Saturday, August 09, 2014

ਨਾਮਧਾਰੀ ਵਿਵਾਦ--16 ਅਗਸਤ ਤੱਕ ਸਮਝੌਤੇ ਦਾ ਕਿਆਸ

ਨਾਮਧਾਰੀ ਬੀਬੀਆਂ ਵਿੱਚ ਵੀ ਲਗਾਤਾਰ ਵਧ ਰਿਹਾ ਹੈ ਜੋਸ਼
ਲੁਧਿਆਣਾ: 9 ਅਗਸਤ 2014: (ਰੈਕਟਰ ਕਥੂਰੀਆ//ਪੰਜਾਬ ਸਕਰੀਨ):
ਨਾਮਧਾਰੀ ਵਿਵਾਦ ਭਾਵੇਂ ਲਗਾਤਾਰ ਡੂੰਘਾ ਹੁੰਦਾ ਜਾ ਰਿਹਾ ਹੈ ਪਰ ਅੰਦਰਖਾਤੇ ਦੋਹਾਂ ਧਿਰਾਂ ਵਿਚਕਾਰ ਸਮਝੌਤੇ ਦੀਆਂ ਕੋਸ਼ਿਸ਼ਾਂ ਜਾਰੀ ਹਨ। ਹੋ ਸਕਦਾ ਹੈ 16 ਅਗਸਤ ਨੂੰ ਸਮਝੌਤੇ ਦਾ ਐਲਾਨ ਕਰ ਦਿੱਤਾ ਜਾਵੇ।  ਕਾਬਿਲੇ ਜ਼ਿਕਰ ਹੈ ਕਿ ਨਾਮਧਾਰੀ ਭੁੱਖ ਹੜਤਾਲ ਲਗਾਤਾਰ ਜਾਰੀ ਹੈ ਅਤੇ ਪ੍ਰਬੰਧਕ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਇਹ ਸਿਲਸਿਲਾ 26 ਸਤੰਬਰ ਤੱਕ ਚੱਲੇਗਾ ਅਤੇ 26 ਜਾਂ 27 ਸਤੰਬਰ ਨੂੰ ਹੀ ਅਗਲੀ ਰਣਨੀਤੀ ਐਲਾਨੀ ਜਾਵੇਗੀ। ਇਸੇ ਦੌਰਾਨ ਮੰਚ ਤੋਂ ਬੋਲਦਿਆਂ ਠਾਕੁਰ ਦਲੀਪ ਸਿੰਘ ਨੂੰ ਗੁਰੂ ਮੰਨਣ ਵਾਲੇ ਨਾਮਧਾਰੀ ਧੜੇ ਦੇ ਸੀਨੀਅਰ ਆਗੂ ਸੂਬਾ ਦਰਸ਼ਨ ਸਿੰਘ ਰਾਏਸਰੀਆ ਜਿੱਥੇ ਭੈਣੀ ਸਾਹਿਬ ਵਾਲਿਆਂ ਵੱਲੋਂ ਸ਼ਾਂਤੀ ਮਾਰਚ ਕਢੇ ਜਾਣ ਦੀਆਂ ਖਬਰਾਂ ਦਾ ਸਵਾਗਤ ਕੀਤਾ ਅਤੇ ਇਸਨੂੰ ਚੰਗੀ ਗੱਲ ਆਖਿਆ ਪਰ ਨਾਲ ਹੀ ਸੁਆਲ ਕੀਤਾ ਕਿ ਅਸੀਂ ਵੀ ਤਾਂ ਸ਼ਾਂਤੀ, ਏਕਤਾ ਅਤੇ ਸਾਂਝੇ ਵਿਕਾਸ ਲਈ  ਹੀ ਭੁੱਖ ਹੜਤਾਲ ਤੇ ਬੈਠੇ ਹਾਂ। ਉਹਨਾਂ ਸਪਸ਼ਟ ਕੀਤਾ ਕਿ ਮੀਡੀਆ ਵਿੱਚ ਆਈਆਂ ਸਰਬੱਤ ਖਾਲਸਾ ਬੁਲਾਉਣ ਦੀਆਂ ਖਬਰਾਂ ਸਹੀ ਨਹੀਂ ਹਨ। ਅਸੀਂ ਸਰਬੱਤ ਖਾਲਸਾ ਦੀ ਨਹੀਂ ਬਲਕਿ ਨਾਮਧਾਰੀ ਸਰਬੱਤ ਖਾਲਸਾ ਦੀ ਗੱਲ ਕੀਤੀ ਸੀ। ਅਸੀਂ ਕਿਸੇ ਦੀ ਕੋਈ ਜਾਇਦਾਦ ਨਹੀਂ ਲੈਣੀ, ਅਸੀਂ ਕਿਸੇ ਥਾਂ ਤੇ ਕਬਜਾ ਨਹੀਂ ਕਰਨਾ ਅਸੀਂ ਸਿਰਫ ਦਰਸ਼ਨ ਦੀਦਾਰਿਆਂ ਦੇ ਪਿਆਸੇ ਹਾਂ। ਨਾਮਧਾਰੀ ਦਰਬਾਰ ਦੇ ਭੰਵਰੇ ਇਸ ਸ਼ਮ੍ਹਾ ਤੋਂ ਦੂਰ ਨਹੀਂ ਰਹਿਣਾ ਚਾਹੁੰਦੇ।
ਉਹਨਾਂ ਕਿਹਾ ਕਿ ਸਾਡੇ ਨਿਸ਼ਾਨੇ ਅਤੇ ਇਰਾਦੇ ਬੜੇ ਸਪਸ਼ਟ ਹਨ. ਪੁਜਾਰੀ ਧੜਾ ਆਪਣੇ ਬਾਰੇ ਪੁਨਰ ਵਿਚਾਰ ਕਰੇ। ਪਾਣੀ ਦੇਣ ਤੋਂ ਤਾਂ ਕਿਸੇ ਦੁਸ਼ਮਣ ਨੂੰ ਵੀ ਨਾਂਹ ਨਹੀਂ ਕਰਨੀ ਚਾਹੀਦੀ। ਰੈਡਕ੍ਰਾਸ ਬਹੁਤ ਮਗਰੋਂ ਦੀਆਂ ਗੱਲਾਂ ਹਨ ਭਾਈ ਘਣਈਆ ਦੀ ਮਿਸਾਲ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਬਹੁਤ ਪਹਿਲਾਂ ਸਥਾਪਤ ਕਰ ਦਿੱਤੀ ਸੀ।  ਵਲੀ ਕੰਧਾਰੀ ਦਾ ਹੰਕਾਰ ਗੁਰੂਨਾਨਕ ਦੇਵ ਜੀ ਮਹਾਰਾਜ ਨੇ ਤੋੜ ਦਿੱਤਾ ਸੀ ਅਤੇ ਪਾਣੀ ਨੂੰ ਆਜ਼ਾਦ ਕਰਾਇਆ ਸੀ। ਹੁਣ ਪਾਣੀ ਦੇਣ ਤੋਂ ਨਾਂਹ ਕਰਨ ਵਾਲੇ, ਨਾਮਧਾਰੀ ਸ਼ੁਧਤਾ ਵਾਲੀ ਮਰਿਯਾਦਾ ਨੂੰ ਕਾਇਮ ਰੱਖਣ ਵਿੱਚ ਰੁਕਾਵਟਾਂ ਪਾਉਣ ਵਾਲੇ ਪੁਜਾਰੀ ਕਿਹੜੇ ਸ਼ਾਂਤੀ ਮਾਰਚਾਂ ਦੀ ਗੱਲ ਕਰਦੇ ਹਨ?
ਇਸੇ ਦੌਰਾਨ ਨਾਮਧਾਰੀ ਭੁੱਖ ਹੜਤਾਲ ਅਤੇ ਧਰਨਾ ਨੌਵੇਂ ਦਿਨ ਵੀ ਜਾਰੀ ਰਿਹਾ।  ਸੰਗਤ ਦੇ ਘਟ ਜਾਨ ਬਾਰੇ ਪੁੱਛੇ ਜਾਣ ਤੇ ਸੂਬਾ ਦਰਸ਼ਨ ਸਿੰਘ ਰਾਏਸਰੀਆ ਨੇ ਕਿਹਾ ਕਿ ਕੁਝ ਸੰਗਤਾਂ ਪ੍ਰਸ਼ਾਦਾ ਛਕਣ ਗਾਈਆਂ ਹਨ, ਕੁਝ ਸੰਗਤਾਂ ਆਰਾਮ ਕਰ ਰਹੀਆਂ ਹਨ ਅਤੇ ਬਹੁਤ ਸਾਰੀ ਸੰਗਤ ਨੂੰ ਅਸੀਂ ਵਾਪਿਸ ਭੇਜ ਦਿੱਤਾ ਹੈ। ਜਦੋਂ ਵੀ ਐਕਸ਼ਨ ਕਮੇਟੀ ਵੱਲੋਂ ਇੱਕ ਆਵਾਜ਼ ਦਿੱਤੀ ਜਾਵੇਗੀ ਉਦੋਂ ਸਾਰੀ ਸੰਗਤ ਸਾਰੇ ਕੰਮ ਛੱਡ ਕੇ ਅਗਲੇ ਪ੍ਰੋਗਰਾਮ ਮੁਤਾਬਿਕ ਇਕੱਠੀ ਹੋ ਜਾਵੇਗੀ। ਸੰਗਤਾਂ ਦਾ ਜੋਸ਼ ਲਗਾਤਾਰ ਵਧ ਰਿਹਾ ਹੈ।
ਇੱਕ ਹੋਰ ਸੁਆਲ ਦਾ ਜੁਆਬ ਦੇਂਦਿਆਂ ਉਹਨਾਂ ਕਿਹਾ ਕਿ ਅਸੀਂ ਭੁੱਖ ਹੜਤਾਲ ਦਾ ਇਹ ਗਾਂਧੀਵਾਦੀ ਤਰੀਕਾ ਮਜਬੂਰੀ  ਵਿੱਚ ਅਪਣਾਇਆ ਤਾਂਕਿ ਪੰਥਕ ਏਕਤਾ ਸ਼ਾਂਤਮਈ ਢੰਗ ਤਰੀਕੇ ਨਾਲ ਹੋ ਸਕੇ। ਗਰਮੀ ਦੇ ਇਸ ਸਖਤ ਮੌਸਮ ਵਿੱਚ ਜਿਹੜੇ ਨਾਮਧਾਰੀ ਸਿੰਘ ਭੁੱਖ ਹੜਤਾਲਾਂ ਤੇ ਬੈਠ ਰਹੇ ਹਨ ਉਹਨਾਂ ਦੀ ਉਮਰ ਦੇਖੋ ਪਰ ਉਹਨਾਂ ਦੇ ਜਜ਼ਬਿਆਂ ਸਾਹਮਣੇ ਅਸੀਂ ਨਾਂਹ ਨਹੀਂ ਕਰ ਸਕਦੇ। ਕਾਬਿਲੇ ਜ਼ਿਕਰ ਹੈ ਕਿ ਕਈਆਂ ਨੂੰ ਸ਼ੂਗਰ ਵਰਗੀਆਂ ਬਿਮਾਰੀਆਂ ਵੀ ਹਨ. ਅਜਿਹੀ ਹਾਲਤ ਵਿੱਚ ਭੁੱਖ ਹੜਤਾਲ ਉਹਨਾਂ ਦੀ ਜਿੰਦਗੀ ਲੈ ਖਤਰਨਾਕ ਹੋ ਸਕਦੀ ਹੈ ਪਰ ਫਿਰ ਵੀ ਓਹ ਸਾਰੇ ਨਾਮ ਬਾਣੀ ਵਿੱਚ ਰੱਤੇ ਹੋਏ ਹਨ ਅਤੇ ਚੜ੍ਹਦੀਕਲਾ ਵਿੱਚ ਰਹਿੰਦੇ ਹਨ। ਇਹਨਾਂ ਦੇ ਅੰਦਰ ਪੰਥਕ ਏਕਤਾ ਦਾ ਨੇਕ ਨਿਸ਼ਾਨਾ ਅਤੇ ਨਾਮਧਾਰੀ ਗੁਰਧਾਮਾਂ ਦੇ ਦਰਸ਼ਨ ਦੀਦਾਰਿਆਂ ਦੀ ਖੁਲ੍ਹ ਲੈਣ ਦੀ ਚਾਹਤ ਇਹਨਾਂ ਦੇ ਚਿਹਰਿਆਂ ਤੇ ਇੱਕ ਨਵੀਂ ਚਮਕ ਬਰਕਰਾਰ ਰੱਖਦੀ ਹੈ। 

No comments: