Friday, August 01, 2014

ਰਹਿਣ ਦੇ ਕੁਰਬਾਨੀਆਂ ਨੂੰ

ਐ ਪੰਜਾਬ !---ਡਾ.ਅਮਰਜੀਤ ਟਾਂਡਾ                 

ਐ ਪੰਜਾਬ !
ਕਦੇ ਤੂੰ ਉਦਾਸ ਹੁੰਦਾ ਸੀ
ਮੇਰੀ ਇੱਕ ਰਾਤ ਨਹੀਂ ਸੀ ਲੰਘਦੀ-

ਜੇ ਕਦੇ ਤੇਰੇ ਪਿੰਡੇ ਤੇ ਝਰੀਟ
ਵੀ ਆਉਂਦੀ ਸੀ
ਤਾਂ ਲੋਕ ਕੁਰਲਾ ਉੱਠਦੇ ਸਨ-

ਹੁਣ ਤੇਰਾ ਅੰਗ 2 ਜ਼ਖ਼ਮੀਂ ਹੋਇਆ ਪਿਆ ਹੈ
ਘਰ 2 ਬਲ ਰਿਹਾ ਹੈ-
ਕਬਰਾਂ ਲਹੂ ਨਾਲ 'ਚੋ ਰਹੀਆਂ ਹਨ-
ਜਿਹਨਾਂ ਤੈਨੂੰ ਬਚਾਉਣਾ ਸੀ
ਆਪ ਬਰਛੇ ਤਾਣੀ ਫਿਰਦੇ ਹਨ-

ਰੱਖਵਾਲੇ ਬਣ ਆਪਣਿਆਂ ਨੇ ਹੀ
ਤੇਰੀ ਪੱਗ ਨੂੰ ਹੱਥ ਪਾਇਆ ਕਿ ਪਾਇਆ -

ਕੁੜੀਆਂ ਕਿੱਥੇ ਝੂਟਣ ਜਾਣ ਪੀਘਾਂ
ਰਾਹਾਂ 'ਚ ਤੌਖ਼ਲੇ ਬੜੇ ਨੇ-
ਚੁਰਾਹੇ ਪੱਤ ਲੁੱਟਣ ਨੂੰ ਖੜ੍ਹੇ ਨੇ-

ਸਿੱਸਕਦੀ ਮੇਰੀ ਨਜ਼ਮ ਵੀ ਕੀ ਕਰੇ-
ਗੋਲੀ ਵਿੰਨ੍ਹਿਆ ਗੀਤ ਕਿੰਜ਼ ਹਾਉਕੇ ਭਰੇ
ਕਿੰਜ਼ ਜੋੜੇ ਤੀਰ ਤੇ ਕਿੰਜ਼ ਤਰਕਸ਼ ਫ਼ੜੇ

ਨਿੱਕੇ ਜੇਹੇ ਬਚੇ ਪੰਜਾਬ ਦਾ ਹੁਣ
ਮਜ਼ਹੱਬਾਂ ਨੇ ਓਦਾਂ ਨਹੀਂ ਰਹਿਣ ਦੇਣਾ ਫ਼ੱਕਾ

ਨਾ ਹੀ ਬੰਸਰੀ ਨਾਲ ਉਦਾਸ ਰਾਤ ਵਿਰ੍ਹਦੀ ਹੈ-
ਨਾ ਹੀ ਮਾਵਾਂ ਕੋਲ ਬਚੇ ਨੇ ਵੈਣ ਤੇ ਹੰਝੂ-

ਸਿਰ ਓਦਾਂ ਨਹੀਂ ਰਹੇ ਮੇਰੇ ਬੱਚਿਆਂ ਦੇ ਧੜਾਂ੍ਹ 'ਤੇ-

ਜੇ ਕੋਈ ਤੇਰੇ ਲੇਖੇ ਲਈ ਸਿਰ ਲਿਖਦਾ ਹੈ
ਉਹੀ ਸਿਰ ਉਹ ਘਰ ਭੁੱਲ ਆਉਂਦਾ ਹੈ-

ਤੇ ਫਿਰ ਓਹੀ ਸਿਰ ਥਾਲੀ ਚ ਸਜਾ ਆਰਤੀ ਉਤਾਰੀ ਜਾਂਦੀ ਹੈ-
ਇੰਜ਼ ਤਾਂ ਅੱਜਕਲ ਲੋਕ ਸ਼ਹੀਦ ਹੋ ਰਹੇ ਹਨ-

ਤੂੰ ਆਪਣਾ ਨਿੱਕਾ ਜੇਹਾ ਜਾਂ
ਜਿੱਡਾ ਵੀ ਹੈ ਸਿਰ ਬਚਾ ਕੇ ਰੱਖੀਂ-
ਦੇਖੀਂ ਕਿਤੇ ਇਹ ਵੀ ਨਾ ਵਾਰ ਬੈਠੀਂ

ਏਥੇ ਕਿਸੇ ਨਹੀਂ ਹਾਰ ਪਾਉਣੇ ਬਾਅਦ ਚ
ਨਾ ਹੀ ਮਨਾਉਣੀਆਂ ਬਰਸੀਆਂ-

ਰਹਿਣ ਦੇ ਕੁਰਬਾਨੀਆਂ ਨੂੰ
ਸਾਂਭ ਰੱਖ ਜੁਆਨੀਆਂ ਨੂੰ-

ਕਦੇ ਪੈਂਦੇ ਸਨ ਸਿਰਾਂ ਦੇ ਮੁੱਲ
ਕਦੇ ਸਜਦੇ ਸਨ ਸਿਰਾਂ ਤੇ ਫੁੱਲ

No comments: