Sunday, May 04, 2014

ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੀਆਂ ਚੋਣਾਂ ਸੰਪੰਨ

ਪੰਜਾਬੀ ਭਵਨ ਵਿੱਚ ਦੇਰ ਸ਼ਾਮ ਤੱਕ ਜਾਰੀ ਰਿਹਾ ਮੇਲੇ ਵਰਗਾ ਮਾਹੌਲ
ਡਾ. ਸੁਖਦੇਵ ਸਿੰਘ ਸਿਰਸਾ ਪ੍ਰਧਾਨ, 
ਡਾ. ਅਨੂਪ ਸਿੰਘ ਜoਸਕੱਤਰ 
ਡਾ. ਸੁਰਜੀਤ ਸਿੰਘ ਸੀਨੀ. ਮੀo ਪ੍ਰਧਾਨ ਚੁਣੇ ਗਏ
ਲੁਧਿਆਣਾ 04 ਮਈ (ਰੈਕਟਰ ਕਥੂਰੀਆ//ਪੰਜਾਬ ਸਕਰੀਨ):
1954 ਤੋਂ ਸਥਾਪਤ ਪੰਜਾਬੀ ਲੇਖਕਾਂ ਦੀ ਸਿਰਮੌਰ ਸੰਸਥਾ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੀਆਂ ਚੋਣਾਂ ਅੱਜ ਪੰਜਾਬੀ ਭਵਨ ਵਿਖੇ ਪੂਰੇ ਜੋਸ਼ੋ ਖਰੋਸ਼ ਵਾਲੇ ਜਜ਼ਬੇ ਨਾਲ ਹੋਈਆਂ। ਇਨ੍ਹਾਂ ਚੋਣਾਂ ਵਿਚ ਦੂਰ ਦੁਰਾਡੇ ਤੋਂ ਆ ਕੇ 846 ਮੈਂਬਰਾਂ ਨੇ ਵੋਟਾਂ ਪਾਈਆਂ। ਇਹ ਚੋਣ ਮੁੱਖ ਚੋਣ ਅਧਿਕਾਰੀ ਡਾ. ਸਰਜੀਤ ਸਿੰਘ ਗਿੱਲ, ਸਹਾਇਕ ਚੋਣ ਅਧਿਕਾਰੀ ਸ. ਹਕੀਕਤ ਸਿੰਘ ਮਾਂਗਟ ਅਤੇ ਡਾ. ਪਰਮਜੀਤ ਸਿੰਘ ਦੇ ਸਹਿਯੋਗ ਨਾਲ ਨੇਪਰੇ ਚੜ੍ਹਾਈ। ਸਖਤ ਬਾਵਜੂਦ ਅਖਾੜਾ ਭਖਿਆ ਰਿਹਾ। 
 ਨਤੀਜੇ ਦਾ ਐਲਾਨ ਕਰਦਿਆਂ ਡਾ. ਸਰਜੀਤ ਸਿੰਘ ਗਿੱਲ ਹੋਰਾਂ ਨੇ ਦਸਿਆ ਕਿ ਪ੍ਰਧਾਨਗੀ ਪਦ ਲਈ ਡਾ. ਸੁਖਦੇਵ ਸਿੰਘ ਸਿਰਸਾ ਵੱਡੇ ਫ਼ਰਕ ਨਾਲ ਜੇਤੂ ਰਹੇ। ਇਹਨਾਂ 602 ਵੋਟਾਂ ਹਾਸਲ ਕੀਤੀਆਂ ਜਦੋਂ ਕਿ ਇਹਨਾਂ ਦੇ ਵਿਰੋਧੀ ਉਮੀਦਵਾਰ ਡਾ. ਤੇਜਵੰਤ ਸਿੰਘ ਮਾਨ ਹੋਰਾਂ ਨੂੰ 233 ਵੋਟਾਂ ਮਿਲੀਆਂ। ਇਸ ਅਹੁਦੇ ਦੀ ਚੋਣ ਦੇ ਮਾਮਲੇ ਵਿੱਚ ਗਿਆਰਾਂ ਵੋਟਾਂ ਕੈਂਸਲ ਹੋਈਆਂ। ਅਕਾਡਮੀ ਦੇ ਜਨਰਲ ਸਕੱਤਰ ਵਜੋਂ ਡਾ. ਅਨੂਪ ਸਿੰਘ ਬਟਾਲਾ ਪਹਿਲਾਂ ਹੀ ਬਿਨਾਂ ਮੁਕਾਬਲਾ ਜੇਤੂ ਰਹੇ। ਸੀਨੀਅਰ ਮੀਤ ਪ੍ਰਧਾਨ ਲਈ ਡਾ. ਸੁਰਜੀਤ ਸਿੰਘ (ਪਟਿਆਲਾ) 534 ਵੋਟਾਂ ਲੈ ਕੇ ਜੇਤੂ ਰਹੇ ਸਨ। ਡਾ. ਜੋਗਿੰਦਰ ਸਿੰਘ ਨਿਰਾਲਾ ਨੂੰ ਇਨ੍ਹਾਂ ਦੇ ਮੁਕਾਬਲੇ ਤੇ 272 ਵੋਟਾਂ ਮਿਲੀਆਂ। ਪੰਜ ਮੀਤ ਪ੍ਰਧਾਨ ਚੁਣੇ ਗਏ ਜਿਨ੍ਹਾਂ ਵਿਚ ਤ੍ਰੈਲੋਚਨ ਲੋਚੀ ਨੂੰ 503 , ਸ੍ਰੀ ਸੁਰਿੰਦਰ ਕੈਲੇ ਨੂੰ 457, ਸ੍ਰੀਮਤੀ ਗੁਰਚਰਨ ਕੌਰ ਕੋਚਰ ਨੂੰ 451, ਸ੍ਰੀ ਸੁਦਰਸ਼ਨ ਗਾਸੋ 445, ਸ੍ਰੀ ਸੀ. ਮਾਰਕੰਡਾ 342 ਵੋਟਾਂ ਲੈ ਕੇ ਜੇਤੂ ਰਹੇ। ਇਸੇ ਤਰ੍ਹਾਂ ਪ੍ਰਬੰਧਕੀ ਬੋਰਡ ਵਿਚ ਦੋ ਮੈਂਬਰ ਪੰਜਾਬੋਂ ਬਾਹਰ ਸ. ਹਰਦੇਵ ਸਿੰਘ ਗਰੇਵਾਲ ਅਤੇ ਡਾ. ਹਰਵਿੰਦਰ ਸਿੰਘ ਸਿਰਸਾ ਜੇਤੂ ਰਹੇ। ਖ਼ਬਰ ਲਿਖਣ ਤੱਕ ਪ੍ਰਬੰਧਕੀ ਬੋਰਡ ਦੀ ਗਿਣਤੀ ਜਾਰੀ ਸੀ।
ਜੇਤੂ ਪ੍ਰਧਾਨ ਡਾ. ਸੁਖਦੇਵ ਸਿੰਘ ਸਿਰਸਾ ਪੰਜਾਬ ਯੂਨੀਵਰਸਿਟੀ ਚੰਡੀਗੜ ਵਿਖੇ ਪੰਜਾਬੀ ਅਧਿਐਨ ਸਕੂਲ ਦੇ ਚੇਅਰਮੈਨ ਹਨ ਅਤੇ ਪਿਛਲੇ ਛੇ ਸਾਲ ਤੋਂ ਲਗਾਤਾਰ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਜਨਰਲ ਸਕੱਤਰ ਵਜੋਂ ਸੇਵਾਵਾਂ ਨਿਭਾਉਂਦੇ ਰਹੇ ਹਨ। ਅੱਜ ਇਥੇ ਉਨ੍ਹਾਂ ਦੇ ਨਾਲ ਸਾਬਕਾ ਪ੍ਰਧਾਨ ਡਾ. ਸੁਰਜੀਤ ਪਾਤਰ, ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਮੁੱਖ ਚੋਣ ਅਧਿਕਾਰੀ ਡਾ. ਸਰਜੀਤ ਸਿੰਘ ਗਿੱਲ ਅਤੇ ਉਨ੍ਹਾਂ ਦੀ ਸਹਿਯੋਗੀ ਟੀਮ ਦਾ ਧੰਨਵਾਦ ਕੀਤਾ। ਉਨ੍ਹਾਂ ਪੰਜਾਬੀ ਸਾਹਿਤ ਦੇ ਵੱਡੇ ਨਾਂ ਜਿਹੜੇ ਅਗਾਂਊਂ ਉਨ੍ਹਾਂ ਦੀ ਹਿਮਾਇਤ ਕੀਤੀ ਅਤੇ ਸਮੂਹ ਪੰਜਾਬੀ ਸਾਹਿਤ ਜਗਤ ਜਿਨ੍ਹਾਂ ਦਾ  ਉਨ੍ਹਾਂ ਨੂੰ ਸਹਿਯੋਗ ਦਿੱਤਾ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਅਗਲਾ ਸਾਲ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦਾ 60ਵਾਂ ਡਾਇਮੰਡ ਜੁਬਲੀ ਵਰ੍ਹਾ ਹੈ। ਸਾਰਿਆਂ ਦੇ ਸਹਿਯੋਗ ਨਾਲ ਇਸ ਸਮੇਂ ਵਿਚ ਵੱਧ ਤੋਂ ਵੱਧ ਕਾਰਜ ਕਰਨ ਦਾ ਯਤਨ ਕੀਤਾ ਜਾਵੇਗਾ ਅਤੇ ਭਾਰਤ ਸਰਕਾਰ ਤੋਂ ਡਾਕ ਟਿਕਟ ਜਾਰੀ ਕਰਵਾਉਣ ਲਈ ਸਿਰਤੋੜ ਯਤਨ ਕੀਤੇ ਜਾਣਗੇ। ਪੰਜਾਬ ਸਰਕਾਰ ਨੇ 2011 ਦੇ ਬਜਟ ਵਿਚ ਦੋ ਕਰੋੜ ਰੁਪਏ ਐਲਾਨ ਕੀਤੇ ਸਨ ਉਸ ਨੂੰ ਲੈਣ ਲਈ ਪੂਰੇ ਯਤਨ ਕੀਤੇ ਜਾਣਗੇ। ਸਿਲਵਰ ਜੁਬਲੀ ਵਰ੍ਹੇ ਲਈ ਅੱਠ ਪ੍ਰਕਾਸ਼ਨਾਵਾਂ ਜੋ ਪ੍ਰਕਾਸ਼ਨ ਅਧੀਨ ਹਨ ਨੂੰ ਪਾਠਕਾਂ ਲਈ ਪੇਸ਼ ਕੀਤਾ ਜਾਵੇਗਾ। 
ਇਸ ਤਰ੍ਹਾਂ ਵੱਖ ਵੱਖ ਬਹੁ-ਪੱਖੀ ਕਾਰਜਾਂ ਰਾਹੀਂ ਪੰਜਾਬੀ ਲੇਖਕ ਤੇ ਲਿਖਤ ਨੂੰ ਪ੍ਰਮਾਣਿਤ ਕਰਨ ਹਿਤ ਕਾਰਜ ਆਰੰਭੇ ਜਾਣਗੇ ਅਤੇ ਸਮੂਹ ਪੰਜਾਬੀਆਂ ਨੂੰ ਅਕਾਦਮਿਕ ਪੱਧਰ 'ਤੇ ਜੋੜ ਕੇ ਉਨ੍ਹਾਂ ਦਾ ਚਿੰਤਨ ਪੱਧਰ ਉੱਚਾ ਕੀਤਾ ਜਾਵੇਗਾ।

No comments: