Sunday, July 06, 2014

ਲੋਕਰਾਜੀ ਤਾਨਾਸ਼ਾਹ ਬਨਾਮ ਲੋਕਰਾਜੀ ਅੱਤਵਾਦ// ਬਲਬੀਰ ਸਿੰਘ ਸੂਚ

Sun, Jul 6, 2014 at 8:32 AM
ਪੰਜਾਬ ਵਿੱਚ ਨਸ਼ੀਲੇ ਪਦਾਰਥਾਂ ਦੇ ਮਾਫੀਆ ਦਾ ਰਾਜ 
"ਹਰ ਥਾਂ ਖ਼ੂਨੋ ਖ਼ੂਨ ਹੈ ਧਰਤੀ; ਹਰ ਥਾਂ ਕਬਰਾਂ ਦੀ ਚੁੱਪ ਵਰਤੀ;
ਅਮਨ ਮੈਂ ਕਿੱਥੇ ਦਫ਼ਨ ਕਰੂੰਗਾ, ਮੈਂ ਹੁਣ ਕਿਸ ਨੂੰ ਵਤਨ ਕਹੂੰਗਾ"
ਇਨਸਾਫ ਦੇ ਰਾਜ ਦੀ ਗ਼ੈਰ-ਮੌਜੂਦਗੀ ਵਿਚ ਲੋਕਰਾਜੀ ਤਾਨਾਸ਼ਾਹ ਬਨਾਮ ਲੋਕਰਾਜੀ ਅੱਤਵਾਦ ਦਾ ਯੁੱਧ ਸੰਸਾਰ ਅੰਦਰ ਚੱਲ ਰਿਹਾ ਹੈ। ਇਹ ਯੁੱਧ ਨੂੰ ਦੇਖ ਕੇ ਹਰ ਕੋਈ ਪ੍ਰੇਸ਼ਾਨ ਹੈ। ਅੱਜ ਕਮਾਈ ਤੇ ਹਰਾਮ ਦੀ ਕਮਾਈ, ਅਮੀਰੀ ਤੇ ਗਰੀਬੀ, ਸ਼੍ਰੈਣੀ ਤੇ ਜਾਤੀ ਵੰਡ, ਧਰਮੀ ਤੇ ਅਧਰਮੀ ਬਿਰਤੀ ਵਿਚਾਰਧਾਰਾ ਦੇ ਧਾਰਨੀਆਂ ਨੂੰ ਆਪਣੇ ਅਜਿਹੇ ਨਸ਼ੇ ਦੀ ਮਸਤੀ ਕਾਰਨ ਭਾਵੇਂ ਇਹ ਯੁੱਧ ਨਜ਼ਰ ਨਾ ਆ ਰਿਹਾ ਹੋਵੇ, ਉਹ ਪ੍ਰੇਸ਼ਾਨ ਜਰੂਰ ਹਨ। ਇਹ ਯੁੱਧ ਖਤਰਨਾਕ ਦਿਸ਼ਾ ਲੈ ਰਿਹਾ ਹੈ। ਅੱਜ ਲੋਕਰਾਜ ਦਾ ਲੋਕਰਾਜੀ ਤਾਨਾਸ਼ਾਹ ਨਸ਼ਾ ਮਾਨਣ ਵਾਲੇ ਇਸੇ ਲੋਕਰਾਜ ਨੂੰ ਕਿਸੇ ਵੇਲੇ ਲੋਕਰਾਜੀ ਅੱਤਵਾਦ ਕਹਿ ਕੇ ਨਕਾਰਨ ਦੀ ਕੋਸ਼ਿਸ਼ ਕਰਨਗੇ। ਜਿਵੇਂ ਅੱਜ 'ਧਰਮ-ਨਿਰਪੱਖਤਾ' (ਸੈਕੂਲਰਇਜ਼ਮ) ਦਾ ਮਤਲਬ ਰੋਜ਼ ਬਦਲਦਾ ਦਿਖਾਈ ਦੇ ਰਿਹਾ ਹੈ। ਇਸ ਦੀ ਵਿਆਖਿਆ ਕਰਨੀ ਔਖੀ ਹੀ ਨਹੀਂ ਸਗੋਂ ਆਪਣੇ ਆਪਣੇ ਢੰਗ ਨਾਲ ਕੀਤੀ ਜਾ ਰਹੀ ਹੈ। ਇਸੇ ਪ੍ਰਕਾਰ 'ਲੋਕਰਾਜ' ਸ਼ਬਦ ਦੇ ਅਰਥ ਬਦਲਦੇ ਦਿਖਾਈ ਦੇ ਰਹੇ ਹਨ। ਇਸ ਲੋਕਰਾਜ ਦਾ ਸੌਖਾ ਮਤਲਬ ਤਾਂ ਹੈ ਲੋਕਾਂ ਦਾ ਆਪਣਾ ਰਾਜ। ਵਿਦਵਾਨਾ ਵਾਲੇ ਅਰਥ ਹਨ, ਲੋਕਾਂ ਰਾਹੀਂ (ਭਾਵ ਨਿਰਦੋਸ਼, ਬੇਦਾਗ ਤੇ ਸੰਪੂਰਣ ਚੋਣ ਪ੍ਰਣਾਲੀ) ਲੋਕਾਂ ਦਾ (ਚੁਣੇ ਜਾਣ ਵਾਲੇ ਉਮੀਦਵਾਰ ਇਮਾਨਦਾਰ ਤੇ ਬੇਦਾਗ ਹੋਣ) ਤੇ ਲੋਕਾਂ ਲਈ (ਕਲਿਆਣਕਾਰੀ) ਰਾਜ। ਲੋਕਾਂ ਦੀ ਦੱਸੀ ਵੰਡ ਨੇ ਲੋਕਰਾਜ ਨੂੰ ਵੀ ਅਲੱਗ-ਅਲੱਗ ਕਿਸਮਾਂ ਵਿਚ ਵੰਡ ਦਿੱਤਾ ਹੈ। ਸਹੀ ਲੋਕਰਾਜ ਦੀ ਪਰਿਭਾਸ਼ਾ ਇਨਸਾਫ ਦੇ ਰਾਜ ਜਾਂ ਕਹਿ ਲਉ ਉਹ ਕਾਨੂੰਨ ਦਾ ਰਾਜ 'ਤੇ ਨਿਰਭਰ ਹੈ ਜੋ ਕਿਸੇ ਵੀ ਮਨੁੱਖ ਨੂੰ ਇਨਸਾਫ ਕਰਨ ਲੱਗਿਆਂ ਮਨਮਾਨੀ ਕਰਕੇ ਫੈਸਲਾ ਕਰਨ ਦੀ ਆਗਿਆ ਨਾ ਦਿੰਦਾ ਹੋਵੇ। ਇਹ ਗੁਣ ਭਾਰਤੀ ਲੋਕਰਾਜ ਵਿੱਚ ਨਹੀਂ ਹਨ।

ਇਸ ਲਈ ਅੱਜ ਵੀ ਭਾਰਤੀ ਲੋਕਰਾਜ ਨਾਲੋਂ ਪੱਛਮੀ ਦੇਸ਼ਾਂ ਦੇ ਲੋਕਰਾਜ ਨੂੰ ਅੱਛਾ ਕਿਹਾ ਜਾ ਰਿਹਾ ਹੈ। ਇਸ ਦਾ ਸਪਸ਼ਟ ਕਾਰਨ ਭਾਰਤ ਅੰਦਰ ਇਨਸਾਫ ਦੇ ਰਾਜ ਦੀ ਅਣਹੋਂਦ ਹੈ। ਜਿੱਥੇ ਵੀ ਇਨਸਾਫ ਦੇ ਰਾਜ ਨੂੰ ਨਕਾਰ ਕੇ ਲੋਕਰਾਜ ਦੀ ਗੱਲ ਕੀਤੀ ਜਾਵੇਗੀ ਉੱਥੇ ਲੋਕਰਾਜੀ ਤਾਨਾਸ਼ਾਹ ਬਨਾਮ ਲੋਕਰਾਜੀ ਅੱਤਵਾਦ ਦਾ ਯੁੱਧ ਸਪੱਸ਼ਟ ਨਜ਼ਰ ਆਉਣ ਲੱਗ ਪਵੇਗਾ। ਸਥਿਤੀ ਮੁਤਾਬਕ ਕਈ ਇਸ ਨੂੰ ਬੇਈਮਾਨੀ ਬਨਾਮ ਇਮਾਨਦਾਰੀ, ਕਈ ਇਸ ਨੂੰ ਸੱਚ ਬਨਾਮ ਝੂਠ, ਕਈ ਇਸ ਨੂੰ ਅੱਛਾਈ ਬਨਾਮ ਬਦੀ, ਕਈ ਇਸ ਨੂੰ ਧਰਮੀ ਬਨਾਮ ਅਧਰਮੀ, ਕਈ ਇਸ ਨੂੰ ਸ਼੍ਰੈਣੀ (ਅਮੀਰ ਤਬਕੇ ਦਾ ਸਹਿਪਾਠੀ ) ਬਨਾਮ ਜਾਤੀ ਆਦਿ ਵਿਚਕਾਰ ਯੁੱਧ ਦਾ ਨਾਂ ਦਿੰਦੇ ਹਨ ਤੇ ਦੇਣਗੇ।
ਸ਼ੈਤਾਨ ਹੁਕਮਰਾਨ ਤੇ ਸਿਆਸੀ ਖੁਦਗਰਜ਼ੀ ਅਧੀਨ ਸਿਰਫ ਆਪਣੀ ਬੇਹਤਰੀ, ਸ਼ਕਤੀ ਤੇ ਸੁਰੱਖਿਆ ਲਈ ਸਥਿਤੀ ਮੁਤਾਬਕ ਬੇਈਮਾਨੀ, ਇਮਾਨਦਾਰੀ, ਸੱਚ, ਝੂਠ, ਅੱਛਾਈ, ਬਦੀ, ਧਰਮੀ, ਅਧਰਮੀ, ਸ਼੍ਰੈਣੀ, ਜਾਤੀ, ਧਰਮ, ਧਰਮਾਂ, ਵਿਕਾਸ, ਵਿਨਾਸ਼ਕਾਰੀ, ਸ਼ਕਤੀ, ਬੇਵਸੀ, ਅਮੀਰ/ਧਨਾਢ, ਗਰੀਬ/ਨਿਰਧਨ ਆਦਿ ਦੀ ਸ਼ਬਦਾਵਲੀ ਵਰਤ ਕੇ ਇਨ੍ਹਾਂ ਮੁੱਦਿਆਂ ਨੂੰ ਮਸਲਿਆਂ ਦਾ ਰੂਪ ਵਿਚ ਜੁਗਤ ਨਾਲ ਜੋੜ-ਤੋੜ, ਹੇਰਾਫੇਰੀ, ਧੋਖੇਬਾਜ਼ੀ ਵਾਸਤੇ ਕੁਰਵਰਤੋਂ ਕਰਦਾ ਹੈ। ਸ਼ੈਤਾਨ ਹੁਕਮਰਾਨ ਤੇ ਹਵਾਨ ਸਿਆਸੀ ਤੇ ਇਸ ਦੇ ਚਾਪਲੂਸ ਜਿਨ੍ਹੀ ਉੱਚੀ ਆਵਾਜ਼ ਵਿਚ ਇਨਸਾਫ ਦੇ ਰਾਜ 'ਤੇ ਅਮਲ ਕਰਨ ਦਾ ਹੋਕਾ ਦਿੰਦੇ ਹਨ ਉਤਨੇ ਹੀ ਉਹ ਇਸ ਤੋਂ ਬੇਮੁੱਖ ਹਨ। ਇਹਨਾਂ ਦੇ ਹੱਕ ਵਿਚ ਸਫਾਈ ਪੱਖ ਪੇਸ਼ ਕਰਨ ਵਾਲੇ ਵੀ ਘੱਟ ਗੁਨਾਹਗਾਰ ਨਹੀਂ ਹਨ। ਜਿੱਥੋਂ ਤਕ ਪੁਲਿਸ ਦੀ ਮਾੜੀ ਕਾਰਗੁਜ਼ਾਰੀ ਦੀ ਗੱਲ ਹੈ ਹੁਣੇ ਹੀ ਸਾਬਕਾ ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ ਸਰਬਜੀਤ ਸਿੰਘ ਨੇ ਵੀ ਇੱਕ ਟੀ ਵੀ ਚੈਨਲ 'ਤੇ ਸਿਆਸੀ ਹੁਕਮਾਂ ਤੇ ਕੰਟਰੋਲ ਨੂੰ ਇਸ ਦੇ ਲਈ ਦੋਸ਼ੀ ਠਹਿਰਾਇਆ ਹੈ ਤੇ ਬਾਕੀ ਤਿੰਨੋਂ ਸਮੇਤ ਸੰਚਾਲਕ ਗਲਬਾਤ ਵਿੱਚ ਹਿੱਸਾ ਲੈਣ ਵਾਲਿਆਂ ਨੇ ਉਨ੍ਹਾਂ ਨਾਲ ਸਹਿਮਤੀ ਪ੍ਰਗਟਾਉਂਦਿਆਂ ਸਿੱਟੇ 'ਤੇ ਪਹੁੰਚਦਿਆਂ ਕਿਹਾ ਕਿ 'ਫੜ ਲਉ-ਮਾਰ ਦਿਉ' ਨਾਲ ਗੱਲ ਨਹੀਂ ਮੁੱਕਣੀ ਸਗੋਂ ਗੰਭੀਰਤਾ ਨਾਲ ਸਮੱਸਿਆ ਦੀ ਡੂੰਘਾਈ ਤਕ ਜਾ ਕੇ ਹੱਲ ਲੱਭਣ ਦੀ ਲੋੜ ਹੈ। ਅੱਜ ਦਾ ਤਾਨਾਸ਼ਾਹ ਸਾਫ ਨਜ਼ਰ ਆ ਰਿਹਾ ਹੈ ਕਿ ਲੋਕਰਾਜ ਦੇ ਨਾਂ ਨਾਲ ਨਵੇਂ ਲੋਕਰਾਜੀ ਅੱਤਵਾਦ ਨੂੰ ਬੜੀ ਤੇਜ਼ੀ ਨਾਲ ਸੱਦਾ ਦੇ ਰਿਹਾ ਹੈ ਤੇ ਬੜੀ ਸ਼ੈਤਾਨੀ ਨਾਲ ਇਨਸਾਫ ਦੇ ਰਾਜ ਦੀ ਅਣਦੇਖੀ ਕਰਨ ਦੀ ਗਲਤੀ ਕਰ ਰਿਹਾ ਹੈ।
ਕਈ ਵਾਰ ਸਿਆਸੀ ਸ਼ੈਤਾਨ ਵੀ ਮਯੂਸੀ 'ਚ ਕਾਫੀ ਕੁੱਝ ਸੱਚ ਕਹਿ ਜਾਂਦਾ ਹੈ:
ਆਮ ਲੋਕ ਜਾਣਦੇ ਹਨ ਜਦੋਂ ਕਿਸੇ ਧਿਰ ਤੇ ਉਮੀਦਵਾਰ ਦੀ ਭਾਰਤੀ ਲੋਕਰਾਜ (ਭਾਵੇਂ ਅਧੂਰਾ ਹੀ ਹੈ) ਵਿਚ ਹਾਰ ਹੁੰਦੀ ਹੈ ਤਾਂ ਉਸਦੇ ਵਿਹੜੇ ਸੁੰਨਸਾਨ ਹੋ ਜਾਂਦੇ ਹਨ ਤੇ ਜੇਤੂ ਧਿਰ ਦੇ ਵਿਹੜੇ ਵਿਚ ਬੈਂਡ-ਵਾਜੇ ਤੇ ਗਿੱਧੇ ਪੈਣ ਲੱਗ ਜਾਂਦੇ ਹਨ। ਇਹ ਅਕਸਰ ਸਿਆਸੀ ਲੋਕਾਂ ਨਾਲ ਹੁੰਦਾ ਰਹਿੰਦਾ ਹੈ। ਸ ਸ਼ਮਸ਼ੇਰ ਸਿੰਘ ਦੂਲੋ ਜੋ ਹੁਣੇ ਹੀ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸ੍ਰੀਮਤੀ ਸੋਨੀਆ ਦੇ ਸਿਪਾਹੀ ਵਜੋਂ ਨਿਯੁਕਤ ਹੋਏ ਹਨ, ਨੇ ਆਉਂਦਿਆਂ ਹੀ ਆਪਣੀ ਮਾਯੂਸੀ ਦੇ ਦੌਰ ਵਿਚੋਂ ਨਿਕਲਦਿਆਂ ਹੀ ਕਿਹਾ ਕਿ 'ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਅਫਸਰਸ਼ਾਹੀ ਨੂੰ ਨੱਥ ਪਾਈ ਜਾਣੀ ਚਾਹੀਦੀ ਹੈ ਤੇ ਅਫਸਰਸ਼ਾਹੀ ਨੂੰ ਵਰਕਰਾਂ ਦੀਆਂ ਸ਼ਿਕਾਇਤਾਂ ਸੁਣਨ ਲਾਇਆ ਜਾਵੇ'। ਇਹ ਬਿਆਨ ਇਉਂ ਸੀ ਜਿਵੇਂ ਇਹ ਪਹਿਲੀ ਵਾਰੀ ਹੀ ਦੱਸਿਆ ਜਾ ਰਿਹਾ ਹੋਵੇ ਕਿ ਅਫਸਰਸ਼ਾਹੀ ਪਿਛਲੇ ਵਰ੍ਹਿਆਂ ਵਿਚ ਲੋਕਾਂ ਤੇ ਵਰਕਰਾਂ ਦੀਆਂ ਵੀ ਸ਼ਕਾਇਤਾਂ ਸੁਣਨ ਨੂੰ ਤਿਆਰ ਨਹੀਂ ਹੈ। ਸ਼ ਦੂਲੋ ਦੇ ਇਸ ਬਿਆਨ ਵਿੱਚ ਦਮ ਬਹੁਤ ਹੈ ਪਰ ਇਮਾਨਦਾਰੀ ਘੱਟ ਹੈ ਕਿਉਂਕਿ ਦੂਲੋ ਦਾ ਆਪਣਾ ਪਿਛੋਕੜ ਬੇਦਾਗ਼ ਨਹੀਂ ਹੈ। ਹੁਣ ਵੀ ਉਹ ਇਹ ਦਬਕਾ ਮਾਰ ਕੇ ਆਉਂਦੀਆਂ ਚੋਣਾਂ ਲਈ ਆਪਣੀ ਹੋਰ ਝੋਲੀ ਭਰਨ ਦੀ ਤਾਕ ਵਿਚ ਹੈ, ਜਿਸ ਲਈ ਉਸਨੇ ਡਿਪਟੀ ਕਮਿਸ਼ਨਰਾਂ ਤੇ ਜ਼ਿਲ੍ਹਾ ਪੁਲਿਸ ਕਪਤਾਨਾਂ ਨੂੰ ਸਿਰਫ ਆਪਣੇ ਸਹਿਯੋਗ ਲਈ ਹੀ ਦਬਕਾ ਮਾਰਿਆ ਹੈ ਨਾ ਕਿ ਲੋਕਾਂ ਤੇ ਵਰਕਰਾਂ ਦੀ ਭਲਾਈ ਖ਼ਾਤਰ ਕੁੱਝ ਕਰਨ ਦੀ ਸੋਚ ਹੈ। ਅਜਿਹੇ ਪੂੰਜੀਪਤੀ ਨੂੰ ਸੰਤ ਰਾਮ ਉਦਾਸੀ-ਕਵੀ ਇਉਂ ਬਿਆਨ ਕਰਦਾ ਹੈ:
"ਪੂੰਜੀਪਤੀ 'ਤੇ ਜੇ ਕੋਈ ਹੱਥ ਚੁੱਕੇ,
ਗੂਠਾ ਆਪਣੀ ਘੰਡੀ 'ਤੇ ਸਮਝਦੀ ਇਹ
ਫੌਜ ਪੁਲਸ ਕਾਨੂੰਨ ਤੇ ਧਰਮ ਤਾਈਂ,
ਮੁਲ ਲਿਆ ਜੁ ਮੰਡੀ 'ਤੇ ਸਮਝਦੀ ਇਹ"।

ਦੂਸਰਾ ਪੈਂਤੜਾ ਸ਼ ਦੂਲੋ ਦਾ ਉਦਯੋਗਪਤੀਆਂ ਨਾਲ ਸੌਦੇਬਾਜ਼ੀ ਦਾ ਹੈ ਤੇ ਇਸ ਲਈ ਹੀ ਸ਼ ਦੂਲੋ ਨੇ ਕਾਂਗਰਸ ਦੇ ਪਾਰਲੀਮਾਨੀ ਸਕੱਤਰ ਸੁਰਿੰਦਰ ਡਾਵਰ ਨਾਲ ਮਿਲ ਕੇ ਪ੍ਰਦੂਸ਼ਣਕਾਰੀਆਂ ਦੀ ਪਿੱਠ ਥਾਪੀ ਹੈ। ਇਹ ਦੇਖਣ ਵਿਚ ਆਇਆ ਹੈ ਕਿ ਪਿਛਲੇ ਲੰਮੇ ਸਮੇਂ ਤੋਂ ਕਈ ਸਿਆਸਤਦਾਨ ਪ੍ਰਦੂਸ਼ਣ ਨੂੰ ਦੂਲੋ ਵਾਂਗ ਇਕ ਕਮਾਈ ਦੇ ਸਾਧਨ ਵਜੋਂ ਵਰਤਦੇ ਆ ਰਹੇ ਹਨ। ਇਨ੍ਹਾਂ ਦਾ ਪ੍ਰਦੂਸ਼ਣ ਫੈਲਾਉਣ ਵਿਚ ਸਹਿਯੋਗ ਦੇ ਕੇ ਕਮਾਈ ਕਰਨਾ, ਮਨੁੱਖੀ ਜੀਵਨ ਲਈ ਬਹੁਤ ਘਾਤਕ ਰਿਹਾ ਹੈ।
ਸ੍ਰੀਮਤੀ ਸੋਨੀਆ ਗਾਂਧੀ ਨੇ ਅਗਲੀਆਂ ਚੋਣਾਂ ਨੂੰ ਮੁੱਖ ਰੱਖਦਿਆਂ ਸ਼ ਦੂਲੋ ਨੂੰ ਦਲਿਤ ਆਗੂ ਵਜੋਂ ਚੁਣਿਆ ਹੈ। ਪਰ ਦਲਿਤਾਂ ਨੂੰ ਸਮਝਣਾ ਚਾਹੀਦਾ ਹੈ ਕਿ ਕੋਈ ਵੀ ਇੰਨਾ ਭ੍ਰਿਸ਼ਟਾਚਾਰ ਕਰਨ ਤੋਂ ਬਾਅਦ ਅਮੀਰ ਬਣਿਆ ਨਾ ਹੀ ਦਲਿਤ ਰਹਿੰਦਾ ਹੈ ਅਤੇ ਨਾ ਹੀ ਉਸਦਾ ਕਿਸੇ ਜਾਤੀ ਵਿਸ਼ੇਸ਼ ਨਾਲ ਸਬੰਧ ਰਹਿੰਦਾ ਹੈ ਅਤੇ ਨਾ ਹੀ ਉਸਨੂੰ ਕਿਸੇ ਘੱਟਗਿਣਤੀ ਵਿਚੋਂ ਆਇਆ ਆਗੂ ਕਿਹਾ ਜਾ ਸਕਦਾ ਹੈ। ਜੇ ਹੁਣ ਇਸਦੀ ਜਾਤੀ ਦਲਿਤ ਨਹੀਂ ਤਾਂ ਹੋਰ ਕੀ ਕਹੀ ਜਾ ਸਕਦੀ ਹੈ? ਇਸਦਾ ਉੱਤਰ ਪੜ੍ਹੇ ਲਿਖੇ ਤੇ ਸਿਆਸੀ ਜਾਗਰੂਕ ਜਾਣਦੇ ਹਨ। ਇਸਦੀ ਜਾਤੀ ਹੁਣ ਕਲਾਸ ਵਿਚ ਬਦਲ ਚੁੱਕੀ ਹੈ। ਕਲਾਸ/ ਜਮਾਤ ਦਾ ਹੁਣ ਦੂਲੋ ਲਈ ਅਰਥ ਹੈ, "ਅਮੀਰ ਤਬਕੇ ਦਾ ਸਹਿਪਾਠੀ ਜਾਂ ਕਹਿ ਲਓ ਉੱਚਤਮ ਨਸਲ ਤੇ ਪ੍ਰਜਾਤੀ" ਇਹ ਮਿਸਾਲ ਇੱਕਲਿਆਂ ਸ਼ ਦੂਲੋ 'ਤੇ ਨਹੀਂ ਢੁੱਕਦੀ। ਜੋ ਵੀ ਅਫਸਰਸ਼ਾਹ ਭਾਵੇਂ ਉਹ ਦਲਿਤਾਂ ਵਿਚੋਂ ਹੋਵੇ ਜਾਂ ਹੋਰ ਘੱਟਗਿਣਤੀਆਂ ਵਿਚੋਂ ਜਦੋਂ ਉਹ ਦੂਲੋ ਵਾਂਗ ਅਮੀਰ ਬਣ ਜਾਵੇ ਤਾਂ ਉਸਨੂੰ ਸਿਰਫ ਆਪਣੇ ਹਿੱਤ ਪਿਆਰੇ ਰਹਿ ਜਾਂਦੇ ਹਨ। ਇਹ ਗੱਲ ਸਾਰੇ ਦਲਿਤ ਅਫਸਰਾਂ, ਸਿਆਸਤਦਾਨਾਂ ਤੇ ਘੱਟਗਿਣਤੀ ਦੇ ਨੁਮਾਇੰਦਿਆਂ ਜਿਨ੍ਹਾਂ ਵਿਚ ਸਿੱਖ ਆਗੂ ਵੀ ਆਉਂਦੇ ਹਨ ਚਾਹੇ ਉਹ ਕਿਸੇ ਵੀ ਪਾਰਟੀ ਦੇ ਕਿਉਂ ਨਾ ਹੋਣ, 'ਤੇ ਲਾਗੂ ਹੁੰਦੀ ਹੈ। ਸ਼ ਅਮਰਿੰਦਰ ਸਿੰਘ, ਮੁੱਖ ਮੰਤਰੀ ਪੰਜਾਬ ਵਲੋਂ ਅਕਾਲੀ ਗੁੱਟ ਦਾ ਭ੍ਰਿਸ਼ਟਾਚਾਰ ਨੰਗਾ ਕਰਨਾ ਸਿਰਫ ਆਪਣੇ ਰਾਜ ਵਿਚ ਵੱਧ ਭ੍ਰਿਸ਼ਟਾਚਾਰ ਫੈਲਾਉਣ ਵਾਲੀ ਨੀਅਤ ਨਾਲ ਕੀਤਾ ਕੰਮ ਸੀ ਨਾ ਕੋਈ ਇਮਾਨਦਾਰੀ ਨਾਲ ਉਠਾਇਆ ਕਦਮ ਕਦੀ ਕਿਹਾ ਜਾ ਸਕੇਗਾ।
ਰਾਜ ਚਾਹੇ ਕਿਸੇ ਦਾ ਵੀ ਕਿਉਂ ਨਾ ਹੋਵੇ। ਭ੍ਰਿਸ਼ਟਾਚਾਰ ਰਾਹੀਂ ਪੈਸਾ ਇਕੱਠਾ ਕਰਨ ਵਾਲੇ ਅਫਸਰ ਤੇ ਵਿਚੋਲੀਏ ਤਕਰੀਬਨ ਉਹੀ ਰਹਿੰਦੇ ਹਨ। ਜਿੱਥੋਂ ਤਕ ਪ੍ਰਸ਼ਾਸਨ ਦੇ ਜਵਾਬਦੇਹੀ ਦੀ ਗੱਲ ਹੈ, ਦੇਖਣ ਮੁਤਾਬਕ ਇਸ 'ਤੇ ਕਦੇ ਵੀ ਅਮਲ ਹੋਣ ਦੀ ਆਸ ਨਹੀਂ ਕਿਉਂਕਿ ਚਪੜਾਸੀ ਤੋਂ ਲੈ ਕੇ ਉੱਪਰ ਤੱਕ ਹਰ ਇੱਕ 'ਤੇ ਕਿਸੇ ਨਾ ਕਿਸੇ ਸਿਆਸਤਦਾਨ ਦਾ ਹਰ ਸਮੇਂ ਸਿਰ 'ਤੇ ਹੱਥ ਰਹਿੰਦਾ ਹੈ। ਭਾਵੇਂ ਤੁਸੀਂ ਕਿਸੇ ਦੀ ਵੀ ਸ਼ਿਕਾਇਤ ਕਰੋ। ਅਮਲੀ ਤੌਰ 'ਤੇ ਕਾਰਵਾਈ ਕਦੀ ਦੇਖਣ ਵਿਚ ਨਹੀਂ ਆਵੇਗੀ। ਗੱਲ ਹਾਸੇ ਵਿਚ ਨਾ ਪਾ ਦਿਓ। ਇਕ ਦਫਾ ਇਕ ਪ੍ਰਵਾਸੀ ਭਾਰਤੀ ਨੇ ਇਕ ਸਬ-ਡਿਵਿਜ਼ਨਲ ਮੈਜਿਸਟ੍ਰੇਟ ਨੂੰ ਸ਼ਿਕਾਇਤ ਜਾ ਕੀਤੀ ਕਿ ਤੁਹਾਡਾ ਮੁਲਾਜ਼ਮ ਮੈਥੋਂ ਸੌ ਰੁਪਇਆ ਰਿਸ਼ਵਤ ਮੰਗਦਾ ਹੈ ਤਾਂ ਅਫਸਰ ਸਾਹਿਬਾਨ ਨੇ ਅੱਗੋਂ ਹੱਸ ਕੇ ਕਿਹਾ ਕਿ "ਇਸੇ ਦੁਖੋਂ ਤਾਂ ਮੈਂ ਅਫਸਰ ਬਣਿਆ ਬੈਠਾ ਹਾਂ। ਮੇਰੇ ਘਰ ਜਾਇਦਾਦ ਜਾਂ ਪੈਸੇ ਦੀ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਪਰ ਉਥੇ ਵੀ ਕੋਈ ਨਾ ਕੋਈ ਰਿਸ਼ਵਤ ਲੈਣ ਲਈ ਪਹੁੰਚਿਆ ਰਹਿੰਦਾ ਸੀ। ਉਨ੍ਹਾਂ ਤੋਂ ਬਚਣ ਲਈ ਹੀ ਮੈਂ ਸੋਚਿਆ ਕਿ ਅਫਸਰ ਬਣ ਜਾਵਾਂ, ਸੋ ਮੈਂ ਉਹੀ ਕੀਤਾ।" ਇਹ ਇਕਬਾਲੀਆ ਬਿਆਨ ਦੇਣ ਤੋਂ ਬਾਅਦ, ਉਨ੍ਹਾਂ ਨੇ ਪ੍ਰਵਾਸੀ ਭਾਰਤੀ ਦੀ ਤਸੱਲੀ ਕਰਾਉਣ ਲਈ ਸਬੰਧਿਤ ਰਿਸ਼ਵਤ ਮੰਗਣ ਵਾਲੇ ਮੁਲਾਜ਼ਮ ਨੂੰ ਬੁਲਾ ਲਿਆ ਤੇ ਉਸ ਤੋਂ ਪੁੱਛਿਆ ਕਿ ਤੂੰ ਇਹ ਰਿਸ਼ਵਤ ਕਿਉਂ ਮੰਗੀ ਹੈ। ਉਸ ਮੁਲਾਜ਼ਮ ਨੇ ਬੜੀ ਇਮਾਨਦਾਰੀ ਨਾਲ ਕਿਹਾ ਕਿ ਮੈਂ ਤਾਂ ਸਿਰਫ ਰਿਸ਼ਵਤ ਮੰਗੀ ਹੀ ਹੈ ਅਜੇ ਕਿਹੜਾ ਇਸ ਦਿੱਤੀ ਹੈ। ਇਸ ਤੋਂ ਅੱਗੇ ਉਸ ਵੇਲੇ ਤਾਂ ਕੋਈ ਕਾਰਵਾਈ ਨਹੀਂ ਹੋਈ। ਪਰ ਉਹ ਅਫਸਰ ਵੀ ਪਹੁੰਚ ਤੇ ਹਿੰਮਤ ਵਾਲਾ ਸੀ। ਉਸ ਨੇ ਉਸ ਮੁਲਾਜ਼ਮ ਦੀ ਬਦਲੀ ਦੂਸਰੀ ਤਹਿਸੀਲ ਵਿਚ ਕਰਵਾ ਦਿੱਤੀ। ਆਮ ਦੇਖਣ ਵਿਚ ਆਉਂਦਾ ਹੈ ਕਿ ਪ੍ਰਸ਼ਾਸਨ ਵਲੋਂ ਇਤਨਾ ਕੰਮ ਕਰ ਦੇਣਾ ਵੀ ਮੌਜੂਦਾ ਸਥਿਤੀ ਵਿਚ ਸੌਖਾ ਨਹੀਂ ਹੈ। ਇਥੇ ਲਿਖਣ ਲਈ ਹੱਡ-ਬੀਤੀਆਂ ਤੇ ਜੱਗ-ਬੀਤੀਆਂ ਦਾ ਕੋਈ ਅੰਤ ਨਹੀਂ ਹੈ।
ਭ੍ਰਿਸ਼ਟਾਚਾਰ ਨੂੰ ਜਾਇਜ ਠਹਿਰਾਉਣ ਲਈ ਬੇਦਾਗ਼ ਸ਼ ਸਿਮਰਨਜੀਤ ਸਿੰਘ ਮਾਨ ਨੂੰ ਭ੍ਰਿਸ਼ਟ ਤੇ ਦੇਸ਼ ਧ੍ਰੋਹੀ ਸਾਬਤ ਕਰਨਾ ਕਾਂਗਰਸ ਦੀ ਤੇ ਅਕਾਲੀਆਂ ਦੀ ਸਿਆਸੀ ਮਜਬੂਰੀ ਤਾਂ ਹੈ ਹੀ ਪਰ ਇਹ ਕੰਮ ਪੰਜਾਬ ਦੇ ਪੁਲਿਸ ਡਾਇਰੈਕਟਰ ਐਸ਼ਐਸ਼ ਵਿਰਕ ਨੂੰ ਸ਼ ਮਾਨ ਵਲੋਂ ਉਸਦੀ ਨਿਯੁਕਤੀ ਦੇ ਵਿਰੁੱਧ ਤੇ ਬਰਖਾਸਤਗੀ ਲਈ ਕੀਤੀ ਰਿਟ ਦੇ ਜਵਾਬਦੇਹੀ ਲਈ ਵੀ ਕਰਨਾ ਜ਼ਰੂਰੀ ਸੀ ਜੋ ਉਸਨੇ ਬਾਖੂਬੀ ਕੀਤਾ ਭਾਵੇਂ ਬਦਨਾਮ ਹੀ ਹੋਇਆ। ਸ਼ ਮਾਨ ਦੀ ਚੁਣੌਤੀ ਦੇ ਸਾਹਮਣੇ ਕਿ, "ਉਨ੍ਹਾਂ ਆਪਣੀ ਸਰਵਿਸ ਤੇ ਸਿਆਸੀ ਜੀਵਨ ਦਰਮਿਆਨ ਆਪਣੀ ਕਿਸੇ ਕਿਸਮ ਦੀ ਨਿਜੀ ਜਾਇਦਾਦ ਵਿਚ ਕੋਈ ਵਾਧਾ ਨਹੀਂ ਕੀਤਾ। ਲੋਕਾਂ ਦਾ ਪੈਸਾ ਲੋਕਾਂ 'ਤੇ ਹੀ ਲਾਇਆ ਹੈ," ਭ੍ਰਿਸ਼ਟ ਸਿਆਸਤਦਾਨਾਂ ਤੇ ਅਫਸਰਸ਼ਾਹੀ ਪਾਸ ਅੱਜ ਇਸ ਦਾ ਕੋਈ ਜਵਾਬ ਨਹੀਂ ਹੈ। ਪਰ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਦ੍ਰਿੜ੍ਹਤਾ ਅਤੇ ਵਚਨਬੱਧਤਾ ਨੇ ਸਾਬਤ ਕਰ ਦਿੱਤਾ ਹੈ ਕਿ ਸਿੱਖਾਂ ਦੀਆਂ ਹੱਕੀ ਮੰਗਾਂ ਤੋਂ ਉਨ੍ਹਾਂ ਨੂੰ ਲੀਹੋਂ ਨਹੀਂ ਲਾਹਿਆ ਜਾ ਸਕਦਾ ਭਾਵੇਂ ਸ਼ ਮਾਨ ਨੂੰ "ਅੱਤਵਾਦ" ਦੇ ਖਾਤੇ ਵਿਚ ਇਕ ਬਦਨਾਮ ਸਿਆਸਤਦਾਨ ਦਿਖਾ ਕੇ 'ਬਲੀ ਦਾ ਬੱਕਰਾ' ਬਣਾਉਣ ਦੀ ਸਕੀਮ ਸੀ ਜੋ ਪੂਰੀ ਨਹੀਂ ਹੋਈ।
ਵਿਦੇਸ਼ੀ ਫੰਡ:
ਭਾਰਤ ਦਾ ਪ੍ਰਸਿੱਧ ਅਪਰਾਧੀ "ਸੁਪਰ ਪੁਲਿਸ ਮੈਨ" ਤੇ ਸਿੱਖਾਂ ਨੂੰ ਝੂਠੇ ਤੇ ਮਨਘੜ੍ਹਤ ਡਰਾਮੇ / ਨਾਟਕ ਰਚਾ ਕੇ ਮਾਰਨ ਦਾ ਮਾਹਰ ਕੇ ਪੀ ਐਸ ਗਿੱਲ ਨੂੰ ਕੈਨੇਡੀਅਨ ਕੌਮਾਂਤਰੀ ਵਿਕਾਸ ਏਜੰਸੀ (
Canadian International Development Agency-CIDA) ਵਲੋਂ ਫੰਡ ਦਿੱਤੇ ਜਾਣ ਦਾ ਖੁਲਾਸਾ ਹੋਣ ਨਾਲ ਬਹੁਤ ਅਚੰਭੇ ਵਾਲੀ ਗੱਲ ਨੰਗੀ ਹੋਈ ਹੈ ਕਿਉਂਕਿ ਜੇਕਰ ਅਜਿਹੇ ਦੋਸ਼ੀ ਨੂੰ ਵਿਦੇਸ਼ੀ ਫੰਡ ਆ ਸਕਦਾ ਹੈ ਤਾਂ ਹੋਰ ਸਮਾਜਿਕ ਤੇ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਵਿਦੇਸ਼ੀ ਫੰਡ ਨੂੰ ਕਿਸੇ ਪ੍ਰਕਾਰ ਵੀ ਨਜਾਇਜ਼ ਨਹੀਂ ਠਹਿਰਾਇਆ ਜਾ ਸਕਦਾ। ਅੱਗੋਂ ਤੋਂ ਵੀ ਕੈਨੇਡਾ ਵਰਗੇ ਵਿਕਸਿਤ ਲੋਕਰਾਜੀ ਸਿਧਾਂਤਾਂ 'ਤੇ ਚੱਲਣ ਵਾਲੇ ਮੁਲਕ ਨੇ ਇਸ ਤਰ੍ਹਾਂ ਦੀ ਖੁੱਲ੍ਹ ਦੇ ਕੇ ਭਾਰਤ ਅੰਦਰ ਹਰ ਕਿਸਮ ਦੇ ਧੰਦਿਆਂ ਲਈ ਵਿਦੇਸ਼ੀ ਫੰਡ ਆਉਣ ਨੂੰ ਜਾਇਜ਼ ਠਹਿਰਾ ਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਇਸ ਅਚੰਭੇ ਤੇ ਹੈਰਾਨੀ ਨੇ ਤਾਂ ਸ਼ ਮਾਨ ਵਰਗੇ ਮਨੁੱਖੀ ਅਧਿਕਾਰਾਂ ਦੇ ਹੱਕ ਵਿਚ ਆਵਾਜ਼ ਬੁਲੰਦ ਕਰਨ ਵਾਲੇ ਅਤੇ ਸਿੱਖਾਂ ਦੀਆਂ ਹੱਕੀ ਮੰਗਾਂ ਲਈ ਮਰ ਮਿਟਣ ਵਾਲੇ ਆਗੂ 'ਤੇ ਲੱਗੇ ਦੋਸ਼ਾਂ ਨੂੰ ਜਿਵੇਂ ਮੁੱਢੋਂ ਹੀ ਨਕਾਰ ਦਿੱਤਾ ਹੋਵੇ।
ਧਰਮ ਦਾ ਉਦੇਸ਼ ਤੇ ਅੱਤਵਾਦ:
ਵਿਦੇਸ਼ ਵਿਚ ਬੈਠੇ ਸਿੱਖਾਂ ਨੂੰ ਅਪੀਲ ਹੈ ਕਿ ਜਦੋਂ ਅਸੀਂ ਸਿੱਖੀ ਪਹਿਚਾਣ ਨੂੰ ਫੈਲਾਉਣ ਦੀ ਗੱਲ ਕਰਦੇ ਹਾਂ ਤਾਂ ਭਾਰਤ ਦੇ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਤੇ ਡਾਕਟਰ ਰਾਜਵੰਤ ਸਿੰਘ ਦੇ ਯੋਗਦਾਨ ਨੂੰ ਆਪਸੀ ਰੰਜਿਸ਼ ਜਾਂ ਖਹਿਬਾਜ਼ੀ ਵਿਚ ਅਣਦੇਖਿਆ ਕਰਕੇ ਅਪਸ਼ਬਦਾਂ ਨਾਲ ਸੰਬੋਧਨ ਕਰਨਾ ਜਾਇਜ਼ ਨਹੀਂ ਹੈ ਭਾਵੇਂ ਹੋਰ ਮਤਭੇਦ ਹੋਣ ਕਾਰਨ, ਰੋਸ ਕਰਨਾ ਕੋਈ ਮਾੜੀ ਗੱਲ ਨਹੀਂ, ਜੋ ਕੀਤਾ ਵੀ ਗਿਆ। ਇਨ੍ਹਾਂ ਦੋਨਾਂ ਸ਼ਖਸੀਅਤਾਂ ਨੂੰ ਮਿਲੀ ਸ਼ੋਹਰਤ ਤੇ ਇਨ੍ਹਾਂ ਦੇ ਇਹ ਕੌਮਾਂਤਰੀ ਪੱਧਰ ਤਕ ਬਣੇ ਸੰਬੰਧਾਂ ਕਾਰਨ ਸਿੱਖਾਂ ਦੀ 'ਸਿੱਖੀ ਪਹਿਚਾਣ' ਵਿੱਚ ਹੋਰ ਵਾਧਾ ਹੋਇਆ ਹੈ। ਇਨ੍ਹਾਂ ਦੀ ਸ਼ਖਸ਼ੀਅਤ ਨੂੰ 'ਹਰਭਜਨ ਸਿੰਘ ਜੋਗੀ ਦੇ ਸਿੱਖ' ਕਿਧਰ ਗਏ ਕਹਿ ਕੇ ਘਟਾਉਣਾ, ਆਪਸੀ ਮੱਤ ਭੇਦਾਂ ਤੇ ਈਰਖਾ ਤਾਂ ਕਹੀ ਜਾ ਸਕਦੀ ਹੈ, ਕੋਈ ਚੜ੍ਹਦੀ ਕਲਾ ਵਾਲੀ ਸੋਚ ਦਾ ਪ੍ਰਗਟਾਵਾ ਨਹੀਂ ਹੈ।
ਹੋਰ ਧਰਮ ਪ੍ਰਤੀ ਅਪਸ਼ਬਦ ਵਰਤ ਕੇ ਧਰਮ ਤਬਦੀਲ ਕਰਵਾਉਣਾ ਜਾਂ ਦੂਸਰੇ ਧਰਮ ਨੂੰ ਨੀਚਾ ਦਿਖਾਉਣ ਦੀ ਬਿਰਤੀ ਨਾਲ ਸ਼ਕਤੀ ਹਾਸਲ ਕਰਨਾ ਕਮੀਨਗੀ ਤਾਂ ਹੈ ਹੀ ਸਗੋਂ ਅੱਜ ਇਹ ਸੰਸਾਰ ਅੰਦਰ ਇੱਕ ਨਵੇਂ ਕਿਸਮ ਦਾ ਅੱਤਵਾਦ ਆਪਣਾ ਕਰੂਪ ਚਿਹਰਾ ਬਣਾਈ ਫਿਰਦਾ ਹੈ। ਦੂਸਰੀ ਧਿਰ ਵੱਲੋਂ ਧਰਮ ਤਬਦੀਲੀ ਕਰਨਾ ਜਿੱਥੇ ਬੀਮਾਰ ਮਾਨਸਿਕਤਾ ਨੂੰ ਪ੍ਰਗਟਾਉਂਦਾ ਹੈ ਉੱਥੇ ਇਸ ਦੇ ਹੋਰ ਵੀ ਕਈ ਕਾਰਨ ਹੋ ਸਕਦੇ ਹਨ। ਅਜਿਹੇ ਕਦਮ ਨੂੰ ਕੋਈ ਇਖਲਾਕੀ ਜਾਂ ਜਿੰਦਾ ਦਿਲੀ ਵਾਲਾ ਨਹੀਂ ਕਹਿ ਸਕਦਾ। ਅਜਿਹੇ ਧਰਮ ਤਬਦੀਲ ਕਰਨ ਵਾਲਿਆਂ 'ਤੇ ਅਜੋਕੇ ਯੁੱਗ ਵਿੱਚ ਵਿਸ਼ਵਾਸ਼ ਤਾਂ ਕੀਤਾ ਹੀ ਨਹੀਂ ਜਾ ਸਕਦਾ। ਸਿੱਖ ਧਰਮ ਅਜਿਹੀ ਧਰਮ ਤਬਦੀਲੀ ਦੀ ਗਵਾਹੀ ਨਹੀਂ ਭਰਦਾ। ਜੋਗੀ ਦੇ ਸਿੱਖ 'ਸਿੱਖੀ ਦੀ ਪਹਿਚਾਣ' ਵਜੋਂ ਕੋਈ ਇਖਲਾਕੀ ਨਿਸ਼ਾਨੀ ਨਹੀਂ ਸਨ ਤੇ ਨਾ ਹੀ ਹਨ।
ਪੰਜਾਬ ਵਿੱਚ ਨਸ਼ੀਲੇ ਪਦਾਰਥਾਂ ਦੇ ਮਾਫੀਆ ਦਾ ਰਾਜ:
ਅੱਜ ਪੇਂਡੂ ਤੇ ਸ਼ਹਿਰੀ ਵਸੋਂ ਨਸ਼ਿਆਂ ਦੀ ਮਾਰ ਹੇਠ ਆਈ ਅੱਛੀ ਤਰ੍ਹਾਂ ਜਾਣਦੀ ਹੈ ਕਿ ਪੰਜਾਬ ਵਿੱਚ ਨਸ਼ੀਲੇ ਪਦਾਰਥ ਦੀ ਸਮੱਗਲਿੰਗ ਕਿਵੇਂ ਸਿਆਸੀ ਤੇ ਪੁਲਿਸ ਗੱਠ-ਜੋੜ ਨਾਲ ਰਲ ਕੇ ਹੋ ਰਹੀ ਹੈ। ਨਸ਼ੀਲੇ ਪਦਾਰਥਾਂ ਦਾ ਮਾਫੀਆ ਪੰਜਾਬ ਵਿੱਚ ਹੋਰ ਗ੍ਰੋਹਾਂ ਵਾਂਗ ਬਹੁਤ ਸ਼ਕਤੀਸ਼ਾਲੀ ਹੋ ਚੁੱਕਾ ਹੈ। ਇਸ ਨਸ਼ੀਲੇ ਪਦਾਰਥਾਂ ਦੇ ਮਾਫੀਆਂ ਨੇ ਅੱਡ-ਅੱਡ ਸਿਆਸੀ ਪਾਰਟੀਆਂ ਵਿੱਚ ਪੈਸੇ ਦੇ ਜ਼ੋਰ ਨਾਲ ਮਹੱਤਵਪੂਰਨ ਥਾਂ ਬਣਾ ਕੇ ਆਪਣੇ ਸਿਰ ਜੋੜ ਲਏ ਹਨ। ਪੁਲਿਸ ਸਰਕਾਰ ਲਈ ਸਿਰਫ ਇਨ੍ਹਾਂ ਤੋਂ ਪੈਸੇ ਇਕੱਠਾ ਕਰਨ ਦਾ ਸੋਮਾ ਬਣ ਕੇ ਰਹਿ ਗਈ ਹੈ। ਇੱਥੇ ਕਦੀ ਸਮੱਗਲਰ ਨਹੀਂ ਫੜੇ ਜਾਂਦੇ ਮਾਮੂਲੀ ਨਸ਼ਾ ਛਕਣ ਵਾਲੇ ਪੁਲਿਸ ਦੀ ਪ੍ਰਾਪਤੀ ਦਿਖਾਉਣ ਲਈ ਮਨਚਾਹੀ ਬਰਾਮਦਗੀ ਦਿਖਾ ਕੇ ਟੰਗ ਦਿੱਤੇ ਜਾਂਦੇ ਹਨ। ਇਨ੍ਹਾਂ ਵੀ ਪੁਲਿਸ ਮਾਫੀਆ/ ਗ੍ਰੋਹਾਂ ਦੇ ਇਸ਼ਾਰੇ 'ਤੇ ਹੀ ਕਰਦੀ ਹੈ ਜੋ ਪ੍ਰਤੱਖ ਰੂਪ ਵਿੱਚ ਦੇਖਣ ਨੂੰ ਮਿਲਦਾ ਹੈ। ਇਹ ਮਾਫੀਆ ਪ੍ਰਸ਼ਾਸਨ ਤੇ ਲੋਕਾਂ 'ਤੇ ਭਾਰੂ ਹੈ। ਇਸ ਨੂੰ ਕਿਹੜਾ ਅੱਤਵਾਦ ਕਹੀਏ, ਸਮਝ ਤੋਂ ਬਾਹਰ ਦੀ ਗੱਲ ਲੱਗਦੀ ਹੈ। ਇਸ ਨੂੰ ਬਦਲਦਾ ਪੰਜਾਬ ਕਹਿ ਕੇ ਸਿੱਖੀ ਸਿਧਾਂਤਾਂ ਤੇ ਪੰਜਾਬ ਦੀ ਨਸਲ ਦਾ ਖਾਤਮਾ ਕਰਨ ਵਾਲੀ ਗੱਲ ਕਹਿਣਾ ਕੋਈ ਅੱਤਕਥਨੀ ਨਹੀਂ ਹੋਵੇਗਾ। ਜਿਉਂ ਹੀ ਪੰਜਾਬ ਅਸੈਂਬਲੀ ਦੀਆਂ ਚੋਣਾਂ ਹੋਰ ਨੇੜੇ ਆਉਣਗੀਆਂ ਸਰਕਾਰ ਤੇ ਹੋਰ ਸਿਆਸੀ ਪਾਰਟੀਆਂ ਨਸ਼ਿਆਂ ਦਾ ਰੁਝਾਨ ਹੋਰ ਵਧਾ ਦੇਣਗੀਆਂ। ਜਿੱਥੇ ਨਸ਼ਾ ਸਿਆਸਤਦਾਨਾਂ ਤੇ ਪੁਲਿਸ ਦੀ ਆਮਦਨ ਦਾ ਇੱਕ ਵੱਡਾ ਸਾਧਨ ਹੈ ਉੱਥੇ ਇਸ ਨੂੰ ਚੋਣਾਂ ਜਿੱਤਣ ਲਈ ਇੱਕ ਹਥਿਆਰ ਵਜੋਂ ਵੀ ਵਰਤਿਆ ਤੇ ਸਪਲਾਈ ਕੀਤਾ ਜਾਂਦਾ ਹੈ।
ਕਿਸਾਨਾਂ ਦੇ ਕਰਜ਼ੇ ਤੇ ਦੇਸ਼ ਅੰਦਰ ਵਾਪਰੇ ਘੁਟਾਲੇ:
ਕਿਸਾਨਾ ਦੇ ਕਰਜ਼ਿਆਂ ਦੀ ਉਨ੍ਹਾਂ ਵੱਲ ਬਕਾਇਆ ਰਹਿੰਦੀ ਰਾਸ਼ੀ ਤਾਂ ਦੇਸ਼ ਅੰਦਰ ਵਾਪਰੇ ਘੁਟਾਲਿਆਂ ਨਾਲੋਂ ਬਹੁਤ ਹੀ ਘੱਟ ਰਕਮ ਹੈ। ਇਹ ਕਰਜ਼ੇ ਮੁਆਫ ਕੀਤੇ ਜਾ ਸਕਦੇ ਹਨ। ਸ਼ਿਆਸਤਦਾਨ, ਅਫਸਰਸ਼ਾਹੀ ਤੇ ਵਪਾਰੀ ਆਪਸੀ ਮੇਲ-ਮਿਲਾਪ ਰਾਹੀਂ ਘੁਟਾਲੇ ਰਾਹੀਂ ਤਿੰਨ ਲੱਖ ਕਰੋੜ ਰੁਪਏ ਖਾ ਗਏ ਹਨ। ਇਸੇ ਕਾਰਨ ਹੀ ਅਪਰਾਧ ਵਧਿਆ ਹੈ। ਸਾਬਕਾ ਭਾਰਤ ਦੇ ਚੋਣ ਕਮਿਸ਼ਨਰ ਸਰਦਾਰ ਮਨੋਹਰ ਸਿੰਘ ਗਿੱਲ਼ ਨੇ ਠੀਕ ਕਿਹਾ ਹੈ ਕਿ ਘੁਟਾਲਿਆਂ ਦੀ ਇਤਨੀ ਵੱਡੀ ਰਕਮ/ਰਾਸ਼ੀ ਦੇ ਮੁਕਾਬਲੇ ਦੇਸ਼ ਦੇ ਕਿਸਾਨਾ ਦਾ 25-30 ਹਜਾਰ ਕਰੋੜ ਦਾ ਕਰਜ਼ਾ ਮੁਆਫ ਕਰ ਦੇਣਾ ਚਾਹੀਦਾ ਹੈ। ਪਰ ਪਤਾ ਨਹੀਂ ਕਿਸਾਨ ਆਗੂ ਤੇ ਉਨ੍ਹਾਂ ਵੱਲੋਂ ਕਿਸਾਨਾ ਦੇ ਨਾਂ ਨਾਲ ਰਾਜਨੀਤੀ ਦੀ ਖੇਡ ਰਚਾਉਣ ਤੇ ਬਾਹਰੋਂ ਮਾਇਆ ਇੱਕਠੀ ਕਰਨ ਦੇ ਇਰਾਦੇ ਨਾਲ ਇੱਕ ਤੋਂ ਬਾਅਦ ਇੱਕ ਸ਼ਰਾਰਤੀ ਢੰਗ ਨਾਲ ਰੋਜ਼ ਨਵਾਂ ਐਲਾਨ ਕਰਨ ਵਾਲੇ ਇਸ ਸੰਬੰਧੀ ਆਪਣੀ ਆਵਾਜ਼ ਬੁਲੰਦ ਕਿਉਂ ਨਹੀਂ ਕਰਦੇ ਤੇ ਚੁੱਪ ਹਨ?
ਬਰਤਾਨਵੀ ਸਰਕਾਰ ਦੀ ਗਲਤ ਪਿਰਤ ਤੇ ਨੀਤੀ:
ਬਰਤਾਨਵੀ ਸਰਕਾਰ ਵੱਲੋਂ ਸ਼ੱਕੀ ਨੂੰ ਤੁਰੰਤ ਸਿਰ 'ਚ ਗੋਲੀ ਮਾਰਨ ਦੀ ਪਿਰਤ ਤੇ ਨੀਤੀ ਬਹੁਤ ਮਾੜੀ ਤੇ ਭਰਪੂਰ ਨਿੰਦਣਯੋਗ ਹੈ। ਇਹ ਬਰਤਾਨੀਆ ਨੂੰ ਭਾਰਤ ਦੇ ਲੋਕਰਾਜ ਦੇ ਪੱਧਰ ਦਾ ਦਰਸਾਉਂਦੀ ਹੋਈ, ਇਸ ਦੇ ਵਿਕਸਿਤ ਲੋਕਰਾਜ ਦੀਆਂ ਨੀਹਾਂ ਹਿਲਾਉਂਦੀ ਹੈ। ਇਸ ਨਾਲ ਬਰਤਾਨੀਆ ਦੀ ਸ਼ਾਨ ਤੇ ਮਾਨ ਘਟੇਗਾ। ਭਾਰਤ ਅੰਗਰੇਜ਼ੀ ਰਾਜ ਤੋਂ ਬਹੁਤ ਕੁਝ ਚੰਗਾ ਸਿੱਖਣ ਲਈ ਅਜੇ ਵੀ ਰਿਣੀ ਅਖਵਾਉਂਦਾ ਹੈ ਪਰ ਹੁਣ ਭਾਰਤ ਤੇ ਇਜ਼ਰਾਈਲ ਤੋਂ ਬਰਤਾਨਵੀ ਸਰਕਾਰ ਨੇ ਗਲਤ ਸਬਕ ਸਿੱਖਣ ਕਾਰਨ ਮਾੜੀ ਪਿਰਤ ਤੇ ਨੀਤੀ ਅਪਨਾ ਕੇ ਆਪਣੇ ਵਿਕਸਿਤ ਲੋਕਰਾਜ ਨੂੰ ਪੁੱਠਾ ਗੇੜਾ ਦੇ ਦਿੱਤਾ ਹੈ। ਹਰਿਆਣੇ ਦੀ ਪੁਲਿਸ ਨੇ ਬਰਤਾਨਵੀ ਨੀਤੀ ਦੀ ਤੁਰੰਤ ਹੀ ਨਕਲ ਕਰਕੇ ਗੁੜਗਾਉਂ ਹੋਂਡਾ ਫੈਕਟਰੀ ਦੇ ਵਰਕਰਾਂ 'ਤੇ ਕਹਿਰ ਢਾਅ ਦਿੱਤਾ। ਇਹ ਇਉਂ ਲੱਗਿਆ ਜਿਵੇਂ ਵਿਦੇਸ਼ੀ ਨੀਤੀ ਤੋਂ ਪ੍ਰਭਾਵਤ ਹੋ ਕੇ ਭਾਰਤੀ ਲੋਕਰਾਜ ਨੂੰ ਹੋਰ ਤਹਿਸ਼ ਨਹਿਸ਼ ਕਰਨ ਲਈ ਹਰਿਆਣੇ ਦੀ ਪੁਲਿਸ ਨੂੰ ਲਾਇਸੰਸ ਮਿਲ ਗਿਆ ਹੋਵੇ। ਜੇ ਲੋਕਰਾਜ ਦੀ ਸ਼ਕਤੀ ਦੇ ਨਸ਼ੇ ਨੇ, ਇਨਸਾਫ ਦੇ ਰਾਜ ਤੋਂ ਬਾਹਰ ਰਹਿ ਕੇ, ਅਜਿਹੀ ਆਗਿਆ ਦੇਣੀ ਹੈ ਤਾਂ ਗੈਰ-ਜਥੇਬੰਦਕ ਮਨੁੱਖ ਨੂੰ ਇਨਸਾਫ ਦੇ ਰਾਜ ਅਨੁਸਾਰ ਚੱਲਣ ਦਾ ਪਾਠ ਪੜ੍ਹਾਉਣਾ ਆਉਣ ਵਾਲੇ ਸਮੇਂ ਵਿੱਚ ਉੱਕਾ ਹੀ ਬੇਮਤਲਬਾ ਹੋ ਜਾਵੇਗਾ। ਵਿਕਸਿਤ ਲੋਕਰਾਜ ਦੀ ਪਰਿਭਾਸ਼ਾ ਵੀ ਬਦਲ ਜਾਵੇਗੀ ਤੇ ਸੰਸਾਰ ਅੰਦਰ ਹਰ ਥਾਂ ਭਾਰਤ ਵਰਗੇ ਅਧੂਰੇ ਲੋਕਰਾਜ ਨੇ ਥਾਂ ਲੈ ਲੈਣੀ ਹੈ। ਵਿਕਸਿਤ ਲੋਕਰਾਜ ਦਾ ਮੱਧਮ ਪੈਣਾ, ਇਨਸਾਫ ਦੇ ਰਾਜ (੍ਰੁਲe ਾ æਅੱ) ਦਾ ਅਲੋਪ ਹੋਣਾ, ਇਸ ਨਾਲ ਲੋਕਰਾਜੀ ਤਾਨਾਸ਼ਾਹ ਦਾ ਬਦਲ ਲੋਕਰਾਜੀ ਅੱਤਵਾਦ ਦੇ ਰੂਪ ਵਿਚ ਆਉਣ ਦੇ ਸੰਕੇਤ ਮਨੁੱਖਤਾ ਲਈ ਕੋਈ ਚੰਗੇ ਨਹੀਂ ਹਨ।
ਹੁਣ ਭਾਵੇਂ ਬਰਤਾਨੀਆ ਦੀ ਬਦਲੀ ਨੀਤੀ ਕਾਰਨ ਅਤੇ ਭਾਰਤ ਦੇ ਅਧੂਰੇ ਲੋਕਰਾਜ ਨੂੰ ਲੋਕਰਾਜ ਦੀ ਤਾਨਾਸ਼ਾਹੀ ਹੀ ਕਿਹਾ ਜਾਵੇਗਾ ਪਰ ਜਦੋਂ ਸ਼ੋਸ਼ਣਕਾਰੀਆਂ ਤੇ ਭ੍ਰਿਸ਼ਟਾਚਾਰੀਆਂ ਤੋਂ ਮੁਕਤ ਹੋਣ ਲਈ ਆਮ ਲੋਕਾਂ ਨੂੰ ਗਿਆਨ ਹੋ ਗਿਆ ਤਾਂ ਉਹ ਲੋਕਰਾਜ ਦੇ ਬਲ ਨਾਲ ਅੱਗੇ ਆ ਕੇ ਹੁਣ ਵਾਲੇ ਹੁਕਮਰਾਨਾਂ ਤੇ ਭ੍ਰਿਸ਼ਟ ਸਿਆਸਤਦਾਨਾਂ ਲਈ ਵੀ ਅਜਿਹੀ ਹੀ ਨੀਤੀ ਘੜ੍ਹਨਗੇ ਤੇ ਕਾਨੂੰਨ ਬਨਾਉਣਗੇ, "ਕਿ ਜਿਸ ਨੇ ਵੀ ਗਰੀਬ ਦਾ ਖੂਨ ਚੂਸ ਕੇ ਦੌਲਤ ਤੇ ਸ਼ਕਤੀ ਇਕੱਠੀ ਕੀਤੀ ਹੈ ਉਸ ਦੇ ਫੌਰਨ ਸਿਰ ਵਿੱਚ ਗੋਲੀ ਮਾਰ ਦਿੱਤੀ ਜਾਵੇ ਤਾਂ ਜੋ ਕਾਨੂੰਨ ਦੀਆਂ ਨਜ਼ਰਾਂ ਵਿੱਚ ਬਰਾਬਰੀ ਦੇ ਸਿਧਾਂਤ ਨੂੰ ਇਨਸਾਫ ਦੇ ਰਾਜ (੍ਰੁਲe ਾ æਅੱ) ਦੇ ਆਧਾਰ 'ਤੇ ਲਾਗੂ ਕੀਤਾ ਜਾਵੇ"। ਕੀ ਫਿਰ ਅੱਜ ਦੇ ਹੁਕਮਰਾਨ ਤੇ ਭ੍ਰਿਸ਼ਟ ਉਸਨੂੰ ਲੋਕਰਾਜੀ ਅੱਤਵਾਦ ਨਹੀਂ ਕਹਿਣਗੇ? ਲੇਖ ਵਿੱਚ ਦਿੱਤੇ ਵਿਸਥਾਰ ਨੂੰ ਮੌਜੂਦਾ ਹਾਲਾਤ ਦੇ ਸੰਦਰਭ ਵਿੱਚ ਗੰਭੀਰਤਾ ਨਾਲ ਲੈ ਕੇ, ਸੰਸਾਰ ਅੰਦਰ ਵਿਗੜਦੀ ਸਥਿਤੀ ਦਾ ਹੱਲ ਲੱਭਣਾ, ਹੁਣ ਜਰੂਰੀ ਹੋ ਗਿਆ ਹੈ। ਚਮਕ ਦਮਕ ਦੀ ਉੱਨਤੀ ਤੋਂ ਖੁਸ਼ਫਹਿਮੀ ਦਾ ਸ਼ਿਕਾਰ ਬਣ ਕੇ ਹੀ ਬੈਠੇ ਨਹੀਂ ਰਹਿ ਜਾਣਾ ਚਾਹੀਦਾ।
ਜਦੋਂ ਭਾਰਤ ਦੀ ਫੌਜ ਨੇ ਸਾਲ 1984 ਵਿਚ ਸਿੱਖ ਧਾਰਮਿਕ ਅਸਥਾਨਾਂ 'ਤੇ ਹਮਲਾ ਕਰਕੇ ਅਤੇ ਨਿਹੱਥੇ ਤੇ ਅਵੇਸਲੇ ਸਿੱਖਾਂ ਦੀਆਂ ਲਾਸ਼ਾਂ ਵਿਛਾ ਕੇ, ਧਰਤੀ ਨੂੰ ਖ਼ੂਨੋ ਖ਼ੂਨ ਕੀਤਾ। ਇੱਥੇ ਹੀ ਬੱਸ ਨਹੀਂ ਹੋਈ ਫਿਰ ਦੇਸ਼ ਅੰਦਰ ਵੀ ਸਿੱਖਾਂ ਦਾ ਕਤਲੇਆਮ ਕਰਵਾਇਆ ਤਾਂ ਕਵੀ ਇਹ ਸਭ ਕੁੱਝ ਹੋਇਆ ਦੇਖ ਕੇ ਇਉਂ ਲਿਖ ਗਿਆ:
"ਹਰ ਥਾਂ ਖ਼ੂਨੋ ਖ਼ੂਨ ਹੈ ਧਰਤੀ
ਹਰ ਥਾਂ ਕਬਰਾਂ ਦੀ ਚੁੱਪ ਵਰਤੀ

ਅਮਨ ਮੈਂ ਕਿੱਥੇ ਦਫ਼ਨ ਕਰੂੰਗਾ
ਮੈਂ ਹੁਣ ਕਿਸ ਨੂੰ ਵਤਨ ਕਹੂੰਗਾ"।
ਅੱਜ ਦੁਨੀਆਂ ਦਾ ਸ਼ਾਂਤ ਪਰ ਅਸਲ ਵਿਚ ਅਸ਼ਾਂਤ ਤੇ ਸਰਕਾਰੀ ਜਬਰ ਦਾ ਸ਼ਿਕਾਰ ਬੇਆਸਰਾ ਬਹੁ-ਗਿਣਤੀ ਵਰਗ ਕੀ ਸੋਚ ਰਿਹਾ ਹੋਵੇਗਾ? ਧਿਆਨ ਦੇਣ ਦੀ ਲੋੜ ਹੈ।  --
Balbir Singh Sooch (ਸਿੱਖ ਵਿਚਾਰ ਮੰਚ)

No comments: