Saturday, June 21, 2014

ਸਨੈਚਰਾਂ 'ਤੇ ਸ਼ਿਕੰਜਾ ਕੱਸਣ ਲਈ ਹੁਣ ਇੱਕ ਉਪਰਾਲਾ ਹੋਰ

ਪੁਲਸ ਨੇ ਕੀਤਾ ਐਂਟੀ ਸਨੈਚਿੰਗ ਸੈੱਲ ਦਾ ਗਠਨ 
ਨੂਰਵਾਲਾ ਰੋਡ 'ਤੇ ਛੁਰਾ ਮਾਰ ਕੇ ਹੋਈ ਲੁੱਟ ਦੀ ਵਾਰਦਾਤ ਹੱਲ
ਲੁਧਿਆਣਾ:21 ਜੂਨ 2014: (ਪੰਜਾਬ ਸਕਰੀਨ ਬਿਊਰੋ):
ਥਾਂ ਥਾਂ ਲੱਗੇ ਪੁਲਿਸ ਨਾਕਿਆਂ ਦੇ ਬਾਵਜੂਦ ਬਾਰ ਬਾਰ ਹੁੰਦੀਆਂ ਸਨੈਚਿੰਗ ਦੀਆਂ ਘਟਨਾਵਾਂ ਨੂੰ ਠਲ੍ਹ ਪਾਉਣ ਲਈ ਹੁਣ ਪੁਲਿਸ ਨੇ ਇੱਕ ਨਵਾਂ ਕਦਮ ਚੁੱਕਿਆ ਹੈ। ਕਮਿਸ਼ਨਰੇਟ ਵਿਚ ਦਿਨ-ਬ-ਦਿਨ ਵਧ ਰਹੀਆਂ ਸਨੈਚਿੰਗ ਦੀਆਂ ਵਾਰਦਾਤਾਂ ਨੂੰ ਰੋਕਣ ਅਤੇ ਪੁਲਸ ਲਈ ਸਿਰਦਰਦੀ ਬਣ ਚੁੱਕੇ ਸਨੈਚਰਾਂ ਨੂੰ ਸਲਾਖਾਂ ਦੇ ਪਿੱਛੇ ਪਹੁੰਚਾਉਣ ਦੇ ਮਕਸਦ ਨਾਲ ਜ਼ਿਲਾ ਪੁਲਸ ਨੇ ਐਂਟੀ ਸਨੈਚਿੰਗ ਸੈੱਲ ਦਾ ਗਠਨ ਕੀਤਾ ਹੈ। ਇਸ ਸੈਲ ਦੇ ਗਠਨ ਤੋਂ ਬਾਅਦ ਉਮੀਦ ਹੈ ਹੁਣ ਲੋਕਾਂ ਨੂੰ ਵੀ ਸੁੱਖ ਦਾ ਸਾਹ ਮਿਲੇਗਾ। ਪੁਲਸ ਵਿਭਾਗ ਵਲੋਂ ਬਣਾਏ ਗਏ ਇਸ ਸੈੱਲ ਨੇ 24 ਘੰਟੇ ਦੇ ਅੰਦਰ ਹੀ ਨੂਰਵਾਲਾ ਰੋਡ 'ਤੇ ਦਿਨ-ਦਿਹਾੜੇ ਧਰਮਪਾਲ ਜੈਨ (55) ਦੀ ਛਾਤੀ  ਵਿਚ ਸੂਆ ਰੋਡ ਮਾਰ ਕੇ ਕੀਤੀ ਗਈ ਲੁੱਟ ਦੀ ਵਾਰਦਾਤ ਨੂੰ ਹੱਲ ਕਰ ਦਿੱਤਾ। ਪੁਲਸ ਨੇ ਦੋਸ਼ੀਆਂ ਕੋਲੋਂ ਲੁੱਟ ਦੇ ਦੌਰਾਨ ਪ੍ਰਯੋਗ ਕੀਤਾ ਗਿਆ ਖੰਜਰ ਅਤੇ ਲੁੱਟੀ ਗਈ ਸੋਨੇ ਦੀ ਅੰਗੂਠੀ ਵੀ ਬਰਾਮਦ ਕਰ ਲਈ ਹੈ। ਇਸ ਗੱਲ ਦਾ ਖੁਲਾਸਾ ਏ. ਸੀ. ਪੀ. ਜੇ. ਐਲਨਚੇਜੀਅਨ ਨੇ ਸ਼ਨੀਵਾਰ ਨੂੰ ਖਚਾਖਚ ਭਰੇ ਪੱਤਰਕਾਰ ਸੰਮੇਲਨ ਦੌਰਾਨ ਕੀਤਾ। ਇਸ ਮੌਕੇ ਏ. ਸੀ. ਪੀ. ਨੇ ਦੱਸਿਆ ਕਿ ਫੜੇ ਗਏ ਦੋਸ਼ੀਆਂ ਦੀ ਪਛਾਣ ਮਨਜਿੰਦਰ ਸਿੰਘ ਉਰਫ ਦਾੜੀ ਨਿਵਾਸੀ ਸ਼ਿਵਪੁਰੀ ਅਤੇ ਅਮਨਦੀਪ ਸਿੰਘ ਉਰਫ ਨੋਨੀ ਨਿਵਾਸੀ ਨੂਰਵਾਲਾ ਰੋਡ ਦੇ ਰੂਪ ਵਿਚ ਹੋਈ ਹੈ। ਸੈੱਲ ਦੇ ਏ. ਐੱਸ. ਆਈ. ਹਰਜੀਤ ਸਿੰਘ ਨੇ ਉਕਤ ਦੋਸ਼ੀਆਂ ਨੂੰ ਸੂਚਨਾ ਦੇ ਆਧਾਰ 'ਤੇ ਹੈਬੋਵਾਲ ਦੇ ਇਲਾਕੇ ਬਚਨ ਸਿੰਘ ਰੋਡ ਤੋਂ ਸ਼ੁੱਕਰਵਾਰ ਸ਼ਾਮ ਨੂੰ ਸੂਚਨਾ ਦੇ ਆਧਾਰ 'ਤੇ ਉਦੋਂ ਕਾਬੂ ਕੀਤਾ, ਜਦ ਉਹ ਕਿਸੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਜਾ ਰਹੇ ਹਨ। ਪੁਲਸ ਨੇ ਦੋਵਾਂ ਦੇ ਖਿਲਾਫ ਥਾਣਾ ਹੈਬੋਵਾਲ ਵਿਚ ਮਾਮਲਾ ਦਰਜ ਕੀਤਾ ਹੈ। ਪੁਲਸ ਨੇ ਦੋਸ਼ੀਆਂ ਕੋਲੋਂ ਇਕ ਮੋਟਰਸਾਈਕਲ ਵੀ ਬਰਾਮਦ ਕੀਤਾ ਹੈ, ਜਿਸ 'ਤੇ ਦੋਸ਼ੀਆਂ ਨੇ ਪੁਲਸ ਤੋਂ ਬਚਣ ਲਈ ਜਾਅਲੀ ਨੰਬਰ ਪਲੇਟ ਲਗਾ ਰੱਖੀ ਸੀ। ਇਸ ਮੋਟਰਸਾਈਕਲ ਦਾ ਇਸਤੇਮਾਲ ਉਹ ਸਿਰਫ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਦੇ ਲਈ ਕਰਦੇ ਸਨ। ਹੁਣ ਤਕ ਦੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਦੋਵੇਂ ਸਨੈਚਰ ਕਰੀਬ 4 ਸਾਲਾਂ ਤੋਂ ਸਨੈਚਿੰਗ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਦੋਵਾਂ ਖਿਲਾਫ 2 ਦਰਜਨ ਦੇ ਕਰੀਬ ਪੰਜਾਬ ਦੇ ਵੱਖ-ਵੱਖ ਥਾਣਿਆਂ ਵਿਚ ਮਾਮਲੇ ਦਰਜ ਹਨ। ਕਿਵੇਂ ਕਰੇਗਾ ਪੁਲਸ ਦਾ ਇਹ ਸੈੱਲ ਕੰਮ : ਪੁਲਸ ਵਿਭਾਗ ਵਲੋਂ ਬਣਾਇਆ ਗਿਆ ਇਹ ਸੈੱਲ ਸ਼ਹਿਰ ਵਿਚ ਹੋਣ ਵਾਲੀਆਂ ਸਨੈਚਿੰਗ ਦੀਆਂ ਵਾਰਦਾਤਾਂ ਨੂੰ ਰੋਕਣ ਅਤੇ ਹੱਲ ਕਰਨ ਦੇ ਲਈ ਕੰਮ ਕਰੇਗਾ। ਸ਼ਹਿਰ ਵਿਚ ਜਿਥੇ ਵੀ ਹੁਣ ਸਨੈਚਿੰਗ ਦੀ ਵਾਰਦਾਤ ਹੋਵੇਗੀ, ਇਹ ਸੈੱਲ ਮੌਕੇ 'ਤੇ ਪਹੁੰਚ ਕੇ ਜਾਂਚ ਕਰਕੇ ਉਨ੍ਹਾਂ ਦੀ ਤਲਾਸ਼ੀ ਵਿਚ ਜੁਟ ਜਾਵੇਗਾ। ਦੋਸ਼ੀਆਂ ਨੂੰ ਕਾਬੂ ਕਰਕੇ ਜੇਲ ਤਕ ਪਹੁੰਚਾਉਣ ਦੀ ਜ਼ਿੰਮੇਵਾਰੀ ਇਸ ਸੈੱਲ ਦੇ 10 ਕਰਮਚਾਰੀਆਂ ਦੇ ਮੋਢਿਆਂ 'ਤੇ ਰਹੇਗੀ। ਹੁਣ ਦੇਖਣਾ ਹੈ ਕਿ ਇਹ ਵਿਸ਼ੇਸ਼ ਸੈਲ ਕਿੰਨੀ ਜਲਦੀ ਆਪਣੀ ਸ਼ਕਤੀ ਦਾ ਲੋਹਾ ਮਨਵਾਉਂਦਾ ਹੈ। 

No comments: