Sunday, August 03, 2014

ਨਾਮਧਾਰੀ ਭੁੱਖ ਹੜਤਾਲ ਤੀਜੇ ਦਿਨ ਵੀ ਜਾਰੀ ਰਹੀ

ਸੰਤ ਜਗਤਾਰ ਸਿੰਘ (ਭੈਣੀ ਸਾਹਿਬ) ਨੂੰ ਬਣਾਇਆ ਤਿੱਖੀ ਆਲੋਚਨਾ ਦਾ ਨਿਸ਼ਾਨਾ 
ਲੁਧਿਆਣਾ: 3 ਅਗਸਤ 2014: (ਰੈਕਟਰ ਕਥੂਰੀਆ//ਪੰਜਾਬ ਸਕਰੀਨ):
ਨਾਮਧਾਰੀ ਪੰਥਕ ਐਕਸ਼ਨ ਕਮੇਟੀ ਵੱਲੋਂ ਨਾਮਧਾਰੀ ਪੰਥ ਦੀ ਏਕਤਾ ਵਾਸਤੇ ਸ਼ੁਰੂ ਕੀਤੀ ਗਈ ਭੁਖ ਹੜਤਾਲ ਤੀਜੇ ਦਿਨ ਵੀ ਜਾਰੀ ਰਹੀ। ਅੱਜ ਬੈਨਰਾਂ ਅਤੇ ਤਸਵੀਰਾਂ ਵਿੱਚ 74 ਦਿਨਾਂ ਤੱਕ ਮਰਨ ਵਰਤ ਰੱਖ ਕੇ ਆਪਣੀ ਜਾਨ ਕੁਰਬਾਨ ਕਰਨ ਵਾਲੇ ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਦੀ ਤਸਵੀਰ ਵੀ ਨਜ਼ਰ ਆ ਰਹੀ ਸੀ। ਸਟੇਜ ਤੋਂ ਗੁਰੂਕਾਲ ਵੇਲੇ ਦੀਆਂ ਸਾਖੀਆਂ ਸੁਣਾਈਆਂ ਜਾ ਰਹੀਆਂ ਸਨ। ਇਹਨਾਂ ਵਿੱਚ ਉਸ ਡੱਲੇ ਵਾਲੀ ਦਾਸਤਾਨ ਵੀ ਸੀ ਜਿਸਦਾ ਹੰਕਾਰ ਗੁਰੂ ਸਾਹਿਬ ਨੇ ਬੰਦੂਕ ਦੀ ਪਰਖ ਦੇ ਬਹਾਨੇ ਨਾਲ ਤੋੜਿਆ ਸੀ। ਉਸ ਸ਼ਾਨ ਅਤੇ ਹੰਕਾਰ ਦੀ ਤੁਲਣਾ ਅੱਜ ਦੇ ਹਾਲਾਤ ਨਾਲ ਕੀਤੀ ਜਾ ਰਹੀ ਸੀ। ਇਸ਼ਾਰਾ ਸਾਫ਼ ਸਾਫ਼ ਭੈਣੀ ਸਾਹਿਬ ਵੱਲ ਸੀ। ਪਲੀਹਾ (ਯੂਪੀ) ਤੋਂ ਉਚੇਚੇ ਤੌਰ ਤੇ ਆਏ ਸੰਤ ਮਨਮੋਹਨ ਸਿੰਘ ਜੀ ਦਾ ਜੱਥਾ ਕੀਰਤਨ ਅਤੇ ਕਥਾ ਨਾਲ ਜਿੱਥੇ ਅੱਜ ਦੇ ਹਾਲਾਤ ਦੀ ਕਰ ਰਿਹਾ ਸੀ ਓੱਥੇ ਸੰਗਤਾਂ ਵਿੱਚ ਹੋਸ਼ ਵਾਲਾ ਜੋਸ਼ ਵੀ ਭਰ ਰਿਹਾ ਸੀ। ਇਸ ਮੌਕੇ ਨਾਮਧਾਰੀ ਪੰਥ ਦੇ ਕਈ ਨੁਮਾਇੰਦਿਆਂ ਨੇ ਸੰਗਤ ਨੂੰ ਸੰਬੋਧਨ ਕੀਤਾ। ਇਹਨਾਂ ਸੰਬੋਧਨਾਂ ਵਿੱਚ ਸੰਗਤ ਵਿੱਚ ਸੰਤ ਜਗਤਾਰ ਸਿੰਘ (ਭੈਣੀ ਸਾਹਿਬ) ਵਿਰੁੱਧ ਗੁੱਸਾ ਤੇ ਰੋਸ ਸਾਫ ਝਲਕ ਰਿਹਾ ਸੀ। ਬੁਲਾਰਿਆਂ ਨੇ ਕਿਹਾ ਕਿ ਨਾਮਧਾਰੀ ਪੰਥ ਵਿੱਚ ਪੈਦਾ ਹੋਏ ਮੌਜੂਦਾ ਵਿਵਾਦ ਦੇ ਮੁੱਖ ਕਾਰਨਾਂ ਵਿੱਚੋਂ ਇੱਕ ਸੰਤ ਜਗਤਾਰ ਸਿੰਘ ਹਨ ਜਿਹੜੇ ਕਿ ਆਪਣੇ-ਆਪ ਨੂੰ ਭੈਣੀ ਸਾਹਿਬ ਦਾ ਅਤੇ ਪੰਥ ਦਾ ਸਰਵ-ਉੱਚ ਸਮਝ ਰਹੇ ਹਨ।  
ਅੱਜ ਏਕਤਾ ਹੋਣ ਵਿੱਚ ਵੀ ਸੰਤ ਜਗਤਾਰ ਸਿੰਘ ਜੀ ਮੁੱਖ ਅੜਿੱਕਾ ਹਨ, ਸ੍ਰੀ ਮਾਤਾਜੀ ਏਕਤਾ ਚਾਹੁੰਦੇ ਹਨ, ਪਰ ਇਹ ਨਹੀਂ ਮੰਨਦੇ। ਸ੍ਰੀ ਮਾਤਾਜੀ ਇਨ੍ਹਾਂ ਤੋਂ ਡਰ ਦੇ ਕੁਛ ਕਰ ਨਹੀਂ ਸਕਦੇ। ਸੰਤ ਜਗਤਾਰ ਸਿੰਘ ਆਪਣੇ ਆਪ ਨੂੰ ਭੈਣੀ ਸਾਹਿਬ ਅਤੇ ਉਸ ਨਾਲ ਜੁੜੀ ਹੋਈ ਜਾਇਦਾਦ ਦਾ ਇਕੱਲਾ ਮਾਲਕ ਸਮਝਣ ਲੱਗ ਪਏ ਹਨ ਜਦਕਿ ਇਹ ਸਭ ਕੁਝ ਨਾਮਧਾਰੀ ਸੰਗਤ ਦਾ ਹੈ , ਕਿਸੇ ਇਕ ਦੀ ਜਾਇਦਾਦ ਨਹੀਂ ਹੈ। ਸੰਤ ਜਗਤਾਰ ਸਿੰਘ ਭੈਣੀ ਸਾਹਿਬ ਨੂੰ ਗੁਰੂ ਘਰ ਨਾ ਸਮਝਦੇ ਹੋਏ ਆਪਣਾ ਨਿੱਜੀ ਫਾਰਮ ਹਾਊਸ ਸਮਝਦੇ ਹਨ। ਜਿਹੜਾ ਕਿ ਸੰਗਤ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕਰੇਗੀ।
ਸੰਤ ਮਨਮੋਹਨ ਸਿੰਘ ਦਾ ਜੱਥਾ ਕੀਰਤਨ ਅਤੇ ਵਿਆਖਿਆ ਕਰਦਿਆਂ 

ਸੰਤ ਜਗਤਾਰ ਸਿੰਘ ਉਹ ਸ਼ਖਸੀਅਤ ਹਨ ਜਿਹੜੇ ਕਿ ਭੈਣੀ ਸਾਹਿਬ ਤੋਂ ਬੰਦੇ ਭੇਜਕੇ ਥਾਂ ਥਾਂ ਥਾਂ 'ਤੇ ਗੁਰਦੁਆਰਿਆਂ ਵਿੱਚ ਬੈਠੀ ਹੋਈ ਸੰਗਤ ਨੂੰ ਮਾਰਦੇ-ਕੁਟਵਾਓਂਦੇ ਹਨ। ਗੁਰਦੁਆਰਿਆਂ ਨੂੰ ਤਾਲੇ ਲਗਵਾ ਦਿੱਤੇ ਹਨ। ਇਹ ਉਹੀ ਸੰਤ ਜਗਤਾਰ ਸਿੰਘ ਹਨ ਜਿਹੜੇ ਕਿ ਬੇਬੇ ਦਲੀਪ ਕੌਰ ਜੀ (ਠਾਕੁਰ ਉਦੈ ਸਿੰਘ ਜੀ ਦੀ ਸਕੀ ਮਾਤਾ) ਅਤੇ ਠਾਕੁਰ ਦਲੀਪ ਸਿੰਘ ਜੀ (ਠਾਕੁਰ ਉਦੈ ਸਿੰਘ ਜੀ ਦੇ ਵੱਡੇ ਭਰਾਤਾ ) ਸਮੇਤ ਪੰਥ ਹਿਤੈਸ਼ੀ ਨਾਮਧਾਰੀ ਸੰਗਤ ਨੂੰ ਕਿਸੇ ਵੀ ਕੀਮਤ ਤੇ ਭੈਣੀ ਸਾਹਿਬ ਜਾਂ ਹੋਰ ਨਾਮਧਾਰੀ ਪੰਥ ਦੇ ਗੁਰਦੁਆਰੇ ਅਤੇ ਧਾਰਮਿਕ ਸਥਾਨਾਂ ਤੇ ਜਾਣ ਤੋਂ ਰੋਕਦੇ ਹਨ। ਜੇ ਸੰਗਤ ਉਥੇ ਜਾਂਦੀ ਹੈ ਤਾਂ ਉਸਦੀ ਮਾਰ-ਕੁੱਟ ਕਰਵਾਓਂਦੇ ਹਨ।
ਸੰਤ ਜਗਤਾਰ ਸਿੰਘ ਜੀ – ਜਿੰਨੀ ਜਾਇਦਾਦ ਆਪ ਜੀ ਕੋਲ ਸਤਿਗੁਰੂ ਜੀ ਦੀ ਲੜਕੀ ਬੀਬਾ ਸਾਹਿਬ ਕੌਰ ਜੀ ਨਾਲ ਵਿਆਹ ਕਰਨ ਵੇਲੇ ਸੀ, ਉਸ ਬਾਰੇ ਸੰਗਤ ਨੂੰ ਪਤਾ ਹੈ। ਜਿੰਨੀ ਜਾਇਦਾਦ ਆਪ ਜੀ ਨੇ ਵਿਆਹ ਤੋਂ ਬਾਅਦ ਭੈਣੀ ਸਾਹਿਬ ਰਹਿਕੇ ਬਣਾਈ ਹੈ, ਉਸ ਬਾਰੇ ਵੀ ਸੰਗਤ ਭਲੀ ਭਾਂਤ ਜਾਣੂ ਹੈ। ਜੇ ਆਪ ਜੀ ਨੂੰ ਹੋਰ ਜਾਇਦਾਦ ਜਾਂ ਪੈਸੇ ਦੀ ਇੱਛਾ ਹੈ, ਤਾਂ ਸੰਗਤ ਉਹ ਵੀ ਪੂਰੀ ਕਰਨ ਨੂੰ ਤਿਆਰ ਹੈ। ਪਰ ਕਿਰਪਾ ਕਰਕੇ ਨਾਮਧਾਰੀ ਪੰਥ ਨੂੰ ਇਕੱਠਾ ਕਰਨ ਵਾਸਤੇ ਸਾਰਥਕ ਰੋਲ ਅਦਾ ਕਰੋ ।

ਸੰਗਤ ਵਿੱਚ ਭੁਖ ਹੜਤਾਲ ਦੇ ਸਮਰਥਨ ਵਾਸਤੇ ਉਤਸ਼ਾਹ ਦਿਨੋ-ਦਿਨ ਵੱਧ ਰਿਹਾ ਹੈ। ਇਸ ਮੌਕੇ ਸੂਬਾ ਦਰਸ਼ਨ ਸਿੰਘ ਰਾਏਸਰ, ਡਾ. ਸੁਖਦੇਵ ਸਿੰਘ ਅੰਮ੍ਰਿਤਸਰ, ਜਸਵਿੰਦਰ ਸਿੰਘ ਬਿਲੂ ਲੁਧਿਆਣਾ, ਸੂਬਾ ਭਗਤ ਸਿੰਘ ਮਹੱਦੀਪੁਰ, ਬਾਬਾ ਛਿੰਦਾ ਸਿੰਘ ਜੀ ਮੁਹਾਵਾ, ਸੂਬਾ ਅਮਰੀਕ ਸਿੰਘ , ਨਵਤੇਜ ਸਿੰਘ ਲੁਧਿਆਣਾ, ਹਜ਼ਾਰਾ ਸਿੰਘ ਚੰਡੀਗੜ, ਗੁਰਸੇਵ ਸਿੰਘ ਮੌਲੀ, ਹਰਭਜਨ ਸਿੰਘ ਫੋਰਮੈਨ, ਹਰਵਿੰਦਰ ਸਿੰਘ ਨਾਮਧਾਰੀ, ਪਲਵਿੰਦਰ ਸਿੰਘ ਕੁੱਕੀ, ਸੇਵਕ ਦੀਦਾਰ ਸਿੰਘ ਆਦਿ ਹਾਜ਼ਰ ਸਨ। 

No comments: