Friday, June 27, 2014

ਮਸਲਾ ਹੋਦ ਚਿੱਲੜ ਸਿੱਖ ਕਤਲੇਆਮ ਦਾ: ਨਹੀਂ ਦਿਤੀ ਜਾ ਰਹੀ ਤਰੀਕ

Fri, Jun 27, 2014 at 6:38 AM
ਗਰਗ ਕਮਿਸ਼ਨ ਰਿਪੋਰਟ ਲਟਕਾਉਣ ਦੇ ਮੂਡ 'ਚ-ਗਿਆਸਪੁਰਾ, ਘੋਲ਼ੀਆ
ਗਿਆਸਪੁਰਾ: (ਲੁਧਿਆਣਾ): 26 ਨਵੰਬਰ 2014: (ਪੰਜਾਬ ਸਕਰੀਨ ਬਿਊਰੋ):
ਦੇਸ਼ ਦੇ ਇਤਿਹਾਸ ਨੂੰ ਕਲੰਕਿਤ ਕਰਨ ਵਾਲੇ ਕਾਲੇ ਦੌਰ ਦੌਰਾਨ ਨਵੰਬਰ 1984 ਨੂੰ ਹੋਦ ਚਿੱਲੜ ਹਰਿਆਣੇ ਵਿਖੇ ਕਤਲ ਕੀਤੇ 32 ਸਿੱਖਾਂ ਦੇ ਮਾਮਲਿਆਂ ਨੂੰ ਹਰਿਆਣੇ ਵਿੱਚਲੀ ਕਾਂਗਰਸ ਦੀ ਹੁੱਡਾ ਸਰਕਾਰ ਦੇ ਇਸ਼ਾਰੇ 'ਤੇ ਠੰਡੇ ਬਸਤੇ ਵਿੱਚ ਪਾ ਦਿੱਤਾ ਗਿਆ ਹੈ, ਇਹ ਸ਼ਬਦ ਪੱਤਰਕਾਰਾਂ ਨਾਲ਼ ਗੱਲਬਾਤ ਕਰਦਿਆਂ ਹੋਦ ਚਿੱਲੜ ਤਾਲਮੇਲ ਕਮੇਟੀ ਦੇ ਆਗੂਆਂ ਇੰਜੀ.ਮਨਵਿੰਦਰ ਸਿੰਘ ਗਿਆਸਪੁਰਾ ਅਤੇ ਭਾਈ ਦਰਸਨ ਸਿੰਘ ਘੋਲੀਆ ਨੇ ਕਹੇ। ਉਨਾਂ ਅੱਗੇ ਕਿਹਾ ਕਿ ਪਿਛਲੀ 30 ਮਈ ਦੀ ਸੁਣਵਾਈ ਨੂੰ ਪੁਲਿਸ ਅਤੇ ਸਿਹਤ ਵਿਭਾਗ ਵਲੋਂ ਹੋਦ ਚਿੱਲੜ ਵਿੱਚ ਕਤਲ ਹੋਏ 32 ਸਿੱਖਾਂ ਦੀਆਂ ਪੋਸਟ ਮਾਰਟਮ ਰਿਪੋਰਟਾਂ ਪੇਸ਼ ਕੀਤੀਆਂ ਜਾਣੀਆਂ ਸਨ ਪਰ ਜੱਜ ਵਲੋਂ ਅਚਾਨਕ ਬਿਨਾ ਕੋਈ ਅਗਾਊ ਸੂਚਨਾ ਦਿੱਤਿਆਂ ਛੁੱਟੀ ਤੇ ਚਲੇ ਜਾਣ ਕਾਰਣ ਇਹ ਪੋਸਟ ਮਾਰਟਮ ਰਿਪੋਰਟਾਂ ਵੀ ਪੇਸ਼ ਨਹੀਂ ਹੋ ਸਕੀਆਂ। ਫਿਰ 30 ਮਈ ਨੂੰ ਉਹ ਅਤੇ ਪੀੜਤ ਜਦੋਂ ਕਮਿਸ਼ਨ ਕੋਲ਼ ਗਏ ਤਾਂ ਉਹਨਾਂ ਦੱਸਿਆ ਕਿ ਜੱਜ ਛੁੱਟੀ ਤੇ ਹਨ ਅਸੀਂ ਜਦੋਂ ਅਗਲੀ ਤਰੀਕ ਬਾਰੇ ਪੁੱਛਗਿੱਛ ਕੀਤੀ ਤਾਂ ਉਹਨਾਂ ਕਿਹਾ ਕਿ ਜਦੋਂ ਜੱਜ ਸਾਹਿਬ ਵਾਪਿਸ ਆ ਜਾਣਗੇ ਤਾਂ ਅਗਲੀ ਤਰੀਕ ਮਿਲ਼ ਜਾਵੇਗੀ। ਪਿਛਲੇ ਇੱਕ ਮਹੀਂਨੇ ਤੋਂ ਲਗਾਤਾਰ ਫੋਨ ਕਰਨ ਦੇ ਬਾਵਜੂਦ ਵੀ ਉਹਨਾਂ ਨੂੰ ਅਗਲੀ ਸੁਣਵਾਈ ਦੀ ਤਰੀਕ ਨਹੀਂ ਮਿਲ਼ ਰਹੀ ਅਤੇ ਉਹਨਾਂ ਨੂੰ ਖੱਜਲ਼ ਖੁਆਰ ਕੀਤਾ ਜਾ ਰਿਹਾ ਹੈ। ਤਾਲਮੇਲ ਕਮੇਟੀ ਦੇ ਆਗੂਆਂ ਅੱਗੇ ਕਿਹਾ ਕਿ ਹੋਦ ਚਿੱਲੜ ਵਾਲ਼ਾ ਕੇਸ ਆਪਣੇ ਅੰਤਿਮ ਪੜਾਅ ਤੇ ਹੈ ਅਤੇ ਉਹਨਾਂ ਨੂੰ ਲੱਗਦਾ ਹੈ ਕਿ ਹਰਿਆਣੇ ਵਿੱਚ ਚੋਣਾਂ ਨੇੜੇ ਹੋਣ ਕਾਰਨ ਕਾਂਗਰਸ ਦੀ ਹੁੱਡਾ ਸਰਕਾਰ ਇਸ ਕੇਸ ਨੂੰ ਠੰਡੇ ਬਸਤੇ ਵਿੱਚ ਪਾਉਣਾ ਚਾਹੁੰਦੀ ਹੈ । ਉਹਨਾਂ ਕਿਹਾ ਕਿ ਉਹਨਾਂ ਨੂੰ ਇੰਨਸਾਫ ਮੰਗਦਿਆਂ 30 ਸਾਲ ਗੁਜਰ ਚੁੱਕੇ ਹਨ ਅਤੇ ਏਦਾਂ ਦੀਆਂ ਬਦਸਲੂਕੀਆਂ ਦੇਖ ਕੇ ਹਰ ਸਿੱਖ ਦਾ ਦਿਲ ਕੂਕ ਉੱਠਦਾ ਹੈ ਕਿ ਅਸੀਂ ਅਜਿਹੇ ਦੇਸ਼ ਵਿੱਚ ਨਹੀਂ ਰਹਿਣਾ। ਉਹਨਾਂ ਕੇਂਦਰ ਵਿਚਲੀ ਮੋਦੀ ਸਰਕਾਰ ਅਤੇ ਪੰਜਾਬ ਦੀ ਬਾਦਲ ਸਰਕਾਰ ਨੂੰ ਅਪੀਲ਼ ਕੀਤੀ ਕਿ ਉਹ ਇਸ ਮਸਲੇ ਤੇ ਸਿੱਧੇ ਦਖਲ ਦੇ ਕੇ ਹੋਦ ਵਿੱਚ ਕਤਲ ਕੀਤੇ 32 ਸਿੱਖਾਂ ਅਤੇ ਗੁੜਗਾਉਂ ਪਟੌਦੀ ਵਿੱਚ ਕਤਲ ਕੀਤੇ 47 ਸਿੱਖਾਂ ਨੂੰ ਇੰਨਸਾਫ ਦਿਲਵਾਉਣ।ਹੁਣ ਦੇਖਣਾ ਹੈ ਕਿ ਅਜਿਹੀ ਹਾਲਤ ਵਿੱਚ ਸਿੱਖ ਵੋਟਰ ਕਾਂਗਰਸ ਦੇ ਖਿਲਾਫ਼ ਭੁਗਤਣਗੇ ਜਾਂ ਵੋਟਾਂ ਦਾ ਬਾਈਕਾਟ ਕਰਨ ਵਾਲਾ ਰਸਤਾ ਅਖਤਿਆਰ ਕਰਨਗੇ?

No comments: