Monday, May 05, 2014

ਕਾਰਲ ਮਾਰਕਸ ਦੇ ਜਨਮ ਦਿਨ 'ਤੇ ਵਿਚਾਰ-ਚਰਚਾ

Mon, May 5, 2014 at 3:14 PM
ਸ਼ਰਾਬ ਦੇ ਬਰੈਂਡ 'ਗ਼ਦਰ' ਉਪਰ ਰੋਕ ਦੀ ਕੀਤੀ ਮੰਗ
ਲੋਕ-ਮੁਕਤੀ ਲਈ ਮਾਰਕਸਵਾਦ ਰਾਹ-ਦਸੇਰਾ: ਜਗਰੂਪ
ਸ਼ਹੀਦੀ ਖੂਹ ਅਜਨਾਲਾ ਨਾਲ ਸਬੰਧਤ ਅਸਥੀਆਂ ਸਾਂਭਣ ਦੀ ਮੰਗ ਵੀ ਦੁਹਰਾਈ
ਜਲੰਧਰ, 05 ਮਈ 2014: (*ਅਮੋਲਕ ਸਿੰਘ//ਪੰਜਾਬ ਸਕਰੀਨ):
5 ਮਈ 1818 ਨੂੰ ਜਰਮਨ ਦੇ ਛੋਟੇ ਜਿਹੇ ਕਸਬੇ ਟਰਾਇਰ 'ਚ ਜਨਮੇ ਕਾਰਲ ਮਾਰਕਸ ਦੇ 196ਵੇਂ ਜਨਮ ਦਿਨ 'ਤੇ ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਆਯੋਜਿਤ ਵਿਚਾਰ-ਚਰਚਾ ਨੇ ਨਿਚੋੜਵਾਂ ਸਿੱਟਾ ਕੱਢਿਆ ਕਿ ਦੁਨੀਆਂ ਭਰ ਦੀਆਂ ਦੱਬੀਆਂ ਕੁਚਲੀਆਂ ਕੌਮਾਂ ਅਤੇ ਲੁੱਟੇ-ਪੁੱਟੇ ਲੋਕਾਂ ਦੀ ਮੁਕਤੀ ਅਤੇ ਇਸ ਤੋਂ ਅਗੇਰੇ ਵਧਦਿਆਂ ਸਮਾਜਵਾਦ ਅਤੇ ਕਮਿਊਨਿਜ਼ਮ ਦੀ ਸਿਰਜਣਾ ਲਈ ਅਜੋਕੇ ਸਮੇਂ ਅਤੇ ਭਵਿੱਖ ਅੰਦਰ ਮਾਰਕਸਵਾਦ ਹੋਰ ਵੀ ਪਰਸੰਗਕ ਅਤੇ ਰਾਹ-ਦਸੇਰਾ ਹੈ।
ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਦਰਬਾਰਾ ਸਿੰਘ ਢਿੱਲੋਂ, ਸੀਨੀਅਰ ਟਰੱਸਟੀ ਕਾਮਰੇਡ ਗੰਧਰਵ ਸੇਨ ਕੋਛੜ ਅਤੇ ਟਰੱਸਟੀ ਡਾ. ਪਰਮਿੰਦਰ ਸਿੰਘ ਦੀ ਪ੍ਰਧਾਨਗੀ 'ਚ ਮਾਰਕਸੀ ਫਲਸਫ਼ੇ 'ਤੇ ਹੋਈ ਵਿਚਾਰ-ਚਰਚਾ ਮੌਕੇ ਮੰਚ 'ਤੇ ਕਮੇਟੀ ਦੇ ਜਨਰਲ ਸਕੱਤਰ ਡਾ. ਰਘਬੀਰ ਕੌਰ ਅਤੇ ਮੰਚ ਸੰਚਾਲਕ, ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਸਸ਼ੋਭਿਤ ਸਨ।
ਵਿਚਾਰ-ਚਰਚਾ ਦੇ ਮੁੱਖ ਵਕਤਾ, ਦੇਸ਼ ਭਗਤ ਯਾਦਗਾਰ ਕਮੇਟੀ ਦੇ ਮੈਂਬਰ ਕਾਮਰੇਡ ਜਗਰੂਪ ਨੇ ਕਿਹਾ ਕਿ ਮਾਰਕਸਵਾਦੀ ਫਲਸਫ਼ੇ ਦੀ ਅਮੁੱਲੀ ਅਤੇ ਅਮਿੱਟ ਦੇਣ ਇਹ ਹੈ ਕਿ ਇਸਨੇ ਸੰਸਾਰ ਭਰ ਦੀ ਲੋਕਾਈ ਅੱਗੇ ਇਹ ਨਵਾਂ ਵਿਚਾਰ ਖੋਜ਼ ਕੇ ਸਾਹਮਣੇ ਲਿਆਂਦਾ ਕਿ ਸਮਾਜ ਦੀ ਵਿਆਖਿਆ ਜਾਂ ਫੋਟੋਗ੍ਰਾਫ਼ੀ ਦਾ ਫਲਸਫ਼ਾ ਤਾਂ ਇਸ ਤੋਂ ਪਹਿਲਾਂ ਵੀ ਮਿਲਦਾ ਹੈ ਪਰ ਅਸਲ ਮੁੱਦਾ ਤਾਂ ਇਸ ਸਮਾਜ ਨੂੰ ਮੂਲੋਂ ਬਦਲਕੇ ਲੋਕ-ਪੱਖੀ, ਬਰਾਬਰੀ, ਜਮਹੂਰੀਅਤ ਅਤੇ ਖੁਸ਼ਹਾਲੀ ਭਰਿਆ ਬਣਾਉਣ ਦਾ ਹੈ।  ਅਜੇਹਾ ਮਾਰਗ-ਦਰਸ਼ਕ ਹੋਣ ਕਰਕੇ ਮਾਰਕਸੀ ਦਰਸ਼ਨ, ਸਭ ਤੋਂ ਅਗਾਂਹ-ਵਧੂ ਦਰਸ਼ਨ ਹੈ।  
ਉਹਨਾਂ ਕਿਹਾ ਕਿ ਮਾਰਕਸੀ ਦਰਸ਼ਨ ਦੇ ਸਮਾਂ, ਸਥਾਨ ਅਤੇ ਹਾਲਾਤ ਨਾਲ ਵਿਗਿਆਨਕ ਸਬੰਧ ਬਾਰੇ ਅਸੀਂ ਚਲੰਤ ਟਿੱਪਣੀ ਕਰਕੇ ਅੱਗੇ ਲੰਘ ਜਾਂਦੇ ਹਾਂ ਕਿ ਇਸਦੇ ਅਮਲੀ ਵਿਹਾਰ ਨੂੰ ਵਿਸਾਰਨ ਕਰਕੇ ਅਸੀਂ ਬਹੁਤ ਸਾਰੇ ਪੱਖ ਵਿਚਾਰਵਾਦੀਆਂ ਦੇ ਹਵਾਲੇ ਕਰ ਛੱਡੇ ਹਨ।  ਇਹ ਸਾਡੀ ਊਣਤਾਈ ਚੱਲ ਰਹੀ ਹੈ।  ਕਿਉਂਕਿ ਅਸੀਂ ਮਾਰਕਸੀ ਦਰਸ਼ਨ ਨੂੰ ਗਹਿਰਾਈ ਵਿੱਚ ਨਾ ਸਮਝਣ ਕਰਕੇ ਰੂਹ, ਆਤਮਾ, ਮਨ, ਚੇਤਨਾ ਦੇ ਅੰਤਰ-ਸਬੰਧਾਂ ਅਤੇ ਵਜੂਦ ਬਾਰੇ ਗਲਤੀ ਖਾਂਦੇ ਆ ਰਹੇ ਹਾਂ।
ਉਹਨਾਂ ਕਿਹਾ ਕਿ ਸਮਾਜਵਾਦੀ ਅਤੇ ਕਮਿਊਨਿਜ਼ਮ ਦੇ ਸਿਧਾਂਤ ਨੂੰ ਲੋਕਾਂ 'ਚ ਪ੍ਰਵਾਨ ਚੜਨ ਤੋਂ ਰੋਕਣ ਲਈ ਪਦਾਰਥਵਾਦੀ ਵਿਰੋਧ-ਵਿਕਾਸ ਉਪਰ ਤਿੱਖੇ ਹੱਲੇ ਬੋਲਦੇ ਜਾਣਾ ਹੀ ਲੋਕ-ਵਿਰੋਧੀ, ਸਮਾਜ-ਵਿਰੋਧੀ ਅਤੇ ਤਰੱਕੀ-ਵਿਰੋਧੀ ਤਾਕਤਾਂ ਦਾ ਫਲਸਫ਼ਾ ਹੈ।
ਦੇਸ਼ ਭਗਤ ਯਾਦਗਾਰ ਕਮੇਟੀ ਦੇ ਖਜ਼ਾਨਚੀ ਸੀਤਲ ਸਿੰਘ ਸੰਘਾ, ਕਮੇਟੀ ਮੈਂਬਰ ਡਾ. ਕਰਮਜੀਤ ਸਿੰਘ, ਕਮੇਟੀ ਦੇ ਟਰੱਸਟੀ ਪ੍ਰਿਥੀਪਾਲ ਸਿੰਘ ਮਾੜੀਮੇਘਾ ਅਤੇ ਪਰਮਿੰਦਰ ਸਿੰਘ ਨੇ ਸਪੇਸ, ਮਾਰਕਸੀ ਫਲਸਫ਼ੇ ਨੂੰ ਲੋਕਾਂ 'ਚ ਹਰਮਨ ਪਿਆਰਾ ਬਣਾਏ ਜਾਣ 'ਚ ਦਰਪੇਸ਼ ਔਕੜਾਂ, ਗ਼ਦਰੀ ਦੇਸ਼ ਭਗਤਾਂ 'ਚ ਲਗਨ, ਨਿਹਚਾ, ਸਮਰਪਣ ਅਤੇ ਆਪਣਾ ਸਭ ਕੁੱਝ ਨਿਛਾਵਰ ਕਰਨ ਦੀ ਭਾਵਨਾ ਦਾ ਮਾਰਕਸੀ ਫਲਸਫ਼ੇ ਨਾਲ ਅੰਤਰ-ਸਬੰਧ ਕਿਵੇਂ ਹੈ ਆਦਿ ਨੁਕਤਿਆਂ ਬਾਰੇ ਸੁਆਲ ਉਠਾਏ।  ਕਾਮਰੇਡ ਜਗਰੂਪ ਨੇ ਆਏ ਸੁਆਲਾਂ ਦੇ ਵਿਆਖਿਆ ਪੂਰਵਕ ਜਵਾਬ ਦਿੱਤੇ।
ਪ੍ਰਧਾਨਗੀ ਮੰਡਲ ਵੱਲੋਂ ਬੋਲਦਿਆਂ ਦਰਬਾਰਾ ਸਿੰਘ ਢਿੱਲੋਂ ਨੇ ਕਿਹਾ ਕਿ ਸਾਡੇ ਸਮਾਜ ਦੀਆਂ ਅਨੇਕਾਂ ਜਟਿੱਲ ਸਮੱਸਿਆਵਾਂ ਦਾ ਉਪਰੋਂ ਉਪਰੋਂ ਓਹੜ ਪੋਹੜ ਕਰਨ ਦੇ ਯਤਨ ਸਾਰਥਕ ਨਹੀਂ ਹੋ ਸਕਦੇ, ਮਾਰਕਸਵਾਦ ਇਸ ਗਲ ਸੜੇ ਨਿਜ਼ਾਮ ਨੂੰ ਬਦਲਕੇ ਨਵਾਂ ਲੋਕ-ਪੱਖੀ ਸਿਰਜਣ ਦੇ ਸਿਧਾਂਤ ਦਾ ਹੀ ਨਾਂਅ ਹੈ।
ਕਮੇਟੀ ਦੇ ਜਨਰਲ ਸਕੱਤਰ ਡਾ. ਰਘਬੀਰ ਕੌਰ ਨੇ ਇਕੱਠ 'ਚ ਜੋ ਮਤੇ ਪੇਸ਼ ਕੀਤੇ ਹਾਲ 'ਚ ਹਾਜ਼ਰ ਲੋਕਾਂ ਨੇ ਹੱਥ ਖੜ•ੇ ਕਰਕੇ  ਪ੍ਰਵਾਨਗੀ ਦਿੰਦਿਆਂ ਮੰਗ ਕੀਤੀ ਕਿ 1857 ਦੇ ਗ਼ਦਰੀ ਫ਼ੌਜੀਆਂ ਦੀਆਂ ਸ਼ਹਾਦਤਾਂ ਵਾਲੇ ਸ਼ਹੀਦੀ ਖੂਹ ਅਜਨਾਲਾ ਵਿਖੇ ਮਿਊਜ਼ੀਅਮ ਬਣਾਇਆ ਜਾਵੇ।  ਅਨੇਕਾਂ ਕਾਰਨਾਂ ਕਰਕੇ ਖਰਾਬ ਹੋ ਰਹੀਆਂ ਅਸਥੀਆਂ ਦੀ ਸਾਂਭ-ਸੰਭਾਲ ਲਈ ਪੁਰਾਤਤਵ ਵਿਭਾਗ ਅੱਗੇ ਆਵੇ ਨਹੀਂ ਤਾਂ ਖਰਾਬ ਹੋਣ ਦੀ ਸਾਰੀ ਜਿੰਮੇਵਾਰੀ ਸੂਬਾਈ ਅਤੇ ਕੇਂਦਰੀ ਸਰਕਾਰ ਦੀ ਹੋਏਗੀ।
ਦੂਜੇ ਮਤੇ ਰਾਹੀਂ ਸ਼ਰਾਬ ਦਾ 'ਗ਼ਦਰ' ਦੇ ਨਾਂਅ ਬਰੈਂਡ ਰੱਖਣ ਨੂੰ ਅਜ਼ਾਦੀ ਸੰਗਰਾਮ ਦੇ ਮਹਾਨ ਗ਼ਦਰੀ ਇਤਿਹਾਸ ਦਾ ਨਿਰਾਦਰ ਕਰਨਾ ਕਰਾਰ ਦਿੰਦਿਆਂ ਇਸ 'ਤੇ ਤੁਰੰਤ ਰੋਕ ਲਾਉਣ ਦੀ ਮੰਗ ਕੀਤੀ ਗਈ।
ਇਸ ਵਿਚਾਰ-ਚਰਚਾ ਮੌਕੇ ਕਮੇਟੀ ਦੇ ਮੀਤ-ਪ੍ਰਧਾਨ ਅਜਮੇਰ ਸਿੰਘ, ਸਹਾਇਕ ਸਕੱਤਰ ਪਰਗਟ ਸਿੰਘ ਜਾਮਾਰਾਏ, ਕਮੇਟੀ ਮੈਂਬਰ ਮੰਗਤ ਰਾਮ ਪਾਸਲਾ, ਕੁਲਵੰਤ ਸੰਧੂ, ਰਣਜੀਤ ਸਿੰਘ ਔਲਖ, ਚਰੰਜੀ ਲਾਲ ਕੰਗਣੀਵਾਲ, ਗੁਰਮੀਤ, ਸੁਰਿੰਦਰ ਕੁਮਾਰੀ ਕੋਛੜ, ਗੁਰਮੀਤ ਸਿੰਘ ਢੱਡਾ, ਦੇਵਰਾਜ ਨਈਅਰ ਸ਼ਾਮਿਲ ਸਨ।
ਜ਼ਿਕਰਯੋਗ ਹੈ ਕਿ ਕੰਮ ਦੀ ਰੁੱਤ, ਇਮਤਿਹਾਨ ਦੇ ਦਿਨ ਅਤੇ ਮੌਸਮ ਦੀ ਖਰਾਬੀ ਆਦਿ ਦੇ ਬਾਵਜੂਦ ਮਾਰਕਸ ਦੇ ਜਨਮ ਦਿਹਾੜੇ 'ਤੇ ਅਥਾਹ ਭੀੜ ਜੁੜੀ।
*ਅਮੋਲਕ ਸਿੰਘ ਦੇਸ਼ਭਗਤ ਯਾਦਗਾਰ ਕਮੇਟੀ ਸਬੰਧਤ ਸਭਿਆਚਾਰਕ ਵਿੰਗ  ਕਨਵੀਨਰ ਹਨ। 

No comments: