Saturday, August 02, 2014

ਨਾਮਧਾਰੀ ਪੰਥਕ ਏਕਤਾ ਐਕਸ਼ਨ ਕਮੇਟੀ ਵਲੋਂ ਭੁੱਖ ਹੜਤਾਲ ਜਾਰੀ

ਲਖਵੀਰ ਸਿੰਘ ਨੂੰ ਕੀਤੇ ਕਈ ਜੁਆਬੀ ਸੁਆਲ 
ਏਡੀਸੀ ਅੰਮ੍ਰਿਤ ਕਰ ਗਿੱਲ ਨੇ ਦਿੱਤਾ ਸੋਮਵਾਰ ਨੂੰ ਕੋਈ ਹਲ ਕਢਣ ਦਾ ਭਰੋਸਾ 
ਲੁਧਿਆਣਾ: 2 ਅਗਸਤ 2014: (ਰੈਕਟਰ ਕਥੂਰੀਆ//ਪੰਜਾਬ ਸਕਰੀਨ): 
ਜੇ ਕਲ੍ਹ ਸਿਖਰ ਦੁਪਹਿਰਾਂ ਸਨ ਤਾਂ ਨਾਮਧਾਰੀ ਭੁੱਖ ਹੜਤਾਲ ਦੇ ਦੂਸਰੇ ਦਿਨ ਦੋ ਅਗਸਤ ਨੂੰ ਤੇਜ਼ ਬਾਰਿਸ਼ ਨੇ ਜਿੰਦਗੀ ਠੱਪ ਕਰ ਦਿੱਤੀ ਸੀ।  ਚਾਰੇ ਪਾਸੇ ਜਲਥਲ ਹੋਈ ਪਈ ਸੀ ਪਰ ਇਹ ਤੇਜ਼ ਬਰਸਾਤ ਵੀ ਨਾਮਧਾਰੀ ਜਜ਼ਬੇ ਨੂੰ ਝੁਕਾ ਨਾ ਸਕੀ। ਅੱਜ ਨਾਮਧਾਰੀ ਸੰਗਤ ਭਾਵੇਂ ਘੱਟ ਸੀ ਪਰ ਸ਼ਾਂਤਚਿੱਤ ਬੈਠੀ ਸੀ। ਤਰਪਾਲ ਨੂੰ ਵੀਹ ਪੱਚੀ ਨਾਮਧਾਰੀ ਬਹੁਤ ਹੀ ਧਿਆਨ ਨਾਲ ਸੰਭਾਲ ਕੇ ਖੜੇ ਸਨ। ਤਰਪਾਲ ਹੇਠਾਂ ਅੱਜ ਭੁੱਖ ਹੜਤਾਲ ਦਾ ਦੂਸਰਾ ਦਿਨ ਸੀ। ਇਹ ਪੁੱਛੇ ਜਾਣ ਤੇ ਕਿ ਤੁਸੀਂ ਬਾਰਿਸ਼ ਵਿੱਚ ਵੀ ਆਰਾਮ ਨਾਲ ਖੜੋਤੇ ਹੋ ਤਾਂ ਜੁਆਬ ਮਿਲਿਆ-ਇਤਿਹਾਸ ਪੜ੍ਹੋ ਅਸੀਂ ਤੋਪਾਂ ਦੇ ਗੋਲੀਆਂ ਦੇ ਮੂਹਰੇ ਵੀ ਸ਼ਾਂਤਚਿੱਤ ਹੀ ਰਹੇ ਹਾਂ। 
ਇਹ ਸੀ ਨਾਮਧਾਰੀ ਪੰਥਕ ਏਕਤਾ ਐਕਸ਼ਨ ਕਮੇਟੀ ਵਲੋਂ ਸ਼ੁਰੂ ਕੀਤੀ ਗਈ ਭੁੱਖ ਹੜਤਾਲ ਦਾ ਦੂਸਰਾ ਦਿਨ। ਕਾਬਿਲੇ ਜ਼ਿਕਰ ਹੈ ਕਿ ਪਿਛਲੇ ਦਿਨੀਂ ਮਾਤਾ ਚੰਦ ਕੌਰ ਜੀ, ਠਾਕੁਰ ਉਦੈ ਸਿੰਘ ਜੀ, ਸੰਤ ਜਗਤਾਰ ਸਿੰਘ ਅਤੇ ਪ੍ਰਸ਼ਾਸਨ ਨੂੰ ਮੰਗ ਪੱਤਰ ਨਾਮਧਾਰੀ ਪੰਥ ਦੀ ਏੇਕਤਾ ਵਾਸਤੇ ਕਈ ਵਾਰ ਮੰਗ ਪੱਤਰ ਦਿੱਤੇ ਗਏ ਸਨ ਪਰ ਕਈ ਦਿਨ ਬੀਤ ਜਾਣ ਤੋਂ ਬਾਅਦ ਵੀ ਉਸ ਉਪਰ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ। ਲੰਮੀ ਉਡੀਕ ਤੋਂ ਬਾਅਦ ਪਹਿਲਾਂ ਤੋਂ ਹੀ ਐਲਾਨ ਕੀਤੇ ਪ੍ਰੋਗਰਾਮ ਮੁਤਾਬਕ ਅੱਜ ਡੀ. ਸੀ. ਦਫਤਰ ਦੇ ਸਾਹਮਣੇ ਨਾਮਧਾਰੀ ਪੰਥਕ ਏਕਤਾ ਐਕਸ਼ਨ ਕਮੇਟੀ ਵਲੋਂ ਲੜੀਵਾਰ ਭੁੱਖ ਹੜਤਾਲ ਜਾਰੀ ਹੈ।  
ਨਾਮਧਾਰੀ ਪੰਥਕ ਐਕਸ਼ਨ ਕਮੇਟੀ ਦੇ ਪ੍ਰਧਾਨ ਸੂਬਾ ਦਰਸ਼ਨ ਸਿੰਘ ਨੇ ਲਖਵੀਰ ਸਿੰਘ ਨੂੰ ਜੁਆਬੀ ਸੁਆਲ ਕਰਦਿਆਂ ਪੁਛਿਆ ਹੈ ਕਿ ਕੀ ਮਾਤਾ ਦਲੀਪ ਕੌਰ ਨੂੰ ਭੈਣੀ ਸਾਹਿਬ ਜਾਣ ਤੋਂ ਰੋਕਣਾ ਸਿਆਸਤ ਹੈ ਜਾਂ ਧਰਮ? ਕੀ ਠਾਕੁਰ ਉਦੈ ਸਿੰਘ ਕੋਲ ਆਪਣੀ ਚਾਰ ਹਜ਼ਾਰ ਏਕੜ ਜਾਇਦਾਦ ਹੋਣ ਦੇ ਬਾਵਜੂਦ ਸਿਰਫ 40 ਏਕੜ ਜਮੀਨ ਵਾਸਤੇ ਆਪਣੀ ਸੱਕੀ ਮਾਂ ਉੱਪਰ ਕੇਸ ਕਰਨਾ ਧਰਮ ਹੈ ਜਾਂ ਸਿਆਸਤ?
ਉਹਨਾਂ ਅੱਗੇ ਪੁੱਛਿਆ ਕੀ ਪੰਥ ਦੀ ਚੜ੍ਹਦੀ ਕਲਾ ਵਾਸਤੇ ਗੱਲ ਕਰਨੀ ਸਿਆਸਤ ਹੈ ਜਾਂ ਸੱਚਾ ਧਰਮ? ਕੀ ਨਾਮ ਸਿਮਰਨ ਕਰਦੀ ਹੋਈ ਬੈਠੀ ਸੰਗਤ ਨੂੰ ਮਾਰਨਾ ਕੁੱਟਣਾ ਧਰਮ ਹੈ? ਸ਼ਾਇਦ ਇਹ ਗੱਲਾਂ ਭੈਣੀ ਸਾਹਿਬ ਵਾਲੀਆਂ ਲਈ ਧਰਮ ਹਨ ਪਰ ਸਾਡੇ ਲਈ ਏਹ ਪੰਥ ਘਾਤਕ ਨੀਤੀਆਂ ਹਨ ਜੀਦੀਆਂ ਕਿ ਨਾਮਧਾਰੀ ਪੰਥ ਨੂੰ ਵੰਡ ਦੀ ਨੌਬਤ ਤੱਕ ਲੈ ਗਈਆਂ ਹਨ।  
ਇਕਠ ਭਰਵਾਂ ਸੀ। ਸੰਗਤ ਅੱਜ ਵੀ ਦੂਰੋਂ ਦੂਰੋਂ ਆਈ ਸੀ ਪਰ ਬਾਰਿਸ਼ ਕਰਕੇ ਇਧਰ ਓਧਰ ਕਿਸੇ ਨ ਕਿਸੇ ਛੱਤ ਜਾਂ ਪੜਛੱਤੀ ਹੇਠ ਸਨ। ਇਸ ਮੌਕੇ ਪੰਜਾਬ, ਹਿਮਾਚਲ, ਹਰਿਆਣਾ, ਦਿੱਲੀ, ਜੰਮੂ-ਕਸ਼ਮੀਰ, ਰਾਜਸਥਾਨ, ਮੱਧ ਪ੍ਰਦੇਸ਼, ਯੂ. ਪੀ. ਸਮੇਤ ਭਾਰਤ  ਦੇ ਕਈ ਰਾਜਾਂ ਤੋਂ ਨਾਮਧਾਰੀ ਸੰਗਤ ਨੇ ਪਹੁੰਚ ਕੇ ਆਪਣੀ ਹਾਜ਼ਰੀ ਲਵਾ ਕੇ ਨਾਮਧਾਰੀ ਪੰਥ ਦੀ ਏੇਕਤਾ ਵਾਲੇ ਨਾਅਰੇ ਨੂੰ ਹੋਰ ਵੀ ਬੁਲੰਦ ਕੀਤਾ। ਭੁੱਖ ਹੜਤਾਲ ਦੇ ਕਾਰਨਾਂ ਬਾਰੇ ਪੁੱਛਣ 'ਤੇ ਨਾਮਧਾਰੀ ਪੰਥਕ ਏਕਤਾ ਐਕਸ਼ਨ ਕਮੇਟੀ ਦੇ ਪ੍ਰਧਾਨ ਸੂਬਾ ਦਰਸ਼ਨ ਸਿੰਘ ਰਾਏਸਰ ਨੇ ਮੀਡੀਆ ਨੂੰ ਦੱਸਿਆ ਕਿ ਪੰਥ ਹਿਤੈਸ਼ੀ ਨਾਮਧਾਰੀ ਸੰਗਤ ਸਿਰਫ ਇਹੀ ਚਾਹੁੰਦੀ ਹੈ ਕਿ ਠਾਕੁਰ ਉਦੈ ਸਿੰਘ ਦੀ ਸਕੀ ਮਾਤਾ ਬੇਬੇ ਦਲੀਪ ਕੌਰ ਜੀ ਅਤੇ ਠਾਕੁਰ ਦਲੀਪ ਸਿੰਘ ਨੂੰ ਭੈਣੀ ਸਾਹਿਬ ਸਮੇਤ ਪੰਥ ਦੇ ਸਾਰੇ ਗੁਰਦੁਆਰਿਆਂ ਅਤੇ ਧਰਮਸ਼ਾਲਾਵਾਂ ਵਿਚ ਆਉਣ-ਜਾਣ ਦੀ ਖੁੱਲ੍ਹ ਮਿਲੇ। ਨਾਮਧਾਰੀ ਸੰਗਤ ਨੂੰ ਕਿਸੇ ਵੀ ਨਾਮਧਾਰੀ ਪੰਥ ਦੇ ਗੁਰਦੁਆਰੇ ਜਾਂ ਧਰਮਸ਼ਾਲਾ ਵਿਚ ਜਾ ਕੇ ਆਪਣੇ ਵਿਸ਼ਵਾਸ ਮੁਤਾਬਕ ਨਾਮ ਸਿਮਰਨ ਅਤੇ ਸਮਾਗਮ ਕਰਨ ਦੀ ਖੁੱਲ੍ਹ ਮਿਲੇ ਕਿਉਂਕਿ ਭੈਣੀ ਸਾਹਿਬ ਵਾਲਾ ਪੁਜਾਰੀ ਧੜਾ ਪੰਥ ਹਿਤੈਸ਼ੀ ਨਾਮਧਾਰੀ ਸੰਗਤ ਨੂੰ ਭੈਣੀ ਸਾਹਿਬ, ਗੁਰਦੁਆਰਿਆਂ ਅਤੇ ਧਰਮਸ਼ਾਲਾਵਾਂ ਵਿਚ ਸਥਾਨਕ ਪ੍ਰਸ਼ਾਸਨ ਦੀ ਸਹਾਇਤਾ ਨਾਲ ਜਾਣ ਤੋਂ ਰੋਕਦਾ ਹੈ। ਇਸ ਮੌਕੇ ਸੰਤ ਹਰਵਿੰਦਰ ਸਿੰਘ ਯੂ. ਪੀ. ਅਤੇ ਉਨ੍ਹਾਂਦੀ ਧਰਮਪਤਨੀ ਬੀਬੀ ਪਰਵੀਨ ਕੌਰ ਪੰਜ ਦਿਨ ਲਈ ਭੁੱਖ ਹੜਤਾਲ 'ਤੇ ਬੈਠ ਗਏ। ਇਹ ਭੁੱਖ ਹੜਤਾਲ ਲਗਾਤਾਰ ਚੱਲੇਗੀ ਅਤੇ ਪੰਜ ਦਿਨ ਬਾਅਦ ਅੱਗੇ ਦੀ ਰਣਨੀਤੀ ਅਖਤਿਆਰ ਕੀਤੀ ਜਾਵੇਗੀ। 
ਸ੍ਟੇਜ ਤੋਂ ਇਹ ਐਲਾਨ ਵੀ ਹੋ ਰਿਹਾ ਸੀ ਕਿ ਭੈਣੀ ਸਾਹਿਬ ਸਦਾ ਹੈ ਅਸੀਂ ਜਿਸ ਦਿਨ ਚਾਹਾਂਗੇ ਉੱਥੇ ਜਾ ਪਹੁੰਚਾਂਗੇ। ਇਸ ਮਕਸਦ ਲੈ ਨਾਮਧਾਰੀ ਸੰਗਤ ਦੇ ਸੰਰ, ਨਾਮ ਸਿਮਰਨ ਅਤੇ ਮਲੇਰਕੋਟਲੇ ਦੀਆਂ ਸ਼ਹੀਦੀਆਂ ਵਾਲੀ ਯਾਦ ਵੀ ਤਾਜ਼ਾ ਕੀਤੀ ਜਾ ਰਹੀ ਸੀ। ਸਟੇਜ ਤੋ ਹੋ ਰਹੇ ਭਾਸ਼ਣਾਂ ਦੀ ਸੁਰ ਨਰਮ ਅਤੇ ਕਾਵਿਕ ਸੀ ਪਰ ਉਸ ਵਿਚਲਾ ਸੰਦੇਸ਼ ਗੰਭੀਰ ਸਥਿਤੀ ਦੀ ਦਸਤਕ ਦੇ ਰਿਹਾ ਸੀ। ਵਿਚ ਵਿੱਚ ਅੰਮ੍ਰਿਤਾ ਪ੍ਰੀਤਮ ਵਰਗੀਆਂ ਪ੍ਰਸਿਧ ਸ਼ਖਸੀਅਤਾਂ ਦਾ ਜ਼ਿਕਰ ਵੀ ਕੀਤਾ ਜਾ ਰਿਹਾ ਸੀ। ਇਸ ਮੌਕੇ ਸੂਬਾ ਅਮਰੀਕ ਸਿੰਘ, ਡਾ. ਸੁਖਦੇਵ ਸਿੰਘ, ਜਸਵਿੰਦਰ ਸਿੰਘ, ਨਵਤੇਜ ਸਿੰਘ, ਸੰਤ ਜੀਤ ਸਿੰਘ  ਸੰਤਾਂਵਾਲੀ, ਸੂਬਾ ਭਗਤ ਸਿੰਘ ਯੂ. ਪੀ., ਹਰਵਿੰਦਰ ਸਿੰਘ ਲੁਧਿਆਣਾ, ਪਲਵਿੰਦਰ ਸਿੰਘ ਕੁਕੀ, ਸੰਤ ਕਾਹਨ ਸਿੰਘ, ਬਲਵਿੰਦਰ ਸਿੰਘ ਡੁਗਰੀ, ਮਨਮੋਹਨ ਸਿੰਘ ਕਾਨਪੁਰ, ਹਰਦੇਵ ਸਿੰਘ ਭੁਲੱਥ, ਰਣਜੀਤ ਸਿੰਘ ਰਾਣਾ, ਸਾਹਿਬ ਸਿੰਘ ਅੰਮ੍ਰਿਤਸਰ, ਜਸਬੀਰ ਸਿੰਘ ਮੁਕੇਰੀਆਂ, ਕੁਲਦੀਪ ਸਿੰਘ ਜੰਮੂ ਸਮੇਤ ਹੋਰ ਵੀ ਕਈ ਪ੍ਰਮੁੱਖ ਸ਼ਖਸੀਅਤਾਂ ਸਨ। ਸੰਗਤ ਲਈ ਪਾਣੀ ਦਾ ਅੱਜ ਵੀ ਪੂਰਾ ਪ੍ਰਬੰਧ ਸੀ ਅਤੇ ਮੀਡੀਆ ਨੂੰ ਸਾਰੇ ਮਾਮਲੇ ਦੀ ਜਾਣਕਾਰੀ ਦੇਣ ਲਈ ਬਾਰਿਸ਼ ਦੇ ਬਾਵਜੂਦ ਬਹੁਤ ਹੀ ਸਾਦਾ ਪਰ ਵਿਸ਼ੇਸ਼ ਪ੍ਰਬੰਧ ਸੀ।  ਹੁਣ ਦੇਖਣਾ ਹੈ ਕਿ ਕੱਲ ਤਿੰਨ ਅਗਸਤ ਨੂੰ ਇਸ ਸੰਘਰਸ਼ ਦੇ ਦੂਸਰੇ ਦਿਨ ਇਹ ਅੰਦੋਲਨ ਕੀ ਰੁੱਖ ਅਖਤਿਆਰ ਕਰਦਾ ਹੈ? ਇਸੇ ਦੌਰਾਨ ਏਡੀਸੀ ਅੰਮ੍ਰਿਤ ਕੌਰ ਗਿੱਲ ਨੇ ਸੋਮਵਾਰ ਨੂੰ ਇਸ ਮਾਮਲੇ ਦਾ ਕੋਈ ਹੱਲ ਕਢਣ ਦਾ ਭਰੋਸਾ ਦੁਆਇਆ ਹੈ। 

No comments: