Monday, July 07, 2014

ਲੋਕਾਂ ਦੀ ਸਹੂਲਤ ਲਈ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿੱਚ ਲਿਫ਼ਟ ਦੀ ਸ਼ੁਰੂਆਤ

ਤਿੰਨ ਮੰਜਲਾਂ ਲਈ ਸੇਵਾ ਦੇਵੇਗੀ 18 ਲੱਖ ਦੀ ਲਾਗਤ ਵਾਲੀ ਆਧੁਨਿਕ ਲਿਫ਼ਟ 
ਲੁਧਿਆਣਾ: 7 ਜੁਲਾਈ 2014: (ਰੈਕਟਰ ਕਥੂਰੀਆ//ਪੰਜਾਬ ਸਕਰੀਨ):
ਅੱਜ ਡੀਸੀ ਦਫਤਰ ਲੁਧਿਆਣਾ ਵਿਖੇ 11 ਕੁ ਵਜੇ ਮੇਲਾ ਲੱਗਿਆ ਹੋਇਆ ਸੀ। ਇਹ ਮੇਲਾ ਉੱਥੇ ਰੋਸ ਵਖਾਵੇ ਕਰਨ ਲਈ ਆਏ ਲੋਕਾਂ ਦੀ ਭੀੜ ਨਾਲੋਂ ਬਿਲਕੁਲ ਵੱਖਰਾ ਸੀ। ਹੋਠਾਂ 'ਤੇ ਮੁਸਕਰਾਹਟ ਅਤੇ ਅੱਖਾਂ ਵਿੱਚ ਚਮਕ ਲੈ ਇਹ ਲੋਕ ਬੜੀ ਬੇਸਬਰੀ ਵਾਲੀ ਖੁਸ਼ੀ ਨਾਲ ਡਿਪਟੀ ਕਮਿਸ਼ਨਰ ਰਜਤ ਅੱਗਰਵਾਲ ਦੀ ਉਡੀਕ ਕਰ ਰਹੇ ਸਨ। ਜਿਊਂ ਹੀ ਉਹ ਉਦਘਾਟਨ ਵਾਲੀ ਥਾਂ ਵੱਲ ਵਧੇ ਤਾਂ ਉੱਥੇ ਮੌਜੂਦ ਲੋਕਾਂ ਦੀ ਖੁਸ਼ੀ ਵਧ ਗਈ। ਕਮਰ ਦਰਦ, ਪਿਥ੍ਥ ਦਰਦ ਅਤੇ ਗੋਡਿਆਂ ਦੀ ਦਰਦ ਤੋਂ ਪਰੇਸ਼ਾਨ ਲੋਕਾਂ ਲਈ ਬਾਰ ਬਾਰ ਪੌੜੀਆਂ  ਚੜ੍ਹਨੀਆਂ ਉਤਰਨੀਆਂ ਇੱਕ ਬਹੁਤ ਹੀ ਮੁਸ਼ਕਿਲ ਜਿਹਾ ਕੰਮ ਸੀ। ਹੁਣ ਲਿਫਟ ਸ਼ੁਰੂ ਹੋ ਜਾਨ ਨਾਲ ਉਹਨਾਂ ਸੁੱਖ ਦਾ ਸਾਹ ਲਿਆ।
ਸ੍ਰੀ ਰਜਤ ਅਗਰਵਾਲ ਡਿਪਟੀ ਕਮਿਸ਼ਨਰ ਨੇ ਅੱਜ ਜ਼ਿਲਾ ਪ੍ਰਬੰਧਕੀ ਕੰਪਲੈਕਸ (ਦਫ਼ਤਰ ਡਿਪਟੀ ਕਮਿਸ਼ਨਰ) ਵਿਖੇ ਲੋਕਾਂ ਦੀ ਸਹੂਲਤ ਨੂੰ ਮੁੱਖ ਰੱਖਦੇ ਹੋਏ ਕੋਨੇ ਕੰਪਨੀ ਦੀ 18 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤੀ ਨਵੀਂ ਲਿਫਟ ਦਾ ਉਦਘਾਟਨ ਕੀਤਾ। ਇਸ ਮੌਕੇ ਉਹਨਾਂ ਦੇ ਨਾਲ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਬਲਦੇਵ ਸਿੰਘ, ਸਹਾਇਕ ਕਮਿਸ਼ਨਰ (ਸ਼ਿਕਾਇਤਾ) ਸ੍ਰੀ ਭੁਪਿੰਦਰ ਸਿੰਘ ਅਤੇ ਜ਼ਿਲਾ ਟਰਾਂਸਪੋਰਟ ਅਫਸਰ ਸ੍ਰੀ ਅਨਿਲ ਗਰਗ ਵੀ ਹਾਜ਼ਰ ਸਨ।
ਸ੍ਰੀ ਅਗਰਵਾਲ ਨੇ ਦੱਸਿਆ ਕਿ ਇਸ ਲਿਫ਼ਟ ਦੀ ਸਮਰੱਥਾ 544 ਕਿਲੋਂਗ੍ਰਾਮ ਹੈ ਅਤੇ ਇਹ ਲਿਫ਼ਟ 8 ਵਿਅਕਤੀ ਇੱਕ ਵਾਰ ਵਿੱਚ ਵੱਖ-ਵੱਖ ਮੰਜਲਾਂ ਤੱਕ ਲੈ ਕੇ ਜਾਵੇਗੀ।ਉਹਨਾਂ ਕਿਹਾ ਕਿ ਇਹ ਲਿਫ਼ਟ ਬੇਸਮੈਂਟ ਤੋਂ ਲੈ ਕੇ ਉਪਰ 3 ਮੰਜਲਾਂ ਤੱਕ ਜਾਵੇਗੀ। ਉਹਨਾਂ ਕਿਹਾ ਕਿ ਇਸ ਕੰਪਲੈਕਸ ਵਿੱਚ ਵੱਖ-ਵੱਖ ਵਿਭਾਗਾਂ ਦੇ ਦਫ਼ਤਰ ਹਨ, ਜਿਸ ਵਿੱਚ ਲੋਕਾਂ ਨੂੰ ਹਰ ਰੋਜ਼ ਇਹਨਾਂ ਦਫ਼ਤਰਾਂ ਵਿੱਚ ਆਪਣੇ-ਆਪਣੇ ਕੰਮ ਕਰਵਾਉਣ ਸਬੰਧੀ ਆਉਣਾ ਪੈਦਾ ਹੈ। ਉਹਨਾਂ ਕਿਹਾ ਕਿ ਜਿੱਥੇ ਆਮ ਲੋਕਾਂ ਨੂੰ ਅਤੇ ਖਾਸਕਰ ਔਰਤਾਂ ਨੂੰ ਜਿਨਾਂ ਨਾਲ ਛੋਟੇ ਬੱਚੇ ਵੀ ਹੁੰਦੇ ਹਨ ਦੂਜੇ ਅਤੇ ਤੀਜੀ ਮੰਜ਼ਲ ਸਥਿਤ ਦਫ਼ਤਰਾਂ ਵਿੱਚ ਕੰਮ ਕਰਵਾਉਣ ਲਈ ਜਾਣ ਸਮੇ ਪੌੜੀਆਂ ਚੜ ਕੇ ਜਾਣਾ ਪੈਦਾ ਸੀ ਜਿਸ ਨਾਲ ਉਹਨਾਂ ਨੂੰ ਮੁਸ਼ਕਲ ਦਾ ਸਾਹਮਣਾ ਵੀ ਕਰਨ ਪੈਦਾ ਸੀ, ਜਿਸ ਕਰਕੇ ਇਹਨਾਂ ਦਫ਼ਤਰਾਂ ਵਿੱਚ ਕੰਮ ਕਰਵਾਉਣ ਲਈ ਆਉਣ ਵਾਲੇ ਲੋਕਾਂ ਲਈ ਇਹ ਲਿਫ਼ਟ ਵੱਡੀ ਸਹੂਲਤ ਦਾ ਕੰਮ ਕਰੇਗੀ।ਉਹਨਾਂ ਦੱਸਿਆ ਕਿ ਇਸ ਲਿਫ਼ਟ ਦਾ ਸਭ ਤੋਂ ਵਧੇਰੇ ਲਾਭ ਬੁਜ਼ਰਗਾਂ ਅਤੇ ਅੰਗਹੀਣਾ ਨੂੰ ਹੋਵੇਗਾ ਜੋ ਕਿ ਕਈ ਵਾਰ ਸਰੀਰਿਕ ਅਸਮਰੱਥਤਾਂ ਦੇ ਕਾਰਨ ਵੱਖ-ਵੱਖ ਵਿਭਾਗਾਂ ਦੇ ਦਫ਼ਤਰਾਂ ਵਿੱਚ ਆਪਣੇ ਜਰੂਰੀ ਕੰਮਾਂ ਨੂੰ ਕਰਵਾਉਣ ਤੋਂ ਵਾਂਝੇ ਰਹਿ ਜਾਂਦੇ ਸਨ। ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਹਰ ਸਮੇ ਸੂਬੇ ਦੇ ਵੱਖ-ਵੱਖ ਵਰਗਾਂ ਦੇ ਲੋਕਾਂ ਨੂੰ ਸਹੂਲਤਾਂ ਦੇਣ ਲਈ ਵੱਚਨਬਧ ਹੈ।
ਹੁਣ ਉਮੀਦ ਕੀਤੀ ਜਾਣੀ ਚਾਹੀਦੀ ਹੈ ਕਿ ਲਿਫਟ ਦੀ ਇਹ ਸਹੂਲਤ ਕੇਵਲ ਖਾਸ ਖਾਸ ਲੋਕਾਂ ਲਈ ਰਾਖਵੀਂ ਨਾ ਬਣ ਕੇ ਆਮ ਲੋਕਾਂ ਲਈ ਵੀ ਖੁਲ੍ਹੀ ਰਹੇਗੀ। 

No comments: