Friday, August 22, 2014

ਪੰਥਕ ਏਕਤਾ ਲਈ ਚਲ ਰਿਹਾ ਲੁਧਿਆਣਾ ਦਾ ਨਾਮਧਾਰੀ ਅੰਦੋਲਨ ਖਤਮ

ਭੁੱਖ ਹੜਤਾਲ ਠਾਕੁਰ ਦਲੀਪ ਸਿੰਘ ਜੀ ਦੇ ਆਦੇਸ਼ ਨਾਲ ਸਮਾਪਤ
ਅਗਲੀ ਸ਼ਾਂਤਮਈ ਭੁੱਖ ਹੜਤਾਲ ਅਸੂ ਦੇ ਮੇਲੇ ਸਮੇਂ ਸ੍ਰੀ ਭੈਣੀ ਸਾਹਿਬ ਵਿਚ
ਲੁਧਿਆਣਾ: 22 ਅਗਸਤ 2014: (*ਸੂਬਾ ਦਰਸ਼ਨ ਸਿੰਘ ਰਾਏਸਰ): 
ਨਾਮਧਾਰੀ ਪੰਥਕ ਏਕਤਾ ਲਈ ਇਕ ਅਗਸਤ ਤੋਂ ਸ਼ੁਰੂ ਹੋਈ ਭੁਖ ਹੜਤਾਲ ਅੱਜ 22ਵੇਂ ਦਿਨ ਠਾਕੁਰ ਦਲੀਪ ਸਿੰਘ ਜੀ ਦੇ ਆਦੇਸ਼ ਅਨੁਸਾਰ ਸਮਾਪਤ ਕਰ ਦਿੱਤੀ ਗਈ। ਵਰਨਣਯੋਗ ਹੈ ਕਿ ਸ੍ਰ.: ਬਚਿੱਤਰ ਸਿੰਘ ਭੁਰਜੀ ਜੀ (68 ਸਾਲ) ਨੇ ਜੋ ਮਰਨ ਵਰਤ ਸ਼ੁਰੂ ਕੀਤਾ ਸੀ, ਉਹ ਵੀ 7ਵੇਂ ਦਿਨ ਵਿਚ ਦਾਖਲ ਹੋ ਗਿਆ ਸੀ। ਭੁਰਜੀ ਜੀ ਅਜੇ ਵੀ ਅਡੋਲ ਹਨ। ਤਕਰੀਬਨ 250 ਮੈਂਬਰ ਜੋ ਭੁਖ ਹੜਤਾਲ ਤੇ ਬੈਠੇ ਸਨ, ਉਹਨਾਂ ਨੂੰ ਜੂਸ ਪਿਲਾਕੇ ਭੁਖ ਹੜਤਾਲ ਸਮਾਪਤ ਕੀਤੀ ਗਈ। ਪੰਥਕ ਏਕਤਾ ਦੇ ਹੱਕ ਵਿੱਚ ਪੰਥ ਹਿਤੈਸ਼ੀ ਸੰਗਤ ਨੇ ਵੱਧ ਚੜ ਕੇ ਅੱਜ ਪੰਥਕ ਏਕਤਾ ਸਮਾਗਮ ਵਿੱਚ ਹਿੱਸਾ ਲਿਆ। ਇਸ ਦੌਰਾਨ ਠਾਕੁਰ ਦਲੀਪ ਸਿੰਘ ਜੀ ਨੇ ਵੀ ਦਰਸ਼ਨ ਦਿੱਤੇ ਅਤੇ ਸੰਗਤਾਂ ਨੂੰ ਉਤਸ਼ਾਹਿਤ ਕਰਨ ਲਈ ਪ੍ਰਵਚਨ ਕੀਤੇ।
ਕਈ ਲੋਕ ਸਾਨੂੰ ਪੁੱਛਦੇ ਹਨ ਕਿ ਤੁਸੀਂ ਏਕਤਾ ਕਿਉਂ ਚਾਹੁੰਦੇ ਹੋ? ਇਸਦਾ ਉਤਰ ਦਿੰਦਿਆ ਹੋਇਆਂ ਠਾਕੁਰ ਦਲੀਪ ਸਿੰਘ ਜੀ ਨੇ ਕਿਹਾ ਕਿ ਅਸੀਂ ਏਕਤਾ ਹੇਠ ਲਿਖੇ ਕਾਰਨਾਂ ਕਰਕੇ ਚਾਹੁੰਦੇ ਹਾਂ।
1. ਏਕਤਾ ਨਾ ਹੋਣ ਕਰਕੇ ਪੰਥ ਦੇ ਕਈ ਧੜੇ ਬਣਦੇ ਜਾ ਰਹੇ ਹਨ। ਧੜਿਆਂ ਦੀ ਲੜਾਈ ਕਾਰਨ ਲੋਕਾਂ ਦੀ ਸ਼ਰਧਾ ਘਟਕੇ ਪੰਥ ਦੀ ਗਿਣਤੀ ਘੱਟਦੀ ਜਾ ਰਹੀ ਹੈ। 
2.ਭੈਣੀ ਸਾਹਿਬ ਵਾਲੇ ਆਪਣੇ ਸੇਵਕਾਂ ਨੂੰ ਬਾਕੀ ਸੰਗਤ ਨਾਲ ਮਿਲਵਰਤਨ ਕਰਨ ਤੋਂ ਮਨਾ੍ਹ ਕਰਦੇ ਹਨ ਅਤੇ ਇਸ ਕਰਕੇ ਆਪਸ ਵਿਚ ਲੜਾਈਆਂ ਪੈ ਕੇ ਤਲਾਕ ਹੋਣੇ ਸ਼ੁਰੂ ਹੋ ਗਏ ਹਨ ਕਿaਂਕਿ ਕੋਈ ਕਿਸੇ ਨੂੰ ਮੰਨਦਾ ਹੈ ਤੇ ਕੋਈ ਕਿਸੇ ਨੂੰ । 
3. ਜਿਹੜਾ ਅਨਮੋਲ ਸਮਾਂ ਅਤੇ ਪੈਸਾ ਆਪਸੀ ਲੜਾਈ ਕਰਕੇ ਅੱਜ ਵਕੀਲਾਂ, ਡਾਕਟਰਾਂ, ਪੁਲਿਸ, ਮੰਤਰੀਆਂ ਜਾਂ ਸਰਕਾਰਾਂ ਨੂੰ ਦਿਤਾ ਜਾ ਰਿਹਾ , ਇਹੋ ਪੈਸਾ ਅਤੇ ਸਮਾਂ ਜੇਕਰ ਪੰਥ ਦੇ ਉਸਾਰੂ ਕੰਮਾਂ ਵਿੱਚ ਲੱਗੇ ਤਾਂ ਪੰਥ ਤਰੱਕੀ ਕਰ ਸਕਦਾ ਹੈ।
ਸੋਚਣ ਦੀ ਲੋੜ ਹੈ ਜਿੰਨ੍ਹੇ ਬੰਦੇ ਅਸੀਂ ਆਪਸ ਵਿੱੱਚ ਲੜਣ ਤੇ ਲੱਗੇ ਹੋਏ ਹਾਂ , ਜੇ ਇਹ ਸਾਰੇ ਸਤਿਗੁਰੂ ਨਾਨਕ ਦੇਵ ਜੀ ਦੇ ਸਿੱਖ ਪੰਥ ਦਾ ਪ੍ਰਚਾਰ ਕਰਨ ਵਾਸਤੇ ਤੁਰ ਪੈਣ ਤਾਂ ਉਹਦੇ ਨਾਲ ਪੰਥ ਕਿੰਨਾ ਵੱਧ ਸਕਦਾ ਹੈ। ਅਸੀਂ ਇਹ ਲੜਾਈ ਸਿਰਫ ਨਾਮਧਾਰੀ ਪੰਥ ਵਿਚ ਹੀ ਨਹੀਂ ਮੁਕਾaਣੀ ਚਾਹੁੰਦੇ ਬਲਕਿ ਸਮੁੱਚੇ ਸਿੱਖ ਪੰਥ ਦੀ ਮੁਕਾaਣੀ ਚਾਹੁੰਦੇ ਹਾਂ। ਅੱਜ ਹਰਿਆਣੇ ਵਿਚ ਗੁਰਦੁਆਰਾ ਕਮੇਟੀ ਬਨਣ ਕਰਕੇ ਜਿਹੜੀ ਨਵੀਂ ਲੜਾਈ ਸ਼ੁਰੂ ਹੋ ਗਈ ਹੈ,  ਉਸ ਨਵੀਂ ਲੜਾਈ ਕਾਰਨ ਪੰਥ ਦਾ ਬਹੁਤ ਜਿਆਦਾ ਪੈਸਾ ਅਤੇ ਸਮਾਂ ਲਗ ਰਿਹਾ ਹੈ। ਇਸੇ ਤਰ੍ਹਾਂ ਹੋਰ ਵੀ ਸਿੱਖਾਂ  ਵਿੱੱਚ ਧੜੇ-ਬਾਜੀ ਹੋਣ ਕਰਕੇ ਬਹੁਤ ਸਮਾਂ ਅਤੇ ਅਨੰਤ ਪੈਸਾ ਬਰਬਾਦ ਹੋ ਰਿਹਾ ਹੈ। ਜੇ ਇਹੋ ਸਮਾਂ ਅਤੇ ਪੈਸਾ ਸਤਿਗੁਰੂ ਨਾਨਕ ਦੇਵ ਜੀ ਦੇ ਸਿੱਖ ਪੰਥ ਦੇ ਪ੍ਰਚਾਰ ਤੇ ਲੱਗੇ ਤਾਂ ਰਾਤੋ ਰਾਤ ਹੀ ਪਲਟਾ ਆ ਜਾਵੇਗਾ।

ਜਿਸ ਤਰ੍ਹਾਂ ਸੰਗਤ  ਵਿਆਹ ਦੀਆਂ ਪਾਰਟੀਆਂ ਦੌਰਾਨ ਵੱਖੋ-ਵੱਖਰੇ ਧੜਿਆਂ ਨਾਲ ਸੰਬੰਧਤ ਹੋਣ ਦੇ ਬਾਵਜੂਦ ਇਕੱਠੇ ਹੋਕੇ ਬੈਠਦੀ ਹੈ , ਇਸੇ ਤਰਾਂ ਠਾਕੁਰ ਉਦੈ ਸਿੰਘ ਜੀ ਨੂੰ ਗੁਰੂ ਮੰਨੇ ਬਗੈਰ ਸੰਗਤ ਦੀਵਾਨ ਅਤੇ ਸਮਾਗਮਾਂ ਵਿੱਚ ਇਕੱਠੇ ਬੈਠ ਸਕਦੀ ਹੈ।
ਸਾਰੇ ਸਿੱਖ ਪੰਥ ਨੂੰ ਸੋਚਣ ਦੀ ਲੋੜ ਹੈ ਕਿ ਪੰਜਾਬ ਸਾਡੇ ਸਾਰੇ ਗੁਰੂ ਸਹਿਬਾਨਾਂ ਦਾ ਘਰ ਹੈ। ਇਸ ਪੰਜਾਬ ਵਿਚ ਬਾਹਰੋ ਆ ਕੇ ਸਿਖਾਂ ਦੇ ਵਿਰੋਧੀ ਪੰਥ ਕਿੰਨੇ ਛਾ ਗਏ ਹਨ। ਸਿੱਖ ਪੰਥ ਦੀ ਗਿਣਤੀ ਕਿੰਨੀ ਘੱਟ ਗਈ ਹੈ।
ਸਾਡੀ ਇਸ ਭੁਖ ਹੜਤਾਲ ਦਾ ਕਿਸੇ ਦੀ ਗੱਦੀ ਜਾਂ ਜਾਇਦਾਦ ਨਾਲ ਕੋਈ ਮਤਲਬ ਨਹੀਂ , ਸਿਰਫ ਪੰਥ ਦੀ ਏਕਤਾ ਕਰਵਾਕੇ ਪੰਥ ਦੀ ਚੜਦੀਕਲਾਂ ਚਾਹੁੰਦੇ ਹਾਂ ।
ਠਾਕੁਰ ਦਲੀਪ ਸਿੰਘ ਜੀ ਨੇ ਕਿਹਾ ਕਿ ਪਿਛਲੇ ਦਿਨੀਂ ਭੁਖ ਹੜਤਾਲ ਤੇ ਬੈਠੀ ਸੰਗਤ ਵਿਚ ਕਈ ਸਰੀਰਾਂ ਨੇ ਜੋਸ਼ ਵਿਚ ਆਕੇ ਕੁਝ ਸੱਜਣਾਂ ਨੂੰ ਅਪਸ਼ਬਦ (ਮੁਰਦਾਬਾਦ ਆਦਿ) ਬੋਲੇ ਸਨ ਜੋ ਕਿ ਸਿੱਖੀ ਮਰਿਯਾਦਾ ਅਨੁਸਾਰ ਗਲਤ ਹੈ। ਸਤਿਗੁਰੂ ਨਾਨਕ ਦੇਵ ਜੀ ਦਾ ਹੁਕਮ ਹੈ "ਨਾਨਕ ਫਿਕਾ ਬੋਲਿਆ ਤਨ ਮਨ ਫਿਕਾ ਹੋਏ", ਉਹ ਅਪਸ਼ਬਦ ਭਾਵੇਂ ਮੁਖ ਮੰਤਰੀ ਬਾਦਲ ਸਾਹਿਬ, ਡੀ.ਸੀ. ਸਾਹਿਬ, ਚਪੜਾਸੀ ਜਾਂ ਕਿਸੇ ਭੈਣੀ ਸਾਹਿਬ ਵਾਲੇ ਪੁਜਾਰੀ ਨੂੰ ਵੀ ਬੋਲੇ ਗਏ ਨੇ, ਉਹਨਾਂ ਸਾਰਿਆਂ ਤੋਂ ਅਸੀਂ ਹੱਥ ਜੋੜ ਕੇ ਖਿਮਾਂ ਮੰਗਦੇ ਹਾਂ।ਅਸੀਂ ਸਤਿਗੁਰੂ ਨਾਨਕ ਦੇਵ ਜੀ ਦੇ ਹੁਕਮ ਅਨੁਸਾਰ ਸਭ ਵਾਸਤੇ ਮਿਠਾ ਬੋਲਣਾ  ਚਾਹੁੰਦੇ ਹਾਂ। 
ਮੇਲੇ ਵਿੱਚ ਆਈ ਪੰਥ ਹਿਤੈਸ਼ੀ ਸੰਗਤ ਸਾਰਿਆਂ ਨੂੰ ਪੁੱਛਦੀ ਹੈ "ਕੀ ਆਪਸੀ ਲੜਾਈ ਕਰਨਾ ਚੰਗੀ ਗਲ ਹੈ? ਇਸੇ ਤਰ੍ਹਾਂ ਅਸੀਂ ਪ੍ਰਸ਼ਾਸਨ ਨੂੰ ਪੁਛਦੀ ਹੈ "ਕੀ ਏਕਤਾ ਮਾੜੀ ਗੱਲ੍ਹ ਹੈ? ਜੇ ਏਕਤਾ ਚੰਗੀ ਗਲ ਹੈ ਤਾਂ ਤੁਸੀ ਏਕਤਾ ਵਿਰੋਧੀਆਂ ਦਾ ਪੱਖ ਕਰਕੇ ਏਕਤਾ ਚਾਹੁਣ ਵਾਲਿਆਂ ਨੂੰ ਤੰਗ ਕਿਉਂ ਕਰਦੇ ਹੋ? ਅਸਲੀਅਤ ਕੀ ਹੈ, ਇਹ ਤੁਹਾਨੂੰ ਵੀ ਪਤਾ ਹੈ ।ਇੱਥੇ ਕਿਸੇ ਦੀ ਜਾਇਦਾਦ ਜਾਂ ਗੁਰਦੁਆਰੇ ਤੇ ਕਬਜਾ ਕਰਨ ਵਾਲੀ ਕੋਈ ਗੱਲ ਹੈ ਹੀ ਨਹੀਂ।ਇਸੇ ਲਈ ਦੂਰ ਹੋਕੇ ਬੈਠੇ ਹਾਂ।
ਭੁਖ ਹੜਤਾਲ ਐਕਸ਼ਨ ਕਮੇਟੀ ਦੇ ਪ੍ਰਧਾਨ ਸੂਬਾ ਦਰਸ਼ਨ ਨੇ ਠਾਕੁਰ ਦਲੀਪ ਸਿੰਘ ਜੀ ਨੂੰ ਬੇਨਤੀ ਕੀਤੀ ਕਿ ਸਾਡੀ ਇੰਨੇ ਦਿਨਾਂ ਦੀ ਭੁਖ ਹੜਤਾਲ ਹੋਣ ਤੇ ਮਰਨ ਵਰਤ ਰੱਖਣ ਤੇ ਵੀ ਭੈਣੀ ਸਾਹਿਬ ਦੇ ਪੁਜਾਰੀ ਧੜੇ ਵਿਚੋਂ ਅਜੇ ਤੱਕ ਗੱਲਬਾਤ ਕਰਨ ਲਈ ਸਾਡੇ ਕੋਲ ਕੋਈ ਨਹੀਂ ਆਇਆ ਸਗੋਂ ਸ੍ਰੀ ਮਾਤਾ ਜੀ ਸਮੇਤ ਸਾਰੇ ਥਾਈਲੈਂਡ ਚਲੇ ਗਏ ਹਨ ।ਇਸ ਕਰਕੇ ਸਾਨੂੰ ਭੁਖ ਹੜਤਾਲ ਲੁਧਿਆਣੇ ਤੋਂ ਚੁੱਕ ਕੇ ਭੈਣੀ ਸਾਹਿਬ ਦੇ ਗੁਰਦੁਆਰੇ ਦੇ ਬੂਹੇ ਅੱਗੇ ਕਰਨੀ ਪੈਣੀ ਹੈ ਤਾਂ ਜੋ ਭੈਣੀ ਸਾਹਿਬ ਵਾਲੇ ਬਾਹਰ ਜਾ ਹੀ ਨਾ ਸਕਣ।ਅਸੀਂ ਭੁਖ ਹੜਤਾਲ ਭੈਣੀ ਸਾਹਿਬ ਤੋਂ ਦੂਰ ਇਸ ਕਰਕੇ ਕੀਤੀ ਸੀ ਤਾਂ ਜੋ ਭੈਣੀ ਸਾਹਿਬ ਅਤੇ ਪ੍ਰਸ਼ਾਸਨ ਨੂੰ ਇਹ ਡਰ ਅਤੇ ਭੁਲੇਖਾ ਨਾ ਰਹੇ ਕਿ ਅਸੀਂ ਕਬਜ਼ਾ ਕਰਨਾ ਚਾਹੁੰਦੇ ਹਾਂ ਪਰ ਉਸ ਭਲਾਈ ਦਾ ਅਸਰ ਭੈਣੀ ਸਾਹਿਬ ਦੇ ਪੁਜਾਰੀ ਧੜੇ ਅਤੇ ਪ੍ਰਸ਼ਾਸਨ ਤੇ ਨਹੀਂ ਹੋਇਆ। ਇਸਦੇ ਉੱਤਰ ਵਿਚ ਠਾਕੁਰ ਦਲੀਪ ਸਿੰਘ ਜੀ ਨੇ ਹੁਕਮ ਕੀਤਾ  "ਭੈਣੀ ਸਾਹਿਬ ਵਾਲੇ ਬੈਠੀ ਹੋਈ ਨਿੱਹਥੀ ਸੰਗਤ ਨਾਲ ਜਿਸ ਤਰ੍ਹਾਂ ਦਾ ਵਤੀਰਾ ਕਰਦੇ ਹਨ, ਉਹ ਸਭ ਨੂੰ ਪਤਾ ਹੈ। ਇਸ ਲਈ ਪ੍ਰਸ਼ਾਸਨ ਨੂੰ ਬੇਨਤੀ ਕਰਕੇ ਪੁਲਿਸ ਸੁਰੱਖਿਆ ਲੈਕੇ ਹੀ ਇਹ ਕੰਮ ਕੀਤਾ ਜਾਵੇ। ਤੁਹਾਡੀ ਬੇਨਤੀ ਨੂੰ ਸਵੀਕਾਰ ਕਰਦਿਆਂ ਹੋਇਆਂ ਇਹ ਭੁਖ ਹੜਤਾਲ ਮੈਂ ਇਥੇ ਹੀ ਸਮਾਪਤ ਕਰਨ ਦਾ ਆਦੇਸ਼ ਦਿੰਦਾ ਹਾਂ।ਹੁਣ ਅਸੀਂ ਭੁਖ ਹੜਤਾਲ ਪੂਰਨ ਸ਼ਾਂਤਮਈ ਰਹਿਕੇ ਭੈਣੀ ਸਾਹਿਬ ਵਿੱਚ ਅੱਸੂ ਦੇ ਮੇਲੇ ਸਮੇਂ ਕਰਾਂਗੇ ਅਤੇ ਭੁਖ ਹੜਤਾਲ ਵਿੱਚ ਸ਼ਾਮਲ ਹੋਣ ਵਾਲੀ ਸਾਰੀ ਸੰਗਤ ਨੂੰ ਸਤਿਗੁਰੂ ਨਾਨਕ ਦੇਵ ਜੀ ਦੀਆਂ ਖੁਸ਼ੀਆਂ ਮਿਲਣਗੀਆਂ ਕਿਉਂਕਿ ਸਤਿਗੁਰੂ ਨਾਨਕ ਦੇਵ ਜੀ ਦੇ ਹੁਕਮ ਅਨੁਸਾਰ ਹੀ ਸੰਗਤ ਨੇ ਇਹ ਪਰਉਪਕਾਰ ਵਾਲਾ ਕੰਮ ਕੀਤਾ ਹੈ"। 
ਅਸੀਂ ਮੀਡੀਆ ਦਾ ਵੀ ਧੰਨਵਾਦ ਕਰਦੇ ਹਾਂ। ਮੀਡੀਆ ਨੂੰ ਚਾਹੀਦਾ ਹੈ ਕਿ ਠਾਕੁਰ ਉਦੈ ਸਿੰਘ ਜੀ ਅਤੇ ਸੰਤ ਜਗਤਾਰ ਸਿੰਘ ਜੀ ਨੂੰ ਪੁੱਛੇ ਕਿ ਉਨਾਂ ਨੂੰ ਏਕਤਾ ਕਿਉਂ ਨਹੀਂ ਚੰਗੀ ਲੱਗਦੀ? ਉਹ ਗੱਲ ਕਰਨ ਕਿਉਂ ਨਹੀਂ ਆਏ? ਏਕਤਾ ਦੀਆਂ ਸ਼ਰਤਾਂ ਤਾਂ ਬਾਅਦ ਵਿੱਚ ਵੀ ਘੜੀਆਂ ਜਾ ਸਕਦੀਆਂ ਸਨ। ਉਹ ਭੁਖੀ ਤਿਆਹੀ ਸੰਗਤ ਨੂੰ ਪਾਣੀ ਪਿਲਾਉਣ ਕਿਉਂ ਨਹੀਂ ਆਏ ਅਤੇ ਥਾਈਲੈਂਡ ਕਿਉਂ ਚਲੇ ਗਏ?

*ਸੂਬਾ ਦਰਸ਼ਨ ਸਿੰਘ ਰਾਏਸਰ ਨਾਮਧਾਰੀ ਅੰਦੋਲਨ ਦੀ ਐਕਸ਼ਨ ਕਮੇਟੀ ਦੇ ਪ੍ਰਧਾਨ ਹਨ। 

No comments: