Wednesday, August 27, 2014

ਲੁਧਿਆਣਾ ਵਿੱਚ ਫਿਰ ਚੱਲੀਆਂ ਗੋਲੀਆਂ

ਪੂਰੇ ਫਿਲਮੀ ਅੰਦਾਜ਼ ਵਿੱਚ ਕੀਤੀ ਗਈ ਫਾਇਰਿੰਗ
ਲੁਧਿਆਣਾ:27 ਅਗਸਤ 2014:(ਪੰਜਾਬ ਸਕਰੀਨ ਬਿਊਰੋ):   
ਕਾਰਨ ਨਸ਼ੇ ਹੋਣ, ਫਿਲਮਾਂ ਜਾਂ ਫੇਰ ਰਾਜਨੀਤਿਕਾਂ ਦੀਆਂ ਦਖਲਅੰਦਾਜ਼ੀਆਂ--ਪੁਲਿਸ ਦਾ ਖੌਫ਼ ਦਿਨੋਂ ਦਿਨ ਘਟਦਾ ਜਾ ਰਿਹਾ ਹੈ। ਜਿਸ ਦਾ ਦਿਲ ਕਰਦਾ ਹੈ ਚਾਕੂ ਕਢ ਲੈਂਦਾ ਹੈ--ਜਿਸਦਾ ਦਿਲ ਕਰਦਾ ਹੈ ਗੋਲੀ ਚਲਾ ਦੇਂਦਾ ਹੈ। ਚੇਨ ਸਨੈਚਿੰਗ ਅਤੇ ਗਲੀਆਂ ਮੁਹੱਲਿਆਂ ਵਿੱਚ ਹੋਣ ਵਾਲੇ ਇਸ ਤਰਾਂ ਦੇ ਛੋਟੇ ਮੋਟੇ ਝਗੜੇ ਏਨੇ ਵਧ ਚੁੱਕੇ ਹਨ ਕਿ ਲੋਕ ਇਸ ਬਾਰੇ ਪੁਲਿਸ ਨੂੰ ਸੂਚਨਾ ਦੇਣਾ ਵੀ ਜਰੂਰੀ ਨਹੀਂ ਸਮਝਦੇ ਕਿਓਂਕਿ ਇਤਲਾਹ ਦਾ ਮਤਲਬ ਅਜੇ ਵੀ ਖਾਹਮਖਾਹ ਦੀ ਖੱਜਲ ਖੁਆਰੀ ਸਮਝਿਆ ਜਾਂਦਾ ਹੈ। ਕਾਨੂੰਨ ਨੂੰ ਟਿਚ ਸਮਝਣ ਵਾਲੇ ਲਗਾਤਾਰ ਕੁਝ ਨ ਕੁਝ ਕਰਦੇ ਰਹਿੰਦੇ ਹਨ। ਲੋਕਾਂ ਕੋਲ ਕਿਸ਼ਤਾਂ ਨਾਲ ਆਈਆਂ ਗੱਡੀਆਂ ਦੀ ਗਿਣਤੀ ਵਧ ਰਹੀ ਹੈ ਪਰ ਘਰਾਂ ਅਤੇ ਗਲੀਆਂ ਦੀ ਥਾਂ ਓਨੀ ਕੁ ਹੀ ਹੈ। ਨਤੀਜਾ ਹੁੰਦਾ ਹੈ ਆਏ ਦਿਨ ਪਾਰਕਿੰਗ ਕਾਰਨ ਹੁੰਦੇ ਝਗੜੇ। ਹੁਣ ਬੁੱਧਵਾਰ 27 ਅਗਸਤ ਦੀ ਦੁਪਹਿਰ ਨੂੰ ਲੁਧਿਆਣਾ ਦੇ ਤਾਜਪੁਰ ਰੋਡ 'ਤੇ ਉਸ ਸਮੇਂ ਚਾਰੇ ਪਾਸੇ ਹਫਡ਼ਾ-ਦਫੜੀ ਪੈ ਗਈ ਜਦੋਂ ਦੋ ਗੁੱਟਾਂ ਵਿਚਾਲੇ ਅਚਾਨਕ ਖੂਨੀ ਟਕਰਾਅ ਹੋ ਗਿਆ ਅਤੇ ਦੋਵਾਂ ਗੁੱਟਾਂ ਵਿਚਾਲੇ ਤਾਬੜਤੋੜ ਗੋਲੀਆਂ ਵੀ ਚੱਲੀਆਂ। ਦੇਖਣ ਵਾਲਿਆਂ ਮੁਤਾਬਿਕ ਇਹ ਟਕਰਾਅ ਇੰਨਾ ਭਿਆਨਕ ਸੀ ਕਿ ਇਕ ਵਾਰ ਤਾਂ ਇਸ ਨੂੰ ਦੇਖਣ ਵਾਲਿਆਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਅਤੇ ਦੋਵਾਂ ਗੁੱਟਾਂ ਵਿਚਾਲੇ ਠਾਹ ਠਾਹ ਗੋਲੀਆਂ ਚਲ ਰਹੀਆਂ ਸਨ। ਮਾਮਲਾ ਇਥੇ ਵੀ ਬੋਲੇਰੋ ਗੱਡੀ ਨੂੰ ਪਿਛੇ ਕਰਨ ਦਾ ਸੀ। ਮਿਲੀ ਜਾਣਕਾਰੀ ਮੁਤਾਬਕ ਇਕ ਗੁੱਟ ਦੇ ਮੈਂਬਰਾਂ ਨੇ ਤਾਂ ਦੂਜੇ ਗੁੱਟ ਦੇ ਘਰ 'ਤੇ ਪਥਰਾਅ ਵੀ ਕਰ ਦਿੱਤਾ। ਇਸ ਕੁੱਟਮਾਰ ਵਿਚ ਦੋਵੇਂ ਗੁੱਟਾਂ ਦੇ ਲਗਭਗ ਸੱਤ ਲੋਕ ਜ਼ਖਮੀ ਹੋਏ ਹਨ। ਇਨ੍ਹਾਂ 'ਚੋਂ ਦੋ ਨੌਜਵਾਨਾਂ ਨੂੰ ਗੋਲੀਆਂ ਵੀ ਲੱਗੀਆਂ ਹਨ। ਇਹ ਇੱਕ ਤਰਾਂ ਨਾਲ ਫਿਲਮੀ ਅੰਦਾਜ਼ ਵਾਲਾ ਗੋਲੀਆਂ ਦਾ ਮੀਂਹ ਸੀ। ਨਵੀਆਂ ਲਈਆਂ ਗੱਡੀਆਂ ਦੇ ਨਸ਼ੇ ਸਾਹਮਣੇ ਇਨਸਾਨੀ ਜ਼ਿੰਦਗੀ ਸਸਤੀ ਹੋਈ ਮਹਿਸੂਸ ਹੁੰਦੀ ਹੈ।
 ਜਾਣਕਾਰੀ ਅਨੁਸਾਰ ਘਟਨਾ ਅੱਜ ਦੁਪਹਿਰ 2:30 ਵਜੇ ਦੇ ਕਰੀਬ ਉਸ ਵਕਤ ਵਾਪਰੀ ਜਦੋਂ ਡੇਅਰੀ ਮਾਲਕ ਸੁਨੀਲ ਕੁਮਾਰ ਉਰਫ਼ ਸੁੰਦਰੀ ਆਪਣੇ ਸਾਥੀਆਂ ਨਾਲ ਜੀਪ 'ਤੇ ਡੇਅਰੀ 'ਤੇ ਆ ਰਿਹਾ ਸੀ, ਜਦੋਂ ਉਹ ਡੇਅਰੀ ਦੇ ਗੇਟ 'ਤੇ ਪਹੁੰਚਿਆ ਤਾਂ ਉਥੇ ਕੁੱਝ ਨੌਜਵਾਨ ਮੋਟਰ ਸਾਈਕਲ ਖੜ੍ਹਾ ਕਰਕੇ ਖੜੇ ਸਨ। ਸੁੰਦਰੀ ਨੇ ਉਨ੍ਹਾਂ ਨੂੰ ਮੋਟਰ ਸਾਈਕਲ ਉਥੋਂ ਹਟਾਉਣ ਲਈ ਕਿਹਾ। ਇਸ ਗੱਲ ਨੂੰ ਲੈ ਕੇ ਸੁੰਦਰੀ ਤੇ ਉਸ ਦੇ ਸਾਥੀਆਂ ਦਾ ਨੌਜਵਾਨਾਂ ਨਾਲ ਤਕਰਾਰ ਹੋ ਗਿਆ। ਨੌਜਵਾਨਾਂ ਵੱਲੋਂ ਆਪਣੇ ਕੁੱਝ ਸਾਥੀ ਬੁਲਾ ਲਏ ਗਏ, ਜਦਕਿ ਸੁੰਦਰੀ ਨੇ ਵੀ ਆਪਣੇ ਕੁੱਝ ਹਿਮਾਇਤੀ ਉਥੇ ਬੁਲਾ ਲਏ। ਦੋਵਾਂ ਧਿਰਾਂ ਵਿਚਾਲੇ ਜਬਰਦਸਤੀ ਲੜਾਈ ਸ਼ੁਰੂ ਹੋ ਗਈ | ਸੁੰਦਰੀ ਤੇ ਨੌਜਵਾਨਾਂ ਵੱਲੋਂ ਉਥੇ ਕਈ ਰਾਊਾਡ ਗੋਲੀਆਂ ਚਲਾਈਆਂ ਗਈਆਂ। ਅੱਖੀਂ ਦੇਖਣ ਵਾਲਿਆਂ ਮੁਤਾਬਿਕ ਇਕ ਘੰਟਾ ਸੜਕ ਤੇ ਪੂਰਾ ਗੁੰਡਾਗਰਦੀ ਦਾ ਰਾਜ ਰਿਹਾ | ਗੋਲੀ ਚਲਾਉਣ ਤੋਂ ਇਲਾਵਾ ਦੋਵਾਂ ਧਡ਼ਿਆਂ ਵੱਲੋਂ ਇਕ ਦੂਜੇ 'ਤੇ ਪੱਥਰਾਅ ਵੀ ਕੀਤਾ ਗਿਆ।  ਲੜਾਈ ਦੌਰਾਨ ਗੋਲੀ ਚੱਲਣ ਤੇ ਪੱਥਰਾਅ ਕਾਰਨ ਦਰਜਨਾਂ ਵਿਅਕਤੀ ਜ਼ਖ਼ਮੀ ਹੋ ਗਏ। ਘਟਨਾ ਦੀ ਸੂਚਨਾ ਮਿਲਦੇ ਪੁਲਿਸ ਅਧਿਕਾਰੀ ਭਾਰੀ ਫੋਰਸ ਲੈ ਕੇ ਉਥੇ ਪਹੁੰਚੇ। ਭੀੜ ਨੂੰ ਖਦੇੜਣ ਲਈ ਪੁਲਿਸ ਵੱਲੋਂ ਲੋਕਾਂ 'ਤੇ ਲਾਠੀਚਾਰਜ ਕੀਤਾ ਗਿਆ, ਜਿਸ ਕਾਰਨ ਕਈ ਲੋਕਾਂ ਦੇ ਸੱਟਾਂ ਲੱਗੀਆਂ। 
ਇਹਨਾਂ ਭੜਕੇ ਹੋਏ ਲੋਕਾਂ ਵੱਲੋਂ ਸੁੰਦਰੀ ਦੇ ਘਰ 'ਤੇ ਹਮਲਾ ਕਰਕੇ ਉਥੇ ਵੀ ਭੰਨਤੋੜ ਕੀਤੀ ਗਈ। ਲੜਾਈ ਵਿਚ ਜ਼ਖ਼ਮੀ ਹੋਣ ਵਾਲੇ ਵਿਅਕਤੀਆਂ ਵਿਚ ਸੁਨੀਲ ਕੁਮਾਰ ਸੁੰਦਰੀ, ਉਸ ਦਾ ਪਿਤਾ ਰਮੇਸ਼ ਕੁਮਾਰ, ਦੀਪਕ ਕੁਮਾਰ, ਅਨਿਲ ਕੁਮਾਰ, ਮਿਥਲੇਸ਼, ਸਿਮਰਜੀਤ ਸਿੰਘ, ਮਿੰਟੂ, ਸਿਮਰਜੀਤ ਸਿੰਘ ਤੇ 13 ਸਾਲ ਦਾ ਬੱਚਾ ਵੀ ਸ਼ਾਮਿਲ ਹਨ। ਘਟਨਾ ਕਾਰਨ ਰੋਹ ਵਿਚ ਆਏ ਲੋਕਾਂ ਵੱਲੋਂ ਤਾਜਪੁਰ ਨੇੜੇ ਜਾਂਦੀ ਮੁੱਖ ਸੜਕ 'ਤੇ ਧਰਨਾ ਦੇ ਕੇ ਆਵਾਜਾਈ ਠੱਪ ਕਰ ਦਿੱਤੀ, ਜਿਸ ਕਾਰਨ 2 ਘੰਟੇ ਤੱਕ ਆਵਾਜਾਈ ਪ੍ਰਭਾਵਿਤ ਰਹੀ। ਧਰਨਾਕਾਰੀ ਦੋਸ਼ੀ ਵਿਅਕਤੀਆਂ ਖਿਲਾਫ਼ ਕਾਰਵਾਈ ਦੀ ਮੰਗ ਕਰ ਰਹੇ ਸਨ। ਮੌਕੇ 'ਤੇ ਪਹੁੰਚੇ ਏ ਡੀ ਸੀ ਪੀ ਸਤਵੀਰ ਸਿੰਘ ਅਟਵਾਲ ਨੇ ਲੋਕਾਂ ਨੂੰ ਮੁੱਢਲੀ ਕਾਰਵਾਈ ਦਾ ਭਰੋਸਾ ਦਿੱਤਾ ਜਿਸ 'ਤੇ ਧਰਨਾਕਾਰੀ ਸ਼ਾਂਤ ਹੋਏ।
ਇਸ ਚਿੰਤਾਜਨਕ ਘਟਨਾ ਦੀ ਸੂਚਨਾ ਮਿਲਦਿਆਂ ਸਾਰ ਹੀ ਕਈ ਥਾਣਿਆਂ ਦੀ ਪੁਲਸ ਫੋਰਸ ਮੌਕੇ 'ਤੇ ਪਹੁੰਚੀ ਅਤੇ ਹਾਲਾਤ ਨੂੰ ਕਾਬੂ 'ਚ ਕੀਤਾ। ਮੌਕੇ ਤੋਂ ਮਿਲੀ ਜਾਣਕਾਰੀ ਮੁਤਾਬਕ ਇਕ ਨੌਜਵਾਨ ਨੇ ਆਪਣੀ ਲਾਈਸੰਸੀ ਰਿਵਾਲਵਰ ਨਾਲ ਹਵਾ 'ਚ ਪੰਜ ਛੇ ਗੋਲੀਆਂ ਚਲਾਈਆਂ। ਉਸ ਤੋਂ ਬਾਅਦ ਹਮਲਾਵਰਾਂ ਨੇ ਸਾਹਮਣੇ ਤੋਂ ਹੀ ਪੰਜ ਛੇ ਗੋਲੀਆਂ ਚਲਾਈਆਂ, ਜਿਨ੍ਹਾਂ ਵਿਚੋਂ ਦੋ ਗੋਲੀਆਂ ਮੁਕੇਸ਼ ਨਾਮਕ ਨੌਜਵਾਨ ਦੀ ਲੱਤ ਅਤੇ ਇਕ ਗੋਲੀ ਮਿੰਟੂ ਦੀ ਬਾਂਹ 'ਤੇ ਜਾ ਵੱਜੀ। ਇਸਦੇ ਨਾਲ ਹੀ 17 ਰਾਊਂਡ ਗੋਲੀਆਂ ਚੱਲਣ ਦੀ ਖਬਰ ਵੀ ਮਿਲੀ ਹੈ। ਸਹੀ ਗੱਲ ਭਾਵੇਂ ਕੋਈ ਵੀ ਹੋਵੇ ਪਰ ਇੱਕ ਗਲ ਸਾਫ਼ ਹੈ ਕੀ ਕਈ ਗੋਲੀਆਂ ਚੱਲੀਆਂ। ਜਦੋਂ ਲੋਕ ਇਕੱਠੇ ਹੋ ਗਏ ਤਾਂ ਹਮਲਾਵਰ ਫਰਾਰ ਹੋ ਗਏ। ਸਿਵਲ ਹਸਪਤਾਲ ਵਿੱਚ ਦੇਰ ਸ਼ਾਮ ਤੱਕ ਇਸ ਨੂੰ ਲੈ ਕੇ ਭੀੜ ਲੱਗੀ ਰਹੀ। ਐਮਰਜੰਸੀ ਦੇ ਓਤੀ ਹਾਲ ਵਿਕ੍ਚ ਗੋਲੀਆਂ ਕਢਣ ਦੀ ਪ੍ਰਕ੍ਰਿਆ ਚਲਦੀ ਰਹੀ ਅਤੇ ਬਾਹਰ ਪੁਲਿਸ ਆਪਣੀ ਕਾਰਵਾਈ ਪੂਰੀ ਕਰਨ ਵਿੱਚ ਰੁਝੀ ਰਹੀ। 
ਇਸ ਸਾਰੀ ਘਟਨਾ ਬਾਰੇ ਮੀਡੀਆ ਨਾਲ ਗੱਲਬਾਤ ਕਰਦਿਆਂ ਐਸ.ਪੀ. ਪੂਰਬੀ ਗੁਰਜੀਤ ਸਿੰਘ ਨੇ ਕਿਹਾ ਕਿ ਦੋਵੇਂ ਧਿਰਾਂ ਵਿਚਾਲੇ ਹੋਏ ਖੂਨੀ ਟਕਰਾਅ ਨੂੰ ਦੇਖ ਕੇ ਲੱਗਦਾ ਹੈ ਕਿ ਟਕਰਾਅ ਬਹੁਤ ਜ਼ਬਰਦਸਤ ਸੀ ਅਤੇ ਦੋਵਾਂ ਵਿਚਾਲੇ ਪਥਰਾਅ ਵੀ ਹੋਇਆ ਹੈ ਅਤੇ ਗੋਲੀਆਂ ਵੀ ਚੱਲੀਆਂ ਹਨ। ਘਟਨਾ ਵਿਚ ਜ਼ਖਮੀ ਹੋਏ ਵਿਅਕਤੀ ਹਸਪਤਾਲ ਵਿਚ ਇਲਾਜ ਅਧੀਨ ਹਨ ਇਸ ਲਈ ਉਨ੍ਹਾਂ ਦੇ ਬਿਆਨ ਨਹੀਂ ਲਏ ਜਾ ਸਕੇ। ਜ਼ਖਮੀਆਂ ਦੇ ਬਿਆਨ ਲੈਣ ਤੋਂ ਬਾਅਦ ਹੀ ਕਾਰਵਾਈ ਕੀਤੀ ਜਾਵੇਗੀ ਅਤੇ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਹੁਣ ਦੇਖਣਾ ਇਹ ਹੈ ਕਿ ਸ ਘਟਨਾ ਨੂੰ ਸਫਲਤਾ ਪੂਰਬਕ ਕੰਟ੍ਰੋਲ ਕਰ ਲੈਣ ਦੇ ਬਾਵਜੂਦ ਪੁਲਿਸ ਦੇ ਰੋਅਬ ਦਾਬ ਨੂੰ ਆਮ ਲੋਕਾਂ ਦੀ ਬਜਾਏ ਮੁਜਰਿਮਾਂ ਦੇ ਦਿਲਾਂ ਵਿੱਚ ਬਿਠਾਉਣ ਲਈ ਕੀ ਕਦਮ ਚੁੱਕੇ ਜਾਂਦੇ ਹਨ?

No comments: