Thursday, June 19, 2014

ਮੀਡੀਆ 'ਚ ਖਬਰਾਂ ਆਉਣ ਤੋਂ ਬਾਅਦ ਕੀਤੀ ਸਿਸੋਦੀਆ ਨੇ ਮੀਡੀਆ ਨਾਲ ਮੁਲਾਕਾਤ

ਮੀਟਿੰਗ 'ਚ ਵੀ ਨਹੀਂ ਜਾਣ ਦਿੱਤਾ ਗਿਆ ਅੱਗਰਵਾਲ ਗਰੁੱਪ ਦੇ ਸਮਰਥਕਾਂ ਨੂੰ
ਲੁਧਿਆਣਾ:18 ਜੂਨ 2014: 
(ਰੈਕਟਰ ਕਥੂਰੀਆ//ਪੰਜਾਬ ਸਕਰੀਨ): 
ਆਮ ਤੋਂ ਖਾਸ ਬਣ ਜਾਣ ਦੀਆਂ ਖਬਰਾਂ ਮੀਡੀਆ ਵਿੱਚ ਆਉਣ ਤੋਂ ਬਾਅਦ ਆਖਿਰਕਾਰ ਆਮ ਆਦਮੀ ਪਾਰਟੀ ਦੇ ਪ੍ਰਮੁਖ ਆਗੂ ਮੁਨੀਸ਼ ਸਿਸੋਦੀਆ ਆਪਣੇ ਸਾਥੀ ਪੱਤਰਕਾਰ ਜਰਨੈਲ ਸਿੰਘ ਅਤੇ ਐਚ ਐਸ ਫੂਲਕਾ ਦੇ ਨਾਲ ਮੀਡੀਆ ਦੇ ਰੂਬਰੂ ਹੋਣ ਲਈ ਤਿਆਰ ਹੋ ਹੀ ਗਏ। ਮੀਡੀਆ ਮੀਟ ਦੇ ਮਾਮਲੇ ਵਿੱਚ ਕੱਦੇ ਹਾਂ-ਕਦੇ ਨਾਹ ਵਾਲੀ ਇਸ "ਨੀਤੀ" ਨਾਲ ਪੂਰੇ ਮੀਡੀਆ ਨਾਲ ਇਹਨਾਂ ਲੀਡਰਾਂ ਦੀ ਮੁਲਾਕਾਤ ਨਹੀਂ ਹੋ ਸਕੀ। ਆਮ ਆਦਮੀ ਪਾਰਟੀ ਜੋ ਆਮ ਆਦਮੀ ਦੇ ਲਈ ਸੰਘਰਸ਼ ਕਰਨ ਦਾ ਦਾਅਵਾ ਕਰ ਰਹੀ ਹੈ ਹੁਣ ਆਪਸੀ ਫੁੱਟ ਦਾ ਸ਼ਿਕਾਰ ਹੁੰਦੀ ਨਜਰ ਆ ਰਹੀ ਹੈ। ਗੁਰੂਨਾਨਕ ਭਵਨ ਵਿੱਚ ਵੀ ਇਸਦੇ ਬਹੁਤ ਸਾਰੇ ਵਰਕਰ ਗੇਟ ਤੋਂ ਕੁਝ ਦੂਰ ਖੜੇ ਮੀਡੀਆ ਨੂੰ ਦੱਸ ਰਹੇ ਸਨ ਕਿ ਅੰਦਰ ਵਾਲੰਟੀਅਰ ਮੀਟਿੰਗ ਹੋਣ ਦੇ ਬਾਵਜੂਦ ਸਾਨੂੰ ਅੰਦਰ ਨਹੀਂ ਜਾਨ ਦਿੱਤਾ ਜਾ ਰਿਹਾ। ਰਾਜਨੀਤੀ 'ਚ ਕਦਮ ਰੱਖਦੇ ਸਾਰ ਹੀ ਦੇਸ਼ ਦੀ ਜਨਤਾ ਦੇ ਦਿਲ ਵਿਚ ਆਪਣੀ ਥਾਂ ਮਜ਼ਬੂਤੀ ਨਾਲ ਬਣਾ ਲੈਣ ਦਾ ਦਾਅਵਾ ਕਰਦੀ ਇਹ ਪਾਰਟੀ ਹੁਣ ਖੁਦ ਵੀ ਰਵਾਇਤੀ ਪਾਰਟੀਆਂ ਵਾਲੀਆਂ ਖਾਮੀਆਂ ਦਾ ਸ਼ਿਕਾਰ ਹੁੰਦੀ ਨਜਰ ਆ ਰਹੀ ਹੈ। 
'ਆਪ' ਦੇ ਉੱਘੇ ਰਾਸ਼ਟਰੀ ਨੇਤਾ ਮੁਨੀਸ਼ ਸਿਸੋਦੀਆ ਨੇ 17 ਜੂਨ ਨੂੰ ਨਾਂਹ ਨੁੱਕਰ ਤੋਂ ਬਾਅਦ ਆਖਿਰ 18 ਜੂਨ ਨੂੰ ਮੀਡੀਆ ਨਾਲ ਗੱਲਬਾਤ ਕਰਨਾ ਮੰਨ ਲਿਆ ਪਰ ਇਸ ਵਿੱਚ ਵੀ ਸਾਰਿਆਂ ਨੂੰ ਸੱਦਾ ਨਹੀਂ ਦਿੱਤਾ ਗਿਆ। ਜਨਤਕ ਮੈਦਾਨਾਂ ਤੋਂ ਹੋਟਲ ਕਲ੍ਚਰ ਵੱਲ ਮੋੜਾ ਕੱਟਦਿਆਂ ਇਸ ਆਮ ਆਦਮੀ ਪਾਰਟੀ ਦੇ ਇਹਨਾਂ ਆਗੂਆਂ ਨੇ ਪੱਖੋਵਾਲ ਰੋਡ ਸਥਿਤ ਇਕ ਹੋਟਲ ਵਿਚ ਮੀਡੀਆ ਨਾਲ ਗੱਲਬਾਤ ਕੀਤੀ। ਉਹਨਾਂ ਕਿਹਾ ਕਿ ਦੇਸ਼ ਭਰ 'ਚ ਆਪ ਪਾਰਟੀ ਦੀਆਂ ਉਪਲਬੱਧੀਆਂ ਦੇ ਨਾਲ-ਨਾਲ ਦੇਸ਼ ਦੀ ਜਨਤਾ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਨੂੰ ਸਮਝ ਕੇ ਅਸੀਂ ਸੱਤਾ ਵਿਚ ਆਉਂਦੇ ਹੀ ਪਹਿਲ ਦੇ ਆਧਾਰ 'ਤੇ ਹੱਲ ਕਰਾਂਗੇ। ਮੀਡੀਆ ਵਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਦਿੰਦੇ ਹੋਏ ਸ਼੍ਰੀ ਸਿਸੋਦੀਆ ਨੇ ਕਿਹਾ ਕਿ ਅਸੀਂ ਦਿੱਲੀ ਵਿਚ ਦੁਬਾਰਾ ਚੋਣਾਂ ਕਰਵਾ ਕੇ ਆਪਣੀ ਸਰਕਾਰ ਦੁਬਾਰਾ ਤੋਂ ਬਣਾਵਾਂਗੇ। ਉਨ੍ਹਾਂ ਭਾਜਪਾ 'ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਭਾਜਪਾ ਹੋਛੀ ਰਾਜਨੀਤੀ ਦਾ ਸਹਾਰਾ ਲੈ ਕੇ ਸਾਡੇ ਵਿਧਾਇਕਾਂ ਨੂੰ ਖਰੀਦਣਾ ਚਾਹੁੰਦੀ ਹੈ ਤਾਂ ਕਿ 'ਆਪ' ਨੂੰ ਕਮਜ਼ੋਰ ਕੀਤਾ ਜਾ ਸਕੇ ਪਰ ਸਾਡੇ ਸਾਰੇ ਸਾਥੀਆਂ ਦੇ ਮਨਸੂਬੇ ਮਜ਼ਬੂਤ ਹਨ ਅਤੇ ਉਹ ਵਿਕਣ ਵਾਲੇ ਨਹੀਂ ਹਨ। ਪੰਜਾਬ ਬਾਰੇ 'ਚ ਪੁੱਛੇ ਗਏ ਸਵਾਲ 'ਤੇ ਸਿਸੋਦੀਆ ਨੇ ਤੈਸ਼ ਵਿਚ ਆ ਕੇ ਕਿਹਾ ਕਿ ਅਕਾਲੀ-ਭਾਜਪਾ ਗਠਜੋੜ ਨੇ ਪੰਜਾਬ ਦੀ ਨੌਜਵਾਨ ਪੀਡ਼੍ਹੀ ਨੂੰ ਨਸ਼ੇ ਅਤੇ ਭ੍ਰਿਸ਼ਟਾਚਾਰ ਦੀ ਦਲਦਲ ਵਿਚ ਫਸਾ ਦਿੱਤਾ ਹੈ ਅਤੇ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਦਾ ਨੌਜਵਾਨ ਜੋ ਦੁਨੀਆ ਵਿਚ ਆਪਣੀ ਮਿਹਨਤ ਦੇ ਬਲਬੂਤੇ 'ਤੇ ਜਾਣਿਆ ਜਾਂਦਾ ਹੈ, ਉਸ ਦੀ ਇਸ ਹਿੰਮਤ ਅਤੇ ਮਿਹਨਤ ਨੂੰ ਪੂਰੀ ਦੁਨੀਆ ਵਿਚ ਮਿਸਾਲ ਦੇ ਤੌਰ 'ਤੇ ਪੇਸ਼ ਕੀਤਾ ਜਾਣਾ ਚਾਹੀਦਾ ਹੈ, ਜੋ ਅਸੀਂ ਕਰਾਂਗੇ। ਉਨ੍ਹਾਂ ਕਿਹਾ ਕਿ ਅੱਜ ਦੀ ਇਹ ਬੈਠਕ ਪੰਜਾਬ ਦੇ ਸਾਰੇ 13 ਜ਼ਿਲਿਆਂ ਦੀਆਂ ਕਮੇਟੀਆਂ ਨਾਲ ਕਰਕੇ ਇਸ 'ਤੇ ਸਾਡੀ ਪਾਰਟੀ ਮੰਥਨ ਕਰ ਰਹੀ ਹੈ ਕਿ ਦੇਸ਼ ਵਿਚ ਹੋਈਆਂ ਲੋਕ ਸਭਾ ਚੋਣਾਂ ਵਿਚ ਅਸੀਂ ਇੰਨੀਆਂ ਘੱਟ ਸੀਟਾਂ ਕਿਉਂ ਪ੍ਰਾਪਤ ਕਰ ਸਕੇ ਅਤੇ ਜ਼ਮੀਨੀ ਪੱਧਰ 'ਤੇ ਕੀ ਕਮਜ਼ੋਰੀਆਂ ਰਹਿ ਗਈਆਂ ਸਨ, ਉਨ੍ਹਾਂ ਨੂੰ ਦੇਖ ਕੇ ਅਤੇ ਸਮਝ ਕੇ ਅਸੀਂ ਆਉਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਸਾਰੀਆਂ ਸੀਟਾਂ 'ਤੇ ਆਪਣੇ ਉਮੀਦਵਾਰ ਖੜ੍ਹੇ ਕਰਾਂਗੇ ਅਤੇ ਜਨਤਾ ਦੇ ਸਹਿਯੋਗ ਨਾਲ ਜਿੱਤ ਦਾ ਝੰਡਾ ਵੀ ਲਹਿਰਾਵਾਂਗੇ। ਉਨ੍ਹਾਂ ਕਿਹਾ ਕਿ 'ਆਪ' ਦਾ ਮੁੱਖ ਏਜੰਡਾ ਭ੍ਰਿਸ਼ਟਾਚਾਰ ਨੂੰ ਖਤਮ ਕਰਨਾ ਹੈ। ਇਸ ਮੌਕੇ ਫਤਿਹਗੜ੍ਹ ਸਾਹਿਬ ਤੋਂ ਐੱਮ. ਪੀ. ਹਰਵਿੰਦਰ ਸਿੰਘ ਖਾਲਸਾ, ਐੱਚ. ਐੱਸ. ਫੂਲਕਾ, ਜਰਨੈਲ ਸਿੰਘ ਪੱਤਰਕਾਰ , ਰਾਘਵ ਤੇ ਕਈ ਹੋਰ ਨੇਤਾ ਮੌਜੂਦ ਸਨ।
ਕਾਬਿਲੇ ਜ਼ਿਕਰ ਹੈ ਕਿ ਚੋਣਾਂ ਦੌਰਾਨ ਇਸ ਪਾਰਟੀ ਦੀ ਜਿੱਤ ਲਈ ਸਰਗਰਮ ਰੋਲ ਨਿਭਾਉਣ ਵਾਲੀ ਇੱਕ ਅਹਿਮ ਮਹਿਲਾ ਲੀਡਰ 17 ਜੂਨ ਨੂੰ ਜਦੋਂ ਕਿਸੇ ਹੋਰ ਫੰਕਸ਼ਨ  ਵਿੱਚ ਮਿਲੀ ਤਾਂ ਮੀਡੀਆ ਦੇ ਕੁਝ ਮੈਂਬਰਾਂ ਨੇ ਗੈਰ ਰਸਮੀ ਤੌਰ ਤੇ ਪੁਛਿਆ ਕਿ ਅੱਜਕਲ੍ਹ ਮੀਡੀਆ ਨਾਲ ਕੌਣ ਡੀਲ ਕਰ ਰਿਹਾ ਹੈ ਤਾਂ ਇਸ ਮਹਿਲਾ ਲੀਡਰ ਦਾ ਜੁਆਬ ਸੀ ਕੋਈ ਮੈਨੇਜ ਨਹੀਂ ਕਰ ਰਿਹਾ। ਇਹ ਪੁਛੇ ਜਾਣ ਤੇ ਕਿ ਕੀ ਅੱਜਕਲ੍ਹ ਮੀਡੀਆ ਦੇ ਮਾਮਲੇ ਤੇ ਫਿਰ 
ਮਿਸਮੈਨੇਜਮੈਂਟ ਹੈ ਤਾਂ ਇਹ ਮਹਿਲਾ ਆਗੂ ਬੋਲੀ ਬਸ ਇਹੀ ਸਮਝ ਲਓ। 
ਜਦੋਂ 18 ਜੂਨ ਨੂੰ ਕੁਝ ਪੱਤਰਕਾਰ ਗੁਰੂਨਾਨਕ ਭਵਨ ਵਿਖੇ ਪਹੁੰਚੇ ਤਾਂ ਉਥੇ ਗੇਟ ਤੋਂ ਕੁਝ ਉਰੇ ਹੀ ਇੱਕ ਗਰੁੱਪ ਖੜ੍ਹਾ ਸੀ ਸ਼੍ਰੀ ਅੱਗਰਵਾਲ ਦੀ ਅਗਵਾਈ ਵਿੱਚ। ਉਹਨਾਂ ਨੇ ਮੀਡੀਆ ਨੂੰ ਕੁਝ ਪੈਂਫਲਿਟ ਵੀ ਦਿੱਤੇ ਜਿਹਨਾਂ ਵਿੱਚ ਦੱਸਿਆ ਗਿਆ ਸੀ ਕਿ ਕਿਵੇਂ ਹੁਣ ਆਮ ਆਦਮੀ ਪਾਰਟੀ ਖਾਸ ਪਾਰਟੀ ਬਣਦੀ ਜਾ ਰਹੀ ਹੈ। ਉਹਨਾਂ ਭਰੇ ਦਿਲ ਨਾਲ ਇੱਕ ਸ਼ਿਅਰ ਦਾ ਹਵਾਲਾ ਦੇਂਦਿਆਂ ਆਖਿਆ--
ਜਬ ਚਮਨ ਕੋ ਲਹੂ ਕੀ ਜ਼ਰੁਰਤ ਪੜੀ ਸਬਸੇ ਪਹਿਲੇ ਹੀ ਗਰਦਨ ਹਮਾਰੀ ਕਟੀ;
ਫਿਰ ਭੀ ਕਹਤੇ ਹੈਂ ਹਮਸੇ ਯੇ ਅਹਿਲੇ ਕਦਮ-ਯੇਹ ਚਮਨ ਹੈ ਹਮਾਰਾ ਤੁਮ੍ਹਾਰਾ ਨਹੀਂ। 
ਸ਼੍ਰੀ ਅੱਗਰਵਾਲ ਨੇ ਦੱਸਿਆ ਕਿ ਜਿਹੜਾ ਵਰਕਰ ਮੇਰੇ ਕੋਲ ਹੱਥ ਮਿਲਾਉਣ ਲਈ ਵੀ ਖੜਾ ਹੋ ਜਾਵੇ ਉਸਨੂੰ ਮੀਟਿੰਗ ਹਾਲ ਦੇ ਅੰਦਰ ਦਾਖਿਲ ਨਹੀਂ ਹੋਣ ਦਿੱਤਾ ਜਾਂਦਾ। ਉਹਨਾਂ ਸਾਫ਼ ਕਿਹਾ ਕਿ ਜੇ ਪਾਰਟੀ ਨੂੰ ਸੱਤਾ ਮਿਲ ਜਾਂਦੀ ਤਾਂ ਫਿਰ ਇਹਨਾਂ ਲੀਡਰਾਂ ਸਾਡੀ ਗੱਲ ਹੀ ਨਹੀਂ ਸੀ ਸੁਣਨੀ। 

No comments: