Thursday, May 15, 2014

ਮਾਮਲਾ ਹੈਦਰਾਬਾਦ ਵਿੱਚ ਨਿਸ਼ਾਨ ਸਾਹਿਬ ਨੂੰ ਅੱਗ ਦੇ ਹਵਾਲੇ ਕਰਨ ਦਾ

ਚੋਣ ਨਤੀਜਿਆਂ ਤੋਂ ਐਨ ਪਹਿਲਾਂ ਆਖਿਰ ਕਿਸਦੀ ਸੀ ਇਹ ਸਾਜ਼ਿਸ਼
ਹੈਦਰਾਬਾਦ:14 ਮਈ 2014: (ਪੰਜਾਬ ਸਕਰੀਨ ਬਿਊਰੋ):
ਚੋਣ ਨਤੀਜਿਆਂ ਤੋਂ ਐਨ ਇੱਕ ਦਿਨ ਪਹਿਲਾਂ ਨਿਸ਼ਾਨ ਸਾਹਿਬ ਨੂੰ ਅੱਗ ਲਾਉਣ ਦੀ ਇਹ ਸਾਜਿਸ਼ੀ ਅਤੇ ਸ਼ਰਾਰਤਪੂਰਨ ਸਿਆਸਤ ਕਿਸਦੀ ਸੀ? ਇਹ ਇੱਕ ਅਹਿਮ ਸੁਆਲ ਹੈ। ਜਦੋਂ ਤੱਕ ਇਸਦੀ ਜਾਂਚ ਰਿਪੋਰਟ ਆਏਗੀ ਉਦੋਂ ਤੱਕ ਜਾਂ ਤਾਂ ਲੋਕਾਂ ਨੂੰ ਇਸਦੀ ਯਾਦ ਭੁੱਲ ਜਾਏਗੀ ਜਾਂ ਫੇਰ ਅਜਿਹੀ ਹੀ ਕੋਈ ਹੋਰ ਨਵੀਂ ਵਾਰਦਾਤ ਕਿਸੇ ਹੋਰ ਥਾਂ ਵਾਪਰ ਜਾਏਗੀ ਤੇ ਦਾਲ ਰੋਟੀ ਦੇ ਜੁਗਾੜ ਵਿੱਚ ਨਿਚੋੜੇ ਜਾ ਚੁੱਕੇ ਲੋਕ ਆਪਣੇ ਬਚੇ-ਖੁਚੇ ਸਾਹ ਸੱਤ ਨੂੰ ਸੰਭਾਲਣ ਲਈ ਫਿਰ ਕੋਈ ਆਸਰਾ ਤੱਕਣ ਲੱਗ ਪੈਣਗੇ। ਇਹ ਕੁਝ ਹੁਣ ਸਾਡੇ ਸਭ ਲੈ ਆਮ ਜਿਹਾ ਬਣ ਗਿਆ ਹੈ। ਕਾਬਿਲੇ ਜ਼ਿਕਰ ਹੈ ਕਿ ਹੈਦਰਾਬਾਦ ਦੇ ਪੁਰਾਣੇ ਸ਼ਹਿਰ ਦੇ ਨਾਲ ਬਹਾਦਰਪੁਰਾ ਨੇੜੇ ਸਿੱਖ ਛਾਉਣੀ 'ਚ ਉਸ ਸਮੇਂ ਸਥਿਤੀ ਤਣਾਅ ਪੂਰਨ ਬਣ ਗਈ ਜਦੋਂ ਇਥੇ ਕੁਝ ਸ਼ਰਾਰਤੀ ਅਨਸਰਾਂ ਨੇ ਇਕ ਨਿਸ਼ਾਨ ਸਾਹਿਬ ਨੂੰ ਸਾੜ ਦਿੱਤਾ। ਗੱਲ ਬਹੁਤ ਵੱਡੀ ਸੀ। ਪ੍ਰਤੀਕਰਮ ਵੱਜੋਂ ਕਿਤੇ ਵੀ ਕੁਝ ਵੀ ਵਾਪਰ ਸਕਦਾ ਸੀ। ਇਹ ਗੱਲ ਵੱਖਰੀ ਹੈ ਕਿ ਚਾਲਾਕ ਸਾਜ਼ਿਸ਼ੀਆਂ ਨਾਲੋਂ ਸਾਡੇ ਇਹ ਆਮ ਜਹੇ ਲੋਕ ਕੀਤੇ ਜਿਆਦਾ ਸਮਝਦਾਰ ਨਿਕਲੇ। ਲੋਕਾਂ ਦੀ ਸਿਆਣਪ ਨੇ ਬਹੁਤ ਸਾਰੇ ਥਾਵਾਂ ਦੇ ਪ੍ਰਤੀਕਰਮ ਨੂੰ ਪੈਦਾ ਹੋਣ ਤੋਂ ਪਹਿਲਾਂ ਹੀ ਰੋਕ ਲਿਆ। 
ਇਸਦੇ ਬਾਵਜੂਦ ਉੱਥੇ ਕਕਾ ਦੁੱਕਾ ਵਾਰਦਾਤਾਂ ਹੋਈਆਂ। ਇਸ ਤੋਂ ਬਾਅਦ ਦੋ ਫਿਰਕਿਆਂ ਵਿਚਾਲੇ ਭੜਕੇ ਦੰਗਿਆਂ ਅਤੇ ਇਨ੍ਹਾਂ 'ਤੇ ਕਾਬੂ ਪਾਉਣ ਲਈ ਪੁਲਿਸ ਵੱਲੋਂ ਚਲਾਈ ਗੋਲੀ ਨਾਲ 3 ਵਿਅਕਤੀਆਂ ਦੀ ਮੌਤ ਹੋ ਗਈ। ਤਿੰਨ ਇਨਸਾਨੀ ਜ਼ਿੰਦਗੀਆਂ  ਇਸ ਫਿਰਕੂ ਸ਼ਰਾਰਤ ਦੀ ਬਲੀ ਚੜ੍ਹਾ ਦਿੱਤੀਆਂ ਗਈਆਂ। ਤਿਨ ਵਿਅਕਤੀਆਂ ਦੀ ਮੌਤ ਹੋ ਜਾਣ ਪਿੱਛੋਂ ਸਾਇਬਰਾਬਾਦ ਕਮਿਸ਼ਨਰੇਟ ਹੇਠਲੇ ਰਾਜਿੰਦਰ ਨਗਰ ਪੁਲਿਸ ਤਹਿਤ ਪੈਂਦੇ ਇਲਾਕੇ 'ਚ ਅਣਮਿਥੇ ਸਮੇਂ ਦਾ ਕਰਫਿਊ ਲਗਾ ਦਿੱਤਾ ਗਿਆ  ਸਥਿਤੀ ਕੰਟਰੋਲ ਹੇਠ ਆ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਬੁਧਵਾਰ ਨੂੰ ਸਵੇਰੇ 5 ਵਜੇ ਦੇ ਕਰੀਬ ਕੁਝ ਸ਼ਰਾਰਤੀ ਅਨਸਰਾਂ ਨੇ ਬਹਾਦਰਪੁਰਾ ਨੇੜੇ ਪੈਂਦੀ ਸਿੱਖ ਛਾਉਣੀ 'ਚ ਜਦੋਂ ਨਿਸ਼ਾਨ ਸਾਹਿਬ ਨੂੰ ਸਾੜ ਦਿੱਤਾ ਤਾਂ ਇਥੋਂ ਦੇ ਭਾਈਚਾਰੇ ਨੇ ਇਸ ਘਟਨਾ ਲਈ ਜ਼ਿੰਮੇਵਾਰ ਸਮਝਦਿਆਂ 2 ਨੌਜਵਾਨਾਂ 'ਤੇ ਹਮਲਾ ਕਰ ਦਿੱਤਾ। ਇਸ ਤੋਂ ਬਾਅਦ ਇਲਾਕੇ 'ਚ ਦੋਵਾਂ ਫਿਰਕਿਆਂ ਵਿਚਾਲੇ ਦੰਗੇ ਭੜਕ ਗਏ। ਹਰ ਪਾਸੇ ਨਫਰਤ ਦੀ ਅੱਗ ਬਲ ਪਈ। ਕੁਝ ਘਰਾਂ ਅਤੇ ਦੁਕਾਨਾਂ ਨੂੰ ਅੱਗ ਲਗਾ ਦਿੱਤੀ ਗਈ। ਇਕ ਦੂਸਰੇ 'ਤੇ ਪੱਥਰਬਾਜ਼ੀ ਕੀਤੀ ਗਈ ਅਤੇ 10 ਨਿੱਜੀ ਗੱਡੀਆਂ ਵੀ ਸਾੜ ਦਿੱਤੀਆਂ ਗਈਆਂ। ਇਸ ਸਾਰੀ ਸਥਿਤੀ 'ਤੇ ਕਾਬੂ ਪਾਉਣ ਲਈ ਮੌਕੇ 'ਤੇ ਪੁੱਜੀ ਪੁਲਿਸ ਦੀ ਇਕ ਗੱਡੀ 'ਤੇ ਵੀ ਹਮਲਾ ਕੀਤਾ ਗਿਆ। ਪੁਲਿਸ ਟੀਮ ਦੀ ਅਗਵਾਈ ਕਰ ਰਹੇ ਸਾਇਬਰਾਬਾਦ ਦੇ ਜਾਇੰਟ ਕਮਿਸ਼ਨਰ ਗੰਗਾਧਰ ਨੂੰ ਵੀ ਨਹੀਂ ਬਖਸ਼ਿਆ ਗਿਆ। ਉਸਨੂੰ ਵੀ ਪੱਥਰ ਮਾਰੇ ਗਏ। ਪੁਲਿਸ ਆਉਣ ਤੇ ਵੀ ਦੰਗਾਕਾਰੀ ਨਹੀਂ ਰੁਕੇ। ਪੁਲਿਸ ਦੀ ਹਾਜ਼ਰੀ 'ਚ ਇਹਨਾਂ ਵੀ ਦੰਗਾਕਾਰੀਆਂ ਵੱਲੋਂ ਅੱਗਾਂ ਲਗਾਉਣ ਅਤੇ ਪੱਥਰਬਾਜ਼ੀ ਦਾ ਸਿਲਸਿਲਾ ਜਾਰੀ ਰੱਖਿਆ ਗਿਆ। ਪੁਲਿਸ ਨੇ ਦੰਗਾਕਾਰੀਆਂ ਨੂੰ ਖਿੰਡਾਉਣ ਲਈ ਪਹਿਲਾਂ ਤਾਂ ਅੱਥਰੂ ਗੈਸ ਦੇ ਗੋਲੇ ਸੁੱਟੇ ਅਤੇ ਲਾਠੀਚਾਰਜ ਵੀ ਕੀਤਾ ਪਰ ਗੱਲ ਨਹੀਂ ਬਣੀ। ਜਦੋਂ ਸਥਿਤੀ ਕਾਬੂ ਹੇਠ ਆਉਂਦੀ ਨਜਰ ਨਾ ਆਈ ਤਾਂ ਪੁਲਿਸ ਨੇ ਗੋਲੀ ਚਲਾ ਦਿੱਤੀ ਜਿਸ ਨਾਲ 3 ਵਿਅਕਤੀਆਂ ਦੀ ਮੌਤ ਹੋ ਗਈ। ਅਜੇ ਤੱਕ ਮਿਰਤਕਾਂ ਦੀ ਪਛਾਣ ਨਹੀਂ ਹੋ ਸਕੀ। ਇਸਦੇ ਨਾਲ ਹੀ ਦੇਸ਼ ਦੇ ਦੂਜੇ ਹਿੱਸਿਆਂ ਵਿੱਚ ਇੱਕ ਦੂਜੇ ਦੀ ਸੁੱਖ ਸਾਂਦ ਪੁਛਣ ਵਾਲੇ ਫੋਨ ਖੜਕਣੇ ਸ਼ੁਰੂ ਹੋ ਗਏ। ਫੋਨ ਚੁੱਕਦਿਆਂ ਸਾਰ ਅੱਗੋਂ ਇਹੀ ਸੁਆਲ ਹੁੰਦਾ ਉੱਥੇ ਸ੍ਭ੍ਭ ਠੀਕ ਹੈ? ਠੀਕਠਾਕ ਹਾਲਤ ਦੀ ਗੱਲ ਸੁਣ ਕੇ ਵੀ ਲੋਕ ਇਤਬਾਰ ਨ ਕਰਦੇ। ਓਹ ਦੱਸਦੇ ਕੀ ਸਾਨੂੰ ਤਾਂ ਕਿਸੇ ਨੇ ਦੱਸਿਆ ਤੁਹਾਡੇ ਸ਼ਹਿਰ ਕਰਫਿਊ ਲੱਗ ਗਿਆ ਹੈ? ਇਸ ਤਰ੍ਹਾਂ ਅਫਵਾਹਾਂ ਦਾ ਬਾਜ਼ਾਰ ਲਗਾਤਾਰ ਗਰਮ ਰਿਹਾ। ਬਹੁਤ ਸਾਰੇ ਲੀਡਰਾਂ ਨੇ ਸ਼ਾਂਤੀ ਦੀ ਅਪੀਲ੍ਵੀ ਕੀਤੀ।ਸਾਇਬਰਾਬਾਦ ਦੇ ਪੁਲਿਸ ਕਮਿਸ਼ਨਰ ਸੀ. ਵੀ. ਅਨੰਦ ਅਤੇ ਹੈਦਰਾਬਾਦ ਪੁਲਿਸ ਦੇ ਉੱਚ ਅਧਿਕਾਰੀ ਘਟਨਾ ਵਾਲੀ ਥਾਂ ਪੁੱਜੇ ਅਤੇ ਸਥਿਤੀ ਦਾ ਪੂਰਾ ਜਾਇਜ਼ਾ ਲਿਆ। ਚੋਣਾਂ ਦੇ ਮੱਦੇਨਜ਼ਰ ਇਥੇ ਤਾਇਨਾਤ ਪੁਲਿਸ ਅਤੇ ਹੋਰ ਅਰਧ ਸਰਕਾਰੀ ਬਲ ਵੀ ਤੁਰੰਤ ਇਸ ਇਲਾਕੇ 'ਚ ਤਾਇਨਾਤ ਕਰ ਦਿੱਤੇ ਗਏ ਅਤੇ ਇਲਾਕੇ 'ਚ ਗਸ਼ਤ ਵੀ ਵਧਾ ਦਿੱਤੀ ਗਈ ਹੈ। ਇਸੇ ਦੌਰਾਨ ਤੇਲਗੂ ਦੇਸਮ ਪਾਰਟੀ ਦੇ ਪ੍ਰਧਾਨ ਐੱਨ. ਚੰਦਰਬਾਬੂ ਨਾਇਡੂ ਨੇ ਲੋਕਾਂ ਨੂੰ ਅਫਵਾਹਾਂ ਤੋਂ ਸੁਚੇਤ ਰਹਿਣ ਅਤੇ ਸ਼ਾਂਤੀ ਬਹਾਲੀ ਦੀ ਅਪੀਲ ਕੀਤੀ ਹੈ। ਵਾਈ. ਐੱਸ. ਆਰ. ਕਾਂਗਰਸ ਪਾਰਟੀ ਦੇ ਮੁਖੀ ਵਾਈ. ਐੱਸ. ਜਗਨ ਮੋਹਨ ਰੈੰੱਡੀ ਨੇ ਹੈਦਰਾਬਾਦ ਦੇ ਪੁਰਾਣੇ ਸ਼ਹਿਰ ਦੇ ਵਾਸੀਆਂ ਨੂੰ ਸਦਭਾਵਨਾ ਵਿਖਾਉਣ ਅਤੇ ਉਕਸਾਹਟ ਵਾਲੀਆਂ ਅਫਵਾਹਾਂ ਤੋਂ ਸੁਚੇਤ ਰਹਿਣ ਲਈ ਕਿਹਾ ਹੈ।  ਪੰਜਾਬ ਵਿੱਚ ਵੀ ਬਹੁਤ ਸਾਰੇ ਸੰਗਠਨਾਂ ਨੇ ਅਮਨ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ। 

No comments: