Sunday, May 18, 2014

ਨਸ਼ੇ ਦੀ ਆਦਤ ਨੇ ਬਣਾ ਦਿੱਤਾ ਨਸ਼ੇ ਦਾ ਸੌਦਾਗਰ

ਭੰਗੜਾ ਗਰੁੱਪ ਦਾ ਸੰਚਾਲਕ 25 ਲੱਖ ਰੁਪਏ ਦੀ ਹੈਰੋਇਨ ਸਮੇਤ ਕਾਬੂ
ਲੁਧਿਆਣਾ: 18 ਮਈ 2014: (ਸਤਪਾਲ ਸੋਨੀ//ਪੰਜਾਬ ਸਕਰੀਨ): 
ਜ਼ਿਲਾ ਪੁਲਿਸ ਵੱਲੋਂ ਨਸ਼ੀਲੇ ਪਦਾਰਥਾਂ ਅਤੇ ਇਸਦੀ ਸਮਗਲਿੰਗ ਕਰਨ ਵਾਲਿਆਂ ਦੇ ਖਿਲਾਫ਼ ਮੁਹਿੰਮ ਜਾਰੀ ਹੈ। ਪੁਲਿਸ ਨੇ ਨਸ਼ੀਲੇ ਪਦਾਰਥਾਂ ਦਾ ਧੰਦਾ ਕਰਨ ਵਾਲਿਆਂ 'ਤੇ ਵੀ ਨਕੇਲ ਕੱਸੀ ਹੋਈ ਹੈ। ਲੁਧਿਆਣਾ ਪੁਲਸ ਨੇ ਨਸ਼ੀਲੇ ਪਦਾਰਥਾਂ ਦੀ ਫੜੀ ਗਈ ਹੈਰੋਇਨ ਦੀ ਅੰਤਰਰਾਸ਼ਟਰੀ ਮਾਰਕੀਟ ਵਿਚ ਕੀਮਤ 25 ਲੱਖ ਰੁਪਏ ਦੱਸੀ ਜਾਂਦੀ ਹੈ। ਦਿਲਚਸਪ ਗੱਲ ਹੈ ਕਿ ਗ੍ਰਿਫਤਾਰ ਦੋਸ਼ੀਆਂ ਵਿਚ ਭੰਗੜਾ ਗਰੁੱਪ ਦਾ ਸੰਚਾਲਕ ਵੀ ਹੈ। ਇਸ ਸੰਬੰਧ ਵਿਚ 2 ਵੱਖ-ਵੱਖ ਮਾਮਲੇ ਦਰਜ ਕੀਤੇ ਗਏ ਹਨ। ਐਂਟੀ ਨਾਰਕੋਟਿਕ ਸੈੱਲ ਦੇ ਮੁਖੀ ਸਬ ਇੰਸਪੈਕਟਰ ਹਰਬੰਸ ਸਿੰਘ ਨੇ ਦੱਸਿਆ ਕਿ ਫੜੇ ਗਏ ਦੋਸ਼ੀਆਂ ਵਿਚ ਜ਼ਿਲਾ ਸੰਗਰੂਰ ਦੀ ਅਹਿਮਦਗੜ੍ਹ ਮੰਡੀ ਦਾ 26 ਸਾਲਾ ਮਨਪ੍ਰੀਤ ਸਿੰਘ ਉਰਫ ਅਰਮਾਨ, ਡਾਬਾ ਦੇ ਬਸੰਤ ਨਗਰ ਦਾ 30 ਸਾਲਾ ਮੁਕੇਸ਼ ਕੁਮਾਰ ਉਰਫ ਮਿੰਟੂ ਅਤੇ ਨਿਊ ਸ਼ਿਮਲਾਪੁਰੀ ਦਾ 27 ਸਾਲਾ ਅਮਨਪ੍ਰੀਤ ਸਿੰਘ ਉਰਫ ਮਨੀ ਹੈ। ਮਨਪ੍ਰੀਤ ਅਰਮਾਨ ਮਿਊਜ਼ੀਕਲ ਭੰਗਡ਼ਾ ਗਰੁੱਪ ਦਾ ਸੰਚਾਲਕ ਹੈ। ਇਸ ਦਾ ਸਾਥੀ ਮੁਕੇਸ਼ ਗੋਰਾ ਇੰਟਰਨੈਸ਼ਨਲ ਗਰੁੱਪ ਵਿਚ ਭੰਗੜਾ ਟੀਮ ਦਾ ਮੈਂਬਰ ਹੈ,  ਜਦਕਿ ਮਨੀ ਟਰੱਕ ਡਰਾਈਵਰ ਹੈ। ਇਹ ਤਿੰਨੋਂ ਵਿਅਕਤੀ ਪਹਿਲਾਂ ਤਾਂ ਨਸ਼ੇ ਦੇ ਆਦੀ ਬਣੇ ਅਤੇ ਨਸ਼ੇ ਦਾ ਗੁਲਾਮ ਬਣ ਜਾਨ ਤੋਂ ਬਾਅਦ ਇਹ ਨਸ਼ੇ ਦੀ ਬਿਮਾਰੀ ਪੂਰੇ ਸਮਾਜ ਵਿੱਚ ਵੰਡਣ ਤੁਰ ਪਏ। ਨਸ਼ੇ ਦੀ ਪੂਰਤੀ ਅਤੇ ਨਾਲ ਦੀ ਨਾਲ ਆਮਦਨੀ- ਬਸ ਏਸ ਜਾਲ ਵਿੱਚ ਫਸਕੇ ਇਹ  ਨਸ਼ਾ ਅੱਗੇ ਵੇਚਣ ਦਾ ਧੰਦਾ ਵੀ ਕਰਨ ਲੱਗ ਪਏ।  ਇਸ ਸਭ ਦੇ ਚਲਦੇ ਅਰਮਾਨ ਦਾ ਆਪਣੀ ਪਤਨੀ ਨਾਲ ਤਲਾਕ ਵੀ ਹੋ ਚੁੱਕਾ ਹੈ। ਅਰਮਾਨ ਅਤੇ ਮੁਕੇਸ਼ ਨੂੰ ਸ਼ਨੀਵਾਰ ਸ਼ਾਮ ਕਰੀਬ 5 ਵਜੇ ਸਲੇਮ ਟਾਬਰੀ ਇਲਾਕੇ ਵਿਚ ਬੁੱਢੇ ਦਰਿਆ ਦੇ ਕੋਲੋਂ ਵਿਸ਼ੇਸ਼ ਨਾਕਾਬੰਦੀ ਦੌਰਾਨ ਗ੍ਰਿਫਤਾਰ ਕੀਤਾ ਗਿਆ। ਤਲਾਸ਼ੀ ਦੌਰਾਨ ਇਨ੍ਹਾਂ ਕੋਲੋਂ 40 ਗ੍ਰਾਮ ਹੈਰੋਇਨ ਬਰਾਮਦ ਹੋਈ। ਉਦੋਂ ਇਹ ਬਾਈਕ 'ਤੇ ਸਵਾਰ ਸਨ। ਪੁੱਛਗਿੱਛ ਵਿਚ ਦੋਸ਼ੀਆਂ ਨੇ ਆਪਣਾ ਅਪਰਾਧ ਸਵੀਕਾਰ ਕਰਦੇ ਹੋਏ ਦੱਸਿਆ ਕਿ ਇਹ ਹੈਰੋਇਨ ਉਹ ਫਿਲੌਰ ਦੇ ਟਾਹਲੀ ਛੰਨਾ ਤੋਂ ਲੈ ਕੇ ਆਏ ਸਨ। ਪਿਛਲੇ 2 ਸਾਲ ਤੋਂ ਉਹ ਹੈਰੋਇਨ ਦਾ ਸੇਵਨ ਕਰਦੇ ਆ ਰਹੇ ਹਨ ਅਤੇ ਅੱਗੇ ਵੇਚਣ ਦਾ ਗੋਰਖਧੰਦਾ ਵੀ ਕਰਦੇ ਹਨ। ਇਸ ਸੰਬੰਧ ਵਿਚ ਸਲੇਮ ਟਾਬਰੀ ਥਾਣਾ ਵਿਚ ਐੱਨ. ਡੀ. ਪੀ. ਐੱਸ. ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਦੂਜੇ ਮਾਮਲੇ ਵਿਚ ਟਰੱਕ ਚਾਲਕ ਮਨੀ ਨੂੰ ਸ਼ਨੀਵਾਰ ਹੈਬੋਵਾਲ ਦੇ ਪ੍ਰਤਾਪ ਸਿੰਘ ਵਾਲਾ ਕੋਲੋਂ ਗ੍ਰਿਫਤਾਰ ਕੀਤਾ ਗਿਆ। ਤਲਾਸ਼ੀ ਦੌਰਾਨ ਉਸ ਕੋਲੋਂ 10 ਗ੍ਰਾਮ ਹੈਰੋਇਨ ਬਰਾਮਦ ਹੋਈ। ਇਸ ਖਿਲਾਫ ਹੈਬੋਵਾਲ ਥਾਣੇ ਵਿਚ ਮਾਮਲਾ ਦਰਜ ਕੀਤਾ ਗਿਆ ਹੈ। ਨਾਰਕੋਟਿਕ ਸੈੱਲ ਦੇ ਮੁਖੀ ਨੇ ਦੱਸਿਆ ਕਿ ਤਿੰਨੋਂ ਵਿਅਕਤੀਆਂ ਨੂੰ ਪੁਲਸ ਰਿਮਾਂਡ 'ਤੇ ਲੈ ਕੇ ਇਸ ਗੱਲ ਦਾ ਪਤਾ ਲਗਾਇਆ ਜਾਵੇਗਾ ਕਿ ਇਹ ਹੈਰੋਇਨ ਕਿੱਥੇ-ਕਿੱਥੇ ਸਪਲਾਈ ਕੀਤੀ ਜਾਣੀ ਸੀ ਅਤੇ ਇਨ੍ਹਾਂ ਦੇ ਨਾਲ ਹੋਰ ਕੌਣ-ਕੌਣ ਲੋਕ ਮਿਲੇ ਹੋਏ ਹਨ। ਹੁਣ ਦੇਖਣਾ ਇਹ ਹੈ ਪੁਲਿਸ ਇਸ ਧੰਦੇ ਦੇ ਮਗਰਮਛਾਂ ਤੱਕ ਕਦੋਂ ਪਹੁੰਚਦੀ ਹੈ।

No comments: