Saturday, August 09, 2014

ਨਸ਼ੇ ਦੇ ਖ਼ਾਤਮੇ ਦਾ ਸੁਨੇਹਾ ਜਨ-ਜਨ ਤੱਕ ਪਹੁੰਚਾਉਣ ਦੀ ਲੋੜ-ਜਸਟਿਸ ਜੈਨ

ਹਰੇਕ ਵਿਅਕਤੀ ਦਾ ਜੀਣ ਦਾ ਅਧਿਕਾਰ ਬਰਕਰਾਰ ਰਹਿਣਾ ਚਾਹੀਦੈ-ਜਸਟਿਸ ਗੋਪਾਲਾ ਗੌੜਾ
ਗੁਰੂ ਨਾਨਕ ਭਵਨ ਵਿਖੇ 'ਕੁਇਟ ਡਰੱਗ ਮੂਵਮੈਂਟ' ਸੈਮੀਨਾਰ ਦਾ ਆਯੋਜਨ
ਲੁਧਿਆਣਾ: 9 ਅਗਸਤ 2014:(ਰੈਕਟਰ ਕਥੂਰੀਆ//ਪੰਜਾਬ ਸਕਰੀਨ): 
ਮਾਨਯੋਗ ਸੁਪਰੀਮ ਕੋਰਟ ਦੇ ਜੱਜ ਸ੍ਰੀ ਜਸਟਿਸ ਵੀ. ਗੋਪਾਲਾ ਗੌੜਾ ਨੇ ਹਰੇਕ ਵਿਅਕਤੀ ਦੇ ਜੀਣ ਦੇ ਅਧਿਕਾਰ ਨੂੰ ਬਰਕਰਾਰ ਰੱਖਣ ਲਈ ਹਰ ਤਰਾਂ ਦੇ ਨਸ਼ੇ ਦੇ ਖ਼ਾਤਮੇ ਦਾ ਸੱਦਾ ਦਿੱਤਾ ਹੈ। ਅੱਜ ਸਥਾਨਕ ਗੁਰੂ ਨਾਨਕ ਦੇਵ ਭਵਨ ਵਿਖੇ ਜ਼ਿਲਾ ਬਾਰ ਐਸੋਸੀਏਸ਼ਨ ਵੱਲੋਂ ਏਸ਼ੀਅਨ ਪੈਸੀਫਿਕ ਜਿਊਰਿਸਟ ਐਸੋਸੀਏਸ਼ਨ ਦੇ ਸਹਿਯੋਗ ਨਾਲ ਕਰਵਾਏ ਗਏ 'ਕੁਇਟ ਡਰੱਗ ਮੂਵਮੈਂਟ' ਸੈਮੀਨਾਰ ਨੂੰ ਸੰਬੋਧਨ ਕਰਦਿਆਂ ਸ੍ਰੀ ਗੌੜਾ ਨੇ ਕਿਹਾ ਕਿ ਨਸ਼ਾ ਸਮਾਜ ਦੇ ਹਰੇਕ ਅੰਗ ਨੂੰ ਖੋਖ਼ਲਾ ਕਰਦਾ ਜਾ ਰਿਹਾ ਹੈ। ਨਸ਼ਾ ਕਰਨ ਵਾਲਾ ਵਿਅਕਤੀ ਇਕੱਲਾ ਹੀ ਮੌਤ ਦੇ ਮੂੰਹ ਨਹੀਂ ਪੈਂਦਾ, ਸਗੋਂ ਆਪਣੇ ਆਸੇ ਪਾਸੇ ਦੇ ਕਈ ਬੇਦੋਸ਼ੇ ਲੋਕਾਂ ਨੂੰ ਵੀ ਧੱਕੇ ਨਾਲ ਮੌਤ ਦੇ ਮੂੰਹ ਵਿੱਚ ਧਕੇਲਦਾ ਜਾਂਦਾ ਹੈ। 
ਨਿਆਂਇਕ ਅਤੇ ਸਮਾਜ ਦੇ ਵੱਖ-ਵੱਖ ਵਰਗਾਂ ਨਾਲ ਸੰਬੰਧਤ ਪ੍ਰਮੁੱਖ ਸਖ਼ਸ਼ੀਅਤਾਂ ਨਾਲ ਭਰੇ ਹਾਲ ਨੂੰ ਸੰਬੋਧਨ ਕਰਦਿਆਂ ਸ੍ਰੀ ਗੌੜਾ ਨੇ ਕਿਹਾ ਕਿ ਕੁਦਰਤ ਅਤੇ ਦੇਸ਼ ਦੇ ਸੰਵਿਧਾਨ ਨੇ ਹਰੇਕ ਵਿਅਕਤੀ ਨੂੰ ਜੀਣ ਦਾ ਅਧਿਕਾਰ ਦਿੱਤਾ ਹੈ। ਉਹ ਆਪਣੀ ਮਰਜ਼ੀ ਨਾਲ ਇਸ ਜੀਅ ਸਕਦਾ ਹੈ। ਪਰ ਇਨ੍ਹਾਂ ਨਸ਼ਿਆਂ ਨੇ ਨਸ਼ੇ ਦੇ ਆਦੀ ਵਿਅਕਤੀਆਂ ਦੇ ਨਾਲ-ਨਾਲ ਸਾਡੀ ਹਵਾ ਅਤੇ ਪੌਣ ਪਾਣੀ ਨੂੰ ਵੀ ਨਸ਼ੀਲਾ ਕਰ ਦਿੱਤਾ ਹੈ। ਜਿਸ ਵਿੱਚ ਸਾਹ ਲੈਣ ਵਾਲਾ ਹਰ ਪ੍ਰਾਣੀ ਨਸ਼ੇ ਦੀ ਮਾਤਰਾ ਆਪਣੇ ਅੰਦਰ ਗ੍ਰਹਿਣ ਕਰ ਰਿਹਾ ਹੈ। ਨਸ਼ਾ ਲੈਣ ਵਾਲਿਆਂ ਦੇ ਨਾਲ-ਨਾਲ ਨਸ਼ਾ ਨਾ ਲੈਣ ਵਾਲਿਆਂ ਦਾ ਵੀ ਜੀਵਨ ਨਾਸ਼ ਹੋ ਰਿਹਾ ਹੈ। ਇਸ ਤਰਾਂ ਨਸ਼ਾ ਨਾ ਕਰਨ ਵਾਲਿਆਂ ਦੇ ਜੀਣ ਦੇ ਅਧਿਕਾਰ ਨੂੰ ਖ਼ਤਰਾ ਪੈਦਾ ਹੁੰਦਾ ਜਾ ਰਿਹਾ ਹੈ। ਇਸ ਲਈ ਅੱਜ ਲੋੜ ਹੈ ਕਿ ਸਮਾਜ ਵਿੱਚੋਂ ਅਜਿਹੇ ਨਸ਼ੇ ਖ਼ਤਮ ਕਰ ਦਿੱਤੇ ਜਾਣ, ਜੋ ਸਮਾਜ ਨੂੰ ਲਗਾਤਾਰ ਖੋਖ਼ਲਾ ਕਰ ਰਹੇ ਹਨ। ਇਸ ਲਈ ਲੋਕਾਂ ਨੂੰ ਖੁਦ ਨੂੰ ਅੱਗੇ ਆਉਣ ਦੀ ਲੋੜ ਹੈ। ਇਸ ਲਈ ਸਰਕਾਰੀ ਤੰਤਰ, ਸਰਕਾਰੀ ਅਤੇ ਗੈਰ ਸਰਕਾਰੀ ਸੰਸਥਾਵਾਂ ਯਤਨ ਕਰ ਰਹੀਆਂ ਹਨ। ਇਨ੍ਹਾਂ ਯਤਨਾਂ ਨੂੰ ਸਫ਼ਲ ਕਰਨ ਲਈ ਲੋਕਾਂ ਦਾ ਨਿੱਜੀ ਸਹਿਯੋਗ ਬਹੁਤ ਜ਼ਰੂਰੀ ਹੈ। 
ਸਮਾਗਮ ਨੂੰ ਸੰਬੋਧਨ ਕਰਦਿਆਂ ਹਰਿਆਣਾ ਤੇ ਉੱਤਰਾਖੰਡ ਦੇ ਮਨੁੱਖੀ ਅਧਿਕਾਰ ਕਮਿਸ਼ਨ ਦੇ ਚੇਅਰਮੈਨ ਸ੍ਰੀ ਜਸਟਿਸ ਵਜਿੰਦਰ ਜੈਨ ਨੇ ਕਿਹਾ ਕਿ ਨਸ਼ਿਆਂ ਦੀ ਭੈੜੀ ਵਾਦੀ ਨੂੰ ਖ਼ਤਮ ਕਰਨ ਹਿੱਤ ਲੋਕਾਂ ਦਾ ਸਹਿਯੋਗ ਲੈਣ ਲਈ ਇਹ ਸੁਨੇਹਾ ਜਨ-ਜਨ ਤੱਕ ਪਹੁੰਚਾਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਬੜੇ ਦੁੱਖ ਨਾਲ ਕਹਿਣਾ ਪੈਂਦਾ ਹੈ ਕਿ ਪੰਜਾਬ ਜੋ ਕਿ ਗੁਰੂਆਂ ਪੀਰਾਂ ਦੀ ਧਰਤੀ ਹੈ, ਉਥੇ ਅੱਜ ਸਭ ਤੋਂ ਜਿਆਦਾ ਨਸ਼ਾ ਵਰਤਿਆ ਅਤੇ ਵਰਤਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਏਸ਼ੀਅਨ ਪੈਸੀਫਿਕ ਜਿਊਰਿਸਟ ਐਸੋਸੀਏਸ਼ਨ ਇਸ ਨਸ਼ੇ ਦੇ ਕੋਹੜ ਨੂੰ ਜੜੋਂ ਵੱਢਣ ਲਈ ਲਗਾਤਾਰ ਯਤਨਸ਼ੀਲ ਹੈ ਅਤੇ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਐਸੋਸ਼ੀਏਸ਼ਨ ਦੇ ਸੁਨੇਹੇ ਨੂੰ ਸਾਲ 2015 ਤੱਕ ਪੰਜਾਬ ਦੇ ਹਰੇਕ ਪਿੰਡ, ਕਸਬੇ ਅਤੇ ਸ਼ਹਿਰ ਵਿੱਚ ਪਹੁੰਚਾਇਆ ਜਾ ਸਕੇ। ਇਸ ਲਈ ਲੋਕਾਂ 'ਚ ਜਾਣ ਲਈ ਵੱਖ-ਵੱਖ ਰਸਤੇ ਅਖ਼ਤਿਆਰ ਕੀਤੇ ਜਾਣਗੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਭਿਆਨਕ ਅਲਾਮਤ ਤੋਂ ਖਹਿੜਾ ਛੁਡਵਾਉਣ ਲਈ ਪਹਿਲਾਂ ਆਪਣੀ ਮਾਨਸਿਕਤਾ ਨੂੰ ਬਦਲਣ। ਇਸ ਤੋਂ ਪਹਿਲਾਂ ਸਥਾਨਕ ਸਤਲੁੱਜ ਕਲੱਬ ਤੋਂ ਇੱਕ ਨਸ਼ਾ ਵਿਰੋਧੀ ਰੈਲੀ ਦਾ ਆਯੋਜਨ ਕੀਤਾ ਗਿਆ, ਜਿਸ ਨੂੰ ਸ੍ਰੀ ਗੌੜਾ ਅਤੇ ਹੋਰ ਪ੍ਰਮੁੱਖ ਸਖ਼ਸ਼ੀਅਤਾਂ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਹ ਰੈਲੀ ਮਾਰਚ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚੋਂ ਦੀ ਹੁੰਦਾ ਹੋਇਆ ਸਥਾਨਕ ਗੁਰੂ ਨਾਨਕ ਦੇਵ ਭਵਨ ਵਿਖੇ ਸਮਾਪਤ ਹੋਇਆ। ਇਸ ਰੈਲੀ ਵਿੱਚ ਨਰਸਿੰਗ ਕਾਲਜ ਦੀਆਂ ਵਿਦਿਆਰਥਣਾਂ ਅਤੇ ਸ਼ਹਿਰ ਵਾਸੀਆਂ ਨੇ ਵੱਡੀ ਗਿਣਤੀ ਵਿੱਚ ਸ਼ਿਰਕਤ ਕੀਤੀ। 
ਇਸ ਮੌਕੇ ਹੋਰਨਾਂ ਤੋਂ ਇਲਾਵਾ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਜੱਜ ਸਰਵ ਸ੍ਰੀ ਜਸਟਿਸ ਰਾਜੇਸ਼ ਬਿੰਦਲ, ਜਸਟਿਸ ਆਰ. ਕੇ. ਜੈਨ, ਜਸਟਿਸ ਆਰ. ਕੇ. ਗਰਗ, ਹਰਿਆਣਾ ਮਨੁੱਖੀ ਅਧਿਕਾਰ ਕਮਿਸ਼ਨ ਦੇ ਸਕੱਤਰ ਸ੍ਰ. ਜਸਟਿਸ ਐੱਚ. ਐੱਸ. ਭੱਲਾ, ਜ਼ਿਲਾ ਅਤੇ ਸੈਸ਼ਨ ਜੱਜ ਲੁਧਿਆਣਾ ਸ੍ਰ. ਕਰਮਜੀਤ ਸਿੰਘ ਕੰਗ, ਪੰਜਾਬ ਨਾਰਕੋਟਿਕ ਸੈੱਲ ਦੇ ਇੰਚਾਰਜ ਸ੍ਰੀ ਈਸ਼ਵਰ ਸਿੰਘ ਆਈ. ਪੀ. ਐੱਸ., ਡਿਪਟੀ ਕਮਿਸ਼ਨਰ ਸ੍ਰੀ ਰਜਤ ਅਗਰਵਾਲ, ਡਿਪਟੀ ਕਮਿਸ਼ਨਰ ਪੁਲਿਸ ਸ਼੍ਰੀਮਤੀ ਨਿਲੰਬਰੀ ਜਗਦਲੇ, ਵਧੀਕ ਡਿਪਟੀ ਕਮਿਸ਼ਨਰ (ਵ) ਸ੍ਰੀ ਸੁਪਰੀਤ ਸਿੰਘ ਗੁਲਾਟੀ, ਏ. ਡੀ. ਸੀ. ਪੀ. ਸ੍ਰ. ਪਰਮਜੀਤ ਸਿੰਘ ਪੰਨੂੰ, ਐੱਸ. ਡੀ. ਐੱਮ. (ਪੱਛਮੀ) ਸ੍ਰ. ਕੁਲਜੀਤਪਾਲ ਸਿੰਘ ਮਾਹੀ, ਐÎੱਸ. ਡੀ. ਐੱਮ. (ਪੂਰਬੀ) ਸ੍ਰ. ਪਰਮਜੀਤ ਸਿੰਘ, ਸਹਾਇਕ ਕਮਿਸ਼ਨਰ (ਜਨਰਲ) ਸ੍ਰ. ਨਵਰਾਜ ਸਿੰਘ ਬਰਾੜ, ਏ. ਸੀ. ਪੀ. ਸ੍ਰ. ਰਵਿੰਦਰਪਾਲ ਸਿੰਘ, ਤਹਿਸੀਲਦਾਰ ਸ਼੍ਰੀਮਤੀ ਸਵਿਤਾ, ਜ਼ਿਲਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਵਿਜੇ ਬੀ. ਵਰਮਾ, ਐਡਵੋਕੇਟ ਸ੍ਰ. ਬੀ. ਬੀ. ਐੱਸ. ਸੋਬਤੀ ਅਤੇ ਹੋਰ ਪ੍ਰਮੁੱਖ ਸਖ਼ਸ਼ੀਅਤਾਂ ਹਾਜ਼ਰ ਸਨ। 

No comments: