Monday, August 11, 2014

ਅਜਨਾਲਾ ਖੂਹ: 23 ਅਗਸਤ ਨੂੰ ਸਵੇਰੇ ਤੁਰੇਗਾ ਇਤਿਹਾਸਿਕ ਕਾਫ਼ਿਲਾ

Mon, Aug 11, 2014 at 1:59 PM 
ਹਰਿ ਕੀ ਪੌੜੀ ਹਰਿਦੁਆਰ ਵਿਖੇ 24 ਅਗਸਤ ਨੂੰ ਹੋਵੇਗਾ ਵਿਸ਼ੇਸ਼ ਸਮਾਗਮ 
ਸ਼ਾਂਤੀਕੁੰਜ ਆਸ਼ਰਮ ਹਰਿਦੁਆਰ ਦੇ ਅਧਿਕਾਰੀਆਂ ਨਾਲ ਅਸਥੀਆਂ ਦੇ ਜਲਪ੍ਰਵਾਹ ਸੰਬੰਧੀ ਗਲਬਾਤ ਕਰਦੇ ਹੋਏ ਇਤਿਹਾਸਕਾਰ ਸ਼੍ਰੀ ਸੁਰਿੰਦਰ ਕੋਛੜ
*ਕੌਮੀ ਵਿਦ੍ਰੋਹ ਦੇ ਸੈਨਿਕਾਂ ਨੂੰ 24 ਅਗਸਤ ਵਾਲੇ ਦਿਨ ਮਿਲੇਗੀ ਗੰਗਾ ਵਿਚ ਮੁਕਤੀ--ਕੋਛੜ
*ਸੈਨਿਕਾਂ ਦੀਆਂ ਅਸਥੀਆਂ ਨੂੰ ਜਲਪ੍ਰਵਾਹ ਤੋਂ ਪਹਿਲਾਂ ਦਵਾਂਗੇ ਸ਼ਰਧਾਂਜ਼ਲੀ-ਸ਼੍ਰੀ ਗੰਗਾ ਸਭਾ
*ਸ਼ਾਂਤੀਕੁੰਜ ਦੇ ਪ੍ਰਮੁਖ ਵਿਦਵਾਨ ਪ੍ਰੋਹਿਤਾਂ ਵੱਲੋਂ ਕਰਾਇਆ ਜਾਵੇਗਾ ਤਰਪਣ-ਡਾ਼ ਪਾਂਡੇਯ
ਇਤਿਹਾਸਕਾਰ ਕੋਛੜ ਨੇ ਸੈਨਿਕਾਂ ਦੀਆਂ ਅਸਥੀਆਂ ਨੂੰ ਗੰਗਾ ਵਿਚ ਪ੍ਰਵਾਹ ਕਰਨ ਹਿਤ ਕੀਤੀ ਸ਼੍ਰੀ ਗੰਗਾ ਸਭਾ, ਪਤੰਜਲੀ ਯੋਗ ਪੀਠ, ਦੇਵ ਸੰਸਕ੍ਰਿਤ ਯੂਨੀਵਰਸਿਟੀ ਸਹਿਤ ਦੋ ਦਰਜਨ ਤੋਂ ਵਧੇਰੇ ਪ੍ਰਮੁਖ ਵਿਦਵਾਨ ਸੰਤਾਂ ਨਾਲ ਹਰਿਦੁਆਰ ਵਿਚ ਮੀਟਿਂਗ
ਅੰਮ੍ਰਿਤਸਰ: 11 ਅਗਸਤ 2014: (ਪੰਜਾਬ ਸਕਰੀਨ ਬਿਊਰੋ): ਸੰਨ 1857 ਦੇ ਰਾਸ਼ਟਰੀ ਵਿਦ੍ਰੋਹ ਵਿਚ ਸ਼ਹੀਦ ਹੋਏ ਹਿੰਦੁਸਤਾਨੀ ਸੈਨਿਕਾਂ ਦੀਆਂ ਅਸਥੀਆਂ ਨੂੰ 24 ਅਗਸਤ ਨੂੰ ਹਰਿਦੁਆਰ ਪਵਿਤਰ ਗੰਗਾ ਵਿਚ ਸੰਪੂਰਨ ਧਾਰਮਿਕ ਵਿਧੀ ਅਤੇ ਸਨਮਾਨ ਸਹਿਤ ਜਲਪ੍ਰਵਾਹ ਕਰ ਦਿਤਾ ਜਾਵੇਗਾ।ਇਹ ਜਾਣਕਾਰੀ ਇਤਿਹਾਸਕਾਰ ਤੇ ਖੋਜਕਰਤਾ ਸ਼੍ਰੀ ਸੁਰਿੰਦਰ ਕੋਛੜ ਨੇ ਅਜਨਾਲਾ ਦੇ ਖੂਹ ਵਿਚੋਂ 157 ਵਰ੍ਹਿਆਂ ਬਾਅਦ ਕਢਵਾਈਆਂ ਹਿੰਦੁਸਤਾਨੀ ਸੈਨਿਕਾਂ ਦੀਆਂ ਅਸਥੀਆਂ ਨੂੰ ਹਰਿਦੁਆਰ ਗੰਗਾ ਵਿਚ ਜਲਪ੍ਰਵਾਹ ਕਰਨ ਹਿਤ ਸ਼੍ਰੀ ਗੰਗਾ ਸਭਾ ਰਜਿਸਟਰਡ, ਪਤੰਜ਼ਲੀ ਯੋਗ ਪੀਠ, ਦੇਵ ਸੰਸਕ੍ਰਿਤ ਯੂਨੀਵਰਸਿਟੀ, ਸ਼ਾਂਤੀ ਕੁੰਜ ਆਸ਼ਰਮ, ਸ਼ਿਵਾਯਤਨ ਆਸ਼ਰਮ, ਸ਼੍ਰੀ ਲੋਕੇਸ਼ਧਾਮ ਆਸ਼ਰਮ, ਤ੍ਰਿਪੁਰਾ ਯੋਗ ਆਸ਼ਰਮ ਸਹਿਤ ਦੋ ਦਰਜ਼ਨ ਤੋਂ ਜ਼ਿਆਦਾ ਵਿਦਵਾਨ ਸੰਤਾਂ ਨਾਲ ਮੀਟਿੰਗ ਕਰਨ ਦੇ ਬਾਅਦ ਅਜ ਦੁਪਿਹਰ ਅੰਮ੍ਰਿਤਸਰ ਪਰਤਣ ਤੇ ਦਿਤੀ।
ਦੇਵ ਸੰਸਕ੍ਰਿਤ ਯੂਨੀਵਰਸਿਟੀ ਦੇ ਕੁਲਪਤੀ ਡਾ਼ ਪ੍ਰਣਵ ਪਾਂਡੇਯ ਨਾਲ ਸਾਮੁਹਿਕ ਤਰਪਣ ਸੰਬੰਧੀ ਗਲਬਾਤ ਕਰਦੇ ਹੋਏ ਸ਼੍ਰੀ ਸੁਰਿੰਦਰ ਕੋਛੜ
ਸ਼੍ਰੀ ਕੋਛੜ ਨੇ ਦਸਿਆ ਕਿ ਰਾਸ਼ਟਰੀ ਵਿਦ੍ਰੋਹ ਵਿਚ ਸ਼ਹੀਦ ਹੋਏ ਹਿੰਦੁਸਤਾਨੀ ਸੈਨਿਕਾਂ ਦੀਆਂ ਅਸਥੀਆਂ ਨੂੰ ਜਲਪ੍ਰਵਾਹ ਕਰਨ ਲਈ 23 ਅਗਸਤ ਨੂੰ ਸਵੇਰੇ 6 ਵਜੇ ਅਜਨਾਲਾ ਤੋਂ ਭਾਰੀ ਜੁਲੂਸ ਦੇ ਰੂਪ ਵਿਚ ਗੁਰਦੁਆਰਾ ਸ਼ਹੀਦ ਗੰਜ ਕਮੇਟੀ ਵਲੋਂ ਹਰਿਦੁਆਰ ਲੈ ਜਾਇਆ ਜਾਵੇਗਾ। ਅਗਲੇ ਦਿਨ 24 ਅਗਸਤ ਨੂੰ ਦੇਵ ਸੰਸਕ੍ਰਿਤ ਯੂਨੀਵਰਸਿਟੀ ਦੇ ਕੁਲਪਤੀ ਅਤੇ ਅਖਿਲ ਵਿਸ਼ਵ ਗਾਯਤਰੀ ਪਰਿਵਾਰ ਦੇ ਪ੍ਰਮੁਖ ਡਾ਼ ਪ੍ਰਣਵ ਪਾਂਡੇਯ ਦੇ ਦਿਸ਼ਾ^ਨਿਰਦੇਸ਼ ਹੇਠ ਸਵੇਰੇ 7 ਵਜੇ ਤੋਂ ਸਾਢੇ ਅਠ ਵਜੇ ਤਕ ਗਾਯਤਰੀ ਤੀਰਥ ਵਿਚ ਸ਼ਹੀਦ ਸੈਨਿਕਾਂ ਦੀ ਆਤਮਿਕ ਸ਼ਾਂਤੀ ਲਈ ਆਸ਼ਰਮ ਦੇ ਪ੍ਰਮੁਖ ਵਿਦਵਾਨ ਪ੍ਰੋਹਿਤਾਂ ਦੁਆਰਾ ਤਰਪਣ ਕਰਾਇਆ ਜਾਵੇਗਾ। ਇਸ ਦੇ ਬਾਅਦ ਸਨਮਾਨ ਸਹਿਤ ਅਸਥੀਆਂ ਨੂੰ ਆਸ਼ਰਮ ਦੇੇ ਆਗੂਆਂ ਸਹਿਤ ਅਚਾਰਿਆ ਸਵਾਮੀ ਸ਼ੰਕਰਾਨੰਦ ਪਰਵਤ, ਸਵਾਮੀ ਨਬਿੰਦੁਪੂਰੀ, ਸਵਾਮੀ ਦਯਾਨੰਦ, ਸਵਾਮੀ ਹਿਰਦੇਨੰਦ ਆਦਿ 50 ਤੋਂ ਵਧੇਰੇ ਵਿਦਵਾਨ ਸੰਤਾਂ ਅਤੇ ਹਜ਼ਾਰਾਂ ਨਾਗਰਿਕਾਂ ਦੀ ਹਾਜ਼ਰੀ ਵਿਚ ਕਨਖਲ ਲੈ ਜਾਇਆ ਜਾਵੇਗਾ।
ਸ਼੍ਰੀ ਗੰਗਾ ਸਭਾ ਦੇ ਕਾਰਜਕਾਰੀ ਪ੍ਰਧਾਨ ਸ਼੍ਰੀ ਪ੍ਰਸ਼ੋਤਮ ਸ਼ਰਮਾ ਰਾਸ਼ਟਰੀ ਵਿਦ੍ਰੋਹ 'ਚ ਸ਼ਹੀਦ ਹੋਏ ਹਿੰਦੁਸਤਾਨੀ ਸੈਨਿਕਾਂ ਦੀਆਂ ਅਸਥੀਆਂ ਨੂੰ ਗੰਗਾ ਵਿਚ ਪ੍ਰਵਾਹ ਕਰਨ ਸੰਬੰਧੀ ਇਤਿਹਾਸਕਾਰ ਸ਼੍ਰੀ ਸੁਰਿੰਦਰ ਕੋਛੜ ਨਾਲ ਵਿਚਾਰ^ਵਟਾਂਦਰਾ ਕਰਦੇ ਹੋਏ।
ਸ਼੍ਰੀ ਕੋਛੜ ਨੇ ਦਸਿਆ ਕਿ ਸ਼੍ਰੀ ਗੰਗਾ ਸਭਾ ਦੇ ਕਾਰਜਕਾਰੀ ਪ੍ਰਧਾਨ ਸ਼੍ਰੀ ਪ੍ਰਸ਼ੋਤਮ ਸ਼ਰਮਾ ਨਾਲ ਹੋਈ ਮੀਟਿੰਗ ਵਿਚ ਸ਼੍ਰੀ ਸ਼ਰਮਾ ਨੇ ਉਹਨਾਂ ਨੂੰ ਕਿਹਾ ਕਿ ਰਾਸ਼ਟਰੀ ਵਿਦ੍ਰੋਹ ਵਿਚ ਸ਼ਹੀਦ ਹੋਏ ਹਿੰਦੁਸਤਾਨੀ ਸੈਨਿਕਾਂ ਦੀਆਂ ਅਸਥੀਆਂ ਨੂੰ ਸਾਮੂਹਿਕ ਤੌਰ 'ਤੇ ਗੰਗਾ ਵਿਚ ਜਲਪ੍ਰਵਾਹ ਕਰਨਾ ਅਤੇ ਉਪਰੋਕਤ ਸਮਾਰੋਹ ਵਿਚ ਸ਼ਾਮਲ ਹੋਣਾ ਪੂਰੇ ਉਤਰਾਖੰਡ ਸੂਬੇ ਦੇ ਲੋਕਾਂ ਲਈ ਮਾਣ ਦੀ ਗਲ ਹੈ।ਉਹਨਾਂ ਕਿਹਾ ਕਿ ਅਸਥੀਆਂ ਨੂੰ ਜਲਪ੍ਰਵਾਹ ਤੋਂ ਪਹਿਲਾਂ ਸ਼੍ਰੀ ਗੰਗਾ ਸਭਾ ਦੇ ਅਧਿਕਾਰੀ ਅਤੇ ਹਰਿਦੁਆਰ ਦੇ ਆਮ ਨਾਗਰਿਕ ਹਰ ਕੀ ਪੌੜੀ ਵਿਖੇ ਸ਼ਰਧਾਂਜਲੀ ਭੇਟ ਕਰਨਗੇ।
ਪਤੰਜਲੀ ਯੋਗ ਪੀਠ ਦੇ ਸ਼੍ਰੀ ਬਾਲ ਕਿਸ਼ਨ ਨੂੰ ਅਜਨਾਲਾ ਵਿਚ ਸੰਨ 1857 'ਚ ਹੋਏ ਖੂਨੀ ਸਾਕੇ ਦੇ ਸੰਬੰਧ ਵਿਚ ਜਾਣਕਾਰੀ ਦਿੰਦੇ ਹੋਏ ਸ਼੍ਰੀ ਸੁਰਿੰਦਰ ਕੋਛੜ
ਅਜਨਾਲਾ ਦੇ ਉਪਰੋਕਤ ਖੂਹ ਦੀ ਖੋਜ ਕਰਕੇ ਉਸ ਵਿਚੋਂ ਸ਼ਹੀਦ ਸੈਨੀਕਾਂ ਦੀਆਂ ਅਸਥੀਆਂ ਕਢਵਾਉਣ ਵਿਚ ਪ੍ਰਮੁਖ ਭੂਮਿਕਾ ਨਿਭਾਉਣ ਵਾਲੇ ਇਤਿਹਾਸਕਾਰ ਸ਼੍ਰੀ ਕੋਛੜ ਨੇ ਪਤੰਜਲੀ ਯੋਗ ਪੀਠ ਦੇ ਪ੍ਰਮੁਖ ਸਵਾਮੀ ਰਾਮਦੇਵ ਦੇ ਸਾਥੀ ਸ਼੍ਰੀ ਬਾਲ ਕਿਸ਼ਨ, ਪਤੰਜਲੀ ਮਠ ਦੇ ਸਵਾਮੀ ਅਚਾਰਿਆ ਸ਼ੰਕਰਾਨੰਦ ਪਰਵਤ, ਸਵਾਮੀ ਨਬਿੰਦੁਪੂਰੀ, ਸਵਾਮੀ ਸ਼ਾਰਦਾਨੰਦ, ਸਵਾਮੀ ਦਰਸ਼ਨਾਨੰਦ, ਸਵਾਮੀ ਦਯਾਨੰਦ, ਸਵਾਮੀ ਹਿਰਦੇਨੰਦ ਆਦਿ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਅਜਨਾਲੇ ਦੇ ਉਪਰੋਕਤ ਸ਼ਹੀਦੀ ਖੂਹ ਦੇ ਸੰਬੰਧ ਵਿਚ ਪ੍ਰਕਾਸ਼ਿਤ ਲਿਟਰੇਚਰ ਭੇਟ ਕਰਦਿਆਂ ਦਸਿਆ ਕਿ ਹਿੰਦੁਸਤਾਨੀ ਸੈਨਿਕਾਂ ਦੀਆਂ ਪਿੰਜਰਾਂ ਵਿਚ ਤਬਦੀਲ ਹੋ ਚੁਕੀਆਂ ਲਾਸ਼ਾਂ ਨਾਲ ਭਰੇ ਖੂਹ ਦੇ ਬਿਲਕੁਲ ਉਪਰ ਪਿਛਲੇ 42 ਵਰ੍ਹਿਆਂ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਜਾ ਰਿਹਾ ਸੀ। ਆਪਣੀ ਖੋਜ ਦੇ ਆਧਾਰ ਤੇ ਉਪਰੋਕਤ ਸਚਾਈ ਜਾਣ ਲੈਣ ਤੋਂ ਬਾਅਦ ਉਹਨਾਂ ਗੁਰਦੁਆਰੇ ਦੀ ਮੌਜੂਦਾ ਕਮੇਟੀ ਦੇ ਲੋਕਾਂ ਦੇ ਸਹਿਯੋਗ ਨਾਲ ਖੂਹ ਦੇ ਉਪਰੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਰ ਸਥਾਨ ਤੇ ਤਬਦੀਲ ਕਰਵਾ ਕੇ ਖੂਹ ਵਿਚ ਪਿਛਲੇ 157 ਸਾਲਾਂ ਤੋਂ ਦਫ਼ਨ ਪਿੰਜਰਾਂ ਨੂੰ ਸਨਮਾਨ ਸਹਿਤ ਬਾਹਰ ਕਢਵਾ ਲਿਆ। ਉਪਰੋਕਤ ਸੰਤਾਂ ਨੇ ਕਿਹਾ ਕਿ ਇਤਿਹਾਸਕਾਰ ਸ਼੍ਰੀ ਕੋਛੜ ਨੇ ਆਪਣਾ ਇਨਸਾਨੀ ਫ਼ਰਜ਼ ਨਿਭਾਉਂਦੇ ਹੋਏ ਜਿਥੇ ਮਨੁਖੀ ਲਾਸ਼ਾਂ ਨਾਲ ਭਰੇ ਖੂਹ ਦੇ ਉਪਰੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਿਸੇ ਹੋਰ ਸਥਾਨ ਤੇ ਤਬਦੀਲ ਕਰਵਾ ਕੇ ਸ਼ਲਾਂਘਾਯੋਗ ਕੰਮ ਕੀਤਾ ਹੈ ਅਤੇ ਇਸ ਕਾਰਜ ਲਈ ਉਹਨਾਂ ਨੂੰ ਰਾਸ਼ਟਰੀ ਪਧਰ ਤੇ ਸਨਮਾਨਿਤ ਕੀਤਾ ਜਾਣਾ ਬਣਦਾ ਹੈ, ਉਥੇ ਹੀ ਖੂਹ ਦੇ ਉਪਰ 42 ਵਰ੍ਹੇ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਕੇ ਗੁਰਦੁਆਰਾ ਕਾਇਮ ਕਰਨ ਵਾਲੇ ਲੋਕਾਂ ਨੂੰ ਸਿੱਖ ਪੰਥ ਦਰਾ ਸਖਤ ਸਜ਼ਾ ਦਿਤੀ ਜਾਣੀ ਚਾਹੀਦੀ ਹੈ। ਉਪਰੋਕਤ ਸੰਤਾਂ ਨੇ ਸਪਸ਼ਟ ਤੌਰ ਤੇ ਕਿਹਾ ਕਿ ਮਨੁਖੀ ਲਾਸ਼ਾਂ ਦੇ ਉਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਕੇ ਨਾ ਸਿਰਫ਼ ਸਿਖ ਮਰਿਆਦਾ ਦੀਆਂ ਧਜੀਆਂ ਉਡਾਈਆਂ ਗਈਆਂ ਹਨ, ਸਗੋਂ ਇਸ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਸੰਪੂਰਨ ਆਸਥਾ ਰਖਣ ਵਾਲੇ ਸਭ ਧਰਮਾਂ ਦੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਦਾ ਵੀ ਘਾਣ ਹੋਇਆ ਹੈ।

No comments: