Monday, August 18, 2014

ਜਲਦੀ ਹੀ ਆ ਸਕਦਾ ਹੈ ਸਾਰੇ ਪੱਤਰਕਾਰਾਂ ਨੂੰ ਡੋਪ ਟੈਸਟ ਦਾ ਸੱਦਾ

ਮੰਤਰੀਆਂ ਅਤੇ ਮੀਡੀਆ- ਦੋਹਾਂ ਨੇ ਬਣਾਇਆ ਦੋਸ਼ ਨੂੰ ਵੱਕਾਰ ਦਾ ਸੁਆਲ 
ਲੁਧਿਆਣਾ: 18 ਅਗਸਤ 2014: (ਇੰਟ//ਜਬ//ਪੰਜਾਬ ਸਕਰੀਨ):
Courtesy photo
ਕੁਝ ਕੁ ਮਹੀਨੇ ਪਹਿਲਾਂ ਜਦੋਂ ਪੁਲਿਸ ਨੇ ਸਖਤੀ ਕੀਤੀ ਤਾਂ ਨਸ਼ਿਆਂ ਦੀ ਫੜੋਫੜੀ ਵੀ ਤੇਜ਼ ਹੋ ਗਈ। ਮੀਡੀਆ ਵਿੱਚ ਇਹਨਾਂ ਖਬਰਾਂ ਦੇ ਨਾਲ ਨਾਲ ਇਹ ਵੀ ਛਪਣ ਲੱਗਿਆ ਕਿ ਵੱਡੇ ਮਗਰਮਛ ਅਜੇ ਵੀ ਬਚੇ ਹੋਏ ਹਨ। ਮੀਡੀਆ ਨੇ ਇਸ ਮਕਸਦ ਲਈ ਆਉਂਦੀ ਹਰ ਖਬਰ 'ਤੇ ਤਿੱਖੀ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ। ਇਸੇ ਦੌਰਾਨ ਇੱਕ ਵਾਰ ਲੁਧਿਆਣਾ ਪੁਲਿਸ ਨੇ ਦੋ ਜਾਂ ਚਾਰ ਕਵਿੰਟਲ ਭੁੱਕੀ ਫੜ ਲਈ।  ਪ੍ਰੈਸ ਕਾਨਫਰੰਸ ਵਿੱਚ ਇਸਦਾ ਸਾਰਾ ਵੇਰਵਾ ਵੀ ਦੇ ਦਿੱਤਾ ਗਿਆ ਪਰ ਜਦੋਂ ਭੁੱਕੀ ਦੀ ਫੋਟੋ ਖਿਚਣ ਵਾਲੀ ਵਾਰ ਆਈ ਤਾਂ ਖਰਾਬ ਮੌਸਮ ਕਾਰਣ ਭੁੱਕੀ ਵਾਲੀ ਗੱਡੀ ਅਜੇ ਪਹੁੰਚੀ ਹੀ ਨਹੀਂ ਸੀ। ਪੱਤਰਕਾਰ ਲੁਧਿਆਣਾ ਦੀ ਕ੍ਰਾਈਮ ਬਰਾਂਚ ਵਿੱਚ ਕਾਫੀ ਦੇਰ ਖੜੇ ਰਹੇ। ਥੋਹੜੀ ਦੇਰ ਬਾਅਦ ਗੇੜਾ ਕਢ ਕੇ ਦੁਬਾਰਾ ਉੱਥੇ ਹੀ ਆਏ ਤਾਂ ਇੱਕ ਸੀਨੀਅਰ ਕੈਮਰਾਮੈਨ ਨੇ ਆਉਂਦਿਆਂ ਹੀ ਪੁਛਿਆ ਭੁੱਕੀ---ਭੁੱਕੀ---ਕਿੱਥੇ ਐ ਭੁੱਕੀ? ਭੁੱਕੀ ਕਿੱਥੇ ਐ? ਜੁਆਬ ਵਿੱਚ ਇੱਕ ਸੀਨੀਅਰ ਪੁਲਿਸ ਅਫਸਰ ਨੇ ਸੁਆਲ ਕੀਤਾ--ਫੋਟੋ ਵਾਸਤੇ ਜਾਂ ਨਾਲ ਲਿਜਾਣ ਵਾਸਤੇ?" ਗੱਲ ਹਾਸੇ ਵਿੱਚ ਆਈ ਗਈ ਹੋ ਗਈ। ਇਹ ਸਭ ਯਾਦ ਆਇਆ ਹੈ ਪਟਿਆਲਾ ਤੋਂ ਆਈ ਇੱਕ ਖਬਰ ਪੜ੍ਹ ਕੇ।
ਇਸ ਖਬਰ ਨੇ ਇਸ਼ਾਰਾ ਕੀਤਾ ਹੈ ਨਸ਼ਿਆਂ ਦੇ ਮਾਮਲੇ ਵਿੱਚ ਮੀਡੀਆ 'ਤੇ ਵੀ ਸਖਤੀ ਹੋਣ ਦਾ? ਪਟਿਆਲਾ ਤੋਂ ਪੋਸਟ ਇਸ ਖਬਰ ਨੇ ਦੱਸਿਆ ਹੈ--ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਬਾਦਲ ਵਲੋਂ ਜਦੋਂ ਅੱਜ ਸੋਮਵਾਰ ਨੂੰ ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ ਗਿਆ ਤਾਂ ਮਾਮਲਾ ਨਸ਼ਿਆਂ ਦੀ ਜਾਂਚ ਲੈ ਬਣੇ ਡੋਪ ਟੈਸਟ ਦਾ ਛਿੜ ਪਿਆ। ਇਸ ਦੌਰਾਨ ਇਕ ਪੱਤਰਕਾਰ ਵਲੋਂ ਸੁਖਬੀਰ ਬਾਦਲ ਨੂੰ ਜਦੋਂ ਇਹ ਸਵਾਲ ਕੀਤਾ ਗਿਆ ਕਿ ਹੁਣੇ-ਹੁਣੇ ਪੰਜਾਬ ਸਰਕਾਰ ਨੇ ਸਰਕਾਰੀ ਨੌਕਰੀ ਹਾਸਲ ਕਰਨ ਵਾਲੇ ਹਰ ਇਕ ਦਾ ਡੋਪ ਟੈਸਟ ਜ਼ਰੂਰੀ ਕਰ ਦਿੱਤਾ ਹੈ ਤਾਂ ਫਿਰ ਮੁਲਾਜ਼ਮਾਂ ਦੇ ਨਾਲ-ਨਾਲ ਵਿਧਾਇਕਾਂ ਤੇ ਕੈਬਨਿਟ ਮੰਤਰੀਆਂ ਦਾ ਡੋਪ ਟੈਸਟ ਵੀ ਹੋਣਾ ਚਾਹੀਦਾ ਹੈ ਕਿਉਂਕਿ ਉਹ ਲੋਕਾਂ ਦੇ ਨੁਮਾਇੰਦੇ ਹਨ ਤੇ ਉਨ੍ਹਾਂ ਦਾ ਦਾਇਰਾ ਵੀ ਆਮ ਸਰਕਾਰੀ ਮੁਲਾਜ਼ਮਾਂ ਨਾਲੋਂ ਵੱਧ ਹੈ ਤਾਂ ਇਸ ਦੇ ਜਵਾਬ ਵਿਚ ਸੁਖਬੀਰ ਬਾਦਲ ਨੇ ਕਿਹਾ ਕਿ ਜੇਕਰ 'ਪੱਤਰਕਾਰ ਪਹਿਲਾਂ ਆਪਣਾ ਡੋਪ ਟੈਸਟ ਕਰਵਾਉਣ ਤਾਂ ਮੰਤਰੀਆਂ ਤੇ ਵਿਧਾਇਕਾਂ ਦਾ ਡੋਪ ਟੈਸਟ ਵੀ ਹੋਵੇਗਾ। ਇਸ ਮਗਰੋਂ ਇਥੇ ਹਾਜ਼ਰ ਪਟਿਆਲਾ ਜ਼ਿਲੇ ਦੇ ਸਾਰੇ ਪ੍ਰਮੁੱਖ ਪੱਤਰਕਾਰਾਂ ਨੇ ਡੋਪ ਟੈਸਟ ਦੀ ਹਾਮੀ ਵੀ ਭਰ ਦਿੱਤੀ ਪਰ ਫਿਰ ਵੀ ਸੁਖਬੀਰ ਬਾਦਲ ਪੰਜਾਬ ਦੇ ਕੈਬਨਿਟ ਮੰਤਰੀਆਂ ਤੇ ਵਿਧਾਇਕਾਂ ਦੇ ਡੋਪ ਟੈਸਟ ਦੀ ਗੱਲ ਨੂੰ ਟਾਲ ਗਏ।
ਇਥੇ ਸਵਾਲ ਉਠਦਾ ਹੈ ਕਿ ਇਕ ਪਾਸੇ ਤਾਂ ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਸੂਬੇ 'ਚੋਂ ਨਸ਼ੇ ਖਤਮ ਕਰਨ ਲਈ ਹਰ ਹੀਲਾ ਵਰਤ ਰਹੀ ਹੈ ਤੇ ਪੂਰੀ ਚੌਕਸੀ ਨਸ਼ਾ ਸਮਗਲਰਾਂ ਖਿਲਾਫ ਕੀਤੀ ਹੋਈ ਹੈ ਤੇ ਉਤੋਂ ਨਸ਼ਿਆਂ ਬਾਰੇ ਤੇ ਨਸ਼ਿਆਂ ਨੂੰ ਕਰਨ ਵਾਲਿਆਂ ਬਾਰੇ ਪੰਜਾਬ ਦੇ ਉਪ ਮੁੱਖ ਮੰਤਰੀ ਦਾ ਨਜ਼ਰੀਆ ਵੀ ਬਿਲਕੁਲ ਵੱਖ-ਵੱਖ ਹੈ ਕਿਉਂਕਿ ਖਿਡਾਰੀਆਂ ਦਾ ਡੋਪ ਟੈਸਟ ਜ਼ਰੂਰੀ ਹੈ, ਹੁਣ ਸਰਕਾਰੀ ਮੁਲਾਜ਼ਮਾਂ ਦਾ ਡੋਪ ਟੈਸਟ ਜ਼ਰੂਰੀ ਹੋ ਗਿਆ ਹੈ ਤੇ ਫਿਰ ਸੁਖਬੀਰ ਬਾਦਲ ਅੱਗੇ ਤੋਂ ਪੰਜਾਬ ਵਿਧਾਨ ਸਭਾ ਵਿਚ ਚੁਣੇ ਗਏ ਵਿਧਾਇਕਾਂ ਤੇ ਮੰਤਰੀਆਂ ਦੇ ਡੋਪ ਟੈਸਟ ਤੋਂ ਕਿਉਂ ਕੰਨੀ ਕਤਰਾ ਰਹੇ ਹਨ।
ਪ੍ਰੈਸ ਕਲੱਬ ਅਤੇ ਹੋਰ ਮੀਡੀਆ ਸੰਗਠਨ ਇਸਨੂੰ ਇੱਕ ਚੁਨੌਤੀ ਵਾਂਗ ਲੈ ਰਹੇ ਹਨ। ਸੋ ਜਲਦੀ ਹੀ ਮੀਡੀਆ ਵਾਲੇ ਖੁਦ ਹੀ ਸਾਰੇ ਪੱਤਰਕਾਰਾਂ ਨੂੰ ਡੋਪ ਟੈਸਟ ਦਾ ਸੱਦਾ ਦੇ ਸਕਦੇ ਹਨ। ਜਲਦੀ ਹੀ ਆ ਸਕਦਾ ਹੈ ਸਾਰੇ ਪੱਤਰਕਾਰਾਂ ਨੂੰ ਡੋਪ ਟੈਸਟ ਦਾ ਸੱਦਾ

No comments: