Wednesday, June 04, 2014

BCA: ਕੁੜੀਆਂ ਨੇ ਇੱਕ ਵਾਰ ਫੇਰ ਸਾਬਿਤ ਕੀਤੀ ਆਪਣੀ ਸਮਰਥਾ

ਲੁਧਿਆਣਾ: 4 ਜੂਨ 2014: (ਪੰਜਾਬ ਸਕਰੀਨ ਬਿਊਰੋ):
ਕੁੜੀਆਂ ਲਗਾਤਾਰ ਕਰ ਰਹੀਆਂ ਕਿ ਪੰਜਾਬ ਯੂਨੀਵਰਸਿਟੀ ਵੱਲੋਂ ਬੀ. ਸੀ. ਏ. ਭਾਗ ਦੂਸਰਾ ਦੇ ਐਲਾਨੇ ਗਏ ਨਤੀਜੇ ਵਿਚ ਮਹਾਂਨਗਰ ਲੁਧਿਆਣਾ ਦੇ ਵੱਖ-ਵੱਖ ਕਾਲਜਾਂ ਦੀਆਂ ਲੜਕੀਆਂ ਨੇ ਤੀਸਰਾ, ਛੇਵਾਂ, ਪੰਜਵਾਂ ਤੇ ਨੌਵਾਂ ਸਥਾਨ ਪ੍ਰਾਪਤ ਕੀਤਾ, ਜਦਕਿ ਇਕ ਲੜਕੇ ਨੇ ਪੰਜਾਬ ਵਿਚੋਂ 8 ਵਾਂ ਸਥਾਨ ਪ੍ਰਾਪਤ ਕਰਕੇ ਮੁੰਡਿਆਂ ਦੀ ਸ਼ਾਨ ਵੀ ਕਾਇਮ ਕੀਤੀ। 
ਗੁਰੂ ਨਾਨਕ ਗਰਲਜ਼ ਕਾਲਜ ਮਾਡਲ ਟਾਊਨ
ਬੀ.ਸੀ.ਏ. ਭਾਗ ਦੂਸਰਾ ਦੇ ਐਲਾਨੇ ਗਏ ਨਤੀਜੇ 'ਚ ਗੁਰੂ ਨਾਨਕ ਗਰਲਜ਼ ਕਾਲਜ ਮਾਡਲ ਟਾਊਨ ਦੀਆਂ ਵਿਦਿਆਰਥਣਾਂ ਖੁਸ਼ਦਿਲਪ੍ਰੀਤ ਕੌਰ ਬਰਾੜ ਨੇ 74.6 ਪ੍ਰਤੀਸ਼ਤ ਅੰਕ ਲੈ ਕੇ ਇਸ ਕਾਲਜ ਵਿਚੋਂ ਪਹਿਲਾ, ਮਨਜੋਤ ਕੌਰ ਨੇ 68.8 ਪ੍ਰਤੀਸ਼ਤ ਅੰਕ ਲੈ ਕੇ ਕਾਲਜ ਵਿਚੋਂ ਦੂਸਰਾ, ਸਿਮਰਜੀਤ ਕੌਰ ਨੇ 66.1 ਪ੍ਰਤੀਸ਼ਤ ਅੰਕ ਲੈ ਕੇ ਕਾਲਜ ਵਿਚੋਂ ਤੀਸਰਾ ਸਥਾਨ ਪ੍ਰਾਪਤ ਕੀਤਾ। ਉਨ੍ਹਾਂ ਨੂੰ ਪ੍ਰਿੰਸੀਪਲ ਡਾ.ਚਰਨਜੀਤ ਕੌਰ ਮਾਹਲ ਅਤੇ ਪ੍ਰਧਾਨ ਗੁਰਬੀਰ ਸਿੰਘ ਨੇ ਵੀ ਵਧਾਈ ਦਿੱਤੀ ਅਤੇ ਸਮਾਜ ਦੇ ਬਾਕੀ ਹਿੱਸਿਆਂ ਨੇ ਵੀ ਖੁਸ਼ੀ ਪ੍ਰਗਟਾਈ। 
ਸਰਕਾਰੀ ਕੰਨਿਆ ਕਾਲਜ ਭਾਰਤ ਨਗਰ
ਬੀ.ਸੀ.ਏ. ਭਾਗ ਦੂਸਰਾ ਦੇ ਐਲਾਨੇ ਗਏ ਨਤੀਜੇ 'ਚ ਲੁਧਿਆਣਾ ਦੇ ਪੁਰਾਣੇ ਅਤੇ ਵੱਕਾਰੀ ਵਿਦਿਅਕ ਸੰਸਥਾਨ ਸਰਕਾਰੀ ਕੰਨਿਆ ਕਾਲਜ ਭਾਰਤ ਨਗਰ ਚੌਕ ਲੁਧਿਆਣਾ ਦੀਆਂ ਵਿਦਿਆਰਥਣਾਂ ਨੇ ਵੀ ਪੰਜਾਬ ਭਰ 'ਚੋਂ ਤੀਸਰਾ, ਪੰਜਵਾਂ ਤੇ ਨੌਵਾਂ ਸਥਾਨ ਪ੍ਰਾਪਤ ਕਰਕੇ ਕਾਲਜ ਦਾ ਨਾਮ ਰੌਸ਼ਨ ਕੀਤਾ ਹੈ | ਕਾਲਜ ਦੀ ਚੀਜ਼ੀ ਪ੍ਰੀਤ ਕੌਰ ਨੇ 80.87 ਪ੍ਰਤੀਸ਼ਤ ਅੰਕ ਲੈ ਕੇ ਯੂਨੀਵਰਸਿਟੀ ਵਿਚੋਂ ਤੀਸਰਾ ਤੇ ਕਾਲਜ ਵਿਚੋਂ ਪਹਿਲਾ, ਰਿਧਮ ਨੇ 79.93 ਪ੍ਰਤੀਸ਼ਤ ਅੰਕ ਲੈ ਕੇ ਯੂਨੀਵਰਸਿਟੀ ਵਿਚੋਂ ਪੰਜਵਾਂ ਤੇ ਕਾਲਜ ਵਿਚੋਂ ਦੂਸਰਾ ਅਤੇ ਅਮ੍ਰਿਤ ਕੌਰ ਨੇ 79.37 ਪ੍ਰਤੀਸ਼ਤ ਅੰਕ ਲੈ ਕੇ ਯੂਨੀਵਰਸਿਟੀ ਵਿਚੋਂ ਨੌਵਾਂ ਤੇ ਕਾਲਜ ਵਿਚੋਂ ਤੀਸਰਾ ਸਥਾਨ ਪ੍ਰਾਪਤ ਕੀਤਾ। ਇਹ ਪ੍ਰਾਪਤੀਆਂ ਕਰਨ ਵਾਲੀਆਂ ਵਿਦਿਆਰਥਣਾਂ ਨੂੰ ਕਾਲਜ ਦੀ ਪ੍ਰਿੰਸੀਪਲ ਗੁਰਮਿੰਦਰ ਕੌਰ ਨੇ ਸਨਮਾਨਿਤ ਕੀਤਾ | 
ਖ਼ਾਲਸਾ ਕਾਲਜ ਫ਼ਾਰ ਵਿਮੈਨ ਸਿਵਲ ਲਾਈਨ
ਇਸੇ ਤਰਾਂ ਖਾਲਸਾ ਕਾਲਜ ਫ਼ਾਰ ਵਿਮੈਨ ਸਿਵਲ ਲਾਈਨ ਲੁਧਿਆਣਾ ਦਾ ਬੀ. ਸੀ. ਏ. ਦਾ ਨਤੀਜਾ ਵੀ 100 ਫ਼ੀਸਦੀ ਰਿਹਾ ਅਤੇ ਕਾਲਜ ਦੀ ਸ਼ਾਇਨਾ ਜੈਨ ਨੇ ਯੂਨੀਵਰਸਿਟੀ 'ਚੋਂ 80.87 ਪ੍ਰਤੀਸ਼ਤ ਅੰਕ ਲੈ ਕੇ ਤੀਸਰਾ, ਮਹਿਕ ਸਹਿਗਲ ਨੇ 79.62 ਪ੍ਰਤੀਸ਼ਤ ਅੰਕ ਲੈ ਕੇ ਛੇਵਾਂ ਸਥਾਨ ਪ੍ਰਾਪਤ ਕੀਤਾ। ਕਾਲਜ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰਿਥੀਪਾਲ ਸਿੰਘ ਗਰੇਵਾਲ, ਪ੍ਰਿੰਸੀਪਲ ਡਾ. ਵਰਿੰਦਰ ਕੌਰ ਥਿੰਦ ਤੇ ਹੋਰ ਅਧਿਆਪਕਾਂ ਨੇ ਕਾਲਜ ਦੀਆਂ ਕੁੜੀਆਂ ਦੀ ਇਸ ਪ੍ਰਾਪਤੀ 'ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ। 
ਰਾਮਗੜ੍ਹੀਆ ਗਰਲਜ਼ ਕਾਲਜ ਮਿਲਰਗੰਜ
ਪੰਜਾਬ ਯੂਨੀਵਰਸਿਟੀ ਵੱਲੋਂ ਬੀ.ਸੀ.ਏ. ਭਾਗ ਦੂਸਰਾ ਦੇ ਐਲਾਨੇ ਗਏ ਨਤੀਜੇ 'ਚ ਰਾਮਗੜ੍ਹੀਆ ਗਰਲਜ਼ ਕਾਲਜ ਮਿਲਰਗੰਜ ਦੀਆਂ ਵਿਦਿਆਰਥਣਾਂ ਯੋਗਿਤਾ ਨੇ 70.43 ਪ੍ਰਤੀਸ਼ਤ ਅੰਕ ਲੈ ਕੇ ਕਾਲਜ ਵਿਚੋਂ ਪਹਿਲਾ, ਪਿ੍ਯਾ ਨੇ 69.43 ਪ੍ਰਤੀਸ਼ਤ ਅੰਕ ਲੈ ਕੇ ਦੂਸਰਾ ਅਤੇ ਸ਼ਿਵਾਂਗੀ ਨੇ 68.31 ਪ੍ਰਤੀਸ਼ਤ ਅੰਕ ਲੈ ਕੇ ਕਾਲਜ ਵਿਚੋਂ ਤੀਸਰਾ ਸਥਾਨ ਪ੍ਰਾਪਤ ਕੀਤਾ | ਕਾਲਜ ਦੀਆਂ ਵਿਦਿਆਰਥਣਾਂ ਨੂੰ ਪ੍ਰਿੰਸੀਪਲ ਡਾ.ਨਰਿੰਦਰ ਕੌਰ ਸੰਧੂ, ਪ੍ਰਧਾਨ ਰਣਜੋਧ ਸਿੰਘ, ਜਨਰਲ ਸਕੱਤਰ ਜਗਤਾਰ ਸਿੰਘ ਅਤੇ ਵਿਭਾਗ ਦੇ ਮੁਖੀ ਪ੍ਰੋ.ਰਤਨਦੀਪ ਚਾਵਲਾ ਨੇ ਵਧਾਈ ਦਿੱਤੀ | 
ਕਮਲਾ ਲੋਹਟੀਆ ਐਸ.ਡੀ. ਕਾਲਜ
ਸਥਾਨਕ ਕਮਲਾ ਲੋਹਟੀਆ ਐਸ.ਡੀ. ਕਾਲਜ ਦੇ ਵਿਦਿਆਰਥੀਆਂ ਨੇ ਪੰਜਾਬ ਯੂਨੀਵਰਸਿਟੀ ਵੱਲੋਂ ਬੀ.ਸੀ.ਏ. ਦੂਸਰਾ ਭਾਗ ਦੇ ਐਲਾਨੇ ਨਤੀਜੇ ਵਿਚ ਅਹਿਮ ਪ੍ਰਾਪਤੀਆਂ ਕੀਤੀਆਂ ਹਨ | ਕਾਲਜ ਦੇ ਦਰਪਨ ਅਰੋੜਾ ਨੇ 1600 ਵਿਚੋਂ 1272 ਅੰਕ ਲੈ ਕੇ ਪੰਜਾਬ ਵਿਚੋਂ 8ਵਾਂ ਤੇ ਕਾਲਜ ਵਿਚੋਂ ਪਹਿਲਾ, ਹਰਪ੍ਰੀਤ ਸਿੰਘ ਨੇ ਕਾਲਜ ਵਿਚੋਂ ਦੂਸਰਾ ਅਤੇ ਸੱਜਣ ਬਾਸੀ ਨੇ ਕਾਲਜ 'ਚੋਂ ਤੀਸਰਾ ਸਥਾਨ ਪ੍ਰਾਪਤ ਕੀਤਾ | ਵਿਦਿਆਰਥੀਆਂ ਨੂੰ ਕਾਲਜ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੁਨੀਲ ਅਗਰਵਾਲ, ਉਪ ਪ੍ਰਧਾਨ ਬੀ.ਐਮ ਰਲਨ, ਪ੍ਰਿੰਸੀਪਲ ਡਾ.ਸ਼ਿਵ ਮੋਹਨ ਸ਼ਰਮਾ ਕੰਪਿਊਟਰ ਸਾਇੰਸ ਵਿਭਾਗ ਦੇ ਅਧਿਆਪਕਾਂ ਤੇ ਹੋਰਾਂ ਨੇ ਵਧਾਈ ਦਿੱਤੀ। 

ਕੁਲ ਮਿਲਾ ਕੇ ਕੁੜੀਆਂ ਨੇ ਇੱਕ ਵਾਰ ਫੇਰ ਆਪਣੀ ਕਾਬਲੀਅਤ ਅਤੇ ਸਮਰਥਾ ਨੂੰ ਪੂਰੇ ਸਮਾਜ ਸਾਹਮਣੇ ਸਾਬਿਤ ਕਰ ਦਿਖਾਇਆ ਹੈ। 
BCA: ਕੁੜੀਆਂ ਨੇ ਇੱਕ ਵਾਰ ਫੇਰ ਸਾਬਿਤ ਕੀਤੀ ਆਪਣੀ ਸਮਰਥਾ

No comments: