Thursday, August 28, 2014

ਬਜ਼ੁਰਗ ਸਮਾਜ ਦਾ ਅਹਿਮ ਅੰਗ--ਡਿਪਟੀ ਕਮਿਸ਼ਨਰ ਸ੍ਰੀ ਰਜਤ ਅਗਰਵਾਲ

*ਅਕਤੂਬਰ ਮਹੀਨਾ ਬਜ਼ੁਰਗਾਂ ਦੀ ਸਾਂਭ ਸੰਭਾਲ ਬਾਰੇ ਜਾਗਰੂਕਤਾ ਨੂੰ ਹੋਵੇਗਾ ਸਮਰਪਿਤ
*ਪੁਲਿਸ ਤੇ ਸਿਹਤ ਵਿਭਾਗਾਂ 'ਚ ਬਜ਼ੁਰਗਾਂ ਦੀ ਸਹੂਲਤ ਲਈ ਨੋਡਲ ਅਫ਼ਸਰ ਲਗਾਉਣ ਦੇ ਆਦੇਸ਼
*ਬਜ਼ੁਰਗ ਸਮਾਜ ਦਾ ਅਹਿਮ ਅੰਗ, ਪ੍ਰਸਾਸ਼ਨ ਸੇਵਾ ਲਈ ਹਰ ਸਮੇਂ ਹਾਜ਼ਰ-ਡਿਪਟੀ ਕਮਿਸ਼ਨਰ
ਲੁਧਿਆਣਾ, 28 ਅਗਸਤ 2014: (ਪੰਜਾਬ ਸਕਰੀਨ ਬਿਊਰੋ): 
ਡਿਪਟੀ ਕਮਿਸ਼ਨਰ ਸ੍ਰੀ ਰਜਤ ਅਗਰਵਾਲ ਨੇ ਬਜ਼ੁਰਗਾਂ ਨੂੰ ਸਮਾਜ ਦਾ ਅਹਿਮ ਅੰਗ ਕਰਾਰ ਦਿੰਦਿਆਂ ਇਨ੍ਹਾਂ ਦੀ ਸਾਂਭ ਸੰਭਾਲ, ਮਾਣ-ਇੱਜ਼ਤ ਬਰਕਰਾਰ ਰੱਖਣ ਅਤੇ ਬੇਹਤਰੀ ਲਈ ਹਰ ਸੰਭਵ ਯਤਨ ਕਰਨ ਦੀ ਵਚਨਬੱਧਤਾ ਦੁਹਰਾਈ ਹੈ। 'ਦੀ ਮੈਂਟੀਨੈਂਸ ਐਂਡ ਸੀਨੀਅਰ ਸਿਟੀਜ਼ਨ ਐਕਟ-2007' ਤਹਿਤ ਪ੍ਰਾਪਤ ਹੋਈਆਂ ਸ਼ਿਕਾਇਤਾਂ ਦੇ ਨਿਪਟਾਰੇ ਬਾਰੇ ਉਨ੍ਹਾਂ ਦੇ ਦਫ਼ਤਰ ਵਿਖੇ ਹੋਈ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸ੍ਰੀ ਅਗਰਵਾਲ ਨੇ ਕਿਹਾ ਕਿ ਬਜ਼ੁਰਗਾਂ ਦੀ ਸੇਧ ਅਤੇ ਅਗਵਾਈ ਤੋਂ ਬਿਨਾ ਸੱਭਿਅਕ ਅਤੇ ਨਰੋਏ ਸਮਾਜ ਦੀ ਸਿਰਜਣਾ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਹੈ, ਸੋ ਅੱਜ ਲੋੜ ਹੈ ਕਿ ਬਜ਼ੁਰਗਾਂ ਦੀ ਸਾਂਭ ਸੰਭਾਲ ਅਤੇ ਬੇਹਤਰੀ ਲਈ ਹਰ ਪੱਖ ਤੋਂ ਦ੍ਰਿੜ ਯਤਨ ਕੀਤੇ ਜਾਣ। ਬਜ਼ੁਰਗਾਂ ਦੀ ਸਾਂਭ ਸੰਭਾਲ ਬਾਰੇ ਜਾਗਰੂਕਤਾ ਫੈਲਾਉਣ ਲਈ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਅਕਤੂਬਰ 2014 ਜਾਗਰੂਕਤਾ ਮਹੀਨੇ ਵਜੋਂ ਮਨਾਉਣ ਦਾ ਫੈਸਲਾ ਕੀਤਾ ਗਿਆ ਹੈ।  
ਉਨ੍ਹਾਂ ਜ਼ਿਲ੍ਹਾ ਅਧਿਕਾਰੀਆਂ ਨੂੰ ਸਰਕਾਰੀ ਦਫ਼ਤਰਾਂ ਅਤੇ ਅਦਾਰਿਆਂ ਵਿੱਚ ਬਣਦਾ ਮਾਣ ਸਤਿਕਾਰ ਦੇਣ ਅਤੇ ਸੇਵਾ ਲਈ ਹਮੇਸ਼ਾਂ ਯਤਨਸ਼ੀਲ ਰਹਿਣ ਦੀ ਹਦਾਇਤ ਕਰਦਿਆਂ ਕਿਹਾ ਕਿ 'ਦੀ ਮੈਂਟੀਨੈਂਸ ਐਂਡ ਸੀਨੀਅਰ ਸਿਟੀਜ਼ਨ ਐਕਟ-2007' ਤਹਿਤ ਪ੍ਰਾਪਤ ਸ਼ਿਕਾਇਤਾਂ ਦਾ ਪਹਿਲ ਦੇ ਆਧਾਰ 'ਤੇ ਨਿਪਟਾਰਾ ਕੀਤਾ ਜਾਵੇ ਅਤੇ ਸੀਨੀਅਰ ਸਿਟੀਜ਼ਨਜ਼ ਨੂੰ ਇਨਸਾਫ਼ ਦੇਣ ਵਿੱਚ ਕੋਈ ਵੀ ਢਿੱਲ ਨਾ ਵਰਤੀ ਜਾਵੇ। ਉਨ੍ਹਾਂ ਪੁਲਿਸ ਅਤੇ ਸਿਹਤ ਵਿਭਾਗਾਂ ਤੋਂ ਆਏ ਅਧਿਕਾਰੀਆਂ ਨੂੰ ਵਿਸ਼ੇਸ਼ ਤੌਰ 'ਤੇ ਆਦੇਸ਼ ਦਿੱੱਤਾ ਕਿ ਉਹ ਜ਼ਿਲ੍ਹਾ ਪੱਧਰ 'ਤੇ ਨੋਡਲ ਅਧਿਕਾਰੀਆਂ ਦੀ ਨਿਯੁਕਤੀ ਕਰਨ ਅਤੇ ਇਸ ਬਾਰੇ ਪੁਲਿਸ ਥਾਣਿਆਂ ਅਤੇ ਸਾਰੇ ਹਸਪਤਾਲਾਂ ਵਿੱਚ ਬਕਾਇਦਾ ਲਿਖ਼ਤੀ ਤਖ਼ਤੀ ਲਗਾਉਣ। ਇਸੇ ਤਰ੍ਹਾਂ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਜ਼ਿਲ੍ਹੇ ਦੇ ਸਾਰੇ ਸਕੂਲਾਂ ਵਿੱਚ ਆਗਾਮੀ ਅਕਤੂਬਰ ਮਹੀਨੇ ਦੌਰਾਨ ਇਸ ਸੰਬੰਧੀ ਮਾਪਿਆਂ/ਬਜ਼ੁਰਗਾਂ ਦੀ ਸਾਂਭ ਸੰਭਾਲ ਅਤੇ ਪਰਿਵਾਰਕ ਕਦਰਾਂ ਕੀਮਤਾਂ ਬਾਰੇ ਜਾਗਰੂਕਤਾ ਸਮਾਗਮ ਕਰਾਉਣ।
ਸ੍ਰੀ ਅਗਰਵਾਲ ਨੇ ਮੀਟਿੰਗ ਵਿੱਚ ਹਾਜ਼ਰ ਸੀਨੀਅਰ ਸਿਟੀਜ਼ਨਜ਼ ਦੇ ਨੁਮਾਇੰੰਦਿਆਂ ਨੂੰ ਦੱਸਿਆ ਕਿ ਪੁਲਿਸ ਵਿਭਾਗ ਵੱਲੋਂ ਬਜ਼ੁਰਗਾਂ ਦੀ ਸਹੂਲਤ ਲਈ 1090 ਹੈਲਪਲਾਈਨ ਚਾਲੂ ਕੀਤੀ ਹੋਈ ਹੈ, ਹੰਗਾਮੀ ਜਾਂ ਵਿਪਰੀਤ ਸਥਿਤੀ ਵਿੱਚ ਬਜ਼ੁਰਗ ਇਸ ਦਾ ਲਾਹਾ ਲੈ ਸਕਦੇ ਹਨ। ਉਨ੍ਹਾਂ ਦੱਸਿਆ ਜ਼ਿਲ੍ਹਾ ਪ੍ਰਸਾਸ਼ਨ ਨੇ ਆਪਣੇ ਪੱਧਰ 'ਤੇ ਕਰਵਾਏ ਇੱਕ ਸਰਵੇ ਵਿੱਚ ਜ਼ਿਲ੍ਹੇ ਵਿੱਚ 65 ਉਨ੍ਹਾਂ ਬਜ਼ੁਰਗਾਂ ਦੀ ਸ਼ਨਾਖ਼ਤ ਕੀਤੀ ਹੋਈ ਹੈ, ਜਿਨ੍ਹਾਂ ਦੀ ਉਮਰ 100 ਸਾਲ ਤੋਂ ਉਪਰ ਹੈ। ਸਿਹਤ ਵਿਭਾਗ ਵੱਲੋਂ ਇਨ੍ਹਾਂ ਬਜ਼ੁਰਗਾਂ ਦੀ ਹਰ ਤਿੰਨ ਮਹੀਨੇ ਬਾਅਦ ਘਰਾਂ ਵਿੱਚ ਜਾ ਕੇ ਮੁਫ਼ਤ ਜਾਂਚ ਕੀਤੀ ਜਾਂਦੀ ਹੈ। ਸ੍ਰੀ ਅਗਰਵਾਲ ਨੇ ਸਿਵਲ ਸਰਜਨ ਡਾ. ਸੁਭਾਸ਼ ਬੱਤਾ ਨੂੰ ਇਸ ਸੇਵਾ ਦਾ ਦਾਇਰਾ ਹੋਰ ਵਧਾਉਣ ਦਾ ਆਦੇਸ਼ ਦਿੰਦਿਆਂ ਕਿਹਾ ਕਿ ਸਾਰੇ ਸੀਨੀਅਰ ਸਿਟੀਜ਼ਨਜ਼ ਨੂੰ ਸਿਹਤ ਪੱਖੋਂ ਸਹੂਲਤ ਮੁਹੱਈਆ ਕਰਾਉਣ ਲਈ ਨਿੱਜੀ ਹਸਪਤਾਲਾਂ ਨੂੰ ਅਪੀਲ ਕੀਤੀ ਜਾਵੇ ਕਿ ਉਹ ਜਾਂਚ 'ਚ ਵੱਧ ਤੋਂ ਵੱਧ ਡਿਸਕਾਊਂਟ (ਰਿਆਇਤ) ਦੇਣ। ਇਸੇ ਤਰ੍ਹਾਂ ਜ਼ਿਲ੍ਹੇ ਵਿੱਚ ਪੈਂਦੇ 5 ਬਿਰਧ ਆਸ਼ਰਮਾਂ (ਓਲਡਏਜ਼ ਹੋਮ) ਵਿੱਚ ਹਫ਼ਤਾਵਰੀ ਮੁਫ਼ਤ ਮੈਡੀਕਲ ਜਾਂਚ ਦੀ ਮੁਹਿੰਮ ਹਰ ਹੀਲੇ ਚਾਲੂ ਰੱਖੀ ਜਾਵੇ। ਸਰਕਾਰੀ ਹਸਪਤਾਲਾਂ ਵਿੱਚ ਬਜ਼ੁਰਗਾਂ ਲਈ ਵਿਸ਼ੇਸ਼ ਬੈੱਡ ਮੁਹੱਈਆ ਕਰਾਏ ਜਾਣ 'ਤੇ ਵੀ ਜ਼ੋਰ ਦਿੱਤਾ ਗਿਆ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ (ਵ) ਸ੍ਰ. ਸੁਪਰੀਤ ਸਿੰਘ ਗੁਲਾਟੀ, ਵਧੀਕ ਡਿਪਟੀ ਕਮਿਸ਼ਨਰ ਖੰਨਾ ਸ੍ਰੀ ਅਜੇ ਕੁਮਾਰ ਸੂਦ, ਸੀਨੀਅਰ ਸਿਟੀਜ਼ਨਜ਼ ਵੱਲੋਂ ਨੁਮਾਇੰਦੇ ਸ੍ਰੀ ਐੱਸ. ਪੀ. ਕਰਕਰਾ ਸਾਬਕਾ ਆਈ. ਏ. ਐੱਸ. ਅਧਿਕਾਰੀ, ਐੱਸ. ਡੀ. ਐੱਮ. ਰਾਏਕੋਟ ਸ੍ਰੀ ਰਾਕੇਸ਼ ਪੋਪਲੀ, ਐੱਸ. ਡੀ. ਐੱਮ. ਜਗਰਾਉਂ ਮੈਡਮ ਅਪਨੀਤ ਰਿਆਤ, ਐੱਸ. ਡੀ. ਐੱਮ. ਪੂਰਬੀ ਸ੍ਰ. ਪਰਮਜੀਤ ਸਿੰਘ, ਐੱਸ. ਡੀ. ਐੱਮ. ਪਾਇਲ ਮੈਡਮ ਹਰਜੀਤ ਕੌਰ, ਐੱਸ. ਡੀ. ਐੱਮ. ਸਮਰਾਲਾ ਸ਼੍ਰੀਮਤੀ ਅਨੁਪ੍ਰਿਤਾ ਜੌਹਲ, ਸ੍ਰ. ਜਸਕੀਰਤ ਸਿੰਘ ਏ. ਸੀ. ਪੀ. (ਸਥਾਨਕ), ਸਿਵਲ ਸਰਜਨ ਡਾ. ਸੁਭਾਸ਼ ਬੱਤਾ, ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਸ੍ਰ. ਪ੍ਰਭਦੀਪ ਸਿੰਘ ਨੱਥੋਵਾਲ, ਸੀ. ਡੀ. ਪੀ. ਓ. ਸ੍ਰੀਮਤੀ ਰੁਪਿੰਦਰ ਕੌਰ, ਡਾ. ਜਸਬੀਰ ਸਿੰਘ ਸਿਵਲ ਹਸਪਤਾਲ, ਡਾ. ਇੰਦਰਜੀਤ ਢੀਂਗਰਾ ਅਤੇ ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਦੇ ਕਈ ਮੈਂਬਰ ਹਾਜ਼ਰ ਸਨ।

No comments: