Saturday, August 16, 2014

"ਅਸਲ ਵਿੱਚ ਊਧਮ ਸਿੰਘ ਨੇ ਜਨਰਲ ਉਡਵਾਇਰ ਨੂੰ ਸਭ ਦੇ ਸਾਹਮਣੇ ਸਜ਼ਾ ਦੇਣੀ ਸੀ"

ਪ੍ਰੋਫੈਸਰ ਜਗਮੋਹਣ ਸਿੰਘ ਨੇ ਇਸ ਵਾਰ ਵੀ ਕੀਤੇ ਕਈ ਅਹਿਮ ਖੁਲਾਸੇ 
ਲੁਧਿਆਣਾ: 16 ਅਗਸਤ 2014: (ਰੈਕਟਰ ਕਥੂਰੀਆ//ਪੰਜਾਬ ਸਕਰੀਨ):
ਜੇ ਅਮਰ ਸ਼ਹੀਦ ਊਧਮ ਸਿੰਘ ਨੇ ਸਿਰਫ ਜਨਰਲ ਉਡਵਾਇਰ ਨੂੰ ਮਾਰਨਾ ਹੀ ਹੁੰਦਾ ਤਾਂ ਉਹ ਅਜਿਹਾ ਬਹੁਤ ਪਹਿਲਾਂ ਕਰ ਸਕਦੇ ਸਨ ਕਿਓਂਕਿ ਸਾਡੇ ਇਸ ਕੌਮੀ ਹੀਰੇ ਨੇ ਉਸ ਫਾਰਮ ਹਾਊਸ ਵਿੱਚ ਕਾਫੀ ਦੇਰ ਕੰਮ ਕੀਤਾ ਜਿੱਥੇ ਉਹ ਜ਼ਾਲਿਮ ਜਨਰਲ ਉਡਵਾਇਰ ਅਕਸਰ ਆਉਂਦਾ ਜਾਂਦਾ ਸੀ। ਪਰ ਸ਼ਹੀਦ ਊਧਮ ਸਿੰਘ ਦਾ ਸੰਕਲਪ ਕੇਵਲ ਉਸ ਨੂੰ ਮਾਰਨਾ ਨਹੀਂ ਬਲਕਿ ਸਜ਼ਾ ਦੇਣਾ ਸੀ। ਉਹਨਾਂ ਬੇਦੋਸ਼ੇ ਲੋਕਾਂ ਦੇ ਕਤਲਾਂ ਦੀ ਸਜ਼ਾ ਜਿਹੜੇ ਉਸਦੇ ਹੁਕਮਾਂ 'ਤੇ ਜਲਿਆਂ ਵਾਲੇ ਬਾਗ ਵਿੱਚ ਕੀਤੀ ਗੈੰਨੇਵ੍ਵਾਹ ਫਾਇਰਿੰਗ ਵਿੱਚ ਹੋਏ ਸਨ। ਇਸ ਲਈ ਸਾਡੇ ਇਸ ਅਮਰ ਸ਼ਹੀਦ ਨੇ ਲੰਮੇ ਸਮੇਂ ਤੱਕ ਉਸ ਉਚਿਤ ਥਾਂ ਦੀ ਉਡੀਕ ਕੀਤੀ ਜਿੱਥੇ ਜਨਰਲ ਉਡਵਾਇਰ ਨੂੰ ਸਾਰੀ ਜਨਤਾ ਦੇ ਸਾਹਮਣੇ ਸਜ਼ਾ ਦਿੱਤੀ ਜਾ ਸਕਦੀ ਸੀ। ਇਹ ਖੁਲਾਸਾ ਸ਼ਹੀਦ ਭਗਤ ਸਿੰਘ ਹੁਰਾਂ ਦੇ ਭਾਣਜੇ ਪ੍ਰੋਫੈਸਰ ਜਗਮੋਹਨ ਸਿੰਘ ਹੁਰਾਂ ਨੇ ਕੀਤਾ। ਉਹ ਚਾਂਦ ਕਲੋਨੀ ਰਿਸ਼ੀ ਨਗਰ ਵਿੱਚ ਹੋਏ ਇੱਕ ਸਮਾਗਮ ਵਿੱਚ ਬੋਲ ਰਹੇ ਸਨ। ਇਹ ਸਮਾਗਮ ਤੇਜਾ ਸਿੰਘ ਸੁਤੰਤਰ ਮੁਹੱਲਾ ਸੁਧਾਰ ਕਮੇਟੀ ਵੱਲੋਂ ਕਰਵਾਇਆ ਗਿਆ ਸੀ। ਪ੍ਰੋਫੈਸਰ ਜਗਮੋਹਨ ਸਿੰਘ ਨੇ ਕਿਹਾ ਕਿ ਸ਼ਹੀਦ ਊਧਮ ਸਿੰਘ ਨੇ ਆਪਣਾ ਨਾਮ ਮੁਹੰਮਦ ਸਿੰਘ ਆਜ਼ਾਦ ਰੱਖਿਆ ਸੀ ਅਤੇ ਨਾਲ ਹੀ ਸਪਸ਼ਟ ਕੀਤਾ ਸੀ ਕੀ ਜਿਹੜਾ ਉਸਦੇ ਇਸ ਨਾਮ ਨਾਲ ਛੇੜਛਾੜ ਕਰੇਗਾ ਉਹ ਉਸ ਨਾਲ ਬੇਇੰਸਾਫੀ ਅਤੇ ਗੱਦਾਰੀ ਕਰ ਰਿਹਾ ਹੋਵੇਗਾ। ਇਸ ਲਈ ਅਸੀਂ ਇਸ ਸੁਨੇਹੇ ਨੂੰ ਸਮਝੀਏ ਅਤੇ ਉਸ ਮਹਾਨ ਸ਼ਹੀਦ ਨੂੰ ਜਾਤਾਂ ਪਾਤਾਂ ਅਤੇ ਧਰਮਾਂ ਦੇ ਸੌੜੇ ਦਾਇਰਿਆਂ ਵਿੱਚ ਕੈਦ ਨਾ ਕਰੀਏ। ਉਹਨਾਂ ਯਾਦ ਕਰਾਇਆ ਕਿ ਅਸੀਂ ਇਹੀ ਗੱਦਾਰੀ ਪਹਿਲਾਂ ਆਪਣੇ ਪਿਆਰੇ ਤਿਰੰਗੇ ਨਾਲ ਵੀ ਕਰ ਚੁੱਕੇ ਹਾਂ। ਇਸ ਝੰਡੇ ਦੇ ਤਿੰਨੇ ਰੰਗ ਤਿੰਨ ਮਨੁੱਖੀ ਗੁਣਾਂ ਦੇ ਪ੍ਰਤੀਕ ਸਨ ਜਿਹਨਾਂ ਦੀ ਵਿਆਖਿਆ ਗਦਰ ਪਾਰਟੀ ਦੇ ਆਗੂਆਂ ਨੇ ਕੀਤੀ ਸੀ ਅਤੇ ਇਹ ਸਭ ਕੁਝ ਰਿਕਾਰਡ ਵਿੱਚ ਮੌਜੂਦ ਹੈ ਪਰ ਮਗਰੋਂ ਇਹਨਾਂ ਰੰਗਾਂ  ਨੂੰ  ਧਰਮਾਂ ਦੇ ਪ੍ਰਤੀਕ ਬਣਾ ਕੇ ਪੇਸ਼ ਕਰ ਦਿੱਤਾ ਗਿਆ।  ਇਹ ਤਿਰੰਗੇ ਨਾਲ ਗੱਦਾਰੀ ਸੀ। ਉਹਨਾਂ ਯਾਦ ਕਰਾਇਆ ਕਿ ਜਲਿਆਂ ਵਾਲੇ ਬਾਗ ਵਿੱਚ ਗੋਲੀ ਚਲਾਉਣ ਦਾ ਹੁਕਮ ਦੇਣ ਵਾਲਾ ਜਨਰਲ ਉਡਵਾਇਰ ਕੋਈ ਪਾਗਲ ਨਹੀਂ ਸੀ ਜਿਸਨੇ ਅਚਾਨਕ ਗੋਲੀ ਚਲਾਉਣ ਦਾ ਹੁਕਮ ਦੇ ਦਿੱਤਾ।  ਅਸਲ ਵਿੱਚ ਉਹ ਬਹੁਤ ਦੂਰ ਦੀ ਸੋਚ ਰਿਹਾ ਸੀ। ਉਡਵਾਇਰ ਨੇ ਬਹੁਤ ਪਹਿਲਾਂ ਭਾਂਪ ਲਿਆ ਸੀ ਕੀ ਜਦ ਜਦ ਵੀ ਲੋਕਾਂ ਵਿੱਚ ਏਕਤਾ ਹੋਈ ਹੈ ਉਸਨੇ ਵੱਡੇ ਵੱਡੇ ਰਾਜਭਾਗਾਂ ਨੂੰ ਗੱਦੀ ਤੋਂ ਥੱਲੇ ਸੁੱਟਣ ਵਿੱਚ ਕਦੇ ਦੇਰ ਨਹੀਂ ਲਾਈ। ਹੁਣ ਵੀ  ਉਸਨੇ ਦੇਖਿਆ ਸੀ ਕਿ ਕੁਝ ਸਮਾਂ ਪਹਿਲਾਂ ਹੀ ਲੋਕਾਂ ਨੇ ਈਦ ਅਤੇ ਦੀਵਾਲੀ ਦੀਆਂ ਖੁਸ਼ੀਆਂ ਇਕੱਠੇ ਹੋ ਕੇ ਮਨਾਈਆਂ ਸਨ।  ਇਹ ਏਕਾ ਅੰਗ੍ਰੇਜ਼ਾਂ ਲਈ ਖਤਰਾ ਸੀ। ਪੂਰਾ ਬ੍ਰਿਟਿਸ਼ ਸਾਮਰਾਜ ਇਸ ਖਤਰੇ ਨੂੰ ਭਾਂਪ ਕੇ ਕੰਬ ਉੱਠਿਆ ਸੀ। ਜਲਿਆਂ ਵਾਲੇ ਬਾਗ ਵਿੱਚ ਚਲਾਈ ਗਈ ਗੋਲੀ ਅਸਲ ਵਿੱਚ ਇਸ ਏਕਤਾ ਵਾਲੇ ਖਤਰੇ ਕਾਰਣ ਪੈਦਾ ਹੋਈ ਘਬਰਾਹਟ ਦਾ ਹੀ ਨਤੀਜਾ ਸੀ। ਉਹਨਾਂ ਅਫਸੋਸ ਪ੍ਰਗਟ ਕੀਤਾ ਕਿ ਅਸੀਂ ਅੱਜ ਫੇਰ ਉਸ ਏਕਤਾ ਨੂੰ ਹੀ ਬਾਰ ਬਾਰ ਨਿਸ਼ਾਨਾ ਬਣਾ ਰਹੇ ਹਾਂ।
ਇਸ ਮੌਕੇ ਸੀਪੀਆਈ ਜ਼ਿਲਾ ਲੁਧਿਆਣਾ ਦੇ ਸਹਾਇਕ ਡਾਕਟਰ ਅਰੁਣ ਮਿੱਤਰਾ ਨੇ ਵੀ ਸੰਖੇਪ ਜਹੇ ਸ਼ਬਦਾਂ ਵਿੱਚ ਬਹੁਤ ਕੁਝ ਆਖਿਆ। ਲੋਕਾਂ ਨੂੰ ਵਾਤਾਵਰਨ ਦੀ ਸੰਭਾਲ ਲਈ ਪੌਦੇ ਵੰਡੇ ਗਏ ਅਤੇ ਰੰਗਾਰੰਗ ਪ੍ਰੋਗਰਾਮਾਂ ਦੌਰਾਨ ਤਿਰੰਗਾ ਵੀ ਲਹਿਰਾਇਆ ਗਿਆ। ਨਸ਼ਿਆਂ ਦੇ ਮਾਮਲੇ ਵਿੱਚ ਲੀਡਰਾਂ ਦੇ ਕਰੂਪ ਚਿਹਰਿਆਂ ਨੂੰ ਬੜੀ ਸਾਦਗੀ ਨਾਲ ਪੇਸ਼ ਸਕਿੱਟ ਰਾਹੀਂ ਬੇਨਕਾਬ ਕੀਤਾ ਗਿਆ।
   ਪ੍ਰਿੰਸੀਪਲ ਕੁਸਮ ਲਤਾ ਨੇ ਸਮਾਜ ਵਿੱਚ ਫੈਲੀ ਕੁਰੱਪਸ਼ਨ ਬਾਰੇ ਵਿਸਥਾਰ ਨਾਲ ਦੱਸਿਆ ਅਤੇ ਅੱਜ ਦੇ ਹਾਲਾਤ ਬਾਰੇ ਵਿਗਿਆਨਕ ਪਹਿਲੂਆਂ ਨਾਲ ਗੱਲ ਕੀਤੀ। ਉਹਨਾਂ ਕਿਹਾ ਕਿ ਮੈਂ ਇਹਨਾਂ ਪੇੜ-ਪੌਦਿਆਂ ਨੂੰ ਦਰਵੇਸ਼ ਆਖਦੀ ਹਾਂ ਕਿਓਂਕਿ ਇਹਨਾਂ ਨੇ ਬਿਨਾ ਕਿਸੇ ਵਿਤਕਰੇ ਦੇ ਸਾਨੂੰ ਜ਼ਿੰਦਗੀ ਦੇਣ ਵਾਲੀ ਆਕਸੀਜਨ ਦਾ ਲੰਗਰ ਲਗਾਇਆ ਹੋਇਆ ਹੈ। ਇਸ ਲਈ ਇਹਨਾਂ ਦੀ ਸਾਂਭ ਸੰਭਾਲ ਸਾਡਾ ਸਾਰਿਆਂ ਦਾ ਜਰੂਰੀ ਫਰਜ਼ ਹੈ। ਕੁਸੁਮਲਤਾ ਨੇ ਆਪਣੇ ਸ਼ਾਇਰਾਨਾ ਅੰਦਾਜ਼ ਵਾਲੇ ਭਾਸ਼ਣ ਨਾਲ ਕਾਫੀ ਦੇਰ ਤੱਕ ਸਰੋਤਿਆਂ ਨੂੰ ਬੰਨੀ ਰੱਖਿਆ। ਬਹੁਤ ਸਾਰੀਆਂ ਡੂੰਘੀਆਂ ਗੱਲਾਂ ਬੜੀ ਸਾਦਗੀ ਨਾਲ ਕੀਤੀਆਂ।
ਏਸ ਖੁਸ਼ੀ ਵਾਲੇ ਮਾਹੌਲ ਵਿੱਚ ਉਸ ਵੇਲੇ ਮਾਯੂਸੀ ਛਾ ਗਈ ਜਦੋਂ ਉਘੀ ਲੇਖਿਕਾ ਗੁਰਚਰਨ ਕੌਰ ਕੋਚਰ ਨੇ ਸ਼ਹੀਦਾਂ ਬਾਰੇ ਬੜੇ ਹੀ ਸੌਖੇ ਜਹੇ ਸੁਆਲ ਪੁਛੇ ਪਰ ਇਹਨਾਂ ਦਾ ਸੁਆਲ ਬਹੁਤ ਸਾਰੀਆਂ ਨੂੰ ਨਹੀਂ ਸੀ ਆਉਂਦਾ।  ਸ਼ਹੀਦ ਭਗਤ ਸਿੰਘ ਦਾ ਜਨਮ ਕਦੋਂ ਅਤੇ ਕਿਸ ਥਾਂ ਹੋਇਆ? ਸੁੱਖਦੇਵ ਥਾਪਰ ਦਾ ਜਨਮ ਕਦੋਂ ਅਤੇ ਕਿੱਥੇ ਹੋਇਆ? ਰਾਜਗੁਰੂ ਦਾ ਪੂਰਾ ਨਾਮ ਕੀ ਸੀ? ਏਹੋਜਾਹੇ ਕਈ ਸੁਆਲ ਸਨ ਜਿਹਨਾਂ ਦੇ ਜੁਆਬ ਲਈ 25 ਸਾਲ ਤੱਕ ਦੀ ਉਮਰ ਵਾਲੀ ਹੱਦ ਰੱਖੀ ਗਈ ਸੀ ਪਰ ਕੋਈ ਵੀ ਇਸਦਾ ਸਹੀ ਜੁਆਬ ਨਹੀਂ ਦੇ ਸਕਿਆ। ਇਹ ਇੱਕ ਸਬੂਤ ਸੀ ਕਿ ਸਦਾ ਵਿਦਿਅਕ ਸਿਸਟਮ ਅਤੇ ਸਮਾਜਿਕ ਤਾਣਾਬਾਣਾ ਕਿਸ ਤਬਾਹੀ ਵੱਲ ਜਾ ਰਿਹਾ ਹੈ?

No comments: