Monday, August 11, 2014

ਜਥੇਦਾਰ ਭੱਠਲ ਦ੍ਰਿੜ ਇਰਾਦੇ ਨਾਲ ਗੁਪਤ ਰਹਿ ਕੇ ਜਥੇ ਭੇਜਦੇ ਰਹੇ

ਅਣਗੌਲਿਆ ਆਜ਼ਾਦੀ ਘੁਲਾਟੀਆਂ ਦਾ ਪਿੰਡ ਭੱਠਲਾਂ        ਕੁਲਦੀਪ ਸਿੰਘ ਧਨੌਲਾ
ਧਨੌਲਾ ਤੋਂ 4-5 ਕਿਲੋਮੀਟਰ ਦੀ ਦੂਰੀ ‘ਤੇ ਵਸੇ 1500 ਕੁ ਵੋਟਾਂ ਵਾਲੇ ਨਿੱਕੇ ਜਿਹੇ ਪਿੰਡ ਭੱਠਲਾਂ ਦਾ ਆਜ਼ਾਦੀ ਸੰਗਰਾਮ ਵਿੱਚ ਵੱਡਾ ਯੋਗਦਾਨ ਰਿਹਾ ਹੈ। ਇਸ ਤੋਂ ਇਲਾਵਾ ਇਸ ਪਿੰਡ ਦੇ ਸਿਰ ਬੀਬੀ ਰਾਜਿੰਦਰ ਕੌਰ ਭੱਠਲ ਨੂੰ ਪੰਜਾਬ ਦੀ ਪਹਿਲੀ ਮਹਿਲਾ ਮੁੱਖ ਮੰਤਰੀ ਬਣਾਉਣ ਦਾ ਸਿਹਰਾ ਬੱਝਿਆ ਹੋਇਆ ਹੈ। ਇਸ ਸਭ ਦੇ ਬਾਵਜੂਦ ਪੰਜਾਬ ਸਰਕਾਰ ਵੱਲੋਂ ਇਸ ਪਿੰਡ ਨੂੰ ਅਣਗੌਲਿਆਂ ਕੀਤੇ ਹੋਣ ਕਾਰਨ ਇੱਥੋਂ ਦੇ ਵਾਸੀ ਪੀਟਰ ਰੇਡ਼ਿਆਂ ਅਤੇ ਟੈਂਪੂਆਂ ਉੱਤੇ ਲਮਕ ਕੇ ਦੂਰ-ਦੁਰਾਡੇ ਜਾਣ ਲਈ ਮਜਬੂਰ ਹਨ। ਹੈਰਾਨ ਕਰਨ ਵਾਲੀ ਗੱਲ ਹੈ ਕਿ 35-36 ਵਰ੍ਹਿਆਂ ਤੋਂ ਇੱਥੋਂ ਦੇ ਜੰਮਪਲ ਪੰਜਾਬ ਵਿਧਾਨ ਸਭਾ ਵਿੱਚ ਨੁਮਾਇੰਦਗੀ ਕਰਦੇ ਆ ਰਹੇ ਹਨ। ਬੀਬੀ ਰਾਜਿੰਦਰ ਕੌਰ ਭੱਠਲ, ਉਨ੍ਹਾਂ ਦੇ ਮਰਹੂਮ ਭਰਾਵਾਂ ਮਨਜੀਤ ਸਿੰਘ ਭੱਠਲ ਅਤੇ ਕੁਲਦੀਪ ਸਿੰਘ ਭੱਠਲ ਸਮੇਤ ਭੈਣ-ਭਰਾਵਾਂ ਨੇ ਇਕੱਠਿਆਂ ਵੀ ਨੁਮਾਇੰਦਗੀ ਕੀਤੀ ਪਰ ਪਿੰਡ ਸਹੂਲਤਾਂ ਪੱਖੋਂ ਫਾਡੀ ਹੀ ਰਿਹਾ ਹੈ।
ਬੀਬੀ ਰਾਜਿੰਦਰ ਕੌਰ ਭੱਠਲ ਦੇ ਪਿਤਾ ਬਾਬਾ ਹੀਰਾ ਸਿੰਘ ਭੱਠਲ ਦਾ ਜਨਮ ਸਾਲ 1901 ਵਿੱਚ ਪਿਤਾ ਚੰਨਣ ਸਿੰਘ ਤੇ ਮਾਤਾ ਭੋਲੀ ਦੇ ਘਰ ਭੱਠਲਾਂ ਵਿੱਚ ਹੋਇਆ ਸੀ। ਉਹ 18 ਸਾਲ ਦੀ ਉਮਰ ਵਿੱਚ ਅੰਗਰੇਜ਼ੀ ਫ਼ੌਜ ਵਿੱਚ ਭਰਤੀ ਹੋਏ। ਇੱਥੋਂ ਸੇਵਾ ਮੁਕਤ ਹੋਣ ਬਾਅਦ ਉਹ ਦੇਸ਼ ਦੀ ਆਜ਼ਾਦੀ ਦੇ ਸੰਘਰਸ਼ ਵਿੱਚ ਕੁੱਦ ਪਏ। ਇਸੇ ਕਾਰਨ ਉਨ੍ਹਾਂ ਲਾਹੌਰ, ਮੁਲਤਾਨ, ਅੰਮ੍ਰਿਤਸਰ, ਗੁਰਦਾਸਪੁਰ, ਨਾਭਾ, ਪਟਿਆਲਾ, ਅੰਬਾਲਾ ਅਤੇ ਦਿੱਲੀ ਦੀਆਂ ਜੇਲ੍ਹਾਂ ਵਿੱਚ ਕੈਦ ਕੱਟੀ। ਬਾਬਾ ਹੀਰਾ ਸਿੰਘ ਦੀ ਪਹਿਲੀ ਪਤਨੀ ਭਗਵਾਨ ਕੌਰ ਦਾ ਦੇਹਾਂਤ ਹੋਣ ਬਾਅਦ ਉਨ੍ਹਾਂ ਦਾ ਦੂਜਾ ਵਿਆਹ ਮਾਤਾ ਹਰਨਾਮ ਕੌਰ ਨਾਲ ਹੋਇਆ, ਜਿਨ੍ਹਾਂ ਉਨ੍ਹਾਂ ਦੇ ਮੋਢੇ ਨਾਲ ਮੋਢਾ ਲਾ ਕੇ ਸਾਥ ਦਿੱਤਾ ਤੇ ਇਨ੍ਹਾਂ ਦੀ ਪੁੱਤਰੀ ਬੀਬੀ ਰਾਜਿੰਦਰ ਕੌਰ ਭੱਠਲ ਦਾ ਜਨਮ 13 ਸਤੰਬਰ 1945 ਨੂੰ ਲਾਹੌਰ ਜੇਲ੍ਹ ਵਿੱਚ ਹੋਇਆ ਸੀ। ਬਾਬਾ ਹੀਰਾ ਸਿੰਘ ਦਾ 29 ਜਨਵਰੀ 1984 ਨੂੰ ਦੇਹਾਂਤ ਹੋ ਗਿਆ।
ਇਸੇ ਪਿੰਡ ਦੇ ਆਜ਼ਾਦੀ ਘੁਲਾਟੀਏ ਜਥੇਦਾਰ ਹਰਦਿੱਤ ਸਿੰਘ ਭੱਠਲ ਦਾ ਜਨਮ 1897 ਈਸਵੀ ਨੂੰ ਪਿੰਡ ਭੱਠਲਾਂ ਵਿਖੇ ਹੋਇਆ। ਉਹ ਸਾਲ 1919 ਵਿੱਚ ਜਲ੍ਹਿਆਂ ਵਾਲੇ ਬਾਗ਼ ਦਾ ਸਾਕਾ ਵਾਪਰਨ ਪਿੱਛੋਂ ਪੰਜਾਬ ਦੇ ਦੂਰ-ਦੁਰਾਡੇ ਖਿੱਤਿਆਂ ਦੇ ਸਾਧਾਰਨ ਪੇਂਡੂ ਲੋਕਾਂ ਦੇ ਮਨਾਂ ਅੰਦਰ ਰਾਜਸੀ ਚੇਤਨਾ ਜਾਗਰਿਤ ਹੋਣ ਦੇ ਦੌਰ ਦੌਰਾਨ ਸਰਗਰਮ ਸਮਾਜਿਕ ਤੇ ਸਿਆਸੀ ਜੀਵਨ ਵਿੱਚ ਆਏ। ਇਨ੍ਹੀਂ ਦਿਨੀਂ ਸਿੱਖੀ ਦੇ ਪ੍ਰਚਾਰ ਲਈ ਚੀਫ ਖ਼ਾਲਸਾ ਦੀਵਾਨ ਅਤੇ ਸਿੰਘ ਸਭਾ ਲਹਿਰ ਦੇ ਹੋਂਦ ਵਿੱਚ ਆਉਣ ਕਾਰਨ ਧਨੌਲੇ ਦੇ ਇਲਾਕੇ ਵਿੱਚ ਸ਼ਬਦ ਕੀਰਤਨ ਦੀ ਲਹਿਰ ਸ਼ੁਰੂ ਹੋ ਚੁੱਕੀ ਸੀ। ਜਥੇਦਾਰ ਭੱਠਲ ਇਸ ਲਹਿਰ ਦੇ ਪ੍ਰਭਾਵ ਹੇਠ ਆਏ। ਸਾਲ 1922 ਵਿੱਚ ਜਦੋਂ ਗੁਰਦੁਆਰਾ ਸੁਧਾਰ ਲਹਿਰ ਦੇ ਸਿਲਸਿਲੇ ਵਿੱਚ ਗੁਰੂ ਕੇ ਬਾਗ਼ ਦਾ ਮੋਰਚਾ ਲੱਗਿਆ ਤਾਂ ਸਤਿਆਗ੍ਰਹਿ ਵਿੱਚ ਸ਼ਾਮਲ ਹੋ ਕੇ ਉਨ੍ਹਾਂ ਗ੍ਰਿਫ਼ਤਾਰੀ ਦਿੱਤੀ। ਇਸ ਸਿਲਸਿਲੇ ਵਿੱਚ ਉਨ੍ਹਾਂ ਨੂੰ ਇੱਕ ਸਾਲ ਲਈ ਮੁਲਤਾਨ ਜੇਲ੍ਹ ਅੰਦਰ ਨਜ਼ਰਬੰਦ ਕਰ ਦਿੱਤਾ ਗਿਆ। ਜਾਇਦਾਦ ਜ਼ਬਤ ਕਰ ਲਈ ਅਤੇ ਨਾਲ ਹੀ ਰਿਆਸਤ ਨਾਭਾ ਤੋਂ ਜਲਾਵਤਨ ਕਰਨ ਦੇ ਆਦੇਸ਼ ਵੀ ਦਿੱਤੇ ਗਏ। ਸੁਤੰਤਰਤਾ ਪ੍ਰਾਪਤੀ ਤੋਂ ਬਾਅਦ ਵੀ ਸੁਖ-ਆਰਾਮ ਦੀ ਪ੍ਰਵਾਹ ਨਾ ਕਰਦਿਆਂ ਉਨ੍ਹਾਂ ਕਿਸਾਨ-ਮਜ਼ਦੂਰਾਂ ਦੇ ਹੱਕਾਂ ਦੀ ਬਹਾਲੀ ਲਈ ਸੰਘਰਸ਼ ਜਾਰੀ ਰੱਖਿਆ।
ਸਾਲ 1959 ਵਿੱਚ ਪ੍ਰਤਾਪ ਸਿੰਘ ਕੈਰੋਂ ਦੀ ਸਰਕਾਰ ਸਮੇਂ ਖ਼ੁਸ਼-ਹੈਸੀਅਤ ਟੈਕਸ ਵਿਰੁੱਧ ਮੋਰਚੇ ਦੀ ਅਗਵਾਈ ਜਥੇਦਾਰ ਭੱਠਲ ਨੇ ਹੀ ਕੀਤੀ। ਉਨ੍ਹਾਂ ਦੀ ਪਤਨੀ ਮਾਤਾ ਜਗੀਰ ਕੌਰ ਭੱਠਲ ਵੀ ਨੇ ਇਸਤਰੀਆਂ ਦੇ ਜਥੇ ਲਿਜਾ ਕੇ ਗ੍ਰਿਫ਼ਤਾਰੀਆਂ ਦਿੱਤੀਆਂ। ਸਰਕਾਰ ਨੇ ਉਨ੍ਹਾਂ ਦੀ ਸਾਰੀ ਜਾਇਦਾਦ ਕੁਰਕ ਕਰ ਦਿੱਤੀ ਅਤੇ ਘਰ ਢਾਹ ਦਿੱਤਾ ਪਰ ਸਰਕਾਰ ਲੋਕਾਂ ਵਿੱਚ ਜਥੇਦਾਰ ਭੱਠਲ ਪ੍ਰਤੀ ਦ੍ਰਿੜ ਵਿਸ਼ਵਾਸ ਨੂੰ ਖ਼ਤਮ ਨਾ ਕਰ ਸਕੀ। ਜਥੇਦਾਰ ਭੱਠਲ ਅਡੋਲ, ਸ਼ਾਂਤ-ਚਿੱਤ ਅਤੇ ਦ੍ਰਿੜ ਇਰਾਦੇ ਨਾਲ ਗੁਪਤ ਰਹਿ ਕੇ ਜਥੇ ਭੇਜਦੇ ਰਹੇ ਅਤੇ ਆਖ਼ਰ ਸਰਕਾਰ ਨੂੰ ਝੁਕਣਾ ਪਿਆ।
ਇਸ ਪਰਿਵਾਰ ਨੇ ਆਪਣੀ ਛੇ ਕਨਾਲ ਜ਼ਮੀਨ ਦਾਨ ਕਰਕੇ ਜਥੇਦਾਰ ਭੱਠਲ ਦੀ ਯਾਦ ਵਿੱਚ 18 ਫਰਵਰੀ 1987 ਨੂੰ ਬਰਨਾਲਾ ਸਰਕਾਰ ਵੇਲੇ ਪਿੰਡ ਵਿੱਚ ਹੈਲਥ ਸੈਂਟਰ ਖੋਲ੍ਹਣ ਲਈ ਨੀਂਹ ਪੱਥਰ ਰਖਵਾਇਆ ਸੀ ਜੋ ਪੰਜਾਬ ਸਰਕਾਰ ਨੇ ਹੌਲੀ-ਹੌਲੀ ਪੂਰ ਚਾਡ਼੍ਹਿਆ।
ਕਾਫ਼ੀ ਸਾਲ ਪਹਿਲਾਂ ਪੀਆਰਟੀਸੀ ਬਰਨਾਲਾ ਡਿਪੂ ਦੀ ਬਰਨਾਲਾ ਤੋਂ ਵਾਇਆ ਫਰਵਾਹੀ, ਰਾਜਗਡ਼੍ਹ, ਕੱਟੂ, ਭੱਠਲਾਂ ਅਤੇ ਹਰੀਗਡ਼੍ਹ ਪਿੰਡਾਂ ਵਿੱਚੋਂ ਚੰਡੀਗਡ਼੍ਹ ਨੂੰ ਚੱਲੀ ਬੱਸ 15 ਕੁ ਦਿਨਾਂ ਬਾਅਦ ਬੰਦ ਹੋ ਗਈ ਸੀ। ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਆਜ਼ਾਦੀ ਘੁਲਾਟੀਆਂ ਦੇ ਪਿੰਡ ਭੱਠਲਾਂ ਦੇ ਵਸਨੀਕਾਂ ਲਈ ਕੋਈ ਬੱਸ ਸੇਵਾ ਨਾ ਹੋਣ ਕਾਰਨ ਲੋਕ ਟੈਂਪੂਆਂ ਅਤੇ ਪੀਟਰ ਰੇਡ਼੍ਹਿਆਂ ਉੱਤੇ ਸਫ਼ਰ ਕਰਨ ਲਈ ਮਜਬੂਰ ਹਨ। ਇੱਥੋਂ ਦੇ ਬਾਸ਼ਿੰਦਿਆਂ ਨੂੰ ਬੱਸ ਲੈਣ ਲਈ ਧਨੌਲਾ ਪਹੁੰਚਣਾ ਪੈਂਦਾ ਹੈ।
-ਕੁਲਦੀਪ ਸਿੰਘ ਧਨੌਲਾ
ਸੰਪਰਕ: 94642-91023  

ਇਸੇ ਪਿੰਡ ਦੇ ਆਜ਼ਾਦੀ ਘੁਲਾਟੀਏ ਜਥੇਦਾਰ ਹਰਦਿੱਤ ਸਿੰਘ ਭੱਠਲ ਦਾ ਜਨਮ 1897 ਈਸਵੀ ਨੂੰ ਪਿੰਡ ਭੱਠਲਾਂ ਵਿਖੇ ਹੋਇਆ। ਉਹ ਸਾਲ 1919 ਵਿੱਚ ਜਲ੍ਹਿਆਂ ਵਾਲੇ ਬਾਗ਼ ਦਾ ਸਾਕਾ ਵਾਪਰਨ ਪਿੱਛੋਂ ਪੰਜਾਬ ਦੇ ਦੂਰ-ਦੁਰਾਡੇ ਖਿੱਤਿਆਂ ਦੇ ਸਾਧਾਰਨ ਪੇਂਡੂ ਲੋਕਾਂ ਦੇ ਮਨਾਂ ਅੰਦਰ ਰਾਜਸੀ ਚੇਤਨਾ ਜਾਗਰਿਤ ਹੋਣ ਦੇ ਦੌਰ ਦੌਰਾਨ ਸਰਗਰਮ ਸਮਾਜਿਕ ਤੇ ਸਿਆਸੀ ਜੀਵਨ ਵਿੱਚ ਆਏ। (ਪੰਜਾਬੀ ਟ੍ਰਿਬਿਊਨ ਚੋਂ ਧੰਨਵਾਦ ਸਹਿਤ)

No comments: