Thursday, July 24, 2014

ਇਸ਼ਕ ਦੇ ਪਿਛੇ ਗਰਮ ਲਹੂ ਵਿੱਚ ਡੁੱਬੀਆਂ ਬਰਾਤਾਂ.....

ਦੋਸਤ ਦੀ ਪ੍ਰੇਮਿਕਾ ਨੂੰ SMS ਕਰਨ ਦੀ ਮਿਲੀ ਖੌਫਨਾਕ ਸਜ਼ਾ...
ਲੁਧਿਆਣਾ: 23 ਜੁਲਾਈ 2014: (ਪੰਜਾਬ ਸਕਰੀਨ ਬਿਊਰੋ):  
ਆਖਿਰ ਪੁਲਿਸ ਦੇ ਲੰਮੇ ਹੱਥ  ਕਾਤਲ ਤੱਕ ਪਹੁੰਚ ਹੀ ਗਏ। ਪਾਰਕ ਬਲਿਊ ਹੋਟਲ ਵਿਚ ਗਲਾ ਘੁੱਟ ਕੇ ਮਾਰੇ ਗਏ ਪ੍ਰਕਾਸ਼ ਰਾਣਾ ਕਤਲਕਾਂਡ ਦੀ ਗੁੱਥੀ ਪੁਲਸ ਨੇ ਬਹੁਤ ਹੀ  ਫੁਰਤੀ ਨਾਲ ਸੁਲਝਾ ਕੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ। ਜਿਵੇਂ ਕਿ ਹਰ ਮੁਜਰਿਮ ਸਮਝਦਾ ਹੈ ਕਿ ਉਸਦਾ ਪਤਾ ਨਹੀਂ ਲੱਗਣਾ, ਓਸੇ ਤਰਾਂ  ਵਿੱਚ ਵੀ ਕਾਤਲ ਨੇ ਇਹੀ ਸਮਝਿਆ ਸੀ ਕਿ ਇਸ ਕਤਲ ਦਾ ਕਿਸੇ ਨੂੰ ਪਤਾ ਨਹੀਂ ਲੱਗਣਾ। ਪਰ ਮੋਬਾਈਲ ਕਾਲ ਡਿਟੇਲ ਦੇ ਜ਼ਰੀਏ ਪੁਲਸ ਨੇ ਦੋਸ਼ੀ ਬਾਰੇ ਪਤਾ ਲਾ ਹੀ ਲਿਆ। ਪ੍ਰਕਾਸ਼ ਨੂੰ ਇਸ ਲਈ ਮੌਤ ਦੇ ਘਾਟ ਉਤਾਰਿਆ ਗਿਆ ਸੀ, ਕਿਉਂਕਿ ਉਸਨੇ ਦੋਸ਼ੀ ਦੀ ਪ੍ਰੇਮਿਕਾ ਨੂੰ ਐੱਸ. ਐੱਮ. ਐੱਸ. ਕੀਤੇ ਸਨ, ਜਿਸ ਗੱਲ ਦਾ ਬਦਲਾ ਲੈਣ ਦੀ ਭਾਵਨਾ ਨਾਲ ਦੋਸ਼ੀ ਨੇ ਪ੍ਰਕਾਸ਼ ਰਾਣਾ ਦੀ ਕਮੀਜ਼ ਨਾਲ ਹੀ ਉਸਦਾ ਗਲਾ ਘੁੱਟ ਕੇ ਉਸ ਨੂੰ ਮਾਰ ਦਿੱਤਾ ਸੀ। ਇਸ ਮਾਮਲੇ ਨੂੰ ਹੱਲ ਕਰਨ ਦੇ ਲਈ ਏ. ਡੀ. ਸੀ. ਪੀ. ਸਤਬੀਰ ਸਿੰਘ, ਏ. ਸੀ. ਪੀ. ਰਵਿੰਦਰਪਾਲ ਸਿੰਘ ਸੰਧੂ, ਥਾਣਾ ਡਵੀਜ਼ਨ ਨੰ 5 ਦੇ ਮੁਖੀ ਧਰਮਪਾਲ ਅਤੇ ਕੋਚਰ ਮਾਰਕੀਟ ਚੌਕੀ ਇੰਚਾਰਜ ਜੋਗਿੰਦਰ ਸਿੰਘ ਤੇ ਆਧਾਰਤ ਇਕ ਸਾਂਝੀ ਟੀਮ ਦਾ ਗਠਨ ਕੀਤਾ ਗਿਆ ਸੀ। ਅਸਲ ਵਿੱਚ ਇਹ ਇਕ ਅੰਨ੍ਹਾ ਕਤਲ ਸੀ, ਪੁਲਸ ਨੂੰ ਮ੍ਰਿਤਕ ਦੀ ਪਛਾਣ ਉਸਦੀ ਜੇਬ ਤੋਂ ਮਿਲੇ ਸ਼ਨਾਖਤੀ ਕਾਰਡ ਤੋਂ ਹੋਈ ਸੀ, ਜਿਸ ਤੋਂ ਪਤਾ ਚੱਲਿਆ ਸੀ ਕਿ ਪ੍ਰਕਾਸ਼ ਰਾਣਾ ਬਰਨਾਲਾ ਵਿਖੇ ਹੋਟਲ ਵਿਚ ਸ਼ੈਫ ਦਾ ਕੰਮ ਕਰਦਾ ਸੀ। ਇਹ ਵੀ ਪਤਾ ਚੱਲਿਆ ਕਿ 17 ਜੁਲਾਈ ਨੂੰ ਉਸ ਨੇ ਜਦ ਹੋਟਲ ਵਿਚ ਕਮਰਾ ਲਿਆ ਸੀ ਤਾਂ ਇਕ ਲੜਕੇ ਨੂੰ ਆਪਣਾ ਭਰਾ ਤੇ ਇਕ ਲੜਕੀ ਨੂੰ ਆਪਣੀ ਭਾਬੀ ਦੱਸਿਆ ਸੀ ਜੋ ਅਗਲੇ ਦਿਨ ਗਾਇਬ ਸਨ। ਪੁਲਸ ਨੇ ਹੋਟਲ ਮਾਲਕ ਤੋਂ ਗੰਭੀਰਤਾ ਨਾਲ ਪੁੱਛਗਿੱਛ ਕੀਤੀ ਤੇ ਮੋਬਾਈਲ ਡਿਟੇਲ ਖੰਗਾਲੀ ਤਾਂ ਪਤਾ ਚੱਲਿਆ ਕਿ ਜੋ ਲੜਕੀ ਉਸ ਦਿਨ ਹੋਟਲ ਵਿਚ ਆਈ ਸੀ ਉਹ ਸ਼ਿਮਲਾਪੁਰੀ ਦੀ ਰਹਿਣ ਵਾਲੀ ਕਮਲਜੀਤ ਕੌਰ ਉਰਫ ਕਮਲ ਹੈ। ਉਸ ਨੂੰ ਪ੍ਰਕਾਸ਼ ਰਾਣਾ ਨੇ ਹੀ 1500 ਰੁਪਏ ਵਿਚ ਮੌਜ ਮਸਤੀ ਕਰਨ ਲਈ ਹੋਟਲ ਬੁਲਾਇਆ ਸੀ। ਪੁਲਸ ਨੇ ਉਸ ਲੜਕੀ ਨੂੰ ਜਦ ਗ੍ਰਿਫਤਾਰ ਕਰਕੇ ਪੁੱਛਗਿੱਛ ਕੀਤੀ ਤਾਂ ਪਤਾ ਚੱਲਿਆ ਕਿ ਫਰਾਰ ਹੋਇਆ ਦੋਸ਼ੀ ਦੀਵਾਨ ਸਿੰਘ ਹੀ ਹੈ ਅਤੇ ਉਸ ਨੇ ਪ੍ਰਕਾਸ਼ ਦੀ ਹੱਤਿਆ ਕੀਤੀ ਸੀ। ਜਿਸਦੇ ਬਾਅਦ ਪੁਲਸ ਨੇ ਦੀਵਾਨ ਦੀ ਮੋਬਾਈਲ ਲੋਕੇਸ਼ਨ ਨੂੰ ਸਰਚ 'ਤੇ ਲਗਵਾਇਆ ਅਤੇ ਚਾਰ ਦਿਨ ਤੱਕ ਪਿੱਛਾ ਕਰਨ ਦੇ ਬਾਅਦ ਆਖਰਕਾਰ ਅੱਜ ਉਸ ਨੂੰ ਅੰਬਾਲਾ ਤੋਂ ਗ੍ਰਿਫਤਾਰ ਕਰ ਲਿਆ ਗਿਆ, ਜਿਸ ਨੇ ਆਪਣਾ ਜੁਰਮ ਕਬੂਲ ਕਰ ਲਿਆ ਤੇ ਦੱਸਿਆ ਕਿ ਉਸ ਨੇ ਹੀ ਪ੍ਰਕਾਸ਼ ਦੀ ਹੱਤਿਆ ਕੀਤੀ ਸੀ। ਪੁਲਸ ਕੱਲ ਉਸ ਨੂੰ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਗੰਭੀਰਤਾ ਨਾਲ ਪੁੱਛਗਿੱਛ ਕਰੇਗੀ। ਉਥੇ ਕਮਲਜੀਤ ਨੂੰ ਪੁਲਸ ਪਹਿਲਾਂ ਤੋਂ ਹੀ ਗ੍ਰਿਫਤਾਰ ਕਰ ਚੁੱਕੀ ਹੈ। 
ਇਹ ਸੀ ਇਸ ਅੰਨੇ ਕਤਲ ਦਾ ਰਾਜ਼
ਪੁੱਛਗਿੱਛ ਦੌਰਾਨ ਦੀਵਾਨ ਤੋਂ ਪਤਾ ਚੱਲਿਆ ਕਿ ਉਸਦੀ ਇਕ ਪ੍ਰੇਮਿਕਾ ਹੈ, ਜਿਸਦਾ ਨਾਮ ਅੰਜਲੀ ਹੈ ਅਤੇ ਉਹ ਜਲੰਧਰ ਬਾਈਪਾਸ ਦੇ ਨੇੜੇ ਰਹਿੰਦੀ ਹੈ। ਇਸ ਗੱਲ ਦਾ ਪਤਾ ਪ੍ਰਕਾਸ਼ ਰਾਣਾ ਨੂੰ ਵੀ ਸੀ ਜੋ ਚੋਰੀ ਚੋਰੀ ਅੰਜਲੀ ਨੂੰ ਐੱਸ. ਐੱਮ. ਐੱਸ. ਕਰਦਾ ਰਹਿੰਦਾ ਸੀ। ਪਿਛਲੇ ਦਿਨੀਂ 17 ਜੁਲਾਈ ਨੂੰ ਜਦ ਦੋਨੋਂ ਮੌਜ ਮਸਤੀ ਕਰਨ ਲਈ ਹੋਟਲ ਵਿਚ ਗਏ ਸਨ ਤਾਂ ਸ਼ਰਾਬ ਦੇ ਨਸ਼ੇ ਵਿਚ ਪ੍ਰਕਾਸ਼ ਫਿਰ ਤੋਂ ਦੀਵਾਨ ਦੀ ਪ੍ਰੇਮਿਕਾ ਨੂੰ ਐੱਸ. ਐੱਮ. ਐੱਸ. ਕਰਨ ਲੱਗਾ। ਦੀਵਾਨ ਨੂੰ ਲੱਗਿਆ ਕਿ ਉਸਦਾ ਦੋਸਤ ਹੀ ਉਸਦੀ ਪ੍ਰੇਮਿਕਾ 'ਤੇ ਡੋਰੇ ਪਾ ਰਿਹਾ ਹੈ। ਜਿਸ 'ਤੇ ਉਸ ਨੇ ਗੁੱਸੇ ਵਿਚ ਆ ਕੇ ਅਤੇ ਜ਼ਿਆਦਾ ਸ਼ਰਾਬ ਪੀਤੀ ਹੋਣ ਕਰਕੇ ਉਸਦੀ ਹੀ ਕਮੀਜ਼ ਨਾਲ ਪ੍ਰਕਾਸ਼ ਰਾਣਾ ਦਾ ਗਲਾ ਘੁੱਟ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਇਹ ਗੱਲ ਉਸ ਨੇ ਕਮਲਜੀਤ ਨੂੰ ਵੀ ਦੱਸ ਦਿੱਤੀ ਸੀ ਜੋ ਸਵੇਰੇ ਤੜਕੇ ਹੀ ਦੋਵੇਂ ਹੋਟਲ ਤੋਂ ਫਰਾਰ ਹੋ ਗਏ। ਬਾਕੀ ਪੁਲਸ ਕਮਲਜੀਤ ਨੂੰ ਇਸ ਮਾਮਲੇ ਵਿਚ ਡਿਸਚਾਰਜ ਕਰਵਾਉਣ ਦੀ ਕੋਸ਼ਿਸ਼ ਕਰੇਗੀ ਕਿਉਂਕਿ ਉਹ ਤਾਂ ਸਿਰਫ ਇਕ ਆਂਟੀ ਦੇ ਕਹਿਣ 'ਤੇ ਹੋਟਲ ਵਿਚ ਆਈ ਸੀ ਤੇ ਉਸਦਾ ਇਸ ਕਤਲ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਪਰ ਉਸਦੀ ਗਲਤੀ ਇਹ ਹੈ ਕਿ ਉਸ ਨੂੰ ਕਤਲ ਦਾ ਪਤਾ ਹੋਣ ਦੇ ਬਾਵਜੂਦ ਵੀ ਉਸ ਨੇ ਪੁਲਸ ਨੂੰ ਸੂਚਿਤ ਨਹੀਂ ਕੀਤਾ ਸੀ। ਹੁਣ ਦੇਖਣਾ ਇਹ ਹੈ ਇਸ ਪੁਛਗਿਛ ਦੌਰਾਨ ਹੋਰ ਕਿਹੜੇ ਨਵੇਂ ਪਹਿਲੂ ਸਾਹਮਣੇ ਆਉਂਦੇ ਹਨ?

No comments: