Tuesday, August 05, 2014

ਰਾਏਕੋਟ ਦੇ ਨਾਮਧਾਰੀ ਸ਼ਹੀਦਾਂ ਨੂੰ ਭੁਲਾ ਦਿੱਤਾ ਗਿਆ?

ਪੰਜ ਅਗਸਤ ਦੇ ਇਤਿਹਾਸਿਕ ਸਾਕੇ ਮੌਕੇ ਵੀ ਜਾਰੀ ਰਿਹਾ ਨਾਮਧਾਰੀ ਵਿਵਾਦ 
ਲੁਧਿਆਣਾ: 5 ਅਗਸਤ 2014: (ਰੈਕਟਰ ਕਥੂਰੀਆ//ਪੰਜਾਬ ਸਕਰੀਨ):
 ਨਾਮਧਾਰੀ ਇਤਿਹਾਸ ਵਿੱਚ ਗਊ ਗਰੀਬ ਦੀ ਰੱਖਿਆ ਦਾ ਇਤਿਹਾਸ  ਬਹੁਤ ਹੀ ਫਖਰਯੋਗ  ਹੈ। ਇਸ ਵਿੱਚ ਸ਼ਸਤਰ ਅਤੇ ਸ਼ਾਂਤੀ ਦੋਹਾਂ ਦੀ ਸਿਖਰ ਦਿਖਾਈ ਗਈ ਹੈ। ਪਹਿਲਾਂ ਬੁੱਚੜਾਂ ਨੂੰ ਜਾਨੋ ਮਾਰ ਕੇ ਗਊ ਰੱਖਿਆ ਦੇ ਹਾਮੀਆਂ ਵਿੱਚ ਡਰ ਨੂੰ ਖਤਮ ਕਰਨਾ ਅਤੇ ਫਿਰ ਉਹਨਾਂ ਕਤਲਾਂ ਦੇ ਦੋਸ਼ ਕਬੂਲ ਕਰਨ ਲਈ ਖੁਦ ਪੁਲਿਸ ਕੋਲ ਜਾ ਕੇ ਆਪਣੀ ਜਾਨ ਨੂੰ ਖਤਰੇ ਵਿੱਚ ਪਾਉਣਾ ਬੜਾ ਅਲੌਕਿਕ ਜਿਹਾ ਵਰਤਾਰਾ ਹੈ ਜਿਹੜਾ ਨਾਮ ਸਿਮਰਨ ਅਤੇ ਵਿਚਾਰਧਾਰਾ ਦੇ ਅਨੁਸ਼ਾਸਨ ਬਿਨਾ ਸੰਭਵ ਹੀ ਨਹੀਂ। ਇਸ ਹਿੰਮਤ ਨੂੰ ਦੇਖ ਕੇ ਖੁਦ ਵੇਲੇ ਦੇ ਹੁਕਮਰਾਨ ਹੈਰਾਨ ਰਹਿ ਗਏ ਸਨ? ਬੁੱਚੜਾਂ ਨੂੰ ਜਾਨੋ ਮਾਰਨ ਦੇ ਦੋਸ਼ ਵਿੱਚ ਫਾਂਸੀਆਂ ਨੂੰ ਚੁੰਮ ਚੁੰਮ ਗਲੇ ਪਾਉਣਾ ਇੱਕ ਲਾਸਾਨੀ ਇਤਿਹਾਸ ਰਚ ਗਿਆ। ਜਿਸ ਨੇ ਨਾਮ ਸਿਮਰਨ ਵਾਲੇ ਸੰਤ-ਸਿਪਾਹੀਆਂ ਦਾ ਚਮਤਕਾਰ ਇੱਕ ਵਾਰ ਫਿਰ ਸੁਰਜੀਤ ਕੀਤਾ। ਉਹਨਾਂ ਸ਼ਹੀਦਾਂ ਨੇ ਸਾਬਤ ਕੀਤਾ:-- 
ਜਿਸ ਧਜ ਸੇ ਕੋਈ ਮਕਤਲ ਮੇਂ ਗਿਆ ਵੋਹ ਸ਼ਾਨ ਸਲਾਮਤ ਰਹਿਤੀ ਹੈ, 
ਯੇਹ ਜਾਨ ਤੋ ਆਨੀ ਜਾਨੀ ਹੈ; ਇਸ ਜਾਨ ਕੀ ਕੋਈ ਬਾਤ ਨਹੀਂ। 
ਨਾਮਧਾਰੀ ਅੰਦੋਲਨ ਵਿੱਚ ਸ਼ਸਤਰ ਅਤੇ ਸ਼ਾਂਤੀ ਦੇ ਇਸ ਸੁਮੇਲ ਬਾਰੇ ਜਿੰਨਾ ਵੀ ਲਿਖਿਆ ਜਾ ਸਕੇ ਉਹ ਬਹੁਤ ਥੋਹੜਾ ਹੋਵੇਗਾ। ਰਾਏਕੋਟ ਵਿੱਚ ਸ਼ਹਾਦਤਾਂ ਦਾ ਉਹ ਇਤਿਹਾਸਿਕ ਵਰਤਾਰਾ ਪੰਜ ਅਗਸਤ 1871 ਈ ਨੂੰ ਵਾਪਰਿਆ ਸੀ ਰਾਏਕੋਟ ਦੀ ਧਰਤੀ ਤੇ ਅੰਗਰੇਜ ਸਰਕਾਰ ਨੇ 3 ਨਾਮਧਾਰੀ ਸਿੰਘਾ ਨੂੰ ਗਊਆ ਦੀ ਰਖਿਆ ਕਰਨ ਹਿਤ ਬੁੱਚੜਾਂ ਨੂੰ ਮਾਰਨ ਦੇ ਦੋਸ਼ ਵਿੱਚ ਸ਼ਰੇਆਮ ਫਾਂਸੀ ਦੇ ਕੇ ਸ਼ਹੀਦ ਕਰ ਦਿੱਤਾ ਸੀ ਉਹਨਾਂ ਮਹਾਨ ਸੂਰਬੀਰ ਦੇਸ਼ ਭਗਤ ਯੋਧਿਆਂ ਦੇ ਨਾਮ ਹਨ:---
ਸੰਤ ਮੰਗਲ ਸਿੰਘ
ਸੰਤ ਮਸਤਾਨ ਸਿੰਘ
ਸੰਤ ਗੁਰਮੁਖ ਸਿੰਘ 
ਪਰ ਇਸ ਬੇਮਿਸਾਲ ਇਤਿਹਾਸ ਦੇ ਬਾਵਜੂਦ ਅਜ 5 ਅਗਸਤ ਨੂੰ ਵੀ ਲੁਧਿਆਣਾ ਵਿੱਚ ਨਾਮਧਾਰੀਆਂ ਦਾ ਆਪਸੀ ਵਿਵਾਦ ਜਾਰੀ ਰਿਹਾ ਅਤੇ ਇਹਨਾਂ ਸ਼ਹੀਦਾਂ ਨੂੰ ਸ਼ਾਇਦ ਪੂਰੀ ਤਰਾਂ ਭੁਲਾ ਦਿੱਤਾ ਗਿਆ। ਕੀ ਇਹਨਾਂ ਸ਼ਹੀਦਾਂ ਨੇ ਇਹ ਸ਼ਹਾਦਤਾਂ ਅਜਿਹੇ ਵਿਵਾਦਾਂ ਵਾਲੇ ਨਾਮਧਾਰੀ ਪੰਥ ਲਈ ਦਿੱਤੀਆਂ ਸਨ? ਉਮੀਦ ਸੀ ਲੁਧਿਆਣਾ ਵਿੱਚ ਡੀਸੀ ਦਫਤਰ ਦੇ ਸਾਹਮਣੇ ਪਹਿਲੀ ਅਗਸਤ ਨੂੰ ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਦੇ ਜਨਮ ਦਿਨ ਮੌਕੇ ਸ਼ੁਰੂ ਕੀਤੀ ਭੁੱਖ ਹੜਤਾਲ ਪੰਜ ਅਗਸਤ ਨੂੰ  ਰਾਏਕੋਟ ਦੇ ਸ਼ਹੀਦਾਂ ਦੇ ਸਾਕੇ ਨੂੰ ਯਾਦ ਕਰਦਿਆਂ ਮੁੱਕ ਜਾਏਗੀ।  ਦੋਹਾਂ ਧੜਿਆਂ ਵਿੱਚ ਏਕਤਾ ਹੋ ਜਾਏਗੀ। ਪਰ ਅਫਸੋਸ ਕਿ ਅਜਿਹਾ  ਨਹੀਂ ਹੋ ਸਕਿਆ। ਲੁਧਿਆਣਾ ਵਾਲਾ ਸੰਘਰਸ਼ ਅਜੇ ਹੋਰ ਲੰਮਾ ਹੁੰਦਾ ਨਜਰ ਆ ਰਿਹਾ ਹੈ। ਕੀ ਗੱਦੀ ਅਤੇ ਜਾਇਦਾਦਾਂ ਪਿਛੇ ਅਜਿਹੇ ਵਿਵਾਦਾਂ ਦੀ ਅੱਗ ਨੂੰ ਹਵਾ ਦੇਣ ਵਾਲੇ ਤਮਾਸ਼ਬੀਨ ਨਾਮਧਾਰੀ ਸ਼ਹੀਦਾਂ ਦਾ ਅਪਮਾਨ ਨਹੀਂ ਕਰ ਰਹੇ? ਇਹ ਅਸਲ ਵਿੱਚ ਸਿਰਫ ਨਾਮਧਾਰੀ ਸ਼ਹੀਦਾਂ ਨਾਲ ਬੇਇੰਸਾਫੀ ਹੀ ਨਹੀਂ ਬਲਕਿ ਦੇਸ਼ ਅਤੇ ਮਨੁੱਖਤਾ ਦੇ ਭਲੇ ਲਈ ਕੁਰਬਾਨੀ ਕਰਨ ਵਾਲੇ, ਗਊ-ਗਰੀਬ ਦੀ ਰੱਖਿਆ ਲਈ ਆਪਾ ਵਾਰਨ ਵਾਲੇ ਸ਼ਹੀਦਾਂ ਨਾਲ ਵਿਸ਼ਵਾਸਘਾਤ ਵੀ ਹੈ। ਆਖਿਰ ਓਹ ਕਿਹੜੀਆਂ ਤਾਕਤਾਂ ਹਨ ਜਿਹੜੀਆਂ ਕੁਰਬਾਨੀਆਂ ਵਾਲੇ ਇਸ ਸੰਗਠਨ ਨੂੰ ਵੰਡਣ 'ਤੇ ਤੁਲੀਆਂ ਹੋਈਆਂ ਹਨ? ਮੁਸਲਮਾਨਾਂ ਤੋਂ ਬਾਅਦ ਜੇ ਕੋਈ ਸੰਗਠਨ ਆਪਣੀ ਰਹਿਣੀ ਬਹਿਣੀ ਵਿੱਚ ਪੱਕਾ ਨਜਰ ਆਉਂਦਾ ਹੈ ਤਾਂ ਉਹ ਨਾਮਧਾਰੀ ਪੰਥ ਹੈ। ਇਸ ਨੂੰ ਕਮਜ਼ੋਰ ਕਰਕੇ ਅਸੀਂ ਉਹਨਾਂ ਖੁਲ੍ਹੀਆਂ ਪਛਮੀ ਹਵਾਵਾਂ ਦੀਆਂ ਹਨੇਰੀਆਂ ਨੂੰ ਸੱਦਾ ਦੇ ਰਹੇ ਹੋਵਾਂਗੇ ਜਿਹਨਾਂ ਨੇ ਭਾਰਤੀ ਸੰਸਕ੍ਰਿਤੀ ਨੂੰ ਕਾਫੀ ਹੱਦ ਤਕ ਤਹਿਸ ਨਹਿਸ ਕਰ ਦਿੱਤਾ ਹੈ। ਨਾਮਧਾਰੀ ਪੰਥ ਭਾਰਤੀ ਰਹਿਣੀ ਬਹਿਣੀ ਨੂੰ ਬਚਾਉਣ ਦੀਆਂ ਆਖਿਰੀ ਉਮੀਦਾਂ ਵਿੱਚੋਂ ਇੱਕ ਹੈ। ਇਸ ਉਮੀਦ ਨੂੰ ਖਤਮ ਨਾ ਕਰੋ। 

No comments: