Thursday, May 29, 2014

ਸਹੀ ਮੁਨਾਫ਼ਾ ਲੈਣ ਲਈ ਮੱਛੀਆਂ ਦੀ ਸੰਭਾਲ ਬਹੁਤ ਮਹਤੱਵਪੂਰਨ

Wed, May 28, 2014 at 2:59 PM
ਮਛੀਆਂ ਦੀ ਸਿਹਤ ਲਈ ਪਾਣੀ ਨੂੰ ਹਿਲਾਉਂਦੇ ਰਹਿਣਾ ਜ਼ਰੂਰੀ ਹੈ
ਲੁਧਿਆਣਾ: 28-ਮਈ-2014: (ਰੈਕਟਰ ਕਥੂਰੀਆ//ਪੰਜਾਬ ਸਕਰੀਨ): 
ਗਰਮੀਆਂ ਦੇ ਮੌਸਮ ਵਿੱਚ ਮੱਛੀ ਪਾਲਣ ਤੋਂ ਚੰਗੀ ਕਮਾਈ ਲੈਣ ਲਈ ਉਨ੍ਹਾਂ  ਦੀ ਸੁਚੱਜੀ ਸਾਂਭ ਸੰਭਾਲ ਦੀ ਲੋੜ ਬਣੀ ਰਹਿੰਦੀ ਹੈ। ਇਹ ਵਿਚਾਰ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਦੇ ਫ਼ਿਸ਼ਰੀਜ਼ ਕਾਲਜ ਦੇ ਡਾ. ਮੀਰਾ ਆਂਸਲ ਨੇ ਪ੍ਰਗਟਾਏ। ਉਨ੍ਹਾਂ ਕਿਹਾ ਕਿ ਮੱਛੀ ਦੇ ਤਲਾਬਾਂ ਵਿੱਚ ਪਾਣੀ ਦਾ ਪੱਧਰ 6 ਫੁੱਟ ਦੇ ਕਰੀਬ ਜਰੂਰ ਰੱਖਣਾ ਚਾਹੀਦਾ ਹੈ ਇਸ ਨਾਲ ਪਾਣੀ ਦਾ ਤਾਪਮਾਨ ਥੱਲੇ ਵਾਲੇ ਹਿੱਸੇ ਵਿੱਚ ਠੀਕ ਰਹਿੰਦਾ ਹੈ। ਛੱਪੜਾਂ ਦੇ ਆਲੇ ਦੁਆਲੇ ਰੁੱਖ ਲਗਾਉਣੇ ਵੀ ਇਕ ਕਾਰਗਰ ਤਰੀਕਾ ਹੈ। ਛੱਪੜਾਂ ਵਿੱਚ ਆਕਸੀਜਨ ਦੀ ਮਾਤਰਾ ਘੱਟਣੀ ਨਹੀਂ ਚਾਹੀਦੀ ਜੋ ਕਿ ਗਰਮੀਆਂ ਦੇ ਮੌਸਮ ਵਿੱਚ ਆਮ ਤੌਰ ਤੇ ਸਵੇਰੇ ਦੇ ਵੇਲੇ ਘੱਟ ਹੁੰਦੀ ਹੈ। ਆਕਸੀਜਨ ਦਾ ਪੱਧਰ ਦਰੁੱਸਤ ਰੱਖਣ ਲਈ ਤਲਾਬਾਂ ਵਿੱਚ ਜਾਂ ਤਾਂ ਏਰੀਏਟਰ (ਪਾਣੀ ਹਿਲਾਉਣ ਵਾਲੀ ਮਸ਼ੀਨ) ਚਲਾਉਣਾ ਚਾਹੀਦਾ ਹੈ ਜਾਂ ਪਸ਼ੂਆਂ ਜਾਂ ਮਨੁੱਖਾਂ ਨੂੰ ਵਿੱਚ ਜਾ ਕੇ ਪਾਣੀ ਹਿਲਾਉਣਾ ਚਾਹੀਦਾ ਹੈ। ਮੱਛੀ ਦੇ ਤਲਾਬ ਦਾ ਪਾਣੀ ਖੇਤਾਂ ਨੂੰ ਲਾ ਦੇਣਾ ਚਾਹੀਦਾ ਹੈ ਜੋਕਿ ਫਸਲਾਂ ਲਈ ਬੜਾ ਫਾਇਦੇ ਵਾਲਾ ਰਹਿੰਦਾ ਹੈ। ਇਸ ਦੀ ਥਾਂ ਛੱਪੜਾਂ ਵਿੱਚ ਨਵਾਂ ਪਾਣੀ ਪਾਉਂਦੇ ਰਹਿਣਾ ਚਾਹੀਦਾ ਹੈ।
ਇਹ ਵੀ ਖਿਆਲ ਰੱਖਣ ਦੀ ਲੋੜ ਹੈ ਕਿ ਪਾਣੀ ਵਿੱਚ ਤੇਜ਼ਾਬੀਪਨ ਜਾਂ ਖਾਰੇਪਨ ਦੀ ਮਾਤਰਾ ਸੰਤੁਲਿਤ ਰਹੇ।ਇਸ ਪੱਧਰ ਨੂੰ ਜਾਂਚਦੇ ਰਹਿਣਾ ਚਾਹੀਦਾ ਹੈ।ਇਸ ਮੌਸਮ ਵਿੱਚ ਕਈ ਤਰ੍ਹਾਂ ਦੀਆਂ ਘਾਹ, ਬੂਟੀਆਂ ਪਾਣੀ ਵਿੱਚ ਉੱਗ ਆਉਂਦੇ ਹਨ ਜਾਂ ਪਾਣੀ ਦੇ ਵਿੱਚ ਕਾਈ ਜੰਮ ਜਾਂਦੀ ਹੈ।ਅਜਿਹੀ ਕਾਈ ਨੂੰ ਲਗਾਤਾਰ ਸਾਫ ਕਰਦੇ ਰਹਿਣਾ ਬਹੁਤ ਜਰੂਰੀ ਹੈ। ਇਨ੍ਹਾਂ ਚੀਜਾਂ ਕਰਕੇ ਪਾਣੀ ਵਿੱਚ ਅਮੋਨੀਆ ਅਤੇ ਕਾਰਬਨਡਾਈਆਕਸੀਡ ਵੱਧ ਜਾਂਦੀਆਂ ਹਨ ਜੋ ਕਿ ਮੱਛੀਆਂ ਦੀ ਸਿਹਤ ਲਈ ਨੁਕਸਾਨਦੇਹ ਹੁੰਦੀਆਂ ਹਨ।ਇਹ ਵੀ ਖਿਆਲ ਰੱਖਣ ਦੀ ਲੋੜ ਹੈ ਕਿ ਮੱਛੀਆਂ ਨੂੰ ਉਨ੍ਹੀਂ ਖੁਰਾਕ ਹੀ ਦਿੱਤੀ ਜਾਏ ਜਿੰਨੀ ਉਹ ਖਾ ਸਕਦੀਆਂ ਹੋਣ। ਵਾਧੂ ਖੁਰਾਕ ਛੱਪੜ ਦੇ ਤਲ ਵਿੱਚ ਬੈਠ ਜਾਂਦੀ ਹੈ ਜਿਸ ਨਾਲ ਪਾਣੀ ਵਿੱਚ ਜ਼ਹਿਰੀਲਾ ਮਾਦਾ ਵੱਧਦਾ ਹੈ।
ਡਾ. ਮੀਰਾ ਨੇ ਕਿਹਾ ਕਿ ਬਿਮਾਰੀਆਂ ਤੋਂ ਬਚਾਅ ਵਾਸਤੇ ਸੰਭਲ ਕੇ ਚਲਣ ਅਤੇ ਪ੍ਰਹੇਜ਼ ਰੱਖਣ ਦੀ ਨੀਤੀ ਹੀ ਸਭ ਤੋਂ ਚੰਗੀ ਹੈ।ਪਾਣੀ ਨੂੰ ਸਾਫ ਰੱਖਣ ਲਈ ਚੂਨਾ, ਲਾਲ ਦਵਾਈ ਜਾਂ ਸੀਫੈਕਸ ਦੀ ਵਰਤੋਂ ਮਾਹਿਰਾਂ ਦੀ ਰਾਏ ਮੁਤਾਬਿਕ ਕਰਨੀ ਚਾਹੀਦੀ ਹੈ। ਜੇਕਰ ਕੋਈ ਸਿਹਤ ਸਬੰਧੀ ਸਮੱਸਿਆ ਆਉਂਦੀ ਹੈ ਤਾਂ ਮਾਹਿਰ ਡਾਕਟਰ ਨੂੰ ਇਲਾਜ ਸਬੰਧੀ ਸੰਪਰਕ ਕਰਨਾ ਚਾਹੀਦਾ ਹੈ।

No comments: