ ਸਭਨੂੰ ਦੱਸ ਰਹੇ ਹਨ ਪਰ ਉਹਨਾਂ ਦੀ ਆਵਾਜ਼ ਕੋਈ ਨਹੀਂ ਸੁਣ ਰਿਹਾ। 

No comments: