Wednesday, August 20, 2014

ਨਾਜ਼ੁਕ ਪੜਾਅ ਵੱਲ ਵਧ ਰਿਹਾ ਹੈ ਲੁਧਿਆਣਾ ਦਾ ਨਾਮਧਾਰੀ ਅੰਦੋਲਨ

Updated on 22 August 2014 at 10 27 AM
ਅਸੀਂ ਹੁਣ ਵੀ ਉਹੀ ਕੂਕੇ ਹਾਂ ਜਿਹੜੇ ਹਸਦਿਆਂ ਹਸਦਿਆਂ ਤੋਪਾਂ ਮੂਹਰੇ ਖੜੋਤੇ ਸੀ
ਲੁਧਿਆਣਾ: 20 ਅਗਸਤ 2014: (ਰੈਕਟਰ ਕਥੂਰੀਆ//ਪੰਜਾਬ ਸਕਰੀਨ): 
ਨਾਮਧਾਰੀ ਪੰਥਕ ਏਕਤਾ ਲਈ ਸ਼ੁਰੂ ਕੀਤਾ ਗਿਆ ਮਰਨ ਵਰਤ ਅੱਜ ਚੋਥੇ ਦਿਨ ਅਤੇ ਭੁਖ ਹੜਤਾਲ 20ਵੇਂ ਦਿਨ ਵਿੱਚ ਦਾਖਿਲ ਹੋ ਗਈ ਹੈ। ਮਾਮਲਾ ਨਾਜ਼ੁਕ ਹੁੰਦਾ ਜਾ ਰਿਹਾ ਹੈ। ਮਰਣ-ਵਰਤ ਕਾਰਣ ਕਿਸੇ ਵੀ ਵੇਲੇ ਕੋਈ ਸ਼ਹੀਦੀ ਸੰਭਵ ਹੈ। 
ਅੱਜ 20 ਦਿਨ ਬੀਤ ਜਾਣ ਦੇ ਬਾਵਜੂਦ ਵੀ ਸੰਗਤ ਵਿਚ ਉਤਸ਼ਾਹ ਦਿਨੋ ਦਿਨ ਵਧ ਰਿਹਾ ਹੈ ਜਿਸ ਦਾ ਅੰਦਾਜਾ ਭੁਖ ਹੜਤਾਲ ਵਿਚ ਬੈਠਣ ਵਾਲਿਆਂ ਦੀ ਗਿਣਤੀ ਵਿਚ ਲਗਾਤਾਰ ਹੋ ਰਹੇ ਵਾਧੇ ਤੋਂ ਸਹਿਜੇ ਹੀ ਲੱਗਦਾ ਹੈ। ਭੁੱਖ ਹੜਤਾਲ ਵਿੱਚ ਬੈਠਣ ਲਈ ਲੋਕ ਦੂਰੋਂ ਦੂਰੋਂ ਆ ਰਹੇ ਹਨ। ਇਹਨਾਂ ਵਿੱਚ ਔਰਤਾਂ ਵੀ ਹਨ ਮਰਦ ਵੀ, ਕੁੜੀਆਂ ਵੀ ਅਤੇ ਮੁੰਡੇ ਵੀ, ਬਜ਼ੁਰਗ ਵੀ ਅਤੇ ਸੱਜ ਵਿਆਹੇ ਵੀ। ਕੁਛੜ ਬੱਚਾ ਚੁੱਕ ਕੇ ਭੁੱਖ ਹੜਤਾਲ ਵਿੱਚ ਬੈਠੀਆਂ ਔਰਤਾਂ  ਆਮ ਦੇਖੀਆਂ ਜਾ ਸਕਦੀਆਂ ਹਨ। ਇਹਨਾਂ ਚੋਂ ਵੀ ਬਹੁਤੇ ਨਾਮਧਾਰੀ  ਏਅਰ ਕੰਡੀਸ਼ੰਡ ਕੋਠੀਆਂ ਵਿੱਚ ਰਹਿਣ ਵਾਲੇ ਹਨ ਪਰ ਇਥੇ ਗਰਮੀ ਅਤੇ ਘਬਰਾਹਟ ਭਰੇ ਮਾਹੌਲ ਵਿੱਚ ਵੀ ਬਹੁਤ ਹੀ ਮਸਤ ਹੋ ਕੇ ਬੈਠੇ ਹਨ। ਹੱਥ ਵਿੱਚ ਮਾਲਾ, ਅੱਖਾਂ ਬੰਦ, ਕੰਨ ਸਟੇਜ ਤੇ ਹੋ ਰਹੇ ਕੀਰਤਨ ਵੱਲ ਅਤੇ ਹੋਠਾਂ ਤੇ ਜਾਪ। ਇੱਕ ਵਾਰ ਤਾਂ ਇੰਝ ਲੱਗਦਾ ਹੈ ਜਿਵੇਂ ਨਾਮ ਜਪਦੇ ਫਰਿਸ਼ਤੇ ਜ਼ਮੀਨ ਤੇ ਉਤਰ ਆਏ ਹੋਣ। ਸਭ ਦੇ ਚੇਹਰਿਆਂ ਤੇ ਇੱਕ ਨੂਰ ਹੈ--ਇੱਕ ਸ਼ਾਂਤੀ ਹੈ। ਮੈਂ ਕੁਝ ਲੋਕਾਂ ਕੋਲੋਂ ਅੱਡ ਅੱਡ ਜਾ ਕੇ ਪੁਛਿਆ ਇਸਤਰਾਂ ਕਦੋਂ ਤੱਕ ਬੈਠੇ ਰਹੋਗੇ? ਜੁਆਬ ਤਕਰੀਬਨ ਸਭ ਦਾ ਇੱਕੋ ਜਿਹਾ ਹੀ ਸੀ---ਜਦ ਤੱਕ ਸਤਿਗੁਰਾਂ ਦੀ ਰਜ਼ਾ----ਜਦ ਤੱਕ ਇਨਸਾਫ਼ ਨਹੀਂ ਮਿਲਦਾ----ਜਦੋਂ ਤੱਕ ਸ੍ਰੀ ਭੈਣੀ ਸਾਹਿਬ ਦੇ ਦਰਸ਼ਨ ਦਿਦਾਰੇ ਨਹੀਂ ਖੁੱਲ੍ਹਦੇ। ਮੈਂ ਫਿਰ ਕੁਰੇਦਿਆ---ਗਰਮੀ ਵੀ ਬੜੀ ਹੈ---ਧੁੱਪ ਵੀ ਤਿੱਖੀ ਹੈ----ਬੀਮਾਰ ਨਹੀਂ ਹੋ ਜਾਓਗੇ? ਕਹਿਣ ਲੱਗੇ ਨਾਮ ਜਪਣ ਵਾਲਿਆਂ ਨੂੰ ਕਾਲ ਨਹੀਂ ਆਉਂਦਾ---ਗਰਮੀ ਸਰਦੀ ਵੀ ਨਹੀਂ ਲੱਗਦੀ--ਤੇ ਅਸੀਂ ਤਾਂ ਆਏ ਹੀ ਸ਼ਹੀਦ ਹੋਣ ਦਾ ਸੰਕਲਪ ਕਰਕੇ ਹਾਂ। ਇਹ ਤਾਂ ਸਿਰਫ ਧੁੱਪ ਹੈ ਜੇ ਵਰ੍ਹਦੀ ਅੱਗ ਵਿੱਚ ਵੀ ਖਲੋਣਾ ਪਿਆ ਤਾਂ ਅਸੀਂ ਇਸੇ ਤਰਾਂ ਸ਼ਾਂਤਚਿੱਤ ਹੋ ਕੇ ਓੱਥੇ ਵੀ ਰਜ਼ਾ ਵਿੱਚ ਬੈਠਾਂਗੇ। ਅਸੀਂ ਹੁਣ ਵੀ ਉਹੀ ਕੂਕੇ ਹਾਂ ਜਿਹੜੇ ਹਸਦਿਆਂ ਹਸਦਿਆਂ ਤੋਪਾਂ ਮੂਹਰੇ ਖੜੋ ਗਏ ਸੀ। ਲੋੜ ਪਈ ਤਾਂ ਮੌਤ ਨੂੰ ਮਖੋਲਾਂ ਕਰਨ ਵਾਲਾ ਉਹ ਕ੍ਰਿਸ਼ਮਾ ਦੁਬਾਰਾ ਵੀ ਦਿਖਾ ਸਕਦੇ ਹਾਂ। 
ਅੱਜ ਡਾ.  ਸੁਖਦੇਵ ਸਿੰਘ ਨੇ ਕਿਹਾ ਸੰਗਤ ਨੂੰ ਭੈਣੀ ਸਾਹਿਬ ਦੇ ਪੁਜਾਰੀ ਧੜੇ ਵਲੋਂ ਫੈਲਾਈ ਜਾਂ ਰਹੀਆਂ ਅਫਵਾਵਾਂ ਤੋ ਸੁਚੇਤ ਰਹਿਣਾ ਦੀ ਲੋੜ ਹੈ ਕਿਉਂਕਿ ਭੈਣੀ ਸਾਹਿਬ  ਵਾਲੇ ਘਟੀਆ ਸੋਚ ਤੇ ਉਤਾਰੂ ਹੋ ਗਏ ਹਨ। ਪਰ ਪੰਥ ਹਿਤੈਸ਼ੀ ਨਾਮਧਾਰੀ ਸੰਗਤ ਕਿਸੇ ਵੀ ਕੀਮਤ ਤੇ ਭੈਣੀ ਸਾਹਿਬ ਦੇ ਪੁਜਾਰੀ ਧੜੇ ਦੀਆਂ ਚਾਲ੍ਹਾਂ ਨੂੰ ਕਾਮਯਾਬ ਨਹੀਂ ਹੋਣ ਦੇਵੇਗੀ।
ਅੱਜ ਸੂਬਾ ਦਰਸ਼ਨ ਸਿੰਘ ਰਾਏਸਰ ਜੀ ਨੇ ਦੱਸਿਆ ਕਿ 22 ਅੱਗਸਤ 2014 ਨੂੰ ਭੁਖ ਹੜਤਾਲ ਵਾਲੀ ਜਗ੍ਹਾ ਤੇ ਪੰਥਕ ਏਕਤਾ ਸਮਾਗਮ ਠਾਕੁਰ ਦਲੀਪ ਸਿੰਘ ਜੀ ਦੀ ਹਾਜਰੀ ਵਿਚ ਕੀਤਾ ਜਾ ਰਿਹਾ ਹੈ ਜਿਸ ਵਿਚ ਸਾਰੇ ਪਾਸੇ ਦੀ ਸੰਗਤ ਵੱਧ ਚੜਕੇ ਹਿਸਾ ਲੈਣ ਲਈ ਲੁਧਿਆਣੇ ਪੁਹੰਚ ਰਹੀ ਹੈ।
ਅੱਜ ਠਾਕੁਰ ਦਲੀਪ ਸਿੰਘ ਜੀ ਨੇ ਭੁਖ ਹੜਤਾਲ ਵਾਲੀ ਸੰਗਤ ਨੂੰ ਮਿਲਕੇ ਉਹਨਾਂ ਦਾ ਹਾਲ ਚਾਲ ਪੁੱਛਿਆ ਅਤੇ ਪੰਥ ਦੇ ਇਸ ਉਚੇ ਸੁਚੇ ਕਾਰਜ ਨੂੰ ਸਮਰਪਿਤ ਕਰਨ ਲਈ ਸੰਗਤ ਨੂੰ ਸ਼ਾਬਾਸ ਵੀ ਦਿੱਤੀ। ਇਸ ਮੌਕੇ ਕਈ ਬੁਲਾਰਿਆਂ ਨੇ ਸੰਗਤਾਂ ਨੂੰ ਸੰਬੋਧਨ ਕੀਤਾ ਤੇ ਅਤੇ ਜਥੇਦਾਰਾਂ ਨੇ ਮਨੋਹਰ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ।
ਦਿਲਚਸਪ ਗੱਲ ਹੈ ਕਿ ਮਾਹੌਲ ਬੜਾ ਸ਼ਾਂਤ ਅਤੇ ਪੂਰੇ ਸਵੈ ਅਨੁਸ਼ਾਸਨ ਵਿੱਚ ਹੈ।  ਕੋਈ ਇਧਰ ਓਧਰ ਨਹੀਂ ਦੋੜਦਾ, ਕੋਈ ਗੱਲਾਂ ਵਾਲੇ ਚਸਕੇ ਵਿੱਚ ਨਹੀਂ ਪੈਂਦਾ---ਬਸ ਜੇ ਬੈਠਿਆਂ ਬੈਠਿਆਂ ਥਕਾਵਟ ਹੋ ਗਈ ਤਾਂ ਕੁਝ ਦੇਰ ਉੱਥੇ ਹੀ ਪਿਠ ਸਿਧੀ ਕਰ ਲਈ ਪਰ ਦੀਵਾਨਛੱਡ ਕੇ ਕਿਸੇ ਨੇ ਨਹੀਂ ਜਾਣਾ। ਆਗੂਆਂ ਦਾ ਸਤਿਕਾਰ ਸਾਰੇ ਨਾਮਧਾਰੀ ਕਰਦੇ ਹਨ ਪਰ ਫਿਰ ਵੀ ਬਿਨਾ ਪੁਛੇ ਪਤਾ ਕਰਨਾ ਔਖਾ ਹੈ ਕਿ ਇਹਨਾਂ ਚੋਂ ਆਗੂ ਕੌਣ ਹੈ ਅਤੇ ਸਧਾਰਨ ਵਰਕਰ ਕੌਣ? ਸਾਰੇ ਜਣੇ ਇਸ ਤਰਾਂ ਇੱਕ ਮਿੱਕ ਹਨ ਜਿਵੇਂ ਇੱਕੋ ਪਰਿਵਾਰ ਚੋਂ ਆਏ ਹੋਣ? ਇੱਕੋ ਮਿਸ਼ਨ ਤੇ ਹੋਣ ਅਤੇ ਭੁੱਖ ਹੜਤਾਲ ਨਹੀਂ ਬਲਕਿ ਕਿਸੇ ਮਸਤੀ 'ਚ ਆਏ ਹੋਣ। 
ਕੁਲ ਮਿਲਾ ਕੇ ਲੁਧਿਆਣਾ ਵਾਲਾ ਇਹ ਨਾਮਧਾਰੀ ਅੰਦੋਲਨ ਨਾਜ਼ੁਕ ਪੜਾਅ ਵੱਲ ਵਧ ਰਿਹਾ ਹੈ। ਐਕਸ਼ਨ ਕਮੇਟੀ ਨਾਲ ਸਬੰਧਿਤ ਸੱਜਣਾਂ ਨੇ ਗੈਰ ਰਸਮੀ ਗੱਲਬਾਤ ਦੌਰਾਨ ਦੱਸਿਆ ਕਿ ਜੇ ਸਾਡੇ ਇਹਨਾਂ ਸਿੰਘਾਂ ਚੋਂ ਕੋਈ ਸ਼ਹੀਦ ਹੋਇਆ ਤਾਂ ਉਸਦਾ ਅੰਤਿਮ ਸਸਕਾਰ ਭੈਣੀ ਸਾਹਿਬ ਵਿਖੇ ਹੋਵੇਗਾ। ਫੋਟੋ ਨਾਮਧਾਰੀ ਲਹਿਰ ਦੇ ਸਾਰੇ ਅਜਾਇਬਘਰਾਂ ਵਿੱਚ ਲੱਗੇਗੀ ਅਤੇ ਯਾਦਗਾਰ ਇਸੇ ਥਾਂ ਤੇ ਬਣਾਈ ਜਾਏਗੀ। ਜਿਸਨੂੰ ਬਾਅਦ ਵਿੱਚ ਸ਼ਹੀਦੀ ਸਮਾਰਕ ਦਾ ਦਰਜਾ ਦਿੱਤਾ ਜਾਏਗਾ। 
ਮੋਹਿ ਮਰਨੇ ਕਾ ਚਾਓ ਹੈ---75 ਸਾਲ ਦੀ ਬਿਰਧ ਉਮਰ ਵਿੱਚ ਜ਼ਿੱਦ ਕਰਕੇ ਮਰਨ ਵਰਤ 'ਤੇ ਬੈਠਾ ਬਚਿੱਤਰ ਸਿੰਘ ਭੁਰਜੀ 
ਇਸ ਮੋਕੇ ਹਾਜਰ ਸਨ  ਸੂਬਾ ਦਰਸ਼ਨ ਸਿੰਘ ਰਾਏਸਰ, ਡਾ ਇਕਬਾਲ ਸਿੰਘ ਜੀਵਨ ਨਗਰ, ਸੰਤ ਹਰਭੇਜ ਸਿੰਘ ਜੀਵਨ ਨਗਰ, ਸੰਤ ਬਲਬੀਰ ਸਿੰਘ ਭੈਣੀ ਸਾਹਿਬ, ਡਾ.ਹਰਬੰਸ ਸਿੰਘ ਭੈਣੀ ਸਾਹਿਬ, ਸੰਤ ਪ੍ਰੀਤਮ ਸਿੰਘ ਪੰਛੀ, ਬਲਦੇਵ ਚੱਡਾ ਦਿੱਲੀ, ਸ਼ਰਿੰਦਰ ਸਿੰਘ ਦਿੱਲੀ, ਜੋਗਿੰਦਰ ਸਿੰਘ ਕਾਨਪੁਰ, ਬੀਬੀ ਪਰਵੀਨ ਕੌਰ ਦਿੱਲੀ, ਬੀਬੀ ਰਜਿੰਦਰ ਸਿੰਘ ਦਿੱਲੀ, ਬੀਬੀ ਸੁਖਵੰਤ ਕੌਰ, ਬੀਬੀ ਤਜਿੰਦਰ ਕੌਰ ਦਿੱਲੀ, ਬੀਬੀ ਸੰਤ ਕੌਰ, ਬੀਬੀ ਸਤਨਾਮ ਕੌਰ, ਬੀਬੀ ਜਸਪਾਲ ਕੌਰ ਆਦਿ ਹਾਜ਼ਰ ਸਨ।

No comments: