Tuesday, August 19, 2014

ਨਾਮਧਾਰੀ ਭੁਖ ਹੜਤਾਲ ਨੂੰ ਮਿਲਿਆ ਜ਼ਬਰਦਸਤ ਹੁੰਗਾਰਾ

Tue, Aug 19, 2014 at 5:38 PM
"ਸਤਿਗੁਰੁ ਦਲੀਪ ਸਿੰਘ" ਦੀ ਮੌਜੂਦਗੀ ਵਿੱਚ 83 ਹੋਰ ਮੈਂਬਰ ਭੁਖ ਹੜਤਾਲ ਤੇ ਬੈਠੇ
ਲੁਧਿਆਣਾ: 19 ਅਗਸਤ 2014: (ਪੰਜਾਬ ਸਕਰੀਨ ਬਿਊਰੋ): 
ਨਾਮਧਾਰੀ ਪੰਥਕ ਏਕਤਾ ਲਈ ਸ਼ੁਰੂ ਕੀਤਾ ਗਿਆ ਮਰਨ ਵਰਤ ਅੱਜ ਚੋਥੇ ਦਿਨ ਅਤੇ ਭੁਖ ਹੜਤਾਲ 19ਵੇਂ ਦਿਨ ਵਿੱਚ ਦਾਖਿਲ ਹੋ ਗਈ ਹੈ ਪਰੰਤੂ ਨਾ ਤਾ ਭੈਣੀ ਸਾਹਿਬ ਅਤੇ ਨਾ ਹੀ ਪ੍ਰਸ਼ਾਸਨ ਨੇ ਅਜੇ ਤੱਕ ਕੋਈ ਹੁੰਗਾਰਾ ਭਰਿਆ ਹੈ। ਸ਼ਾਇਦ ਉਹ ਸੋਚਦੇ ਹਨ ਕਿ ਇਹ ਚਾਰ-ਛੇ ਦਿਨਾਂ ਤੱਕ ਆਪਣੇ ਆਪ ਹੀ ਥੱਕ ਹਾਰ ਕੇ ਇਥੋਂ ਉਠਕੇ ਚਲੇ ਜਾਣਗੇ। 
ਅੱਜ ਭੁਖ ਹੜਤਾਲ ਨੂੰ ਉਸ ਵੇਲੇ ਜ਼ਬਰਦਸਤ ਹੁੰਗਾਰਾ ਮਿਲਿਆ ਜਦੋਂ ਨਾਮਧਾਰੀ ਪੰਥ ਦੇ ਸਿਰਤਾਜ ਠਾਕੁਰ ਦਲੀਪ ਸਿੰਘ ਜੀ ਨੇ ਭੁਖ ਹੜਤਾਲ ਵਾਲੀ ਥਾਂ  ਤੇ ਦਰਸ਼ਨ ਦਿੱਤੇ ਜਿਸ ਨਾਲ ਭੁਖ ਹੜਤਾਲ ਤੇ ਬੈਠੀ ਸੰਗਤ ਉਤਸ਼ਾਹ ਨਾਲ ਭਰ ਗਈ। ਠਾਕੁਰ ਦਲੀਪ ਸਿੰਘ ਜੀ ਨੇ ਸੰਗਤ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਿੱਖ ਇਤਿਹਾਸ ਕੁਰਬਾਨੀਆਂ ਨਾਲ ਭਰਿਆ ਪਿਆ ਹੈ ਅਤੇ ਸਿੱਖਾਂ ਨੇ ਨਿਰ-ਸਵਾਰਥ ਤੇ ਬਗੈਰ ਕਿਸੇ ਲਾਲਚ ਦੇ ਆਪਣੇ ਸਰੀਰ ਤੇ ਕਸ਼ਟ ਸਹੇ ਹਨ।ਇਹਨਾਂ ਗੱਲਾਂ ਕਰਕੇ ਹੀ ਅੱਜ ਸਿੱਖ ਪੰਥ ਉੱਚਾ ਤੇ ਸੁੱਚਾ ਗਿਣਿਆ ਜਾਂਦਾ ਹੈ।
ਠਾਕੁਰ ਦਲੀਪ ਸਿੰਘ ਜੀ ਨੇ ਕਿਹਾ ਕਿ ਪੰਥਕ ਏਕਤਾ ਵਾਸਤੇ ਕੀਤੀ ਜਾ ਰਹੀ ਭੁਖ ਹੜਤਾਲ ਇਕ ਵਿਲੱਖਣ ਹੜਤਾਲ ਹੈ ਜਿਸਦੀ ਮਿਸਾਲ ਦੁਨੀਆਂ ਵਿੱਚ ਕਿਤੇ ਵੀ ਨਹੀਂ ਮਿਲਦੀ ਕਿਉਂਕਿ ਅੱਜ ਤੱਕ ਜਿੰਨੀਆਂ ਵੀ ਭੁਖ ਹੜਤਾਲਾਂ ਹੋਈਆਂ ਹਨ , ਉਹ ਕਿਸੇ ਨਾ ਕਿਸੇ ਨਿਜੀ ਸਵਾਰਥ ਜਾਂ ਕਿਸੇ ਨਾ ਕਿਸੇ ਸੰਸਾਰਕ ਵਸਤਾਂ ਵਾਸਤੇ ਹੋਈਆਂ ਹਨ।ਪਰ ਇਹ ਭੁਖ ਹੜਤਾਲ ਨਿਰ-ਸਵਾਰਥ ਅਤੇ ਬਗੈਰ ਕਿਸੇ ਲਾਲਚ ਤੋਂ ਕੀਤੀ ਜਾ ਰਹੀ ਹੈ ਜਿਸ ਵਿੱਚ ਨਾ ਤਾ ਕਿਸੇ ਜਾਇਦਾਦ ਜਾਂ ਕਿਸੇ ਗੱਦੀ ਵਾਸਤੇ ਕੋਈ ਮੰਗ ਰੱਖੀ ਗਈ ਹੈ।ਇਸ ਕਰਕੇ ਇਹ ਭੁਖ ਹੜਤਾਲ ਸਿੱਖੀ ਪਰੰਪਰਾ ਅਨੁਸਾਰ ਬਹੁਤ ਹੀ ਉੱਚਾ ਤੇ ਸੁੱਚਾ ਕਰਮ ਹੈ ਜਿਸ ਵਿੱਚ ਸੰਗਤ ਨੂੰ ਵੱਧ ਤੋਂ ਵੱਧ ਹਿੱਸਾ ਲੈਣਾ ਚਾਹੀਦਾ ਹੈ।
ਅੱਜ ਇਕ ਪੱਤਰਕਾਰ ਦੇ ਪ੍ਰਸ਼ਨ ਜਿਸ ਵਿੱਚ ਉਸਨੇ ਪੁੱਛਿਆ ਕਿ ਭੈਣੀ ਸਾਹਿਬ ਵਾਲੇ ਕਹਿੰਦੇ ਹਨ ਕਿ ਤੁਸੀਂ ਸਾਡੇ ਕੋਲ ਆ ਜਾਓ, ਏਕਤਾ ਆਪਣੇ ਆਪ ਹੋ ਜਾਵੇਗੀ। ਉਸਦੇ ਉੱਤਰ ਵਿੱਚ ਠਾਕੁਰ ਜੀ ਨੇ ਕਿਹਾ ਕਿ ਭੈਣੀ ਸਾਹਿਬ ਵਾਲੇ ਤਾਂ ਸਾਨੂੰ ਪਾਣੀ ਵੀ ਨਹੀਂ ਲੈਣ ਦਿੰਦੇ, ਉਹ ਸਾਨੂੰ ਭੈਣੀ ਸਾਹਿਬ ਕਿਵੇਂ ਜਾਣ ਦੇਣਗੇ? ਉਹਨਾਂ ਨੇ ਕਿਹਾ ਕਿ ਅਸੀਂ ਸਤਿਗੁਰੂ ਨਾਨਕ ਦੇਵ ਜੀ ਦੀ ਦਿੱਤੀ ਹੋਈ ਸਿਖਿਆ ਅਨੁਸਾਰ ਚਲਦੇ ਹਾਂ ਕਿਉਂਕਿ ਸਤਿਗੁਰੂ ਨਾਨਕ ਦੇਵ ਜੀ ਨੇ ਜਪੁਜੀ ਸਾਹਿਬ ਵਿੱਚ ਲਿਖਿਆ ਹੈ ਕਿ " ਆਈ ਪੰਥੀ ਸਗਲ ਜਮਾਤੀ.." । ਸੋ ਇਸ ਕਰਕੇ ਸਾਨੂੰ ਸਾਰਿਆਂ ਨੂੰ {ਯਾਨਿ ਸਮੁੱਚੇ ਸਿੱਖ ਪੰਥ ਨੂੰ} ਹੀ ਇਕ ਹੋਣ ਦੀ ਲੋੜ ਹੈ। ਅਸੀਂ ਸਤਿਗੁਰੂ ਨਾਨਕ ਦੇਵ ਜੀ ਦੀਆਂ ਦਿੱਤੀਆਂ ਹੋਈਆਂ ਸਿਖਿਆਵਾਂ ਅਨੁਸਾਰ ਚਲਦੇ ਹੀ ਉਨਾਂ ਦੇ ਸੱਚੇ ਸਿੱਖ ਅਖਵਾ ਸਕਦੇ ਹਾਂ।
ਇਕ ਸਵਾਲ ਦੇ ਜਵਾਬ ਵਿੱਚ ਠਾਕੁਰ ਜੀ ਨੇ ਕਿਹਾ ਕਿ ਇਹ ਭੁਖ ਹੜਤਾਲ ਉਦੋਂ ਤੱਕ ਜਾਰੀ ਰਹੇਗੀ, ਜਿੰਨੀ ਦੇਰ ਤੱਕ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ।ਉਹਨਾਂ ਨੇ ਇਹ ਵੀ ਕਿਹਾ ਕਿ ਅਸੀਂ ਕਿਸੇ ਨੂੰ ਵੀ ਅਪਸ਼ਬਦ ਨਾ ਬੋਲੀਏ ਜਿਸ ਨਾਲ ਕਿਸੇ ਦਾ ਦਿਲ ਦੁਖੇ।
ਅੱਜ ਸੂਬਾ ਦਰਸ਼ਨ ਸਿੰਘ ਰਾਏਸਰ ਨੇ ਦੱਸਿਆ ਕਿ  ਨਾਮਧਾਰੀ ਪੰਥਕ ਏਕਤਾ ਲਈ ਚਲ ਰਹੀ ਭੁੱਖ ਹੜਤਾਲ ਨੂੰ ਉਸ ਵੇਲੇ ਜ਼ਬਰਦਸਤ ਹੁੰਗਾਰਾ ਮਿਲਿਆ ਜਦੋਂ ਤਕਰੀਬਨ 93 ਹੋਰ ਸਰੀਰ ਭੁਖ ਹੜਤਾਲ ਵਿੱਚ ਸ਼ਾਮਲ ਹੋ ਗਏ ਜਿਸ ਨਾਲ ਭੁਖ ਹੜਤਾਲ ਵਿੱਚ ਸ਼ਾਮਲ ਹੋਣ ਵਾਲਿਆਂ ਦੀ ਗਿਣਤੀ ਅੱਜ 101 ਹੋ ਗਈ ਹੈ। ਇਸੇ ਤਰਾਂ ਮਰਨ ਵਰਤ ਤੇ ਬੈਠਣ ਵਾਲਿਆਂ ਦੀ ਗਿਣਤੀ ਵਿੱਚ ਵੀ ਜਲਦ ਹੀ ਵਾਧਾ ਹੋਣ ਦੀ ਉਮੀਦ ਹੈ ਕਿਉਂਕਿ ਮਰਨ ਵਰਤ ਤੇ ਬੈਠਣ ਵਾਲਿਆਂ ਦੀ ਸੂਚੀ ਵਿੱਚ ਵੀ ਲਗਾਤਾਰ ਵਾਧਾ ਹੋ ਰਿਹਾ ਹੈ।
ਵਾਧੇ ਦਾ ਕਾਰਨ ਸੰਗਤ ਵਿਚੋਂ ਦਿਨੋਂ ਦਿਨ ਭੈਣੀ ਸਾਹਿਬ ਅਤੇ ਪ੍ਰਸ਼ਾਸਨ ਵੱਲੋਂ ਵਿਖਾਈ ਜਾ ਰਹੀ ਬੇਰੁਖੀ ਵਿਰੁਧ ਨਾਰਾਜ਼ਗੀ ਅਤੇ ਗੁੱਸਾ ਹੈ। ਜਿਸ ਕਰਕੇ ਦਿਨੋਂ ਦਿਨ ਸੰਗਤਾਂ ਦੇ ਜਥੇ ਅਲੱਗ-੨ ਸਥਾਨਾਂ ਤੋਂ ਭੁਖ ਹੜਤਾਲ ਵਾਲੀ ਜਗਾ੍ਹ ਤੇ ਪਹੁੰਚ ਰਹੇ ਹਨ।ਸੂਬਾ ਦਰਸ਼ਨ ਸਿੰਘ ਰਾਏਸਰ ਨੇ ਦੱਸਿਆ ਕਿ ਜੇਕਰ ਭੈਣੀ ਸਾਹਿਬ ਵਾਲੇ ਅਤੇ ਪ੍ਰਸ਼ਾਸਨ ਨੇ ਜਲਦ ਹੀ ਸਾਡੀਆਂ ਮੰਗਾਂ ਤੇ ਕੋਈ ਐਕਸ਼ਨ ਨਾ ਲਿਆ ਤਾਂ ਇਹ ਮੁਹਿੰਮ ਆਓਂਦੇ ਦਿਨਾਂ ਵਿੱਚ ਹੋਰ ਵੀ ਸਖਤ ਰੁੱਖ ਅਪਨਾਏਗੀ।
ਇਸ ਮੌਕੇ ਕਈ ਬੁਲਾਰਿਆਂ ਨੇ ਸੰਗਤਾਂ ਨੂੰ ਸੰਬੋਧਨ ਕੀਤਾ ਤੇ ਅਤੇ ਜਥੇਦਾਰਾਂ ਨੇ ਮਨੋਹਰ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ।
ਇਸ ਮੋਕੇ ਹਾਜਰ ਸਨ  ਸੂਬਾ ਦਰਸ਼ਨ ਸਿੰਘ ਰਾਏਸਰ, ਸੰਤ ਨਰਿੰਦਰ ਗੋਸਗੜ੍ਹ, ਸੰਤ ਰਣਜੀਤ ਸਿੰਘ, ਸੰਤ ਬਲਬੀਰ ਸਿੰਘ ਭੈਣੀ ਸਾਹਿਬ, ਡਾ.ਹਰਬੰਸ ਸਿੰਘ ਭੈਣੀ ਸਾਹਿਬ, ਸੰਤ ਪ੍ਰੀਤਮ ਸਿੰਘ ਪੰਛੀ,ਬਲਦੇਵ ਚੱਡਾ ਦਿੱਲੀ, ਸ਼ਰਿੰਦਰ ਸਿੰਘ ਦਿੱਲੀ, ਜੋਗਿੰਦਰ ਸਿੰਘ ਕਾਨਪੁਰ, ਬੀਬੀ ਪਰਵੀਨ ਕੌਰ ਦਿੱਲੀ, ਬੀਬੀ ਰਜਿੰਦਰ ਸਿੰਘ ਦਿੱਲੀ, ਬੀਬੀ ਸੁਖਵੰਤ ਕੌਰ, ਬੀਬੀ ਤਜਿੰਦਰ ਕੌਰ ਦਿੱਲੀ, ਬੀਬੀ ਸੰਤ ਕੌਰ, ਬੀਬੀ ਜਸਬੀਰ ਕੌਰ, ਬੀਬੀ ਜਸਵੰਤ ਕੌਰ ਆਦਿ ਹਾਜ਼ਰ ਸਨ।  

No comments: