Tuesday, June 17, 2014

ਅਖੌਤੀ ਬਾਬਿਆ ਦਾ ਇੱਕ ਹੋਰ ਕਾਰਨਾਮਾ ਬੇਨਕਾਬ

ਗੈਰਤ ਦਾ ਨਿਕਲਿਆ ਜਨਾਜਾ-ਪਤਨੀ ਨੂੰ ਕਰਦਾ ਰਿਹਾ ਬਾਬੇ ਨਾਲ ਸੰਬੰਧਾਂ ਲਈ ਮਜਬੂਰ 
ਲੋਕ ਸ਼ਕਤੀ ਨੇ ਲਿਆਂਦਾ ਕਾਨੂੰਨ ਨੂੰ ਹਰਕਤ ਵਿੱਚ
ਲੁਧਿਆਣਾ: 17 ਜੂਨ 2014: (ਰੈਕਟਰ ਕਥੂਰੀਆ//ਪੰਜਾਬ ਸਕਰੀਨ): 
ਨਸ਼ਿਆਂ ਨਾਲ ਖੋਖਲੇ ਕਰ ਦਿੱਤੇ ਗਏ ਪੰਜਾਬ ਦੇ ਲੋਕ ਹੁਣ ਮਾਨਸਿਕ ਪੱਖੋਂ ਵੀ ਕਮਜ਼ੋਰ ਬਣਾ ਦਿੱਤੇ ਗਏ ਹਨ। ਤਨਾਂ ਦੇ ਨਾਲ ਨਾਲ ਇਹਨਾਂ ਦੇ ਮਨ ਅਤੇ ਵਿਚਾਰ ਵੀ ਡਾਵਾਂਡੋਲ ਬਣਾ ਦਿੱਤੇ ਗਏ ਹਨ। ਹੁਣ ਇਹ ਕਿਸੇ ਕ੍ਰਾਂਤੀ ਜਾਂ ਨਾਵੇੰ ਸਮਾਜ ਦੀ ਸਥਾਪਨਾ ਦਾਨ ਸੁਪਨਾ ਨਹੀਂ ਬਲਕਿ ਭੁੱਕੀ, ਚਰਸ, ਅਫੀਮ ਜਾਂ ਹੈਰੋਇਨ ਦੀ ਪੁੜੀ ਦਾ ਸੁਪਨਾ ਹੀ ਦੇਖਦੇ ਹਨ। ਕਦੇ ਆਪਣੇ ਡੋਲ੍ਹਿਆਂ ਦੀ ਸ਼ਕਤੀ ਦੇ ਸਿਰ 'ਤੇ ਰੱਬ ਨੂੰ ਵੰਗਾਰਨ ਵਾਲੇ ਲੋਕ ਹੁਣ ਪਾਖੰਡੀ ਸਾਧਾਂ ਸਾਹਮਣੇ ਨਿਰਜਿੰਦ ਹੋਏ ਪਏ ਹਨ। ਓਹ ਅਜਿਹੇ ਪਾਖੰਡੀਆਂ ਕੋਲੋਂ ਬੇਤਹਾਸ਼ਾ ਡਰਦੇ ਹਨ। ਕੋਈ ਜਮਾਨਾ ਸੀ ਜਦੋਂ ਟ੍ਰੇਨ ਜਾਂ ਬਸ ਵਿੱਚ ਜੇ ਕੋਈ ਇੱਕ ਪੰਜਾਬੀ ਵੀ ਬੈਠਾ ਹੁੰਦਾ ਤਾਂ ਕੱਲੀਆਂ ਕਾਰੀਆਂ ਨੂੰਹਾਂ ਧੀਆਂ ਨੂੰ ਸਫਰ ਤੇ ਤੋਰਨ ਵਾਲੇ ਨਿਸਚਿੰਤ ਰਹਿੰਦੇ ਕਿ ਹੁਣ ਕੋਈ ਡਰ ਨਹੀਂ ਇਸ ਬਸ ਜਾਂ ਟ੍ਰੇਨ ਵਿੱਚ ਇੱਕ ਪੰਜਾਬੀ ਵੀ ਹੈ। ਜੇ ਉਹ ਕੋਈ ਅੰਮ੍ਰਿਤਧਾਰੀ ਸਿੰਘ ਹੁੰਦਾ ਤਾਂ ਇਹ ਬੇਫਿਕਰੀ ਹੋਰ ਵੀ ਵਧ ਹੁੰਦੀ। ਪਰ ਹੁਣ ਨਸ਼ਿਆਂ ਮਾਰੇ ਪੰਜਾਬ ਦੇ ਸਭਿਆਚਾਰ ਅਤੇ ਸੋਚ ਵਿੱਚ ਏਨਾ ਨਿਘਾਰ ਆ ਚੁੱਕਿਆ ਹੈ ਕਿ ਪਤੀ ਆਪਣੇ ਪਰਿਵਾਰ ਨਾਲ ਮਿਲ ਕੇ ਖੁਦ ਆਪਣੀ ਪਤਨੀ ਨੂੰ ਇਸ ਗੱਲ ਲਈ ਮਜਬੂਰ ਕਰਦਾ ਹੈ ਕਿ ਉਹ ਉਸ ਪਾਖੰਡੀ ਬਾਬੇ ਸਾਹਮਣੇ ਆਪਣੇ ਆਪ ਨੂੰ ਨਿਰਲੱਜ ਹੋ ਕੇ ਪੇਸ਼ ਕਰ ਦੇਵੇ ਜਿਹੜਾ ਅਖੌਤੀ ਬਾਬਾ ਉਹਨਾਂ ਦੀ ਨਜਰ ਵਿੱਚ ਰੱਬ ਬਣਿਆ ਹੋਇਆ ਹੈ।
ਇਸ ਚਿੰਤਾਜਨਕ ਰੁਝਾਣ ਦਾ ਨਵਾਂ ਨਵਾਂ ਮਾਮਲਾ ਸਾਹਮਣੇ ਲਿਆਂਦਾ ਹੈ ਇੱਕ ਪ੍ਰੈਸ ਕਾਨਫਰੰਸ ਵਿੱਚ ਕਾਮਰੇਡ ਤਰਸੇਮ ਜੋਧਾਂ, ਡਾਕਟਰ ਇੰਦਰਜੀਤ ਸਿੰਘ ਢੀਂਗਰਾ, ਕੀਮਤੀ ਰਾਵਲ ਅਤੇ ਮਹਿਲਾ ਆਗੂ ਸਵਿਤਾ ਕਾਲੜਾ ਵਰਗੀਆਂ ਸਰਗਰਮ ਲੋਕ ਪੱਖੀ ਸ਼ਖਸੀਅਤਾਂ ਨੇ। ਇਹਨਾਂ ਨੇ ਸਾਰੇ ਮੀਡੀਆ ਸਾਹਮਣੇ ਦੱਸਿਆ ਕਿ ਕਿਵੇਂ ਮਲੌਦ ਦਾ ਸੁਰਿੰਦਰ ਸਿੰਘ ਆਪਣੀ ਮਨ ਰਛਪਾਲ ਕੌਰ ਨਾਲ ਰਲ ਕੇ ਪਤਨੀ ਨੂੰ ਇਕ ਬਾਬੇ ਨਾਲ ਸਬੰਧ ਬਣਾਉਣ ਲਈ ਦਬਾਅ ਬਣਾਉਂਦਾ ਸੀ। ਜਦੋਂ ਭਾਰਤੀ ਸਭਿਆਚਾਰ ਨੂੰ ਪ੍ਰਣਾਈ ਇਸ ਪੰਜਾਬਣ ਵਿਆਹੁਤਾ ਨੇ ਇਸ ਦਾ ਵਿਰੋਧ ਕੀਤਾ ਤਾਂ ਦੋਸ਼ੀਆਂ ਨੇ ਮਿੱਟੀ ਦਾ ਤੇਲ ਪਾ ਕੇ ਉਸ ਨੂੰ ਅੱਗ ਲਗਾਉਣ ਦੀ ਵੀ ਕੋਸ਼ਿਸ਼ ਕੀਤੀ। ਇਹ ਔਰਤ ਉਹਨਾਂ ਦੇ ਘੇਰੇ ਵਿਚੋਂ ਕਿਸੇ ਤਰ੍ਹਾਂ ਉਥੋਂ ਜਾਨ ਬਚਾ ਕੇ ਆਪਣੇ ਪਰਿਵਾਰ ਕੋਲ ਪਹੁੰਚੀ। ਜਦੋਂ ਪੁਲਿਸ ਕੋਲ ਪਹੁੰਚ ਕੀਤੀ ਤਾਂ ਉੱਥੇ ਵੀ ਰਾਜਨੀਤਿਕ ਦਬਾਅ ਹੀ ਸੀ। ਕਾਮਰੇਡ ਜੋੜਾਂ ਨੇ ਇਸ ਸਿਆਸੀ ਪ੍ਰੈਸ਼ਰ ਦਾ ਜ਼ਿੰਮੇਵਾਰ ਅਕਾਲੀ ਭਾਜਪਾ ਸਰਕਾਰ ਨੂੰ ਦੱਸਿਆ। ਜਦੋਂ ਮਾਮਲਾ ਮੀਡੀਆ ਰਹਿਣ ਲੋਕਾਂ ਸਾਹਮਣੇ ਆਉਣ ਲੱਗਿਆ ਤਾਂ ਪੁਲਸ ਨੇ ਝੱਟਪੱਟ ਫੁਰਤੀ ਦਿਖਾਉਂਦਿਆਂ ਪੀੜਤਾ ਦੀ ਸ਼ਿਕਾਇਤ 'ਤੇ ਉਸ ਦੇ ਪਤੀ ਸੁਰਿੰਦਰ ਸਿੰਘ, ਸੱਸ ਰਛਪਾਲ ਕੌਰ ਅਤੇ ਇਲਾਕੇ ਵਿਚ ਸਥਿਤ ਇਕ ਡੇਰੇ ਦੇ ਬਾਬੇ ਕੇਸਰੀ ਵਿਰੁੱਧ ਦਹੇਜ ਮੰਗਣ, ਛੇੜਛਾੜ ਅਤੇ ਜਾਨੋ ਮਾਰਨ ਦੀਆਂ ਧਮਕੀਆਂ ਦੇਣ ਦਾ ਕੇਸ ਦਰਜ ਕੀਤਾ ਹੈ। ਪੁਲਸ ਦੋਸ਼ੀਆਂ ਦੀ ਭਾਲ 'ਚ ਲੱਗੀ ਹੋਈ ਹੈ। 
ਪੀੜਿਤਾ ਨੇ ਦੱਸਿਆ ਕਿ ਉਸ ਦਾ ਵਿਆਹ ਲਗਭਗ ਡੇਢ ਕੁ ਮਹੀਨਾ ਪਹਿਲਾਂ ਸੁਰਿੰਦਰ ਸਿੰਘ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਉਨ੍ਹਾਂ ਘਰ ਕੇਸਰੀ ਬਾਬੇ ਦਾ ਆਉਣਾ ਜਾਣਾ ਸ਼ੁਰੂ ਹੋ ਗਿਆ। ਕੁਝ ਸਮੇਂ ਪਹਿਲਾਂ ਉਸ ਦੀ ਸੱਸ ਅਤੇ ਉਸ ਦਾ ਪਤੀ ਉਸ ਨੂੰ ਜ਼ਬਰਦਸਤੀ ਕੇਸਰੀ ਬਾਬੇ ਨਾਲ ਸਬੰਧ ਬਣਾਉਣ ਨੂੰ ਮਜਬੂਰ ਕਰਨ ਲੱਗੇ। ਜਦੋਂ ਉਸ ਨੇ ਮਨਾ ਕੀਤਾ ਤਾਂ ਉਸ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਪੀੜਿਤਾ ਮੁਤਾਬਕ 6 ਜੂਨ ਦੀ ਰਾਤ ਨੂੰ ਜਦੋਂ ਉਹ ਆਪਣੇ ਕਮਰੇ ਵਿਚ ਸੋਣ ਲਈ ਗਈ ਤਾਂ ਰਾਤ ਸਮੇਂ ਬਾਬਾ ਕੇਸਰੀ ਉਨ੍ਹਾਂ ਘਰ ਆ ਗਿਆ ਅਤੇ ਉਸ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕਰਨ ਲੱਗਿਆ। ਜਦੋਂ ਉਸ ਨੇ ਰੌਲਾ ਪਾਇਆ ਤਾਂ ਦੋਸ਼ੀ ਬਾਬਾ ਮੌਕਾ ਦੇਖ ਕੇ ਉਥੋਂ ਫਰਾਰ ਹੋ ਗਿਆ। ਉਸ ਨੇ ਜਾਂਦੇ ਹੋਏ ਉਸ ਨੂੰ ਜਾਨੋ ਮਾਰਨ ਦੀ ਧਮਕੀ ਵੀ ਦਿੱਤੀ। ਜਿਸ ਘਰ ਨੇ ਆਪਣੀ ਨੂੰਹ ਦੀ ਇਜ਼ੱਤ ਆਬਰੂ ਦੀ ਰਾਖੀ ਕਰਨੀ ਸੀ ਉਹੀ ਘਰ ਉਸਦਾ ਦੁਸ਼ਮਨ ਬਣ ਗਿਆ। 
ਬੜੇ ਹੀ ਭਰੇ ਗਲੇ ਨਾਲ ਪੀੜਿਤਾ ਨੇ ਦੱਸਿਆ ਕਿ ਸੱਸ ਅਤੇ ਪਤੀ ਨੇ ਉਸ ਦੇ ਜਾਣ ਪਿੱਛੋਂ ਉਸ 'ਤੇ ਮਿੱਟੀ ਦਾ ਤੇਲ ਪਾ ਦਿੱਤਾ। ਅਗਲੇ ਦਿਨ ਉਹ ਇਸ "ਸਹੁਰੇ ਘਰੋਂ" ਕਿਸੇ ਤਰ੍ਹਾਂ ਭੱਜਣ 'ਚ ਸਫਲ ਰਹੀ। ਉਸ ਨੇ ਇਸ ਦੀ ਸ਼ਿਕਾਇਤ ਪੁਲਸ ਨੂੰ ਵੀ ਕੀਤੀ ਪਰ ਪਹਿਲਾਂ ਪੁਲਸ ਨੇ ਕੋਈ ਕਾਰਵਾਈ ਨਹੀਂ ਕੀਤੀ। ਉਸ ਨੇ ਇਸ ਦੀ ਜਾਣਕਾਰੀ ਕਾਮਰੇਡ ਤਰਸੇਮ ਜੋਧਾ ਨੂੰ ਕੀਤੀ। ਪੁਲਸ ਮੁਲਾਜ਼ਮਾਂ ਨਾਲ ਮਿਲ ਕੇ ਕਾਮਰੇਡ ਜੋਧਾ ਨੇ ਇਸ ਦੀ ਗੱਲ ਕੀਤੀ ਤਾ ਗੱਲ ਵਧਦੀ ਦੇਖ ਕੇ ਪੁਲਸ ਨੇ ਦੋਸ਼ੀਆਂ ਵਿਰੁੱਧ ਕੇਸ ਦਰਜ ਕਰ ਲਿਆ। ਦੋਸ਼ੀ ਫਰਾਰ ਹਨ ਪਰ ਉਨ੍ਹਾਂ ਦੀ ਭਾਲ 'ਚ ਛਾਪੇਮਾਰੀ ਕੀਤੀ ਜਾ ਰਹੀ ਹੈ। ਜਲਦੀ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਹੁਣ ਦੇਖਣਾ ਇਹ ਹੈ ਕਿ ਵੋਟਾਂ ਦੀ ਸਿਆਸਤ ਵਾਲੇ ਇਸ "ਲੋਕਤਾਂਤਰਿਕ" ਮਾਹੌਲ ਵਿੱਚ ਸੰਗਤਾਂ ਦੇ ਰੂਪ ਵਿੱਚ ਵੋਟਾਂ ਵਾਲਾ ਡੰਡਾ ਹਰ ਵੇਲੇ ਆਪਣੇ ਹੱਥਾਂ ਵਿੱਚ ਤਿਆਰ ਰਖਣ ਵਾਲੇ ਇਹਨਾਂ ਅਖੌਤੀ ਬਾਬਿਆਂ ਦੇ ਦਾਬੇ ਹੇਠ ਆਏ ਪੰਜਾਬ ਨੂੰ ਲੱਗਿਆ ਇਸ ਅਖੌਤੀ ਬਾਬਾਵਾਦ ਦਾ ਇਹ ਗ੍ਰਹਿਣ ਕਦੋਂ ਹਟਦਾ ਹੈ?

No comments: