Friday, July 25, 2014

ਵੱਖਰੀ ਕਮੇਟੀ ਦੀ ਗੱਲ ਦਰਅਸਲ ਅਸਿੱਧੇ ਰੂਪ ਵਿਚ ਸਿੱਖ ਪੰਥ ਉਪਰ ਸਿੱਧਾ ਹਮਲਾ

Fri, Jul 25, 2014 at 6:45 PM
ਸਮੁੱਚਾ ਸਿੱਖ ਪੰਥ ਇੱਕਮੁੱਠ ਹੋ ਕੇ ਏਕਤਾ ਦਾ ਸਬੂਤ ਦੇਵੇ--ਸਿੰਘ ਸਾਹਿਬ
ਅੰਮ੍ਰਿਤਸਰ: 25 ਜੁਲਾਈ 2014: (ਜਸਵਿੰਦਰ ਪਾਲ ਸਿੰਘ//ਪੰਜਾਬ ਸਕਰੀਨ ਬਿਊਰੋ):
ਅੱਜ ਮਿਤੀ 25-7-14 ਨੂੰ ਸਿੰਘ ਸਾਹਿਬ ਜੀ ਗਿਆਨੀ ਗੁਰਬਚਨ ਸਿੰਘ ਜੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਵੱਲੋਂ ਦਫ਼ਤਰ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਬੋਲਦਿਆਂ ਕਿਹਾ ਗਿਆ ਕਿ ‘ਗੁਰਦੁਆਰਿਆਂ ਦੀ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਪ੍ਰਾਪਤ ਹੋਵੇ, ਦੇ ਸੰਕਲਪ ਦੀ ਪੂਰਤੀ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਥਾਪਨਾਂ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਛਤਰ-ਛਾਇਆ ਹੇਠ ਹੋਈ ਸੀ। ਸਾਰੀ ਮਾਨਸ ਜਾਤ ਨੂੰ ਕਰਤਾ-ਪੁਰਖ ਨਾਲ ਜੋੜਨ ਲਈ ਅਕਾਲੀ ਪੰਥ ਦਾ ਆਗਾਜ਼ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕੀਤਾ।
‘ਮਾਰਿਆ ਸਿਕਾ ਜਗਤਿ ਵਿਚਿ ਨਾਨਕ ਨਿਰਮਲ ਪੰਥ ਚਲਾਇਆ’
ਇਸ ਮਕਸਦ ਲਈ ਗੁਰੂ ਸਾਹਿਬ ਨੇ ਗੁਰੂ-ਦੁਆਰ ਸਥਾਪਿਤ ਕੀਤੇ। ਗੁਰਦੁਆਰਾ ਸਥਾਪਿਤ ਹੋਣ ਦੇ ਨਾਲ ਹੀ ਪੰਥਕ ਸ਼ਕਤੀ ਦਾ ਪ੍ਰਗਟਾਅ ਹੋਇਆ। ਗੁਰਦੁਆਰਾ ਸਥਾਪਿਤ ਹੋਣ ਦੇ ਨਾਲ ਹੀ ਗੁਰੂ ਚਰਨਾਂ ਦੇ ਭਉਰੇ ਸੰਗਤ ਰੂਪ ਵਿਚ ਇਕੱਤਰ ਹੋਣੇ ਸ਼ੁਰੂ ਹੋਏ। ਅੰਗਰੇਜ਼ ਰਾਜ ਕਾਲ ਦੇ ਦੌਰਾਨ ਬਣੇ ਗੁਰਦੁਆਰਾ ਐਕਟ ਦੇ ਹੋਂਦ ਵਿਚ ਆਉਣ ਤੋਂ ਬਾਅਦ ਅੰਗਰੇਜ਼ ਸਰਕਾਰ ਨੇ ਗੁਰਦੁਆਰਾ ਪ੍ਰਬੰਧ ਵਿਚ ਦਖ਼ਲ ਅੰਦਾਜ਼ੀ ਕਰਨ ਤੋਂ ਤੋਬਾ ਕੀਤੀ। ਹੁਣ ਵੀ ਪੰਥਕ ਜਮਾਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਜ਼ੂਦ ਨੂੰ ਭੰਨਣ-ਤੋੜਨ ਦੇ ਯਤਨ ਜਾਰੀ ਹਨ, ਜੋ ਗੁਰੂ-ਪੰਥ ਲਈ ਅਸਹਿ ਹਨ।
ਨਹਿਰੂ ਤਾਰਾ ਸਿੰਘ ਪੈਕਟ ਦੇ ਰੂਪ ਵਿਚ ਮੰਨਿਆ ਗਿਆ ਸੀ ਕਿ ਭਾਰਤ ਸਰਕਾਰ ਅੱਗੇ ਤੋਂ ਗੁਰਦੁਆਰਿਆਂ ਵਿਚ ਦਖ਼ਲ ਨਹੀਂ ਦੇਵੇਗੀ ਅਤੇ ਗੁਰਦੁਆਰਾ ਐਕਟ ਵਿਚ ਕੋਈ ਤਰਮੀਨ ਸ਼੍ਰੋਮਣੀ ਕਮੇਟੀ ਦੀ ਆਗਿਆ ਤੋਂ ਬਿਨਾਂ ਪ੍ਰਵਾਨ ਨਹੀਂ ਕਰੇਗੀ। ਇਹ ਬਹੁਤ ਵੱਡੀਆਂ ਘਾਲਨਾਵਾਂ ਅਤੇ ਕੁਰਬਾਨੀਆਂ, ਜਾਇਦਾਦਾਂ ਕੁਰਕ ਕਰਵਾਉਣ ਉਪਰੰਤ ਹੋਂਦ ਵਿਚ ਆਈ ਪੰਥਕ ਜਮਾਤ ਨੂੰ ਢਾਅ ਲਾਉਣੀ ਕਿਸੇ ਤਰਾਂ ਵੀ ਸਿੱਖ ਕੌਮ ਦੇ ਹਿੱਤ ਵਿਚ ਨਹੀਂ ਹੈ। ਅੱਜ ਵੀ ਸਮਾਂ ਹੈ ਕਿ ਇਸ ਭਰਾ-ਮਾਰੂ ਜੰਗ ਤੋਂ ਗੁਰੇਜ਼ ਕੀਤਾ ਜਾਵੇ ਅਤੇ ਇਸ ਪੰਥਕ ਜਮਾਤ ਨੂੰ ਸ਼ਕਤੀਸ਼ਾਲੀ ਬਣਾਈ ਰੱਖਣ ਲਈ ਸਮੁੱਚਾ ਸਿੱਖ ਪੰਥ ਇੱਕਮੁੱਠ ਹੋ ਕੇ ਏਕਤਾ ਦਾ ਸਬੂਤ ਦੇਵੇ। ਹਰਿਆਣੇ ਦੀ ਵੱਖਰੀ ਕਮੇਟੀ ਦੀ ਗੱਲ ਦਰਅਸਲ ਅਸਿੱਧੇ ਰੂਪ ਵਿਚ ਸਿੱਖ ਪੰਥ ਉਪਰ ਸਿੱਧਾ ਹਮਲਾ ਹੈ।
ਸ੍ਰੀ ਅਕਾਲ ਤਖ਼ਤ ਸਾਹਿਬ ਬਾਕੀ ਸਿੰਘ ਸਾਹਿਬਾਨ ਨਾਲ ਵਿਚਾਰ ਕਰਕੇ ਪੰਥ ਵਿਚ ਪੈ ਰਹੀਆਂ ਵੰਡੀਆਂ ਨੂੰ ਰੋਕਣ ਲਈ ਹਰ ਸੰਭਵ ਯਤਨ ਕਰ ਸਕਦਾ ਹੈ। 

No comments: