Tuesday, May 27, 2014

ਉਮਰ ਛੋਟੀ ਜਿਹੀ ਤੇ ਜੁਰਮ ਖਤਰਨਾਕ

ਲੁਧਿਆਣਾ ਪੁਲਿਸ ਨੇ ਕਾਬੂ ਕੀਤਾ ਖਤਰਨਾਕ  ਨਾਬਾਲਿਗ ਗਿਰੋਹ 
ਲੁਧਿਆਣਾ: 27 ਮਈ 2014: (ਰੈਕਟਰ ਕਥੂਰੀਆ//ਪੰਜਾਬ ਸਕਰੀਨ):
ਛੋਟੀ ਜਿਹੀ ਉਮਰ ਅਤੇ ਖਤਰਨਾਕ ਜੁਰਮਾਂ ਵਾਲਾ ਰਸਤਾ।  ਜਦੋਂ ਫੜੇ ਗਏ ਤਾਂ ਆਪਣੀਆਂ ਟੀਸ਼ਰਟਾਂ ਦੇ ਗਲਾਵੇਂ ਵਿੱਚ ਮੂੰਹ ਲੁਕਾਉਣ ਦੀ ਵੀ ਜਲਦੀ। ਉਸ ਪਛਤਾਵੇ  ਦੇਖ ਕੇ ਇੰਝ ਲੱਗਦਾ--ਸਬ ਕੁਛ ਲੂਟਾ ਕੇ ਹੋਸ਼ ਮੇਂ ਆਏ ਤੋ ਕਿਆ ਕੀਆ...। ਛੋਟੀ ਉਮਰ ਦਾ ਲਿਹਾਜ਼ ਕਰਕੇ ਥਾਣਾ ਮੁਖੀ ਡਾਕਟਰ ਸੰਦੀਪ ਗਰਗ ਨੇ ਇਹਨਾਂ ਦੇ ਨਾਮ ਆਫ਼ ਦੀ ਰਿਕਾਰਡ  ਵੀ ਨਹੀਂ ਦੱਸੇ। ਖਚਾਖਚ ਭਰੀ ਪ੍ਰੈਸ ਕਾਨਫਰੰਸ ਵਿੱਚ ਪੁਲਸ ਨੇ ਇਕ ਅਜਿਹੇ ਗਿਰੋਹ ਦਾ ਭਾਂਡਾ ਭੰਨਿਆ ਹੈ ਜਿਹੜਾ ਰਾਹਗੀਰਾਂ ਨੂੰ ਹਥਿਆਰਾਂ ਦੀ ਨੋਕ 'ਤੇ ਲੁੱਟ-ਖੋਹ ਅਤੇ ਝਪਟਮਾਰੀ ਦਾ ਨਾਲ ਨਿਸ਼ਾਨਾ ਬਣਾਉਂਦਾ। ਇਸਦੇ ਨਾਲ  ਹੀ ਰਾਤ ਨੂੰ ਬੰਦ ਦੁਕਾਨਾਂ ਦੇ ਕਥਿਤ ਤਾਲੇ ਤੋੜ ਕੇ ਚੋਰੀ ਦੀਆਂ ਵਾਰਦਾਤਾਂ ਨੂੰ ਵੀ ਅੰਜਾਮ ਦਿੰਦੇ ਸਨ। ਪੁਲਸ ਵਲੋਂ ਫੜੇ  ਗਏ ਇਸ ਗਿਰੋਹ ਦੇ ਸਾਰੇ 6 ਮੈਂਬਰਾਂ ਦੀ ਉਮਰ 18 ਸਾਲ ਤੋਂ ਵੀ ਘੱਟ ਹੈ, ਜਦਕਿ ਫਰਾਰ ਹੋਏ ਗਿਰੋਹ ਦੇ ਦੋ ਮੈਂਬਰ 18 ਤੋਂ 20 ਸਾਲ ਦੀ ਉਮਰ ਦੇ ਦੱਸੇ ਜਾ ਰਹੇ ਹਨ। ਇਸ ਸਬੰਧੀ ਥਾਣਾ ਡਵੀਜ਼ਨ ਨੰ. 7 'ਚ ਆਯੋਜਿਤ ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਡਾ. ਸੰਦੀਪ ਗਰਗ ਆਈ. ਪੀ. ਐੱਸ. ਨੇ ਦੱਸਿਆ ਕਿ ਥਾਣਾ ਪੁਲਸ ਨੇ ਜਨਾਰਧਨ ਕੁਮਾਰ ਯਾਦਵ ਨਾਮਕ ਸ਼ਿਕਾਇਤਕਰਤਾ ਦੀ ਆਦਰਸ਼ ਨਗਰ, ਗਲੀ ਨੰ. 8 ਲੁਧਿਆਣਾ 'ਚ ਸਥਿਤ ਮੋਬਾਈਲ ਸ਼ਾਪ ਦਾ 23-24 ਮਈ ਦੀ ਦਰਮਿਆਨੀ ਰਾਤ ਨੂੰ ਸ਼ਟਰ ਤੋੜ ਕੇ 28 ਦੇ ਕਰੀਬ ਮੋਬਾਈਲ ਅਤੇ ਕਰੀਬ 5 ਹਜ਼ਾਰ ਰੁਪਏ ਦੇ ਰੀਚਾਰਜ ਕੂਪਨ ਚੋਰੀ ਦੇ ਮਾਮਲੇ 'ਚ ਇਕ ਮੁਕੱਦਮਾ 26-5-14 ਨੂੰ ਦਰਜ ਕੀਤਾ ਸੀ, ਜਿਸਦੇ ਚਲਦੇ ਹੌਲਦਾਰ ਗੁਰਚਰਨ ਸਿੰਘ ਦੀ ਪੁਲਸ ਪਾਰਟੀ ਨੇ ਅੱਜ ਗਸ਼ਤ ਦੌਰਾਨ ਗਲਾਡਾ ਗਰਾਊਂਡ ਸਾਹਮਣੇ ਵਰਧਮਾਨ ਮਿੱਲ 'ਚੋਂ ਈ. ਡਬਲਯੂ. ਐੱਸ. ਕਾਲੋਨੀ ਅਤੇ ਸੰਜੇ ਗਾਂਧੀ ਕਾਲੋਨੀ ਦੇ ਰਹਿਣ ਵਾਲੇ 6 ਨਾਬਾਲਿਗ ਮੁੰਡਿਆਂ ਨੂੰ ਕਾਬੂ ਕੀਤਾ, ਜਿਨ੍ਹਾਂ ਨੇ ਪੁੱਛਗਿੱਛ 'ਚ ਮੰਨਿਆ ਕਿ ਉਹ 8 ਮੈਂਬਰ ਹਨ, ਜਦਕਿ 2 ਭੱਜਣ 'ਚ ਕਾਮਯਾਬ ਰਹੇ। ਪੁਲਸ ਨੇ ਉਕਤ ਨਾਬਾਲਿਗਾਂ ਪਾਸੋਂ 6 ਮੋਬਾਈਲ ਫੋਨ ਅਤੇ ਵੱਖ-ਵੱਖ ਕੰਪਨੀਆਂ ਦੇ ਲਗਭਗ 361 ਰੁਪਏ ਦੇ ਰੀਚਾਰਜ ਕੂਪਨਾਂ ਸਮੇਤ ਕਥਿਤ ਹਥਿਆਰ ਜਿਨ੍ਹਾਂ 'ਚ 1 ਤੇਜ਼ਧਾਰ ਖੋਖਰੀ, ਇਕ ਕ੍ਰਿਪਾਨ ਅਤੇ ਇਕ ਬੇਸਬੈਟ ਬਰਾਮਦ ਕੀਤਾ ਹੈ। ਥਾਣਾ ਮੁਖੀ ਡਾ. ਗਰਗ ਨੇ ਦੱਸਿਆ ਕਿ ਉਕਤ ਫੜੇ ਗਏ ਨਾਬਾਲਿਗਾਂ ਨੇ ਇਹ ਵੀ ਮੰਨਿਆ ਕਿ ਉਹ ਚੋਰੀ ਦੀਆਂ ਵਾਰਦਾਤਾਂ ਤੋਂ ਬਿਨਾਂ ਵੱਖ-ਵੱਖ ਥਾਵਾਂ 'ਤੇ ਰਾਹਗੀਰਾਂ ਨੂੰ ਹਥਿਆਰਾਂ ਦੀ ਨੋਕ 'ਤੇ ਕਥਿਤ ਲੁੱਟਦੇ ਸਨ।  ਖਤਰਨਾਕ ਰਸਤੇ 'ਤੇ ਖਤਰਨਾਕ ਸ਼ੁਰੂਆਤ---ਕਾਸ਼ ਪੁਲਿਸ ਦਾ ਇਹ ਐਕਸ਼ਨ ਇਹਨਾਂ ਨੂੰ ਸਿਧੇ ਰਾਹੇ ਲਿਆ ਸਕੇ। 

No comments: