Tuesday, June 10, 2014

ਮਨੋਰੰਜਨ ਜਗਤ ਦੀਆਂ ਤਲਖ਼ ਹਕੀਕਤਾਂ ਨੂੰ ਪਰਦੇ 'ਤੇ ਪੇਸ਼ ਕਰੇਗੀ 'ਅਰਸ਼ੋ'

Tue, Jun 10, 2014 at 7:48 PM
ਕਈ ਗੁੱਝੇ ਭੇਦ ਖੁਲ੍ਹਣਗੇ ਇਸ ਰੰਗੀਨ ਅਤੇ ਦਿਲਕਸ਼ ਦੁਨੀਆ ਦੇ 
13 ਜੂਨ ਨੂੰ ਰਿਲੀਜ਼ ਹੋਵੇਗੀ ਪੰਜਾਬੀ ਦੀ ਪਹਿਲੀ ਮਿਊਜ਼ੀਕਲ ਫ਼ਿਲਮ 'ਅਰਸ਼ੋ'
ਦਕਸ਼ਅਜੀਤ ਸਿੰਘ ਅਤੇ ਮੰਨਤ ਸਿੰਘ ਨੇ ਨਿਭਾਈ ਹੈ ਮੁੱਖ ਭੂਮਿਕਾ
ਲੁਧਿਆਣਾ: 10 ਜੂਨ 2014: (ਰੈਕਟਰ ਕਥੂਰੀਆ//ਪੰਜਾਬ ਸਕਰੀਨ):
ਇਸ ਸ਼ੁੱਕਰਵਾਰ ਰਿਲੀਜ਼ ਹੋ ਰਹੀ ਪੰਜਾਬੀ ਫ਼ਿਲਮ 'ਅਰਸ਼ੋ' ਦੀ ਟੀਮ ਅੱਜ ਇਥੇ ਫ਼ਿਲਮ ਦੇ ਪ੍ਰਚਾਰ ਲਈ ਪੁੱਜੀ। ਪੰਜਾਬੀ ਦੀ ਇਸ ਪਹਿਲੀ ਮਿਊਜ਼ੀਕਲ ਫ਼ਿਲਮ ਵਿੱਚ ਛੋਟੇ ਪਰਦੇ ਦੇ ਨਾਮਵਾਰ ਅਦਾਕਾਰ ਅਤੇ ਮਾਡਲ ਦਕਸ਼ਅਜੀਤ ਸਿੰਘ ਅਤੇ ਮੰਨਤ ਸਿੰਘ ਨੇ ਮੁੱਖ ਭੂਮਿਕਾ ਨਿਭਾਈ ਹੈ। ਨਿਰਦੇਸ਼ਕ ਸ਼ਪਿੰਦਰ ਪਾਲ ਸਿੰਘ ਦੀ ਇਹ ਫ਼ਿਲਮ ਪੰਜਾਬੀ ਸੰਗੀਤ ਜਗਤ ਨਾਲ ਜੁੜੀਆਂ ਕਈ ਅਹਿਮ ਤਲਖ਼ ਹਕੀਕਤਾਂ ਤੋਂ ਪਰਦਾ ਚੁੱਕੇਗੀ। ਅੱਜ ਇਥੇ ਪ੍ਰੈਸ ਕਾਨਫੰਰਸ ਦੌਰਾਨ ਫ਼ਿਲਮ ਦੇ ਨਿਰਦੇਸ਼ਕ ਸ਼ਪਿੰਦਰ ਪਾਲ ਸਿੰਘ ਨੇ ਦੱਸਿਆ ਕਿ ਇਹ ਪੰਜਾਬੀ ਦੀ ਪਹਿਲੀ ਫ਼ਿਲਮ ਹੈ ਜਿਸ 'ਚ ਹੀਰੋ ਫ਼ਿਲਮ ਦੀ ਨਾਇਕਾ ਹੈ।  ਇਹ ਸਾਰੀ ਫ਼ਿਲਮ 'ਅਰਸ਼ੋ' ਨਾਂ ਦੀ ਇਕ ਗਾਇਕਾ ਦੀ ਜ਼ਿੰਦਗੀ ਦੁਆਲੇ ਘੁੰਮਦੀ ਹੈ। ਇਸ ਗਾਇਕਾ ਦਾ ਕਿਰਦਾਰ ਮੰਨਤ ਸਿੰਘ ਨੇ ਨਿਭਾਇਆ ਹੈ। ਉਸ ਮੁਤਾਬਕ  ਪੰਜਾਬੀ ਫ਼ਿਲਮਾਂ 'ਚ ਜ਼ਿਆਦਾਤਰ ਪੰਜਾਬੀ ਗਾਇਕ ਕੰਮ ਕਰ ਰਹੇ ਹਨ, ਪਰ ਗਾਇਕਾਂ ਦੀ ਅਸਲ ਜ਼ਿੰਦਗੀ 'ਤੇ ਅੱਜ ਤੱਕ ਕੋਈ ਫ਼ਿਲਮ ਨਹੀਂ ਬਣੀ। ਉਨ੍ਹਾਂ ਵਲੋਂ ਇਸ ਫ਼ਿਲਮ ਜ਼ਰੀਏ ਪੰਜਾਬ ਦੀ ਇਕ ਗਾਇਕ ਜੋੜੀ ਦੀ ਜ਼ਿੰਦਗੀ ਨੂੰ ਪਰਦੇ 'ਤੇ ਪੇਸ਼ ਕੀਤਾ ਜਾ ਰਿਹਾ ਹੈ। ਇਸ ਗਾਇਕ ਜੋੜੀ ਜ਼ਰੀਏ ਉਨ੍ਹਾਂ ਵਲੋਂ ਇਸ ਮਨੋਰੰਜਨ ਜਗਤ ਨਾਲ ਜੁੜੀਆਂ ਕਈ ਅਹਿਮ ਗੱਲਾਂ ਦਰਸ਼ਕਾਂ ਸਾਹਮਣੇ ਲਿਆਂਦੀਆਂ ਜਾਣਗੀਆਂ। ਇਸ ਫ਼ਿਲਮ 'ਚ ਲਹਿੰਦੇ ਅਤੇ ਚੜਦੇ ਪੰਜਾਬ ਦੇ ਸੱਭਿਆਚਾਰ ਨੂੰ ਵੀ ਪਰਦੇ 'ਤੇ ਪੇਸ਼ ਕੀਤਾ ਗਿਆ ਹੈ। ਇਸ ਮੌਕੇ ਮੰਨਤ ਸਿੰਘ ਨੇ ਦੱਸਿਆ ਕਿ ਉਸ ਲਈ ਇਹ ਕਿਰਦਾਰ ਨਿਭਾਉਣਾ ਇਕ ਚੁਣੌਤੀ ਭਰਿਆ ਕਾਰਜ ਰਿਹਾ ਹੈ।  ਉਸਨੇ ਇਹ ਕਿਰਦਾਰ ਨਿਭਾਉਣ ਲਈ ਕਈ ਮਹੀਨੇ ਮਿਹਨਤ ਕੀਤੀ ਹੈ।  
ਆਪਣੇ ਕਿਰਦਾਰ ਬਾਰੇ ਗੱਲ ਕਰਦਿਆਂ ਮੰਨਤ ਸਿੰਘ ਨੇ ਦੱਸਿਆ ਕਿ ਅਰਸ਼ੋ ਗਾਉਂਦੀ ਵੀ ਖੂਬਸੂਰਤ ਹੈ, ਨੱਚਦੀ ਵੀ ਕਮਾਲ ਦਾ ਹੈ ਅਤੇ ਜਦੋਂ ਜ਼ਿੰਦਗੀ ਤੋਂ ਅੱਕ ਜਾਂਦੀ ਹੈ ਤਾਂ ਰੱਜ ਕੇ ਸ਼ਰਾਬ ਵੀ ਪੀਂਦੀ ਹੈ ਅਤੇ ਬੇਬਾਕੀ ਨਾਲ ਮਰਦਾਂ ਨੂੰ ਗਾਲ੍ਹਾਂ ਕੱਢਣ ਦਾ ਵੀ ਦਮ ਰੱਖਦੀ ਹੈ।  ਦਕਸ਼ਅਜੀਤ ਸਿੰਘ ਨੇ ਇਸ ਫ਼ਿਲਮ 'ਚ  ਦੀਪ ਨਾਂ ਦੇ ਇਕ ਗਾਇਕ ਦੀ ਭੂਮਿਕਾ ਨਿਭਾਈ ਹੈ। ਦੀਪ ਹੀ ਅਰਸ਼ੋ ਨਾਲ ਗਾਉਂਦਾ ਹੈ। ਦੋਹਾਂ ਦੀ ਜੋੜੀ ਅਰਸ਼ਦੀਪ ਦੇ ਨਾਂ ਨਾਲ ਮਸ਼ਹੂਰ ਹੈ। ਜਦੋਂ ਇਹ ਜੋੜੀ ਲੋਕਾਂ ਸਾਹਮਣੇ ਹੁੰਦੀ ਹੈ ਤਾਂ ਇਨ੍ਹਾ ਦਾ ਵਰਤਾਰਾ ਕੁਝ ਹੋਰ ਕਿਸਮ ਦਾ ਹੁੰਦਾ ਹੈ, ਸਟੇਜ ਤੋਂ ਥੱਲੇ ਉਤਰਦਿਆਂ ਹੀ ਦੋਹਾਂ ਦੇ ਸਭਾਅ 'ਚ ਤਬਦੀਲੀ ਆ ਜਾਂਦੀ ਹੈ। ਉਨ੍ਹਾਂ ਦਾ ਇਹ ਕਿਰਦਾਰ ਕਈ ਗੁੱਝੇ ਭੇਤ ਖੋਲ੍ਹੇਗਾ। ਦਕਸ਼ਅਜੀਤ ਸਿੰਘ ਮੁਤਾਬਕ ਦਰਸ਼ਕ ਪਹਿਲੀ ਵਾਰ ਉਸਨੂੰ ਇਕ ਚੁਣੌਤੀ ਭਰਪੂਰ ਕਿਰਦਾਰ 'ਚ ਦੇਖਣਗੇ। ਫ਼ਿਲਮ ਦਾ ਸੰਗੀਤ ਪਹਿਲਾਂ ਹੀ ਦਰਸ਼ਕਾਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ। ਫ਼ਿਲਮ ਦੇ ਗੀਤ ਉਨ੍ਹਾਂ ਨੇ ਖੁਦ ਲਿਖੇ ਹਨ, ਜਿਨ੍ਹਾਂ ਨੂੰ ਉਨ੍ਹਾਂ ਤੋਂ ਇਲਾਵਾ ਮੰਨਤ ਸਿੰਘ ਅਤੇ ਮਸ਼ਹੂਰ ਗਾਇਕ  ਸ਼ਫਾਕਤ ਅਲੀ ਖਾਨ ਨੇ ਆਵਾਜ਼ ਦਿੱਤੀ ਹੈ। ਫ਼ਿਲਮ ਦਾ ਸੰਗੀਤ ਗੁਰਮੀਤ ਸਿੰਘ ਅਤੇ ਸੁਰਿੰਦਰ ਬੱਚਨ ਨੇ ਤਿਆਰ ਕੀਤਾ ਹੈ।  ਪੰਜਾਬ ਅਤੇ ਚੰਡੀਗੜ੍ਹ ਦੀਆਂ ਵੱਖ ਵੱਖ ਲੋਕੇਸ਼ਨਾਂ 'ਤੇ ਫ਼ਿਲਮਾਈ ਗਈ ਇਹ ਫ਼ਿਲਮ ਸਿਰਫ ਡੇਢ ਘੰਟੇ ਦੀ ਫ਼ਿਲਮ ਹੈ। ਇਸ ਫ਼ਿਲਮ 'ਚ ਅਦਾਕਾਰ ਸ਼ਕਤੀ ਆਨੰਦ, ਸੁਖਬੀਰ, ਸੋਨੀਆ ਗਿੱਲ ਅਤੇ ਰਜ਼ੀਆ ਸੁਖਬੀਰ ਨੇ ਵੀ ਅਹਿਮ ਭੂਮਿਕਾ ਨਿਭਾਈ ਹੈ। 

No comments: