Monday, August 04, 2014

ਨਾਮਧਾਰੀ ਵਿਵਾਦ: ਭੁੱਖ ਹੜਤਾਲ 'ਤੇ ਬੈਠੀ ਪ੍ਰਵੀਨ ਕੌਰ ਦੀ ਹਾਲਤ ਨਾਜ਼ੁਕ ਹੋਣੀ ਸ਼ੁਰੂ

ਸਾਡੇ ਨਾਲ ਹੈ 80% ਸੰਗਤ ਓਧਰ ਸਿਰਫ 20%-ਸੂਬਾ ਅਮਰੀਕ ਸਿੰਘ 
ਲੁਧਿਆਣਾ: 4 ਅਗਸਤ 2014: (ਰੈਕਟਰ ਕਥੂਰੀਆ//ਪੰਜਾਬ ਸਕਰੀਨ):
ਨਾਮਧਾਰੀ ਪੰਥਕ ਐਕਸ਼ਨ ਕਮੇਟੀ ਵੱਲੋਂ ਅਰੰਭੀ ਗਈ ਲੜੀਵਾਰ ਭੁੱਖ ਹੜਤਾਲ ਅੱਜ ਚੌਥੇ ਦਿਨ ਵੀ ਜਾਰੀ ਰਹੀ।ਸ਼ਾਂਤਮਈ ਸੰਗਤ ਨੇ ਅੱਜ ਵੀ ਕੀਰਤਨ ਅਤੇ ਕਥਾ ਸਰਵਣ ਕਰਦਿਆਂ ਏਕਤਾ ਦਾ ਸੰਕਲਪ ਦੁਹਰਾਇਆ। ਇਸ ਮੌਕੇ ਤੇ ਸੂਬਾ ਅਮਰੀਕ ਸਿੰਘ ਅਤੇ ਇੱਕ ਹੋਰ ਸੀਨੀਅਰ ਆਗੂ ਡਾਕਟਰ ਸੁਖਦੇਵ ਸਿੰਘ ਨੇ ਮੀਡੀਆ ਨੂੰ ਦੱਸਿਆ ਕਿ ਭੁੱਖ ਹੜਤਾਲ 'ਤੇ ਬੈਠੀ  ਨਾਮਧਾਰੀ ਪੈਰੋਕਾਰ ਬੀਬੀ ਪ੍ਰਵੀਨ ਕੌਰ ਦੀ ਹਾਲਤ ਨਾਜ਼ੁਕ ਹੋਣੀ ਸ਼ੁਰੂ ਹੋ ਗਈ ਹੈ। ਉਹਨਾਂ ਦਾ ਵਜਨ ਵੀ ਘਟ ਗਿਆ ਹੈ ਅਤੇ ਸ਼ੂਗਰ ਦਾ ਲੈਵਲ ਵੀ ਲੋ ਆ ਗਿਆ ਹੈ। ਉਹਨਾਂ ਦੱਸਿਆ ਕਿ ਪਰਵੀਨ ਕੌਰ ਦਾ ਸ਼ੂਗਰ ਲੈਵਲ ਹੁਣ 60 ਤੋਂ ਬਸ ਮਾੜਾ ਜਿਹਾ ਹੀ ਵਧ ਹੈ। ਇਸ ਨਾਜ਼ੁਕ ਹਾਲਤ ਦੇ ਬਾਵਜੂਦ ਉਹਨਾਂ ਫਿਰ ਸਪਸ਼ਟ ਕੀਤਾ ਕਿ ਸਾਡੀ ਇਹ ਭੁੱਖ ਹੜਤਾਲ ਇਨਸਾਫ਼ ਅਤੇ ਏਕਤਾ ਤੱਕ ਜਾਰੀ ਰਹੇਗੀ। ਉਹਨਾਂ ਨਾਮਧਾਰੀ ਆਗੂ ਹਰਵਿੰਦਰ ਸਿੰਘ ਹੰਸਪਾਲ ਦੀ ਤਿੱਖੇ ਸ਼ਬਦਾਂ ਵਿੱਚ ਆਲੋਚਨਾ ਕੀਤੀ। ਮਸਲੇ ਦੇ ਹਲ ਬਾਰੇ ਪੁੱਛੇ ਜਾਨ 'ਤੇ ਉਹਨਾਂ ਕਿਹਾ ਕਿ ਦੋਵੇਂ ਭਰਾ, ਦੋਵੇਂ ਮਾਤਾਵਾਂ ਅਤੇ ਸੰਤ ਜਗਤਾਰ ਸਿੰਘ ਰਲ ਕੇ ਜੋ ਵੀ ਫੈਸਲਾ ਕਰਨ ਉਹ ਸਾਨੂੰ ਪ੍ਰਵਾਨ ਹੋਵੇਗਾ। ਉਹਨਾਂ ਸਾਫ਼ ਕਿਹਾ ਕਿ 80 ਫੀਸਦੀ ਸੰਗਤ ਸਾਡੇ ਨਾਲ ਹੈ ਜਦਕਿ ਓਧਰ ਸਿਰਫ 20 ਫੀਸਦੀ ਸੰਗਤ ਹੈ। 
ਕੱਲ ਲਖਵੀਰ ਸਿੰਘ ਬੱਦੋਵਾਲ ਪ੍ਰੈਸ ਸਕੱਤਰ ਨਾਮਧਾਰੀ ਦਰਬਾਰ (ਭੈਣੀ ਸਾਹਿਬ) ਨੇ ਬਹੁਤ ਹੀ ਮੰਦ ਭਾਗਾ ਬਿਆਨ ਦਿੰਦਿਆਂ ਹੋਇਆਂ ਕਿਹਾ ਹੈ ਕਿ ਜੇ ਸਾਰੀ ਸੰਗਤ ਠਾਕੁਰ ਉਦੈ ਸਿੰਘ ਜੀ ਨੂੰ ਗੁਰੁ ਮੰਨ ਲਵੇ ਤਾ ਏਕਤਾ ਆਪਣੇ ਆਪ ਹੋ ਜਾਵੇਗੀ। 
ਲਖਬੀਰ ਸਿੰਘ ਬੱਦੋਵਾਲ ਇਹ ਦੱਸਣ ਕਿ ਇਹ ਕਿਥੇ ਲਿਖਿਆ ਹੈ ਕਿ ਧਰਨਾ ਲਗਾਓਣਾ ਮਨਾ ਹੈ? ਉਹ ਮਰਿਯਾਦਾ ਕਿਸਨੇ ਲਿਖੀ ਹੈ ਜਿਥੇ ਇਹ ਲਿਖਿਆ ਹੈ? ਲਖਬੀਰ ਸਿੰਘ ਜੀ ਇਹ ਦੱਸਣ ਕਿ ਕੀ ਨਾਮਧਾਰੀ ਪੰਥ ਨੂੰ ਪ੍ਰਫੁਲਿਤ ਕਰਨਾ , ਵਧਾਓਣਾ ਨਾਮਧਾਰੀ ਮਰਯਾਦਾ ਹੈ ਜਾਂ ਪੰਥ ਪਾੜਨਾ, ਟੋਟੇ ਕਰਨਾ ਨਾਮਧਾਰੀ ਮਰਯਾਦਾ ਹੈ? ਕਿਉਂਕਿ ਠਾਕੁਰ ਉਦੈ ਸਿੰਘ ਜੀ ਕਈ ਵਾਰ ਕਹਿ ਚੁਕੇ ਹਨ ਕਿ ਪੰਥ ਦੇ ਜਿੰਨੇ ਮਰਜ਼ੀ ਟੋਟੇ ਹੋ ਜਾਣ, ਕੋਈ ਹਰਜ਼ ਨਹੀਂ। ਅਸੀਂ ਏਕਤਾ ਨਹੀਂ ਕਰਨੀ।ਲਖਬੀਰ ਸਿੰਘ ਜੀ ਨੇ ਆਪਣੇ ਬਿਆਨ ਵਿੱਚ ਕਿਹਾ ਹੈ ਕਿ ਮਾਤਾ ਚੰਦ ਕੌਰ ਜੀ ਨੇ ਠਾਕੁਰ ਉਦੈ ਸਿੰਘ ਜੀ ਨੂੰ ਪਹਿਲਾਂ ਡੇਰਾ ਪ੍ਰਬੰਧਕ ਬਣਾਇਆ ਅਤੇ ਚਾਰ ਦਿਨ ਬਾਅਦ ਮਾਤਾ ਜੀ ਨੇ ਸੂਬਾ ਸਾਹਿਬਾਨ ਦੀ ਮੌਜੂਦਗੀ ਵਿੱਚ ਠਾਕੁਰ ਉਦੈ ਸਿੰਘ ਜੀ ਨੂੰ ਗੁਰਗੱਦੀ ਤੇ ਬਿਰਾਜਮਾਨ ਕਰਵਾ ਦਿੱਤਾ। ਇਹ ਚੀਜ਼ ਸਾਬਤ ਕਰਦੀ ਹੈ ਕਿ ਠਾਕੁਰ ਉਦੈ ਸਿੰਘ ਜੀ ਨੂੰ ਸਤਿਗੁਰੂ ਜਗਜੀਤ ਸਿੰਘ ਜੀ ਵੱਲੋਂ ਗੱਦੀ ਤੇ ਬੈਠਣ ਦਾ ਇਸ਼ਾਰਾ ਤੱਕ ਨਹੀਂ ਸੀ ਹੋਇਆ। ਹੁਕਮ ਦੀ ਗੱਲ ਤਾਂ ਬਹੁਤ ਦੂਰ ਦੀ ਹੈ।
ਕੀ ਮਾਤਾ ਜੀ ਕਿਸੇ ਨੂੰ ਸਤਿਗੁਰੂ ਬਣਾ ਸਕਦੇ ਨੇ? ਹੁਣ ਤੱਕ ਤਾਂ ਸਿੱਖ ਇਤਿਹਾਸ ਵਿੱਚ ਗੁਰੂ ਸਾਹਿਬਾਨ ਨੇ ਹੀ ਸਤਿਗੁਰੁ ਬਣਾਏ ਹਨ। ਉਹਨਾਂ ਦਾ ਹੁਕਮ ਲਿਖਤੀ ਰੂਪ ਜਾਂ ਜ਼ੁਬਾਨੀ ਹੁੰਦਾ ਰਿਹਾ ਹੈ।ਕਦੇ ਕਿਸੇ ਮਾਤਾ ਜੀ ਨੇ ਗੁਰੁ ਨਹੀਂ ਬਣਾਇਆ ਤੇ ਫਿਰ ਅੱਜ ਮਾਤਾ ਜੀ ਨੇ ਕਿਵੇਂ ਬਣਾ ਦਿੱਤਾ? ਪਹਿਲਾਂ ਡੇਰਾ ਪ੍ਰਬੰਧਕ ਬਣਾਇਆ, ਫੇਰ ਉਹਨਾਂ ਨੇ ਸਤਿਗੁਰੂ ਬਣਾ ਦਿੱਤਾ।ਉਨੇਂ ਦਿਨ ਗੱਦੀ ਖਾਲੀ ਕਿਉਂ ਰਹੀ? ਅਤੇ ਲਖਬੀਰ ਸਿੰਘ ਜੀ ਇਹ ਵੀ ਦੱਸਣਗੇ ਕਿ ਜਦੋਂ ਮਾਤਾ ਜੀ ਨੇ ਠਾਕੁਰ ਉਦੈ ਸਿੰਘ ਜੀ ਨੂੰ ਦਸਤਾਰਬੰਦੀ ਕਰਵਾਕੇ ਗੱਦੀ ਨਸ਼ੀਨੀ ਕਰਵਾਈ , ਉਦੋਂ ਠਾਕੁਰ ਉਦੈ ਸਿੰਘ ਜੀ ਦੀ ਸਕੀ ਮਾਤਾ ਨੂੰ ਕਿਉਂ ਨਹੀਂ ਉਥੇ ਸੱਦਿਆ? 
ਪਰਵੀਨ ਕੌਰ: ਭੁੱਖ ਹੜਤਾਲ ਦੇ ਪਹਿਲੇ ਦਿਨ ਦੀ ਫੋਟੋ  
ਲਖਬੀਰ ਸਿੰਘ ਜੀ ਨੇ ਆਪਣੇ ਬਿਆਨ ਦੇ ਅਖੀਰ ਵਿੱਚ ਇਹ ਵੀ ਕਿਹਾ ਕਿ ਠਾਕੁਰ ਦਲੀਪ ਸਿੰਘ ਜੀ ਠਾਕੁਰ ਉਦੈ ਸਿੰਘ ਜੀ ਦੇ ਸਿੱਖ ਬਨਣ। ਉਹਨਾਂ ਨੂੰ ਇਹ ਸੋਚਣ ਦੀ ਲੋੜ ਹੈ ਕਿ ਠਾਕੁਰ ਉਦੈ ਸਿੰਘ ਜੀ ਪਹਿਲਾਂ ਸਤਿਗੁਰੂ ਤੇ ਬਣ ਲੈਣ ਕਿਉਂਕਿ ਸਤਿਗੁਰੂ ਆਸਣ ਤੇ ਬਹਿਕੇ , ਚਾਰ ਬੰਦੇ ਖਰੀਦ ਕੇ, ਚੌਰ ਕਰਵਾਓਣ ਨਾਲ ਨਹੀਂ ਬਣ ਜਾਂਦਾ।ਸਤਿਗੁਰੂ ਜੀ ਦੇ ਕੁਝ ਇਹੋ ਜਿਹੇ ਕਰਮ ਹੁੰਦੇ ਹਨ ਜਿਨਾਂ੍ਹ ਕਰਕੇ ਸਤਿਗੁਰੂ ਬਣਦਾ ਹੈ ਜਿਸ ਕਰਕੇ ਦੁਨੀਆਂ ਉਸ ਅੱਗੇ ਝੁਕਦੀ ਹੈ।ਉਸ ਦੇ ਉੱਚੇ ਕਰਮ ਹੁੰਦੇ ਹਨ ਅਤੇ ਸਤਿਗੁਰੂ ਪੰਥ ਜੋੜਦਾ ਹੈ , ਤੋੜਦਾ ਨਹੀਂ। 
ਜਿਸ ਤਰਾਂ ਬਾਣੀ ਵਿੱਚ ਲਿਖਿਆ ਹੈ "ਸਤਿਗੁਰੂ ਐਸਾ ਜਾਣੀਐ ਜੋ ਸਭਸੈ ਲਏ ਮਿਲਾਇ"। ਕੀ ਆਪਣੇ ਮਾਂ ਪਿਉ ਨੂੰ ਪੰਥ ਵਿਚੋਂ ਕੱਢ ਕੇ ਸਤਿਗੁਰੂ ਜਗਜੀਤ ਸਿੰਘ ਜੀ ਦੇ ਦਰਸ਼ਨ ਕਰਨ ਤੋਂ ਰੋਕ ਕੇ ਗੁਰੂ ਬਣਿਆ ਸਕਦਾ ਹੈ? ਜਿਸ ਮਨੁਖ ਨੇ ਆਪਣੀ ਸਕੀ ਮਾਤਾ ਨੂੰ ਪੁਲਿਸ ਲਗਾਕੇ ਗੁਰੂ ਕੇ ਲੰਗਰ ਵਿਚੋਂ ਕੱਢ ਦਿੱਤਾ, ਸਤਿਗੁਰੂ ਜਗਜੀਤ ਸਿੰਘ ਜੀ ਦੇ ਦਰਸ਼ਨ ਕਰਨ ਗਿਆਂ ਨੂੰ ਹਸਪਤਾਲ ਵਿਚੋਂ ਕੱਢ ਦਿੱਤਾ।ਸਤਿਗੁਰੂ ਜਗਜੀਤ ਸਿੰਘ ਜੀ ਦੇ ਅੰਤ ਸਮੇਂ ਬੇਬੇ ਦਲੀਪ ਕੌਰ ਜੀ ਦਰਸ਼ਨ ਕਰਨ ਵਾਸਤੇ ਤਰਲੇ ਕਰਦੇ ਰਹੇ ਪਰ ਠਾਕੁਰ ਉਦੈ ਸਿੰਘ ਜੀ ਨੇ ਆਪਣੀ ਸਕੀ ਮਾਤਾ ਨੂੰ ਦਰਸ਼ਨ ਨਹੀਂ ਕਰਨ ਦਿੱਤੇ। ਜੀਵਨ ਨਗਰ, ਜਿਥੇ ਬੇਬੇ ਦਲੀਪ ਕੌਰ ਜੀ ਰਹਿੰਦੇ ਹਨ, ਉਥੇ ਨਵਾਂ ਧੜਾ ਪੈਸੇ ਦੇਕੇ ਬੇਬੇ ਜੀ (ਆਪਣੀ ਸਕੀ ਮਾਤਾ) ਦੇ ਖਿਲਾਫ ਖੜਾ ਕੀਤਾ। ਜੀਵਨ ਨਗਰ ਪਿੰਡ ਵਿੱਚ ਦੀਵਾਨ ਲੱਗੇ, ਉਥੇ ਬੇਬੇ ਜੀ ਨੂੰ ਨਹੀਂ ਵੜਨ ਦਿੰਦੇ। ਕੀ ਉਹ ਨਾਮਧਾਰੀ ਪੰਥ ਨੂੰ ਦਰਗਾਹ ਵਿੱਚ ਵੜਨ ਦੇਣਗੇ?  
ਜਿਸ ਸ਼ਖਸ ਨੇ ਐਲਾਨ ਕਰਕੇ ਕਿਹਾ ਸੀ ਕਿ ਮਹਾਰਾਜ ਬੀਰ ਸਿੰਘ ਜੀ ਅਤੇ ਠਾਕੁਰ ਦਲੀਪ ਸਿੰਘ ਜੀ ਨੂੰ ਕੋਈ ਮੱਥੇ ਨਾ ਲੱਗੇ, ਸ਼ੇਰ ਦੇ ਸਾਹਮਣੇ ਜਾਕੇ ਭਾਵੇਂ ਮਰ ਜਾਓ ਜੋਕਿ ਸਤਿਜੁਗ ਅਖਬਾਰ ਵਿੱਚ ਵੀ ਛਪਿਆ ਸੀ। ਉਹ ਮਨੁੱਖ ਜਿਸਨੇ ਆਪਣੇ ਪਿਤਾ, ਭਰਾ ਅਤੇ ਮਾਂ ਨੂੰ ਭੈਣੀ ਸਾਹਿਬ ਵਿਚੋਂ ਪੰਥ ਦੀਆਂ ਜਾਇਦਾਦਾਂ ਤੇ ਕਬਜ਼ਾ ਕਰਨ ਵਾਸਤੇ ਕੱਿਢਆ, ਉਹ ਮਨੁੱਖ ਅੱਜ ਸਤਿਗੁਰੂ ਬਣਕੇ ਨਾਮਧਾਰੀ ਪੰਥ ਨੂੰ ਕਿਵੇਂ ਝੁਕਾ ਲਏਗਾ ਅਤੇ ਪੰਥ ਦਾ ਕੀ ਸਵਾਰੇਗਾ? ਜਿਹੜਾ ਮਨੁੱਖ ਜਿਊਂਦੇ ਜੀ ਆਪਣੇ ਮਾਤਾ-ਪਿਤਾ ਦੀ ਸੇਵਾ-ਸਤਿਕਾਰ ਨਹੀਂ ਕਰ ਸਕਿਆ, ਉਹ ਮਨੁੱਖ ਕਿਸੇ ਵੀ ਸੰਸਥਾ ਦਾ ਗੁਰੂ ਕਿਵੇਂ ਬਣ ਸਕਦਾ ਹੈ? ਸ਼ੋ ਇਸ ਕਰਕੇ ਲਖਬੀਰ ਸਿੰਘ ਜੀ ਨੂੰ ਚਾਹੀਦੈ ਕਿ ਉਹ ਠਾਕੁਰ ਉਦੈ ਸਿੰਘ ਜੀ ਨੂੰ ਬੇਨਤੀ ਕਰਨ ਕਿ ਪਹਿਲਾਂ ਉਹ ਸਤਿਗੁਰਾਂ ਵਾਲੇ ਕੁਝ ਕੰਮ ਕਰਨ।
ਆਪਣੇ ਪਤੀ ਸੰਤ ਹਰਮਿੰਦਰ ਸਿੰਘ ਨਾਲ ਭੁੱਖ ਹੜਤਾਲ 'ਤੇ ਬੈਠੀ ਪਰਵੀਨ ਕੌਰ ਦੀ ਭੁੱਖ ਹੜਤਾਲ ਦੇ ਚੌਥੇ ਦਿਨ ਦੀ ਫੋਟੋ  
ਇਸ ਮੌਕੇ ਸੂਬਾ ਦਰਸ਼ਨ ਸਿੰਘ ਰਾਏਸਰ, ਡਾ. ਸੁਖਦੇਵ ਸਿੰਘ ਅੰਮ੍ਰਿਤਸਰ, ਜਸਵਿੰਦਰ ਸਿੰਘ ਬਿਲੂ ਲੁਧਿਆਣਾ, ਸੂਬਾ ਭਗਤ ਸਿੰਘ ਮਹੱਦੀਪੁਰ, ਬਾਬਾ ਛਿੰਦਾ ਸਿੰਘ ਜੀ ਮੁਹਾਵਾ, ਸੂਬਾ ਅਮਰੀਕ ਸਿੰਘ , ਨਵਤੇਜ ਸਿੰਘ ਲੁਧਿਆਣਾ, ਹਜ਼ਾਰਾ ਸਿੰਘ ਚੰਡੀਗੜ, ਗੁਰਸੇਵ ਸਿੰਘ ਮੌਲੀ, ਹਰਭਜਨ ਸਿੰਘ ਫੋਰਮੈਨ, ਹਰਵਿੰਦਰ ਸਿੰਘ ਨਾਮਧਾਰੀ, ਪਲਵਿੰਦਰ ਸਿੰਘ ਕੁੱਕੀ, ਸੇਵਕ ਦੀਦਾਰ ਸਿੰਘ, ਜਸਵੰਤ ਸਿੰਘ ਆਦਿ ਹਾਜ਼ਰ ਸਨ। 

No comments: