Thursday, June 26, 2014

ਨਸ਼ਾ ਸਾਡੇ ਦੇਸ਼ ਦੇ ਨੌਜਵਾਨਾਂ ਨੂੰ ਘੁਣ ਵਾਂਗੂ ਖਾ ਰਿਹਾ ਹੈ--ਬੇਲਨ ਬ੍ਰਿਗੇਡ

 Thu, Jun 26, 2014 at 3:34 PM
ਵੱਡੇ ਨਸ਼ਾ ਤਸਕਰ ਅਜੇ ਵੀ ਪੁਲਿਸ ਦੀ ਗਿਰਫ਼ਤ ਤੋਂ ਬਾਹਰ
ਨਸ਼ਿਆਂ ਦਾ ਸੇਵਨ ਸ਼ਰੀਰ,ਦਿਮਾਗ ਅਤੇ ਦੇਸ਼ ਦੀ ਤਰੱਕੀ ਵਿੱਚ ਮੁੱਖ ਅੜਚਨ-ਅਨੀਤਾ ਸ਼ਰਮਾ
ਲੁਧਿਆਣਾ: 26 ਜੂਨ 2014: (ਪੰਜਾਬ ਸਕਰੀਨ ਬਿਊਰੋ):
ਕਿਸੇ ਨੂੰ ਦੌਲਤ ਕਮਾਉਣ ਦਾ ਜਨੂੰਨ ਹੈ, ਕਿਸੇ ਨੂੰ ਸ਼ੋਹਰਤ ਦਾ, ਕਿਸੇ ਨੂੰ ਕੁਰਸੀ ਦਾ ਅਤੇ ਕਿਸੇ ਨੂੰ ਕਾਰੋਬਾਰ ਦਾ ਪਰ ਅਨੀਤਾ ਸ਼ਰਮਾ ਅਤੇ ਉਸਦੀ ਟੀਮ ਵਾਲੀ ਬੇਲਨ ਬ੍ਰਿਗੇਡ ਨੇ ਸਭ ਤੋਂ ਔਖਾ ਜਨੂੰਨ ਚੁਣਿਆ ਹੈ-ਪੰਜਾਬ ਅਤੇ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ  ਤੋਂ ਬਚਾਉਣ ਦਾ।  ਹਰ ਰੋਜ਼ ਖਤਰਿਆਂ ਭਰੇ ਟਕਰਾਅ ਅਤੇ ਧਮਕੀਆਂ ਦੇ ਬਾਵਜੂਦ ਅਡੋਲਤਾ ਨਾਲ ਚਲਦਾ ਹੋਇਆ ਇਹ ਕਾਫ਼ਿਲਾ ਲਗਾਤਾਰ ਵਧ ਰਿਹਾ ਹੈ।
ਬੇਲਨ ਬ੍ਰਿਗੇਡ ਵੱਲੋਂ ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਹਾੜੇ ਤੇ ਸਥਾਨਕ ਸਰਕਟ ਹਾਉਸ ਵਿੱਖੇ ਨਸ਼ੀਲੀਆਂ  ਦਵਾਵਾਂ ਦੇ ਸੇਵਨ ਅਤੇ ਨਾਜਾਇਜ਼ ਤਸਕਰੀ ਦੇ ਖਿਲਾਫ਼ ਇੱਕ ਖਾਸ ਸਮਾਰੋਹ ਦਾ ਆਯੋਜਨ ਕੀਤਾ ਗਿਆ, ਇਸ ਦੌਰਾਨ  ਬ੍ਰਿਗੇਡ ਦੀ ਪ੍ਰਧਾਨ ਅਨੀਤਾ ਸ਼ਰਮਾ ਨੇ ਕਿਹਾ ਕਿ ਨਸ਼ਾ ਸਾਡੇ ਦੇਸ਼ ਦੇ ਨੌਜਵਾਨਾ ਨੂੰ ਘੁਣ ਵਾਂਗੂ ਖਾ ਰਿਹਾ ਹੈ, ਨਸ਼ੇ ਦੇ ਭੈੜੇ ਪਰਭਾਵ ਕਰਕੇ ਸ਼ਰੀਰ, ਦਿਮਾਗ ਅਤੇ ਦੇਸ਼ ਦੀ ਤਰੱਕੀ ਵਿੱਚ ਰੁਕਾਵਟ ਬਣਕੇ ਉਭਰ ਰਿਹਾ ਹੈ,ਇਸ ਦੇ ਪਰਭਾਵ ਕਰਕੇ ਹੀ ਸੜਕੀ ਹਾਦਸੇ ਅਤੇ ਆਤਮ ਹਤਿਆ ਵਰਗੀਆਂ ਘਟਨਾਵਾਂ ਵਿੱਚ ਵਾਧਾ ਹੋ ਰਿਹਾ ਹੈ। ਅਨੀਤਾ ਸ਼ਰਮਾ ਨੇ ਕਿਹਾ ਕਿ ਨਸ਼ਾ ਵਿਰੋਧੀ ਦਿਹਾੜੇ ਦੇ ਜ਼ਰੀਏ ਸਮਾਜ ਦੇ ਨੌਜਵਾਨਾ ਨੂੰ ਸੰਦੇਸ਼ ਦਿੱਤਾ ਜਾ ਰਿਹਾ ਹੈ ਕਿ ਨਸ਼ਾ ਆਦਮੀ ਦੇ ਜੀਵਨ ਲਈ ਘਾਤਕ ਹੈ ਜਿਸ ਘਰ ਵਿੱਚ ਨਸ਼ਾ ਕਰਨ ਵਾਲੇ ਹੋਣ ਉਸ ਘਰ ਚ‘ ਸੁਖ ਸ਼ਾਂਤੀ ਅਤੇ ਦੌਲਤ ਨਹੀ ਆਉਂਦੀ। ਨਸ਼ਾ ਕਰਕੇ ਹੀ ਅਨੇਕਾਂ ਘਰ ਤਵਾਹ ਹੋ ਗਏ ਹਨ। ਨਸ਼ੇ ਦਾ ਇਸਤੇਮਾਲ ਕਰਨ ਵਾਲਾ ਮਨੁਖ ਇੱਕ ਮਰੀਜ ਹੈ ਜਿਸਦਾ ਇਲਾਜ ਹੋਣਾ ਬਹੁਤ ਜਰੂਰੀ ਹੈ,ਅਤੇ ਇਹੋ ਜਿਹੇ ਆਦਮੀ ਨੂੰ ਪਿਆਰ ਨਾਲ ਸਮਝਾ ਬੁਝਾ ਕੇ ਨਸ਼ੇ ਦੇ ਕੀਚੜ ਤੋਂ ਬਾਹਰ ਕਢਿਆ ਜਾ ਸਕਦਾ ਹੈ। ਉਹਨਾ ਕਿਹਾ ਕਿ ਨਸ਼ਾ ਕਰਨ ਵਾਲੇ ਨੂੰ ਪਿਆਰ ਨਾਲ  ਸਮਝਾਇਆ  ਜਾਵੇ ਕਿ ਨਸ਼ਾ ਕੁਝ ਪਲ ਦਾ ਮਜਾ ਤੇ ਸਾਰੀ ਉਮਰ ਦੀ ਸਜ਼ਾ ਹੁੰਦਾ ਹੈ। ਜੇ ਕਰ ਇਹ ਆਦਤ ਕਿਸੇ ਨੂੰ ਲਗ ਜਾਵੇ ਤਾਂ ਆਪਣੇ ਜੀਵਨ ਦੇ ਨਾਲ ਨਾਲ ਪੂਰੇ ਪਰਿਵਾਰ ਦੀ ਜਿੰਦਗੀ ਵੀ ਨਰਕ ਬਣ ਜਾਂਦੀ ਹੈ। ਉਹਨਾ ਅਪੀਲ ਕਰਦੇ ਹੋਏ ਕਿਹਾ ਕਿ ਨਸ਼ਾ ਕਰਨ ਵਾਲਿਆਂ ਨੂੰ ਸਹੀ ਰਾਸਤਾ ਦਿਖਾਉਣ ਤੇ ਉਹਨਾ ਨੂੰ ਨਸ਼ਿਆਂ ਦੇ ਕੀਚੜ ਵਿੱਚੋਂ ਕਢਣ ਲਈ ਹਰ ਇਨਸਾਨ ਨੂੰ ਆਪਣਾ ਯੋਗਦਾਨ ਪਾਉਣਾ ਚਾਹਿਦਾ ਹੈ। ਇਸਦੇ ਇਲਾਵਾ ਸਕੂਲਾਂ,ਕਾਲਜਾਂ ਸਹਿਤ ਧਾਰਮਿਕ ਅਤੇ ਸਮਾਜਿਕ ਸਮਾਗਮਾਂ ਵਿੱਚ ਵੀ ਨਸ਼ਿਆਂ ਦੇ ਖਿਲਾਫ਼ ਜਾਗਰੂਕ ਕਰਨਾ ਚਾਹੀਦਾ ਹੈ। ਸ਼ਰਮਾ ਨੇ ਕਿਹਾ ਕਿ ਨਸ਼ਿਆਂ ਦੇ ਵਾਪਰੀਆਂ ਦੇ ਖਿਲਾਫ਼ ਜਨ ਆਂਦੋਲਨ ਚਲਾਇਆ ਜਾਵੇ ਅਤੇ ਸਰਕਾਰ ਤੇ ਪਰਸ਼ਾਸਨ ਵੀ ਨਸ਼ਿਆਂ ਦੇ ਵਪਾਰੀਆਂ ਦੇ ਨਾਲ ਨਰਮੀ ਨਾ ਬਰਤੇ ਅਤੇ ਉਹਨਾ ਨੂੰ ਸਖਤ ਸਜ਼ਾ ਦੇਵੇ ਅਤੇ ਉਹਨਾਂ ਦਾ ਸਾਮਾਜਿਕ ਬਹਿਸ਼ਕਾਰ ਕਰੇ। ਉਹਨਾਂ ਕਿਹਾ ਕਿ ਬੀਤੇ ਮਹੀਨਿਆਂ ਵਿੱਚ ਅਨੇਕਾਂ ਨਸ਼ਾ ਕਰਨ ਵਾਲਿਆਂ ਤੇ ਛੋਟੇ ਵਪਾਰੀਆਂ ਨੂੰ ਗਿਰਫਤਾਰ ਕੀਤਾ ਗਿਆ ਜਦੋਂ ਕਿ ਵੱਡੇ ਨਸ਼ਾ ਤਸਕਰ ਅਜੇ ਵੀ ਪੁਲਿਸ ਦੀ ਗਿਰਫ਼ਤ ਤੋਂ ਬਾਹਰ ਹੈ ਜਿਨ੍ਹਾਂ ਤੇ ਸ਼ਿਕੰਜਾ ਕਸਿਆ ਜਾਣਾ ਬਹੁਤ ਜਰੂਰੀ ਹੈ। ...ਇਸ ਮੌਕੇ ਜੇਸਿਕਾ,ਗੁਰਪ੍ਰੀਤ ਕੌਰ,ਯਸ਼ ਪਾਲ ਕੌਰ ਭਿੰਡਰ,ਧਰਮਿੰਦਰ ਕੁਮਾਰ,ਰਣਦੀਪ ਕੁਮਾਰ,ਐਡਵੋਕੇਟ ਸੰਜੀਵ ਮਲਹੋਤਰਾ ਆਦਿ ਹਾਜਰ ਸਨ। 

No comments: