Wednesday, June 11, 2014

KAUR B: ਲਰਜ਼ਦੀ ਲਹਿਰਾਉਂਦੀ ਅਵਾਜ ਵਰਗਾ ਹੁਲਾਰਾ

Wed, Jun 11, 2014 at 9:07 AM
ਸ਼ਹਿਦ ਨਾਲੋਂ ਮਿੱਠੀ ‘ਤੇ ਦਿਲਾਂ ਨੂੰ ਛੂਹਣ ਵਾਲੀ ਅਵਾਜ਼ ਦੀ ਮਲਿਕਾ-ਕੌਰ ਬੀ
 ਪਾਣੀ ਦੀਆਂ ਲਹਿਰਾਂ ਵਿਚ ਤੈਰਦੇ ਕਮਲ ਦੇ ਫੁੱਲ ਵਰਗੀ ਲਰਜ਼ਦੀ ਲਹਿਰਾਉਂਦੀ ਅਵਾਜ ਵਰਗਾ ਹੁਲਾਰਾ ਦੇਣ ਵਾਲੀ ਆਵਾਜ਼ ਦੀ ਮਲਿਕਾ ਹੈ  ਜ਼ਿਲੇ ਸੰਗਰੂਰ ਦੀ ‘ਕੌਰ ਬੀ’ ਨਾਂਅ ਨਾਲ ਸਟਾਰ ਬਣੀ ਗਾਇਕਾ ਬਲਜਿੰਦਰ ਕੌਰ। ਜਿਸ ਦੀ ਸ਼ਹਿਦ ਨਾਲੋਂ ਮਿੱਠੀ ‘ਤੇ ਦਿਲਾਂ ਨੂੰ ਛੂਹਣ ਵਾਲੀ ਅਵਾਜ਼ ਸੁਣਦਿਆਂ ਹੀ ਨੋਜਵਾਨਾਂ ਨੂੰ ਚਾਅ ਜਿਹਾ ਚੜ੍ਹ ਜਾਂਦਾ ਹੈ ‘ਤੇ ਮੁਟਿਆਰਾਂ ਦੀ ਅੱਡੀ ਮਟਕ ਨਾਲ ਹਿਲ ਉਠਦੀ ਹੈ ਜਾਂ ਇਹ ਕਹਿ ਲਉ ਕਿ ਉਸਦੀ ਅਵਾਜ਼ ਵਿਚ ਇਕ ਅਜਿਹੀ ਅਦਾ ਹੈ ਜਿਸ ਸਦਕਾ ਉਸਨੇ ਅੱਜ ਸਰੋਤਿਆਂ ਦੀ ਧੁਰ ਰੂਹ ਤੱਕ ਪਹੁੰਚ ਕੇ ਉੱਚ-ਮੁਕਾਮੀ ਗਾਇਕੀ ਦਾ ਦਰਜਾ ਹਾਸਲ ਕੀਤਾ ਹੋਇਆ ਹੈ।
ਪੰਜਾਬੀ ਗਾਇਕੀ ਦੇ ਖੇਤਰ ਵਿਚ ਬਹੁਤ ਥੋੜੇ ਸਮੇਂ ਵਿਚ ਹੀ ਵੱਡੀਆਂ ਪੁਲਾਂਘਾ ਪੁੱਟਣ ਵਾਲੀ ਇਸ ਖੂਬਸੂਰਤ ਗਾਇਕਾ ਦਾ ਜਨਮ    ਸੰਗਰੂਰ ਦੇ ਪਿੰਡ ਨਵਾਂ ਗਾਉਂ ਤਹਿਸੀਲ ਪਾਤੜਾਂ ਵਿਖੇ 5 ਜੁਲਈ 1991 ਨੂੰ ਪਿਤਾ ਸ੍ਰ. ਲਖਵਿੰਦਰ ਸਿੰਘ ਮੱਟੂ ਤੇ ਮਾਤਾ ਦਲਜੀਤ ਕੌਰ ਦੇ ਘਰ ਹੋਇਆ। ਉਸਦੇ ਮਾਪਿਆਂ ਨੇ ਕਦੇ ਸੁਪਨੇ ਵਿਚ ਵੀ ਨਹੀਂ ਸੀ ਚਿਤਵਿਆ ਕਿ ਉਨਾਂ੍ਹ ਦੀ ਲਾਡਲੀ ਧੀ ਆਪਣੀ  ਸੁਰੀਲੀ ਅਵਾਜ਼ ਸਦਕਾ ਗਾਇਕੀ ਦੀ ਦੁਨੀਆਂ ‘ਚ ਇਕ ਵੱਖਰੀ ਥਾਂ ਸਥਾਪਿਤ ਕਰਦੀ ਹੋਈ ਉਨਾਂ੍ਹ ਦਾ ਨਾਂਅ ਰੋਸ਼ਨ ਕਰੇਗੀ। 
             ਜਦੋਂ  ਕੌਰ ਬੀ ਦੀ ਗਾਇਕੀ ਦੀ ਗੱਲ ਤੁਰਦੀ ਹੈ ਤਾਂ ਦੋ ਨਾਮ ਆਪ ਮੁਹਾਰੇ  ਹੀ ਸਾਹਮਣੇ ਆ ਜਾਂਦੇ ਹਨ ਪਹਿਲਾ ਪਿ੍ਰੰਸੀਪਲ ਕੁਲਵਿੰਦਰ ਸਿੰਘ ਪੰਨੂ ‘ਤੇ ਦੂਸਰਾ ਪੰਜਾਬ ਦੇ ਮਸ਼ਹੂਰ ਗੀਤਕਾਰ ਬੰਟੀ ਬੈਂਸ। ਜਿਨਾਂ ਦੀ ਪ੍ਰੇਰਨਾ ਤੇ ਸਹਿਯੋਗ ਸਦਕਾ ਕੱਲ ਦੀ ਬਲਜਿੰਦਰ ਕੌਰ  ਅੱਜ ਦੀ ਸਟਾਰ ਗਾਇਕਾ ਵਜੋਂ ਸਾਡੇ ਸਾਹਮਣੇ  ਹੈ। ਪਹਿਲਾਂ ਗੱਲ ਕਰਦੇ ਹਾਂ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਮੌਲਵੀ ਵਾਲਾ ਤੋਂ ਪਿ੍ਰੰਸੀਪਲ ਕੁਲਵਿੰਦਰ ਸਿੰਘ ਪੰਨੂ ਹੁਰਾਂ ਦੀ ਜਿਨਾਂ ਨੇ ਕੌਰ ਬੀ ਦੇ ਇਸ ਸਕੂਲ ‘ਚ ਪੜਾਈ ਸਮੇਂ ਉਸ ਦੀ ਗਾਇਕੀ ਦੀ ਕਲਾ ਨੂੰ ਪਛਾਣਦੇ ਹੋਏ ਅੱਗੇ ਵੱਧਣ ਲਈ ਪ੍ਰੇਰਨਾ ਦਿੱਤੀ ‘ਤੇ ਸਮੇਂ-ਸਮੇਂ ਤੇ ਸਕੂਲ ‘ਚ ਹੁੰਦੇ ਸਮਾਗਮਾਂ ‘ਚ ਵੀ ਗਾਉਣ ਦੇ ਅਵਸਰ ਮੁਹੱਈਆ ਕਰਵਾਏ। ਇਸ ਦੇ ਨਾਲ ਹੀ ਪੰਜਾਬੀ ਚੈਨਲ ਐਮ ਐਚ ਵਨ ਦੇ ਸੰਗੀਤਕ ਮੁਕਾਬਲੇ ਸ਼ੋਅ ‘ਅਵਾਜ਼ ਪੰਜਾਬ ਦੀ-3’ ਵਿਚ ਭਾਗ ਲੈਣ ਲਈ ਉਤਸ਼ਾਹਤ ਕੀਤਾ ਜਿਥੇ ਉਸ ਨੇ ਆਪਣੀ ਵਧੀਆ ਗਾਇਕੀ ਦੇ ਜਾਦੂ ਸਦਕਾ ਹਰ ਇਕ ਨੂੰ ਕੀਲ ਕੇ ਰੱਖ ਦਿੱਤਾ ਤੇ ਪਹਿਲੇ ਪੰਜ ਗਾਇਕਾਂ ‘ਚ ਰਹੀ। ਇਸ ਤੋਂ ਬਾਅਦ ‘ਵੁਆਇਸ ਆਫ ਪੰਜਾਬ ਦੀ-2’ ਵਿਚ ਫਸਟ ਰੈਨਰਅਪ ਦਾ ਖਿਤਾਬ ਹਾਸਿਲ ਕਰਨ ਉਪਰੰਤ ਖੂਬ ਨਾਂਅ ਕਮਾਇਆ। ਇਸ ਖੇਤਰ ‘ਚ ਹੋਰ ਅੱਗੇ ਵਧਣ ਤੇ ਗਾਇਕੀ ਸਬੰਧੀ ਚੰਗੀ ਤਾਲੀਮ ਹਾਸਲ ਕਰਨ ਲਈ ਪਟਿਆਲਾ ਵਿਖੇ ਉਸਤਾਦ ਗੁਰਪ੍ਰਤਾਪ ਸਿੰਘ ਗਿੱਲ ਹੁਰਾਂ ਕੋਲ ਜਾਣਾ ਸ਼ੁਰੂ ਕੀਤਾ ਤੇ ਜਿਥੇ ਕੌਰ ਬੀ ਨੂੰ ਬਹੁਤ ਕੁੱਝ ਸਿੱਖਣ ਨੂੰ ਮਿਲਿਆ। ਇਸ ਸਮੇਂ ਦੌਰਾਨ ਹੀ ਕੌਰ ਬੀ ਦਾ ਸੰਪਰਕ ਪੰਜਾਬ ਦੀ ਉੱਘੇ ਗੀਤਕਾਰ ਤੇ ਮਸ਼ਹੂਰ ਮਿਊਜ਼ਿਕ ਕੰਪਨੀ ਸਪੀਡ ਰਿਕਾਰਡਸ ਦੇ ਮਨੈਜਰ ਬੰਟੀ ਬੈਂਸ ਨਾਲ ਹੋਇਆ। ਜਿਨਾਂ ਨੂੰ ਕੌਰ ਬੀ ਦੀ ਗਾਇਕੀ ਇਸ ਕਦਰ ਪਸੰਦ ਆਈ ਕਿ ਉਨਾਂ ਵਲੋਂ ਪੰਜਾਬ ਦੇ ਨਾਮੀ ਗਾਇਕ ਜੱਸੀ ਗਿੱਲ ਨਾਲ ਪਹਿਲਾ  ਦੋਗਾਣਾ ਗੀਤ ‘ਕਲਾਸਮੈਟ’ ਰਿਕਾਰਡ ਕੀਤਾ ਗਿਆ ਜੋ ਕਿ  ਪੰਜਾਬੀ ਫਿਲਮ ‘ਡੈਡੀ ਕੂਲ ਮੂੰਡੇ ਫੂਲ’ ਰਾਹੀ ਸਰੋਤਿਆਂ ਦੇ ਰੂਬਰੂ ਹੋਇਆ। ਇਸ ਪਹਿਲੇ ਗੀਤ ਦੇ ਸੁਪਰ ਹਿੱਟ ਹੁੰਦੇ ਹੀ ਕੌਰ ਬੀ ਵੀ ਸਟਾਰ ਗਾਇਕਾਂ ਦੀ ਕਤਾਰ ਵਿਚ ਜਾ ਖੜੀ ਹੋਈ। ਇਸ ਦੇ ਨਾਲ ਹੀ  ਉਸਦੇ ਦੂਸਰੇ  ਸਿੰਗਲ ਟਰੈਕ ਗੀਤ ‘ਪੀਜਾ ਹੱਟ’ ਨੇ ਵੀ ਉਸ ਦੇ  ਨਾਂਅ ਨੂੰ ਹੋਰ ਵੀ ਵੱਡਾ ਕੀਤਾ। 
ਇਸ ਤੋਂ ਬਾਅਦ ਕੌਰ ਬੀ ਨੇ ਸਿੰਗਲ ਟਰੈਕ ਗੀਤਾਂ ਦੀ ਅਜਿਹੀ ਲੜੀ ਬਣਾਈ ਕਿ ਉਸ ਵਲੋਂ ਗਾਏ ‘ਅਣਜੰਮੀ ਧੀ’, ‘ਜੂਲਫਾਂ’, ‘ਅੱਲਾ ਹੂ’, ‘ਮਿਸ ਯੂ’, ‘ਫਿਲਿੰਗ’  ਅਤੇ  ‘ਵੈਲੀ ਜੱਟ’ ਆਦਿ ਸਾਰੇ ਗੀਤ ਹੀ ਸੁਪਰ ਹਿੱਟ ਰਹੇ।
        ਜੇਕਰ  ਗਾਇਕਾ  ਕੌਰ ਬੀ ਦੇ ਪ੍ਰਸ਼ੰਸਕਾਂ ਦੀ ਗੱਲ ਕੀਤੀ ਜਾਵੇ ਤਾਂ ਉਹ ਸੱਭ ਤੋਂ ਅੱਗੇ ਨਜ਼ਰ ਆਉਂਦੀ ਹੈ ਜਿਸ ਦੇ ਪ੍ਰਸ਼ੰਸਕਾਂ ਦੀ ਗਿਣਤੀ ਸ਼ੋਸ਼ਲ ਸਾਈਟਸ ਫੇਸਬੁੱਕ ਤੇ ਬਣੇ ਫੈਨ ਪੇਜ 'ਤੇ 20 ਲੱਖ ਦੇ ਕਰੀਬ ਪਹੁੰਚ ਚੁੱਕੀ ਹੈ।  ਕੌਰ ਬੀ  ਇਕ ਵਧੀਆ ਸਟਾਰ ਗਾਇਕਾ ਹੋਣ ਦੇ ਨਾਲ-ਨਾਲ ਇਕ ਵਧੀਆ ਅਦਾਕਾਰ ਵੀ ਹੈ ਜੋ ਆਪਣੇੇ ਗੀਤਾਂ ਦੇ ਵੀਡੀਓ ਫਿਲਮਾਂਕਣ ਵਿਚ ਆਪ ਹੀ ਇਕ ਵਧੀਆ ਅਦਾਕਾਰ ਵਜੋਂ  ਭੂਮਿਕਾ ਨਿਭਾਉਂਦੀ ਹੈ। ਇਸ ਅਦਾਕਾਰੀ ਸਬੰਧੀ ਕੌਰ ਬੀ ਦਾ ਕਹਿਣਾ ਹੈ ਕਿ ਸਰੋਤੇ ਉਸਨੂੰ ਵਧੀਆ ਅਦਾਕਰ ਵਜੋਂ ਪਸੰਦ ਕਰ ਰਹੇ ਹਨ ਤਾਂ ਇਸ ਦਾ ਸਿਹਰਾ ਉਨਾਂ ਦੇ ਸਾਥੀ ਸਵ. ਅਜੀਮ ਪਰਕਾਰ ਨੂੰ ਜਾਂਦਾ ਹੈ ਜਿਨਾਂ ਦੀ ਨਿਰਦੇਸ਼ਨਾ ਹੇਠ ਫਲਮਾਏ ਗਏ ਹਰ ਗੀਤ ਦਾ ਵੀਡੀਓ ਸਰੋਤਿਆਂ ਵਲੋਂ ਉਮੀਦ ਤੋਂ ਵੀ ਵੱਧ ਪਸੰਦ ਕੀਤਾ ਗਿਆ। ਅੱਜ ਉਨਾਂ੍ਹ ਨੂੰ ਬਹੁਤ ਦੁੱਖ ਹੈ ਕਿ ਅਜੀਮ ਪਰਕਾਰ ਉਨਾਂ੍ਹ ਵਿਚ ਨਹੀਂ ਰਹੇ ਅਤੇ ਅਜੀਮ ਪਰਕਾਰ ਉਹ ਨਾਮ ਹੈ ਜਿਸ ਨੂੰ ਪੰਜਾਬੀ ਸੰਗੀਤ ਜਗਤ ਰਹਿੰਦੀ ਦੁਨੀਆਂ ਤੱਕ ਨਹੀਂ ਭੁੱਲਾ ਸਕੇਗਾ।
         ਇਸ ਗਾਇਕੀ ਦੇ ਸਫਰ ਨੂੰ ਅੱਗੇ ਤੋਰਦਿਆਂ ਅਤੇ ਗੁਰਬਾਣੀ ਪ੍ਰਤੀ ਪੂਰਨ ਸ਼ਰਧਾ ਤੇ ਸਿੱਖ ਧਰਮ ‘ਚ ਪੂਰਨ ਵਿਸ਼ਵਾਸ ਰੱਖਦੇ ਹੋਏ ਕੌਰ ਬੀ ਵਲੋਂ ਜਲਦ ਹੀ ਆਪਣਾ ਨਵਾਂ ਧਾਰਮਿਕ ਗੀਤ ‘ਕੋਰਰਿਜ਼ਮ’ ਸਰੋਤਿਆਂ ਦੇ ਰੂਬਰੂ ਕੀਤਾ ਜਾ ਰਿਹਾ ਹੈ। ਜਿਸ ਦਾ ਵੀਡੀਓ ਫਿਲਮਾਂਕਣ ਆਸਟਰੇਲੀਆ ਤੇ ਭਾਰਤ ‘ਚ ਹੀ ਵੱਖ-ਵੱਖ ਧਾਰਮਿਕ ਸਥਾਨਾਂ ਵਿਖੇ ਸੂਟ ਕੀਤਾ ਗਿਆ ਹੈ। ਵਹਿਗੁਰੂ ਅੱਗੇ ਵੀ ਦੁਆ ਹੈ ਕਿ ਕੌਰ ਬੀ ਨੂੰ ਇਸ ਗਾਇਕੀ ਦੇ ਖੇਤਰ ‘ਚ  ਸਫਲਤਾ ਦੀ ਹਰ ਮੰਜਿਲ ਪ੍ਰਾਪਤ ਹੋਵੇ।
                                                                             --Harjinder Jawanda jawanda82@gmail.com

No comments: