Friday, May 23, 2014

ਪਾਕਿਸਤਾਨੀ ਸਿੱਖਾਂ ਦੀਆਂ ਮੁਸ਼ਕਲਾਂ ਦੇ ਹਲ ਲਈ ਭਾਰਤ ਸਰਕਾਰ ਆਵੇ ਅੱਗੇ-ਕੋਛੜ

Fri, May 23, 2014 at 7:06 PM
ਪਾਰਲੀਮੈਂਟ ਸੈਸ਼ਨ ਵਿਚ ਪਾਕਿਸਤਾਨੀ ਸਿੱਖਾਂ ਵਲੋਂ ਕੀਤੇ ਗਏ ਵਿਰੋਧ ਵਖਾਵੇ
ਅੰਮ੍ਰਿਤਸਰ: 23 ਮਈ 2014:: (ਪੰਜਾਬ ਸਕਰੀਨ ਬਿਊਰੋ)::
ਇਤਿਹਾਸਕਾਰ ਸੁਰਿੰਦਰ ਕੋਛੜ
ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਵਿਚ ਚੱਲ ਰਹੇ ਪਾਰਲੀਮੈਂਟ ਸੈਸ਼ਨ ਵਿਚ ਅੱਜ ਪਾਕਿਸਤਾਨੀ ਸਿੱਖਾਂ ਵਲੋਂ ਕੀਤੇ ਗਏ ਵਿਰੋਧ ਪ੍ਰਦਸ਼ਣ ਦੇ ਬਾਵਜੂਦ ਪਾਕਿਸਤਾਨੀ ਸਿੱਖਾਂ ਦੀਆਂ ਸਮਸਿਆਵਾਂ ਦਾ ਹਲ ਨਿਕਲਣ ਵਾਲਾ ਨਹੀਂ, ਇਸ ਮਾਮਲੇ ਵਿਚ ਭਾਰਤ ਸਰਕਾਰ ਸਹਿਤ ਸੰਸਾਰ ਭਰ ਦੀਆਂ ਸਿੱਖ ਜੱਥੇਬੰਦੀਆਂ ਨੂੰ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ।ਪਾਕਿਸਤਾਂਨ `ਚ ਮੌਜੂਦ ਹਿੰਦੂ-ਸਿੱਖਾਂ ਦੇ ਧਾਰਮਿਕ ਤੇ ਵਿਰਾਸਤੀ ਸਥਾਨਾਂ ਅਤੇ ਹਿੰਦੂ-ਸਿੱਖਾਂ ਨੂੰ ਦਰਪੇਸ਼ ਆਉਣ ਵਾਲੀਆਂ ਸਮਸਿਆਵਾਂ `ਤੇ ਪੈਣੀ ਨਜ਼ਰ ਰੱਖਣ ਵਾਲੇ ਭਾਰਤੀ ਇਤਿਹਾਸਕਾਰ ਤੇ ਖੋਜਕਰਤਾ ਸ਼੍ਰੀ ਸੁਰਿੰਦਰ ਕੋਛੜ ਨੇ ਸ਼ੁੱਕਰਵਾਰ ਸ਼ਾਮ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਉਪਰੋਕਤ ਜਾਣਕਾਰੀ ਦਿੱਤੀ।ਉਹਨਾਂ ਦੱਸਿਆ ਕਿ ਸਿੰਧ ਦੇ ਆਸ਼ਰਮਾਂ ਵਿਚ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੇ ਜਾਣ ਦੇ ਬਾਅਦ ਪਿਛਲੇ ਵਰੇ੍ਹ 27 ਸਤੰਬਰ ਨੂੰ ਸਿੰਧ ਦੇ ਖ਼ੈਰਪੁਰ ਵਿਚ ਅਤੇ ਹੁਣ ਪਿੱਛਲੇ ਦਿਨੀਂ ਸਿੰਧ ਦੇ ਜ਼ਿਲ੍ਹਾ ਗੋਟਕੀ ਦੇ ਮੀਰਪੁਰੇ ਮਥੈਲੋ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਗਨੀ ਭੇਟਾਂ ਕੀਤੇ ਜਾਣ ਦੇ ਮਾਮਲੇ ਨੂੰ ਲੈ ਕੇ ਪਾਕਿਸਤਾਨੀ ਸਿੱਖਾਂ ਵਿਚ ਭਾਰੀ ਨਰਾਜ਼ਗੀ ਬਣੀ ਹੋਈ ਸੀ।ਉਨ੍ਹਾਂ ਕਿਹਾ ਕਿ ਪਾਕਿਸਤਾਨ ਸਰਕਾਰ ਲਈ ਇਹ ਵਾਕਿਅ ਹੀ ਸ਼ਰਮਿੰਦਗੀ ਵਾਲੀ ਗੱਲ ਹੈ ਕਿ ਐਨਾਂ ਸਭ ਹੋ ਜਾਣ ਦੇ ਬਾਵਜੂਦ ਅਜੇ ਤੱਕ ਦੋਸ਼ੀਆਂ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ।
ਸ਼੍ਰੀ ਕੋਛੜ ਨੇ ਦੱਸਿਆ ਕਿ ਪਾਕਿਸਤਾਨ ਦੀ ਕੁਲ ਆਬਾਦੀ ਵਿਚ ਮੌਜੂਦਾ ਸਮੇਂ ਹਿੰਦੂਆਂ ਦੀ ਆਬਾਦੀ 27 ਲੱਖ ਦੇ ਕਰੀਬ ਅਤੇ ਸਿੱਖਾਂ ਦੀ ਗਿਣਤੀ 20 ਹਜ਼ਾਰ ਦੇ ਕਰੀਬ ਹੈ।ਉਨ੍ਹਾਂ ਕਿਹਾ ਕਿ ਇਸ ਦੇ ਬਾਵਜੂਦ ਪਾਕਿਸਤਾਨ ਵਿਚ ਰਹਿ ਰਹੇ ਨਾ ਤਾਂ ਹਿੰਦੂ ਮਹਫ਼ੂਜ਼ ਹਨ ਅਤੇ ਨਾ ਹੀ ਸਿੱਖ ਅਮਨ ਨਾਲ ਸਿਰ ਚੁੱਕ ਕੇ ਜੀਅ ਪਾ ਰਹੇ ਹਨ।ਸ਼੍ਰੀ ਕੋਛੜ ਅਨੁਸਾਰ ਪਿੱਛੇ ਦਿਨੀਂ ਪਾਕਿਸਤਾਨੀ ਅਖ਼ਬਾਰਾਂ, ਟੀ.ਵੀ. ਚੈਨਲਾਂ ਅਤੇ ਸੋਸ਼ਲ ਮੀਡੀਆ ਦੇ ਨਾਲ-ਨਾਲ ਪ੍ਰਸਿਧ ਨਿਉਜ਼ ਚੈਨਲ ‘ਡਾਨ` ਨੇ ਵੀ ਪਾਕਿਸਤਾਨੀ ਸਿੱਖਾਂ ਪ੍ਰਤੀ ਉਥੋਂ ਦੇ ਮੁਸਲਮਾਨਾਂ ਦੇ ਉਪਰੋਕਤ ਵਿਹਾਰ ਦੀ ਜਾਣਕਾਰੀ ਬਕਾਇਦਾ ਪਾਕਿਸਤਾਨੀ ਸਿੱਖਾਂ ਨਾਲ ਇੰਟਰਵਿਉ ਕਰਕੇ ਪ੍ਰਮਾਣਿਕ ਢੰਗ ਨਾਲ ਪੇਸ਼ ਕੀਤੀ ਸੀ।ਚੈਨਲ ਨੇ ਸਪਸ਼ਟ ਤੌਰ `ਤੇ ਵਿਖਾਇਆ ਸੀ ਕਿ ਪਾਕਿਸਤਾਨ ਦੇ ਸਿੱਖਾਂ ਨੂੰ ਰਾਹ ਚਲਦੇ ਮੁਸਲਮਾਨਾਂ ਵਲੋਂ ਕਿਵੇਂ ਸਤਾਇਆ ਜਾਂਦਾ ਹੈ ਅਤੇ ਕਿਵੇਂ ਉਨ੍ਹਾਂ ਦਾ ਸਭ ਦੇ ਸਾਹਮਣੇ ਜਾਤੀਵਾਦਕ ਮਜ਼ਾਕ ਉਡਾਇਆ ਜਾਂਦਾ ਹੈ।
ਸ਼੍ਰੀ ਕੋਛੜ ਦੇ ਅਨੁਸਾਰ ਪਿਛਲੇ ਕੁਝ-ਇਕ ਸਾਲਾਂ ਵਿਚ ਪਾਕਿਸਤਾਨ ਵਿਚ ਸੈਂਕੜੇ ਹਿੰਦੂ-ਸਿੱਖ ਸਿਰਫ਼ ਇਸ ਲਈ ਮੌਤ ਦੇ ਘਾਟ ਉਤਾਰ ਦਿੱਤੇ ਗਏ, ਕਿਉਂਕਿ ਉਹ ਉਥੋਂ ਦੇ ਕਥਿਤ ਜੇਹਾਦੀਆਂ ਨੂੰ ਆਪਣੀ ਜਾਣ-ਮੁਆਫ਼ੀ ਦੀ ਕਿਮਤ ਦੇ ਰੂਪ ਵਿਚ ਇਕ ਵੱਡੀ ਰਾਸ਼ੀ ਨਹੀਂ ਦੇ ਸਕੇ।ਉਨ੍ਹਾਂ ਕਿਹਾ ਕਿ ਮੁਸਲਿਮ ਸੈਮਿਨਰੀਜ਼ ਦੁਆਰਾ ਨੌਜਵਾਨ ਮੁਸਲਮਾਨਾਂ ਨੂੰ ਇਹ ਕਹਿਕੇ ਗੰੁਮਰਾਹ ਕੀਤਾ ਜਾ ਰਿਹਾ ਹੈ ਕਿ ਕਿਸੇ ਹਿੰਦੂ-ਸਿੱਖ ਦੀ ਲੜਕੀ ਨੂੰ ਇਸਲਾਮ ਕੂਬੂਲ ਕਰਾਉਣ ਨਾਲ ‘ਹਜ਼-ਏ-ਅਕਬਰੀ` ਜਿਨ੍ਹਾਂ ਸਬਾਬ ਮਿਲਦਾ ਹੈ।ਜਿਸ ਦੇ ਚਲਦਿਆਂ ਹਰ ਸਾਲ 125 ਤੋਂ 170 ਹਿੰਦੂ-ਸਿੱਖ ਲੜਕੀਆਂ ਨੂੰ ਜ਼ਬਰੀ ਇਸਲਾਮ ਕਬੂਲ ਕਰਵਾਇਆ ਜਾ ਰਿਹਾ ਹੈ ਅਤੇ ਇਸ ਤੋਂ ਦੋ-ਗੁਣਾ ਹਿੰਦੂ ਲੜਕੀਆਂ ਨੂੰ ਬੇ-ਆਬਰੂ ਕੀਤਾ ਜਾ ਰਿਹਾ ਹੈ।
ਉਹਨਾਂ ਕਿਹਾ ਕਿ ਪਾਕਿਸਤਾਨ ਸਰਕਾਰ ਅੱਜ ਇਕ ਪਾਸੇ ਜਿੱਥੇ ਉਥੇ ਰਹਿ ਰਹੇ ਹਿੰਦੂ-ਸਿੱਖਾਂ ਦੀ ਦਿਨ-ਬ-ਦਿਨ ਬਦਹਾਲ ਹੋ ਰਹੀ ਹਾਲਤ ਦਾ ਤਮਾਸ਼ਾ ਵੇਖ ਰਹੀ ਹੈ, ਉਥੇ ਹੀ ਦੂਸਰੇ ਪਾਸੇ ਆਪਣੀ ‘ਸੈਕੂਲਰ ਦੇਸ਼` ਦੀ ਇਮੇਜ਼ ਬਣਾਏ ਰੱਖਣ ਲਈ ਕੁਝ ਗਿਣੇ-ਚੁਣੇ ਪਾਕਿਸਤਾਨੀ ਹਿੰਦੂ-ਸਿੱਖ ਚਿਹਰਿਆਂ ਦਾ ਅੰਤਰ ਰਾਸ਼ਟਰੀ ਪੱਧਰ `ਤੇ ਖੂਬ ਇਸਤੇਮਾਲ ਵੀ ਕਰ ਰਹੀ ਹੈ।ਪਾਕਿਸਤਾਨੀ ਹਿੰਦੂ-ਸਿੱਖਾਂ ਦੀਆਂ ਉਪਰੋਕਤ ਸਮਸਿਆ ਦੇ ਹਲ ਲਈ ਜਿਥੇ ਦੇਸ਼-ਵਿਦੇਸ਼ ਦੀਆਂ ਮਾਨਵ ਅਧਿਕਾਰ ਨਾਲ ਸੰਬੰਧਿਤ ਸੰਸਥਾਵਾਂ ਅਤੇ ਸਰਕਾਰਾਂ ਨੂੰ ਪਾਕਿਸਤਾਨ ਨਾਲ ਜਲਦੀ ਠੋਸ ਗੱਲਬਾਤ ਕਰਨੀ ਹੋਵੇਗੀ, ਉਥੇ ਹੀ ਅੰਤਰ ਰਾਸ਼ਟਰੀ ਪੱਧਰ `ਤੇ ਪਾਕਿਸਤਾਨ ਦੇ ਅਸਲ ਚਿਹਰੇ ਅਤੇ ਘਿਣੌਣੇ ਇਰਾਦਿਆਂ ਨੂੰ ਵੀ ਬੇ-ਨਕਾਬ ਕਰਨਾ ਹੋਵੇਗਾ।
ਫੋਟੋਵਾਂ : ਇਸਲਾਮਾਬਾਦ ਵਿਚ ਪਾਰੀਮੈਂਟ ਹਾਊਸ ਸਾਹਮਣੇ ਵਿਰੋਧ ਪ੍ਰਦਸ਼ਣ ਕਰਦੇ ਹੋਏ ਪਾਕਿਸਤਾਨੀ ਸਿੱਖ ਅਤੇ (ਹਾਸ਼ੀਏ ਵਿਚ) ਇਤਿਹਾਸਕਾਰ ਸ਼੍ਰੀ ਸੁਰਿੰਦਰ ਕੋਛੜ।

No comments: