Sunday, June 22, 2014

ਨਸ਼ਾ ਮੁਕਤੀ ਲਈ ਸਾਰੇ ਵਿਭਾਗਾਂ ਨੂੰ ਇੱਕਠੇ ਹੋ ਕੇ ਕੰਮ ਕਰਨਾ ਚਾਹੀਦਾ ਹੈ-DC

Sun, Jun 22, 2014 at 2:50 PM
ਮੁਹਿੰਮ ਦੀ ਕਾਮਯਾਬੀ ਲਈ ਹਰ ਪੱਧਰ ਦਾ ਅਧਿਕਾਰੀ ਅਤੇ ਕਰਮਚਾਰੀ ਆਪਣੀ ਨਿੱਜੀ ਜੁਮੇਵਾਰੀ ਸਮਝੇ:ਡਿਪਟੀ ਕਮਿਸ਼ਨਰ
ਲੁਧਿਆਣਾ: 22 ਜੂਨ 2014: (ਪੰਜਾਬ ਸਕਰੀਨ ਬਿਊਰੋ):
ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਸਾਰੇ ਵਿਭਾਗਾਂ ਨੂੰ ਇੱਕਠੇ ਹੋ ਕੇ ਕੰਮ ਕਰਨਾ ਚਾਹੀਦਾ ਹੈ। ਨਸ਼ਾ ਮੁਕਤੀ ਸਬੰਧੀ ਚੱਲ ਰਹੇ ਪੰਦਰਵਾੜੇ ਦੀ ਕਾਮਯਾਬੀ ਲਈ ਹਰ ਪੱਧਰ ਦਾ ਅਧਿਕਾਰੀ ਅਤੇ ਕਰਮਚਾਰੀ ਆਪਣੀ ਨਿੱਜੀ ਜੁਮੇਵਾਰੀ ਸਮਝਦੇ ਹੋਏ ਲੋੜਵੰਦ ਲੋਕਾਂ ਤੱਕ ਇਹ ਸੁਨੇਹਾ ਪੁੱਜਦਾ ਕਰੇ ਅਤੇ ਲੋੜਵੰਦ ਵਿਅਕਤੀਆਂ ਨੂੰ ਨਸ਼ਾ ਛਡਾਓ ਸਹਾਇਤਾ ਕੇਂਦਰਾਂ ਵਿੱਚ ਲੈ ਕੇ ਆਵੇ ਤਾਂ ਕਿ ਅਸੀ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਨੂੰ ਨਸ਼ਾ ਮੁਕਤ ਕਰ ਸਕੀਏ। 
ਇਹਨਾਂ ਵਿਚਾਰਾ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ੍ਰੀ ਰਜ਼ਤ ਅਗਰਵਾਲ ਨੇ ਬੱਚਤ ਭਵਨ ਵਿਖੇ ਵੱਖ-ਵੱਖ ਵਿਭਾਗਾਂ ਦੇ ਉੱਚ ਅਧਿਕਾਰੀਆਂ ਦੀ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਕੀਤਾ। ਇਸ ਮੌਕੇ ਉਹਨਾਂ ਦੇ ਨਾਲ ਵਿਸ਼ੇਸ਼ ਤੌਰ ਤੇ ਸ੍ਰੀ ਬੀ.ਕੇ.ਉਪਲ ਆਈ.ਜੀ.ਪੀ ਲਿਟੀਗੇਸ਼ਨ ਪੰਜਾਬ ਚੰਡੀਗੜ ਵੀ ਹਾਜ਼ਰ ਸਨ। 
ਸ੍ਰੀ ਰਜ਼ਤ ਅਗਰਵਾਲ ਨੇ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਪੰਜਾਬ ਸਰਕਾਰ ਵੱਲੋਂ ਨਸ਼ਾ ਵਿਰੋਧੀ ਪੰਦਰਵਾੜੇ ਦੇ ਦੌਰਾਨ ਕੀਤੀਆ ਜਾਣ ਵਾਲੀਆ ਗਤੀਵਿਧੀਆ ਬਾਰੇ ਵਿਸਥਾਰ ਵਿੱਚ ਦੱਸਦੇ ਹੋਏ ਕਿਹਾ ਕਿ ਸਬੰਧਤ ਏਰੀਏ ਦੇ ਐਸ.ਡੀ.ਐਮ, ਡੀ.ਐਸ.ਪੀ ਅਤੇ ਐਸ.ਐਮ.ੳ ਰਲ ਕੇ ਇਸ ਮੁਹਿੰਮ ਨੂੰ ਕਾਮਯਾਬ ਕਰਨ ਲਈ ਕੰਮ ਕਰਨ। ਉਹਨਾ ਕਿਹਾ ਕਿ ਇਸ ਲਈ ਲੋੜੀਂਦੇ ਪ੍ਰਬੰਧ ਪਹਿਲਾ ਹੀ ਸਿਹਤ ਵਿਭਾਗ ਵੱਲੋਂ ਕੀਤੇ ਜਾ ਚੁੱਕੇ ਹਨ।ਉਹਨਾਂ ਕਿਹਾ ਕਿ ਸਿਹਤ ਵਿਭਾਗ ਵੱਲੋਂ ਜ਼ਿਲਾ ਪੱਧਰ, ਤਹਿਸੀਲ ਪੱਧਰ ਅਤੇ ਬਲਾਕ ਪੱਧਰ ’ਤੇ ਇਹਨਾਂ ਕੇਂਦਰਾਂ ਵਿੱਚ ਸਵੇਰ 9 ਵਜੇ ਤੋਂ ਸ਼ਾਮ 5 ਵਜੇ ਤੱਕ ਨਸ਼ੇ ਦੇ ਆਦੀ ਮਰੀਜ਼ਾਂ ਨੂੰ ਮੈਡੀਕਲ ਸਹਾਇਤਾਂ ਅਤੇ ਦਵਾਈਆਂ ਬਿਲਕੁੱਲ ਮੁਫ਼ਤ ਦਿੱਤੀਆ ਜਾ ਰਹੀਆ ਹਨ। ਉਹਨਾਂ ਕਿਹਾ ਕਿ ਲੋੜ ਪੈਣ ’ਤੇ ਮਰੀਜ਼ ਦੇ ਦਾਖਲ ਕਰਨ ਲਈ ਉੱਚਿਤ ਪ੍ਰਬੰਧ ਹੈ। ਉਹਨਾਂ ਕਿਹਾ ਕਿ ਇਸ ਸਬੰਧੀ ਸਵੈ-ਸੈਵੀ ਸੰਸਥਾਵਾਂ ਅਤੇ ਪੰਚਾਇਤਾਂ ਦੀ ਮੱਦਦ ਵੀ ਲੈ ਲਈ ਜਾਵੇ। 
ਸ੍ਰੀ ਬੀ.ਕੇ.ਉਪਲ ਆਈ.ਜੀ.ਪੀ ਲਿਟੀਗੇਸ਼ਨ ਪੰਜਾਬ ਚੰਡੀਗੜ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਲੋੜਵੰਦ ਲੋਕਾਂ ਦੀਆਂ ਲਿਸਟਾਂ ਬਣਾ ਕੇ ਉਹਨਾਂ ਨੂੰ ਪ੍ਰੇਰਿਤ ਕਰਕੇ ਨਸ਼ਾ ਛਡਾਓ ਸਹਾਇਤਾਂ ਕੇਂਦਰਾਂ ਵਿੱਚ ਲਿਜ਼ਾ ਕੇ ਹਰ ਲੋੜੀਂਦੀ ਮੱਦਦ ਕੀਤੀ ਜਾਵੇ। ਉਹਨਾਂ ਕਿਹਾ ਕਿ ਸਮਾਜ਼ ਵਿੱਚ ਇਹਨਾਂ ਲੋਕਾਂ ਨੂੰ ਢੁੱਕਵੀਂ ਜਗਾ ਦੇਣ ਲਈ ਹਰ ਉਪਰਾਲਾ ਕੀਤਾ ਜਾਣਾ ਜਰੂਰੀ ਹੈ ਤਾਂ ਕਿ ਨਸ਼ੇ ਦੇ ਆਦੀ ਲੋਕ ਇਸ ਬੁਰੀ ਆਦਤ ਤੋਂ ਛੁਟਕਾਰਾਂ ਪਾ ਕੇ ਆਪਣਾ ਜੀਵਨ ਸਵੈ-ਮਾਣ ਨਾਲ ਜੀਅ ਸਕਣ। ਉਹਨਾਂ ਵੱਖ-ਵੱਖ ਵਿਭਾਗਾਂ ਨੂੰ ਕਿਹਾ ਕਿ ਅਜਿਹੇ ਲੋਕਾਂ ਨੂੰ ਬਣਦਾ ਮਾਣ ਸਤਿਕਾਰ ਦਿੱਤਾ ਜਾਵੇ ਤਾਂ ਕਿ ਅੱਗੇ ਜਾ ਕੇ ਇਹ ਲੋਕ ਇਸ ਮੁਹਿੰਮ ਦੀ ਕਾਮਯਾਬੀ ਲਈ ਬਿਨਾਂ ਡਰ ਤੋਂ ਆਪਣਾ ਬਣਦਾ ਯੋਗਦਾਨ ਪਾਉਣ ਅਤੇ ਹੋਰ ਲੋੜਵੰਦ ਲੋਕਾਂ ਨੂੰ ਪ੍ਰੇਰਿਤ ਕਰਕੇ ਇਹਨਾਂ ਕੇਂਦਰਾਂ ਤੱਕ ਲੈ ਕੇ ਆਉਣ। 
ਡਾ. ਸੁਭਾਸ਼ ਬੱਤਾ ਸਿਵਲ ਸਰਜਨ ਲੁਧਿਆਣਾ ਨੇ ਸਿਹਤ ਵਿਭਾਗ ਵੱਲੋਂ ਦਿੱਤੀਆ ਜਾਂਦੀਆ ਸੇਵਾਵਾਂ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਭਾਵੇ ਮਰੀਜਾਂ ਨੂੰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਮੈਡੀਕਲ ਸਹਾਇਤਾਂ ਅਤੇ ਦਵਾਈਆਂ ਬਿਲਕੁੱਲ ਮੁਫ਼ਤ ਦਿੱਤੀਆ ਜਾਂਦੀਆਂ ਹਨ, ਪ੍ਰੰਤੂ ਐਮਰਜੈਂਸੀ ਮਰੀਜ਼ਾਂ ਲਈ ਇਹ ਸੇਵਾ 24 ਘੰਟੇ ਨਿਰੰਤਰ ਜ਼ਾਰੀ ਹੈ। ਉਹਨਾਂ ਕਿਹਾ ਕਿ ਸਿਹਤ ਵਿਭਾਗ ਦੇ ਕਰਮਚਾਰੀਆਂ ਵੱਲੋਂ ਘਰ-ਘਰ ਤੱਕ ਸਰਕਾਰ ਦੀ ਇਸ ਮੁਹਿੰਮ ਬਾਰੇ ਜਾਣਕਾਰੀ ਪੁੱਜਦੀ ਕੀਤੀ ਜਾ ਰਹੀ ਹੈ 
ਤਾਂ ਕਿ ਕੋਈ ਵੀ ਲੋੜਵੰਦ ਵਿਅਕਤੀ ਇਸ ਸੇਵਾ ਤੋਂ ਵਾਂਝਾ ਨਾ ਰਹਿ ਜਾਵੇ। ਉਹਨਾਂ ਨੇ ਦੱਸਿਆ ਕਿ ਭਾਵੇ ਇਹ ਮੁਹਿੰਮ ਪੰਦਰਵਾੜੇ ਦੇ ਰੂਪ ਵਿੱਚ ਸ਼ੁਰੂ ਕੀਤੀ ਗਈ ਹੈ, ਪ੍ਰੰਤੂ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਲਗਾਤਾਰ ਜ਼ਾਰੀ ਰਹੇਗੀ ਤਾਂ ਕਿ ਪੰਜਾਬ ਨੂੰ ਨਸ਼ਾ ਮੁਕਤ ਕੀਤਾ ਜਾ ਸਕੇ। ਉਹਨਾਂ ਕਿਹਾ ਸਿਹਤ ਵਿਭਾਗ ਵੱਲੋਂ ਇਸ ਸਬੰਧੀ ਲਗਾਤਾਰ ਲੋੜਵੰਦ ਲੋਕਾਂ ਦੀ ਸੇਵਾ ਜ਼ਾਰੀ ਹੈ ਅਤੇ ਹਰ ਤਰਾਂ ਦੇ ਪ੍ਰਬੰਧ ਮੁਕੰਮਲ ਹਨ। ਉਹਨਾਂ ਪੁਲਿਸ ਅਤੇ ਦੂਸਰੇ ਵਿਭਾਗਾਂ ਵੱਲੋਂ ਕੀਤੀਆ ਜਾ ਰਹੀਆਂ ਕੋਸ਼ਿਸ਼ਾ ਦੀ ਪ੍ਰਸੰਸਾਂ ਕਰਦੇ ਹੋਏ ਕਿਹਾ ਕਿ ਸਿਹਤ ਵਿਭਾਗ ਨੂੰ ਇਸ ਤਰਾਂ ਦਾ ਸਹਿਯੋਗ ਜ਼ਾਰੀ ਰੱਖਿਆ ਜਾਵੇ। 
ਇਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਜਿਲੇ ਦੇ ਸਮੂਹ ਉਪ ਮੰਡਲ ਮੈਜਿਸਟ੍ਰੇਟ, ਸੀਨੀਅਰ ਪੁਲਿਸ ਅਧਿਕਾਰੀ, ਸਿਹਤ ਵਿਭਾਗ ਦੇ ਉੱਚ ਅਧਿਕਾਰੀ, ਤਹਿਸੀਲਦਾਰ, ਸੀਨੀਅਰ ਮੈਡੀਕਲ ਅਫਸਰ ਅਤੇ ਡਰੱਗ ਇੰਸਪੈਕਟਰ ਹਾਜ਼ਰ ਸਨ। 
-----------------

No comments: